ਇਹ ਰੂਟੀਨ ਸ਼ਿਫਟਿੰਗ ਹੈ : ਜੇਲ੍ਹ ਸੁਪਰਡੈਂਟ
ਨਾਭਾ, (ਤਰੁਣ ਕੁਮਾਰ ਸ਼ਰਮਾ) ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਤੋਂ ਲਗਪੱਗ 243 ਕੈਦੀਆਂ ਨੂੰ ਨਾਭਾ ਦੀਆਂ ਦੋ ਜੇਲ੍ਹਾਂ ਵਿੱਚ ਸ਼ਿਫਟ ਕੀਤਾ ਗਿਆ ਹੈ। ਜਿਕਰਯੋਗ ਹੈ ਕਿ ਨਾਭਾ ਵਿਖੇ ਮੈਕਸੀਮਮ ਸਕਿਊਰਟੀ ਜੇਲ੍ਹ, ਨਵੀ ਜਿਲ੍ਹਾ ਜੇਲ੍ਹ ਅਤੇ ਖੁੱਲ੍ਹੀ ਖੇਤੀਬਾੜੀ ਸਣੇ ਤਿੰਨ ਜੇਲ੍ਹਾਂ ਮੌਜੂਦ ਹਨ ਜਿਨ੍ਹਾਂ ਵਿੱਚ ਜਾਣਕਾਰੀ ਅਨੁਸਾਰ ਕੈਦੀਆਂ ਦੀ ਨਫਰੀ ਤੈਅ ਗਿਣਤੀ ਤੋਂ ਕਾਫੀ ਘੱਟ ਸੀ। ਦੂਜੇ ਪਾਸੇ ਸੂਬੇ ਦੀਆਂ ਹੋਰ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧਦੀ ਜਾ ਰਹੀ ਗਿਣਤੀ ਜੇਲ੍ਹ ਪ੍ਰਸ਼ਾਸ਼ਨ ਲਈ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ। ਸੂਬੇ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧ ਰਹੀ ਗਿਣਤੀ ਵਿਚਲੇ ਸੰਤੁਲਨ ਬਣਾਉਣ ਲਈ ਬੀਤੇ ਦਿਨ ਪੰਜਾਬ ਪੁਲਿਸ ਦੀ ਭਾਰੀ ਸੁਰੱਖਿਆ ਅਧੀਨ ਨਾਭਾ ਦੀਆਂ ਦੋ ਜੇਲ੍ਹਾਂ ਵਿੱਚ ਕੁੱਲ 243 ਕੈਦੀ ਲਿਆਂਦੇ ਗਏ।
ਜਾਣਕਾਰੀ ਅਨੁਸਾਰ ਨਾਭਾ ਦੀ ਮੈਕਸੀਮਮ ਸਕਿਊਰਟੀ ਜੇਲ੍ਹ ਵਿੱਚ ਸੰਗਰੂਰ ਜੇਲ੍ਹ ਤੋਂ 100 ਅਤੇ ਰੋਪੜ (ਰੂਪਨਗਰ) ਜੇਲ੍ਹ ਤੋਂ 40 ਕੈਦੀਆਂ ਸਮੇਤ ਕੁੱਲ 140 ਕੈਦੀਆਂ ਨੂੰ ਤਬਦੀਲ ਕੀਤਾ ਗਿਆ ਹੈ ਜਦਕਿ ਨਾਭਾ ਦੀ ਨਵੀਂ ਜਿਲ੍ਹਾ ਜੇਲ੍ਹ ‘ਚ ਹੁਸ਼ਿਆਰਪੁਰ ਜੇਲ ਤੋਂ 29 ਅਤੇ ਪਟਿਆਲਾ ਕੇਂਦਰੀ ਜੇਲ੍ਹ ਤੋਂ 74 ਕੈਦੀਆਂ ਸਣੇ ਕੁੱਲ 103 ਕੈਦੀ ਤਬਦੀਲ ਕੀਤੇ ਗਏ। ਇਸ ਪ੍ਰਕਾਰ ਦੋਵਾਂ ਜੇਲ੍ਹਾਂ ਵਿੱਚ ਕੁੱਲ 243 ਕੈਦੀਆਂ ਨੂੰ ਤਬਦੀਲ ਕੀਤਾ ਗਿਆ ਹੈ। ਉਪਰੋਕਤ ਕਾਰਵਾਈ ਸੰਬੰਧੀ ਨਾਭਾ ਮੈਕਸੀਮਮ ਸਕਿਊਰਟੀ ਜੇਲ੍ਹ ਦੇ ਸੁਪਰਡੈਂਟ ਰਮਨਦੀਪ ਸਿੰਘ ਭੰਗੂ ਨੇ ਦੱਸਿਆ ਕਿ ਜੇਲ੍ਹ ਅੰਦਰ ਹੋਰ ਕੈਦੀ ਰੱਖਣ ਦੀ ਸਮੱਰਥਾ ਕਾਫੀ ਹੈ ਜਿਸ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਇਸ ਨੂੰ ਰੂਟੀਨ ਸ਼ਿਫਟਿੰਗ ਦੱਸਦਿਆਂ ਕਿਹਾ ਕਿ ਅਜਿਹਾ ਕੋਰੋਨਾ ਵਾਇਰਸ ਕਾਰਨ ਨਹੀਂ ਬਲਕਿ ਜੇਲ੍ਹਾਂ ਵਿੱਚ ਕੈਦੀਆਂ ਦੀ ਵੱਧ ਗਿਣਤੀ ਕਾਰਨ ਕੀਤਾ ਗਿਆ ਹੈ ਡੀਐਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਕਿ ਜੇਲ੍ਹਾਂ ਵਿੱਚ ਕੈਦੀਆਂ ਦੀ ਸ਼ਿਫਟਿੰਗ ਰੂਟੀਨ ਕਾਰਵਾਈ ਹੈ ਜਿਨ੍ਹਾਂ ਲਈ ਸੁਰੱਖਿਆ ਦਾ ਜਿੰਮਾ ਨਾਭਾ ਪੁਲਿਸ ਦੇਖ ਰਹੀ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।