ਜਾਂਦੇ-ਜਾਂਦੇ ਚੋਰਾਂ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਬਦਲੀ
ਨਾਭਾ, (ਤਰੁਣ ਕੁਮਾਰ ਸ਼ਰਮਾ)। ਪਿੰਡ ਕੋਟਕਲਾਂ ਵਿਖੇ ਸਥਿਤ ਵਿਸ਼ਵ ਪ੍ਰਸਿੱਧ ਮਾਤਾ ਰਾਣੀ ਮੰਦਿਰ ‘ਚੋਂ ਬੀਤੇ ਦਿਨ ਚੋਰਾਂ ਨੇ ਕਥਿਤ ਰੂਪ ਵਿੱਚ ਮੰਦਿਰ ਦੇ ਸਮੇਤ ਚੜ੍ਹਾਵੇ 3 ਗੱਲੇ ਹੀ ਚੋਰੀ ਕਰ ਲਏ। ਆਪਣੀ ਪਹਿਚਾਣ ਛੁਪਾਉਣ ਲਈ ਚੋਰ ਜਾਂਦੇ-ਜਾਂਦੇ ਸੀਸੀਟੀਵੀ ਕੈਮਰੇ ਦੀ ਪੁਰਾਣੀ ਡੀਵੀਆਰ ਬਦਲ ਕੇ ਨਵੀ ਡੀਵੀਆਰ ਵੀ ਲਾ ਗਏ। ਦੱਸਿਆ ਜਾ ਰਿਹਾ ਹੈ ਕਿ ਮੰਦਿਰ ਦੇ ਗੱਲਿਆਂ ਵਿੱਚ ਪਿਛਲੇ 3 ਤੋ 4 ਮਹੀਨਿਆਂ ਦਾ ਚੜ੍ਹਾਵਾ ਜਮ੍ਹਾ ਸੀ। ਦੱਸਣਯੋਗ ਹੈ ਕਿ ਪ੍ਰਸਿੱਧ ਮੰਦਿਰ ਮਾਤਾ ਰਾਣੀ ਪਿੰਡ ਕੋਟਕਲਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਾਂ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਸਥਾਨਕ ਨਿਆਇਕ ਅਦਾਲਤ ਵਿਖੇ ਦੀਵਾਨੀ ਮੁਕੱਦਮਾ ਚੱਲ ਰਿਹਾ ਹੈ।
ਮਾਮਲੇ ਦੀ ਪੁਸ਼ਟੀ ਕਰਦਿਆਂ ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕ ਬਾਬੂ ਸਿੰਘ ਦੇ ਪੁੱਤਰ ਕਰਮ ਸਿੰਘ ਅਤੇ ਭਰਾ ਕੇਸਰ ਸਿੰਘ ਨੇ ਅਦਾਲਤ ਵੱਲੋਂ ਜਾਰੀ ਸਟੇਅ ਆਰਡਰਾਂ ਦੀ ਕਾਪੀ ਦਿਖਾਉਂਦਿਆਂ ਦੱਸਿਆ ਕਿ ਮੰਦਿਰ ਦੇ ਪ੍ਰਬੰਧ ਅਤੇ ਸਾਂਭ ਸੰਭਾਲ ਲਈ ਮੰਦਿਰ ਦੇ ਪੁਜਾਰੀ ਅਤੇ ਪ੍ਰਬੰਧਕ ਉਸ ਦੇ ਪਿਤਾ ਬਾਬੂ ਸਿੰਘ ਵੱਲੋਂ ਸਥਾਨਕ ਨਿਆਇਕ ਅਦਾਲਤ ਵਿਖੇ ਦਾਖਲ ਦੀਵਾਨੀ ਦਾਅਵੇ ਵਿੱਚ ਮਾਣਯੋਗ ਅਦਾਲਤ ਵੱਲੋਂ ਉਨ੍ਹਾਂ ਦੇ ਹੱਕ ਵਿੱਚ ਸਟੇਅ ਜਾਰੀ ਕੀਤੀ ਹੋਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਾਰੀ ਸਟੇਅ ਬਾਵਜੂਦ ਦੂਜੀ ਧਿਰ ਸਿਆਸੀ ਦਬਾਅ ਦਾ ਲਾਹਾ ਲੈ ਕੇ ਮੰਦਿਰ ‘ਤੇ ਆਪਣਾ ਨਾਜਾਇਜ ਕਬਜਾ ਕਰਨਾ ਚਾਹੁੰਦੀ ਹੈ।
ਉਨ੍ਹਾਂ ਦੂਜੀ ਧਿਰ ‘ਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਬੀਤੇ ਦਿਨੀ ਜਦੋਂ ਉਹ ਕਿਸੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਗਏ ਤਾਂ ਮੰਦਿਰ ਵਿੱਚੋਂ ਚੋਰੀ ਹੋਏ ਗੱਲਿਆਂ ਅਤੇ ਸੀਸੀਟੀਵੀ ਦੀ ਡੀਵੀਆਰ ਗਾਇਬ ਕਰਨ ਦੀ ਘਟਨਾ ਨੂੰ ਕਥਿਤ ਰੂਪ ਵਿੱਚ ਦੂਜੀ ਧਿਰ ਨੇ ਅੰਜਾਮ ਦੇ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੁਰੰਤ ਛੀਟਾਂਵਾਲਾ ਚੋਕੀ ਪੁਲਿਸ ਨੂੰ ਘਟਨਾ ਦੀ ਇਤਲਾਹ ਦਿੱਤੀ। ਮਾਮਲੇ ਦੀ ਪੁਸ਼ਟੀ ਕਰਦਿਆਂ ਛੀਟਾਂਵਾਲਾ ਚੋਕੀ ਇੰਚਾਰਜ ਵਿਨਰਪ੍ਰੀਤ ਸਿੰਘ ਨੇ ਖੁਦ ਦੇ ਰੁੱਝੇ ਹੋਣ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਮੰਦਿਰ ਦਾ ਮਾਮਲਾ ਐਸ ਡੀ ਐਮ ਅਤੇ ਡੀ ਐਸ ਪੀ ਨਾਭਾ ਦੇ ਧਿਆਨ ਵਿੱਚ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.