ਵਿਧਾਨ ਸਭਾ ਕੋਲ ਅਜੇ ਨਹੀਂ ਪੁੱਜਾ ਬਿਜਨਸ, ਕਿਵੇਂ ਹੋਵੇਗੀ ਸਦਨ ‘ਚ ਕਾਰਵਾਈ ?
- ਇੱਕ ਦਿਨ ਦੇ ਸੈਸ਼ਨ ‘ਚ ਕੀ ਹੋਵੇਗਾ ਜਾਂ ਕੀ ਨਹੀਂ, ਖ਼ੁਦ ਵਿਧਾਨ ਸਭਾ ਨੂੰ ਪਤਾ ਨਹੀਂ!
- ਸਰਕਾਰ ਵੱਲ ਦੇਖ ਰਹੀ ਐ ਪੰਜਾਬ ਵਿਧਾਨ ਸਭਾ, ਸਰਕਾਰ ਨਹੀਂ ਦੇ ਰਹੀ ਐ ਜੁਆਬ
- ਸਰਕਾਰ ਵੱਲੋਂ ਭੇਜੇ ਜਾਣ ਵਾਲੇ ਬਿਜਨਸ ਨੂੰ ਨੋਟੀਫਾਈ ਕਰਦੇ ਹੋਏ ਵਿਧਾਨ ਸਭਾ ਸਕੱਤਰ ਕਰਦੇ ਹਨ ਜਾਰੀ
ਚੰਡੀਗੜ੍ਹ, (ਅਸ਼ਵਨੀ ਚਾਵਲਾ) | ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਸ਼ੁਰੂ ਹੋਣ ਵਿੱਚ ਸਿਰਫ਼ 24 ਘੰਟੇ ਦਾ ਸਮਾਂ ਰਹਿ ਗਿਆ ਹੈ ਪਰ ਪੰਜਾਬ ਵਿਧਾਨ ਸਭਾ ਨੂੰ ਹੀ ਪਤਾ ਨਹੀਂ ਹੈ ਕਿ ਇਸ ਸੈਸ਼ਨ ਵਿੱਚ ਕੀ ਬਿਜਨਸ ਹੋਏਗਾ ਅਤੇ ਕੀ ਨਹੀਂ ਹੋਏਗਾ। ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਪੰਜਾਬ ਵਿਧਾਨ ਸਭਾ ਨੇ ਸ਼ਾਮ 3 ਵਜੇ ਤੋਂ ਪਹਿਲਾਂ ਵਿਧਾਨ ਸਭਾ ਦੇ ਬਿਜਨਸ ਲਈ ਆਦੇਸ਼ ਜਾਰੀ ਕਰਨੇ ਹਨ ਪਰ ਵੀਰਵਾਰ ਸਵੇਰੇ 11 ਵਜੇ ਤੱਕ ਪੰਜਾਬ ਵਿਧਾਨ ਸਭਾ ਕੋਲ ਬਿਜਨਸ ਨੋਟੀਫਾਈ ਕਰਨ ਲਈ ਇੱਕ ਵੀ ਕਾਗਜ਼ ਤੱਕ ਨਹੀਂ ਪੁੱਜਾ। ਜਿਸ ਕਾਰਨ ਪੰਜਾਬ ਵਿਧਾਨ ਸਭਾ ਸਿਰਫ਼ ਉਡੀਕ ਵਿੱਚ ਹੀ ਬੈਠੀ ਹੈ ਕਿ ਕਦੋਂ ਪੰਜਾਬ ਸਰਕਾਰ ਬਿਜਨਸ ਦੀ ਡਿਟੈਲ ਭੇਜੇਗੀ ਅਤੇ ਕਦੋਂ ਪੰਜਾਬ ਵਿਧਾਨ ਸਭਾ ਵੱਲੋਂ ਉਸ ਬਿਜਨਸ ਨੂੰ ਨੋਟੀਫਾਈ ਕਰਦੇ ਹੋਏ ਸਾਰੇ ਵਿਧਾਇਕਾਂ ਨੂੰ ਉਸ ਦੀ ਕਾਪੀ ਭੇਜੀ ਜਾਏਗੀ।
24 hours stay at the start of the gay session
ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਦੇ ਹਰ ਸੈਸ਼ਨ ਤੋਂ ਪਹਿਲਾਂ ਉਸ ਵਿੱਚ ਹੋਣ ਵਾਲੇ ਬਿਜਨਸ ਨੂੰ ਪੰਜਾਬ ਸਰਕਾਰ ਵੱਲੋਂ ਤੈਅ ਕਰ ਲਿਆ ਜਾਂਦਾ ਹੈ, ਉਸੇ ਬਿਜਨਸ ਅਨੁਸਾਰ ਹੀ ਪੰਜਾਬ ਵਿਧਾਨ ਸਭਾ ਵਿੱਚ ਕੰਮਕਾਜ਼ ਕੀਤਾ ਜਾਂਦਾ ਹੈ। ਪੰਜਾਬ ਵਿਧਾਨ ਸਭਾ ਵੱਲੋਂ ਸਰਕਾਰੀ ਬਿਜਨਸ ਨੂੰ 24 ਤੋਂ 48 ਘੰਟੇ ਪਹਿਲਾਂ ਹੀ ਨੋਟੀਫਾਈ ਕਰਦੇ ਹੋਏ ਜਾਰੀ ਕਰ ਦਿੱਤਾ ਜਾਂਦਾ ਹੈ, ਜਿਸ ਨਾਲ ਸਾਰੇ ਵਿਧਾਇਕਾਂ ਨੂੰ ਇਹ ਜਾਣਕਾਰੀ ਮਿਲ ਜਾਂਦੀ ਹੈ ਕਿ ਅਗਲੇ ਦਿਨ ਸ਼ੁਰੂ ਹੋਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਕੀ ਬਿਜਨਸ ਹੋਣ ਵਾਲਾ ਹੈ। ਜਿਸ ਅਨੁਸਾਰ ਹੀ ਵਿਧਾਇਕ ਵੀ ਆਪਣੀ ਤਿਆਰੀ ਕਰਕੇ ਵਿਧਾਨ ਸਭਾ ਵਿੱਚ ਪੁੱਜਦੇ ਹਨ। ਜਿਹੜੇ ਵਿਧਾਇਕਾਂ ਦੇ ਸਵਾਲ ਲੱਗਣੇ ਹੁੰਦੇ ਹਨ, ਉਹ ਜਲਦੀ ਹੀ ਵਿਧਾਨ ਸਭਾ ਵਿੱਚ ਸਵਾਲ ਪੁੱਛਣ ਲਈ ਤਿਆਰੀ ਨਾਲ ਪੁੱਜਦੇ ਹਨ ਤਾਂ ਕੁਝ ਵਿਧਾਇਕਾ ਦੀ ਕਾਲ ਅਟੈਂਸ਼ਨ ਲੱਗਣੀ ਹੁੰਦੀ ਹੈ ਤਾਂ ਉਹ ਵੀ ਆਪਣੀ ਤਿਆਰੀ ਕਰਕੇ ਹੀ ਵਿਧਾਨ ਸਭਾ ਵਿੱਚ ਪੁੱਜਦੇ ਹਨ।
ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਸੈਸ਼ਨ ਸ਼ੁਰੂ ਹੋਣ ਨੂੰ ਸਿਰਫ਼ 24 ਘੰਟਿਆਂ ਦਾ ਸਮਾਂ ਰਹਿ ਗਿਆ ਹੈ ਪਰ ਪੰਜਾਬ ਦੇ ਵਿਧਾਇਕਾਂ ਅਤੇ ਮੰਤਰੀਆਂ ਤਾਂ ਦੂਰ ਦੀ ਗੱਲ ਖ਼ੁਦ ਵਿਧਾਨ ਸਭਾ ਸਕੱਤਰੇਤ ਕੋਲ ਵੀ ਸਰਕਾਰ ਵੱਲੋਂ ਬਿਜਨਸ ਨਹੀਂ ਭੇਜਿਆ ਗਿਆ। ਜਿਸ ਦੇ ਤਹਿਤ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਅਤੇ ਖ਼ਤਮ ਕੀਤੀ ਜਾਣੀ ਹੈ।
ਅਜੇ ਨਹੀਂ ਪੁੱਜਾ ਬਿਜਨਸ, ਜਿਵੇਂ ਹੀ ਆਵੇਗਾ ਤਾਂ ਜਾਰੀ ਕਰ ਦਿੱਤਾ ਜਾਵੇਗਾ : ਵਿਧਾਨ ਸਭਾ
ਪੰਜਾਬ ਵਿਧਾਨ ਸਭਾ ਦੇ ਅਧਿਕਾਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਵਿਧਾਨ ਸਭਾ ਦੇ ਸਦਨ ਅੰਦਰ ਹੋਣ ਵਾਲਾ ਬਿਜਨਸ ਅਜੇ ਤੱਕ ਨਹੀਂ ਭੇਜਿਆ ਗਿਆ ਹੈ ਅਤੇ ਬਿਜਨਸ ਦੀ ਉਡੀਕ ਕੀਤੀ ਜਾ ਰਹੀ ਹੈ। ਜਿਵੇਂ ਹੀ ਇਹ ਬਿਜਨਸ ਵਿਧਾਨ ਸਭਾ ਕੋਲ ਪੁੱਜ ਜਾਵੇਗਾ, ਉਸ ਤੋਂ ਬਾਅਦ ਇਸ ਨੂੰ ਜਾਰੀ ਕਰ ਦਿੱਤਾ ਜਾਵੇਗਾ। ਸਰਕਾਰ ਵੱਲੋਂ ਬਿਜਨਸ ਭੇਜਣ ਵਿੱਚ ਕੀਤੀ ਗਈ ਇਸ ਦੇਰੀ ਬਾਰੇ ਅਧਿਕਾਰੀ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਇਹ ਤਾਂ ਸਰਕਾਰ ਹੀ ਦੱਸ ਸਕਦੀ ਹੈ, ਜਦੋਂਕਿ ਵਿਧਾਨ ਸਭਾ ਤਾਂ ਉਸ ਬਿਜਨਸ ਨੂੰ ਸਿਰਫ਼ ਜਾਰੀ ਕਰਦੀ ਹੈ, ਇਸ ਲਈ ਜਦੋਂ ਹੀ ਸਰਕਾਰ ਵੱਲੋਂ ਬਿਜਨਸ ਭੇਜਿਆ ਜਾਏਗਾ, ਉਸ ਨੂੰ ਜਾਰੀ ਕਰ ਦਿੱਤਾ ਜਾਏਗਾ।
ਵਿਰੋਧੀ ਹਰ ਵਾਰੀ ਕਰਦੇ ਹਨ ਹੰਗਾਮਾ, ਮੰਤਰੀ ਵੱਲੋਂ ਮਿਲਦਾ ਹੈ ਸਿਰਫ਼ ਭਰੋਸਾ
ਵਿਧਾਨ ਸਭਾ ਵਿੱਚ ਪੇਸ਼ ਹੋਣ ਵਾਲੇ ਸਰਕਾਰੀ ਬਿੱਲ ਅਤੇ ਸਵਾਲਾਂ ਦੇ ਜਵਾਬ ਨੂੰ ਲੈ ਕੇ ਪਿਛਲੇ 3 ਸਾਲ ਤੋਂ ਹੀ ਵਿਰੋਧ ਧਿਰ ਸਦਨ ਦੇ ਅੰਦਰ ਹੰਗਾਮਾ ਕਰਦੀ ਆਈ ਹੈ ਕਿ ਉਨ੍ਹਾਂ ਨੂੰ ਨਾ ਤਾਂ ਸਮੇਂ ਸਿਰ ਕੋਈ ਬਿੱਲ ਮਿਲਦਾ ਹੈ ਅਤੇ ਨਾਲ ਹੀ ਕੋਈ ਸਵਾਲਾਂ ਦੇ ਜਵਾਬ ਦਿੱਤੇ ਜਾਂਦੇ ਹਨ। ਜਿਸ ਕਾਰਨ ਉਨਾਂ ਨੂੰ ਤਿਆਰੀ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਵਿਰੋਧੀ ਧਿਰ ਦੇ ਹਰ ਵਾਰੀ ਹੰਗਾਮੇ ਤੋਂ ਬਾਅਦ ਸੰਸਦੀ ਕਾਰਜ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ ਹਰ ਵਾਰ ਭਰੋਸਾ ਦਿੱਤਾ ਜਾਂਦਾ ਹੈ ਕਿ ਅਗਲੀ ਵਾਰ ਤੋਂ ਐਕਟ ਦਾ ਰੂਪ ਲੈਣ ਵਾਲੇ ਬਿੱਲ ਇੱਕ ਹਫ਼ਤਾ ਪਹਿਲਾਂ ਵਿਧਾਇਕਾਂ ਕੋਲ ਪੁੱਜਣਗੇ ਤਾਂ ਕਿ ਉਹ ਤਿਆਰੀ ਕਰਕੇ ਸਦਨ ਵਿੱਚ ਆ ਸਕਣ ਪਰ ਇਸ ਵਾਰ ਵੀ ਕਿਸੇ ਵੀ ਵਿਧਾਇਕ ਕੋਲ ਬਿੱਲ ਜਾਂ ਫਿਰ ਬਿਜਨਸ ਪੁੱਜਣਾ ਤਾਂ ਦੂਰ ਪੰਜਾਬ ਵਿਧਾਨ ਸਭਾ ਕੋਲ ਹੁਣ ਤੱਕ ਬਿਜਨਸ ਨਹੀਂ ਪੁੱਜਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.