Gold Stolen: (ਮੇਵਾ ਸਿੰਘ) ਅਬੋਹਰ। ਇੱਕ ਪਰਿਵਾਰ ਦਾ ਲੱਖਾਂ ਰੁਪਏ ਦਾ ਸੋਨਾ ਬੀਤੀ 11 ਅਤੇ 12 ਜਨਵਰੀ ਦੀ ਰਾਤ ਨੂੰ ਅਣਪਛਾਤੇ ਸ੍ਰੀ ਗੰਗਾਨਗਰ ਤੋਂ ਜੈਪੁਰ ਜਾਣ ਵਾਲੀ ਰੇਲ ਗੱਡੀ ਵਿੱਚੋਂ ਚੁਰਾ ਕੇ ਫਰਾਰ ਹੋ ਗਏ। ਰੇਲਵੇ ਦੇ ਏਸੀ ਕੋਚ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਪਰਿਵਾਰ ਗਹਿਰੇ ਸਦਮੇ ਅਤੇ ਰੋਸ ਵਿੱਚ ਹੈ। ਪੀੜਤ ਪਰਿਵਾਰ ਨੇ ਰੇਲਵੇ ਦੇ ਹੀ ਕੁਝ ਕਰਮਚਾਰੀਆਂ ’ਤੇ ਇਸ ਘਟਨਾ ਨੂੰ ਅੰਜਾਮ ਦੇਣ ਦਾ ਸ਼ੱਕ ਪ੍ਰਗਟਾਉਂਦਿਆਂ ਰੇਲਵੇ ਵਿਭਾਗ ਤੋਂ ਉਨ੍ਹਾਂ ਦੇ ਚੋਰੀ ਹੋਏ ਸੋਨੇ ਦੀ ਭਰਪਾਈ ਕਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਅਨੁਸਾਰ ਅਬੋਹਰ ਦੇ ਸੂਰਜ ਨਗਰੀ ਗਲੀ ਨੰ: 8 ਦੇ ਪੰਜਵੇਂ ਚੌਂਕ ਦੇ ਰਹਿਣ ਵਾਲੇ ਗਗਨਦੀਪ ਸੇਠੀ ਪੁੱਤਰ ਓਮ ਪ੍ਰਕਾਸ ਅਤੇ ਉਨ੍ਹਾਂ ਦੀ ਪਤਨੀ ਪੂਜਾ ਅਤੇ ਭੈਣ ਪੂਨਮ ਆਹੂਜਾ ਤਿੰਨੋਂ ਜੈਪੁਰ ਵਿੱਚ ਵਿਆਹੀ ਛੋਟੀ ਭੈਣ ਨੁੂਰੀ ਚੰਦਾਨਾ ਨੂੰ ਉਸ ਦੀ ਪਹਿਲੀ ਲੋਹੜੀ ਦੇਣ ਲਈ ਸ੍ਰੀ ਗੰਗਾਨਗਰ ਤੋਂ ਕੋਟਾ ਜਾਣ ਵਾਲੀ ਟਰੇਨ ਨੰ: 22998 ’ਤੇ ਸ੍ਰੀ ਗੰਗਾਨਗਰ ਤੋਂ ਰਵਾਨਾ ਹੋਏ ਸਨ। ਰਾਤ ਕਰੀਬ 11 ਵਜੇ ਬੀਕਾਨੇਰ ਸਟੇਸ਼ਨ ਤੋਂ ਉਨ੍ਹਾਂ ਦੀ ਦੂਸਰੀ ਭੈਣ ਅਨੂੰ ਤੇ ਭਾਣਜਾ ਵਿਨਾਇਕ ਵੀ ਇਸੇ ਕੋਚ ਵਿੱਚ ਸਵਾਰ ਹੋਏ।
ਇਹ ਵੀ ਪੜ੍ਹੋ: Farmers Protest: ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਡੀ ਗਿਣਤੀ ’ਚ ਬਾਰਡਰ ’ਤੇ ਤਾਇਨਾਤ
ਗਗਨਦੀਪ ਸੇਠੀ ਨੇ ਦੱਸਿਆ ਕਿ ਬਾਕੀ ਲੋਕ ਤਾਂ ਸੌ ਗਏ ਪਰ ਲੇਡੀਜ਼ ਪਰਸ ਜਿਸ ਵਿੱਚ ਸੋਨੇ ਦੇ ਗਹਿਣੇ ਸਨ, ਉਸ ਦੇ ਕੋਲ ਸੀ ਅਤੇ ਰਾਤ ਕਰੀਬ 1 ਵਜੇ ਤੱਕ ਉਹ ਜਾਗਦਾ ਰਿਹਾ। ਪਰ ਫਿਰ ਅਚਾਨਕ ਉਸ ਦੀ ਵੀ ਅੱਖ ਲੱਗ ਗਈ। ਉਸ ਨੇ ਦੱਸਿਆ ਕਿ ਜਦ ਸਵੇਰੇ ਕਰੀਬ 4 ਵਜੇ ਉਸ ਦੀ ਅੱਖ ਖੁੱਲ੍ਹੀ ਤਾਂ ਪਰਸ ਉਸ ਦੇ ਹੱਥ ’ਚੋਂ ਗਾਇਬ ਸੀ, ਕਾਫੀ ਭਾਲ ਕਰਨ ’ਤੇ ਉਸ ਨੂੰ ਖਾਲੀ ਪਰਸ ਕੈਬਿਨ ਨੰ: 28 ਵਿੱਚ ਪਿਆ ਮਿਲਿਆ। ਗਗਨਦੀਪ ਸੇਠੀ ਨੇ ਦੱਸਿਆ ਕਿ ਪਰਸ ਵਿੱਚ ਕੁੱਲ 25 ਤੋਲੇ ਸੋਨਾ, ਜਿਸ ਵਿੱਚ 4 ਅੰਗੂਠੀਆਂ, 1 ਬਾਂਹੀ ਸੈੱਟ, ਹਾਰ, 4 ਈਰਿੰਗ, 1 ਗਣੇਸ ਲਾਕੇਟ, 1 ਮੋਰ ਕੜਾ, 1 ਸੋਨੇ ਦੀ ਚੈਨ ਅਤੇ ਜੈਂਟਸ ਬਰੇਸਲੇਟ ਸ਼ਾਮਲ ਸੀ।
ਰਾਜਸਥਾਨ ਦੇ ਮਕਰਾਨਾ ਦੇ ਨੇੜੇ ਹੋਈ ਇਸ ਘਟਨਾ ਤੋਂ ਬਾਅਦ ਉਸ ਨੇ ਇਸ ਦੀ ਸੂਚਨਾ ਰੇਲਵੇ ਪੁਲਿਸ ਨੂੰ ਦਿੱਤੀ, ਜਿਸ ’ਤੇ ਜੈਪੁਰ ਜੀਆਰਪੀ ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਸ ਨੇ ਕਿਹਾ ਕਿ ਉਸ ਦਾ ਸੋਨਾ ਚੋਰੀ ਹੋਣ ਲਈ ਰੇਲਵੇ ਵਿਭਾਗ ਜਿੰਮੇਵਾਰ ਹੈ, ਜੇਕਰ ਰੇਲਵੇ ਵਿਭਾਗ ਨੇ ਉਸ ਦਾ ਸੋਨਾ ਉਸ ਨੂੰ ਨਾ ਦਿਵਾਇਆ ਤਾਂ ਉਹ ਵਿਭਾਗ ਖਿਲਾਫ ਅਦਾਲਤ ਦਾ ਸਹਾਰਾ ਲਵੇਗਾ।