ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 23.8 ਕਰੋੜ ਦੀਆਂ ਵਸਤਾਂ ਜ਼ਬਤ

Dr. S. Karuna Raju

ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 23.8 ਕਰੋੜ ਦੀਆਂ ਵਸਤਾਂ ਜ਼ਬਤ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਰਾਜ ਵਿੱਚ ਵਿਧਾਨ ਸਭਾ ਚੋਣਾਂ ਦੇ ਐਲਾਨ ਹੋਣ ਉਪਰੰਤ ਸੂਬੇ ਵਿੱਚ ਲਾਗੂ ਹੋਏ ਆਦਰਸ਼ ਚੋਣ ਜ਼ਾਬਤੇ ਦੌਰਾਨ ਮਿਤੀ 12 ਜਨਵਰੀ 2022 ਤੱਕ ਕੁਲ 23.8 ਕਰੋੜ ਦੀਆਂ ਵਸਤਾਂ ਅਤੇ ਨਗਦੀ ਜ਼ਬਤ ਕੀਤੀ ਗਈ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਫਸਰ ਪੰਜਾਬ ਡਾ. ਐਸ ਕਰੁਣਾ ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਵੱਖ ਵੱਖ ਸਰਵਾਈਲੈਂਸ ਟੀਮਾਂ ਵੱਲੋਂ 79766.512 ਲੀਟਰ ਸ਼ਰਾਬ ਫੜੀ ਗਈ ਹੈ ਜਿਸ ਦੀ ਕੀਮਤ 24 ਲੱਖ ਰੁਪਏ ਬਣਦੀ ਹੈ। ਉਨਾਂ ਦੱਸਿਆ ਇਸੇ ਤਰ੍ਹਾਂ ਸੂਬੇ ਵਿੱਚ ਨਸ਼ੀਲੇ ਪਦਾਰਥ ਵੀ ਫੜੇ ਗਏ ਹਨ, ਜਿਨਾਂ ਦੀ ਕੀਮਤ 23.366 ਕਰੋੜ ਬਣਦੀ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 4 ਲੱਖ ਰੁਪਏ ਦੀ ਨਗਦ ਰਾਸ਼ੀ ਵੀ ਜਬਤ ਕੀਤੀ ਗਈ ਹੈ। ਡਾ. ਰਾਜੂ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤੇ ਦੇ ਮੱਦੇਨਜ਼ਰ ਰਾਜ ਵਿੱਚ 1028 ਸੰਵੇਦਨਸ਼ੀਲ ਸਥਾਨਾਂ ਦੀ ਪਹਿਚਾਣ ਕੀਤੀ ਗਈ ਹੈ। ਇਸ ਤੋਂ ਇਲਾਵਾ ਸੂਬੇ ਵਿੱਚ 1131 ਅਜਿਹੇ ਲੋਕਾਂ ਦੀ ਪਹਿਚਾਣ ਕੀਤੀ ਹੈ ਜੋ ਕਿ ਅਮਨ ਅਮਾਨ ਵਿੱਚ ਖਲਲ ਪਾ ਸਕਦੇ ਹਨ, ਜਿਨਾਂ ਵਿੱਚੋਂ 362 ਖ਼ਿਲਾਫ਼ ਕਾਰਵਾਈ ਕਰ ਦਿੱਤੀ ਗਈ ਹੈ ਅਤੇ ਬਾਕੀ ਰਹਿੰਦੇ ਵਿਅਕਤੀਆਂ ਖ਼ਿਲਾਫ਼ ਜਲਦ ਕਾਰਵਾਈ ਕਰ ਦਿੱਤੀ ਜਾਵੇਗੀ। ਉਨਾਂ ਦੱਸਿਆ ਕਿ ਸੂਬੇ ਵਿੱਚ 2422 ਨਾਕੇ ਸਥਾਪਿਤ ਕੀਤੇ ਗਏ ਹਨ।

31 ਲੋਕਾਂ ਖ਼ਿਲਾਫ਼ ਅਹਿਤਿਆਤਨ ਕਾਰਵਾਈ ਅਮਲ ਵਿੱਚ ਲਿਆਂਦੀ

ਉਨਾਂ ਦੱਸਿਆ ਕਿ ਇਸੇ ਤਰ੍ਹਾਂ ਸੁਰੱਖਿਆ ਦੀ ਦ੍ਰਿਸ਼ਟੀ ਤੋਂ ਕਾਰਵਾਈ ਕਰਦਿਆਂ 31 ਲੋਕਾਂ ਖ਼ਿਲਾਫ਼ ਅਹਿਤਿਆਤਨ ਕਾਰਵਾਈ ਅਮਲ ਵਿੱਚ ਲਿਆਂਦੀ ਹੈ। ਸੂਬੇ ਵਿੱਚ ਇਸ ਸਮੇਂ ਗ਼ੈਰ ਜ਼ਮਾਨਤੀ ਵਾਰੰਟ ਦੇ 998 ਮਾਮਲੇ ਕਾਰਵਾਈ ਅਧੀਨ ਹਨ ਅਤੇ ਜਿਨਾਂ ਵਿੱਚੋਂ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ 873 ਲੋਕ ਹਿਰਾਸਤ ਵਿੱਚ ਲੈ ਲਏ ਹਨ ਅਤੇ ਬਾਕੀ 125 ਖ਼ਿਲਾਫ਼ ਕਾਰਵਾਈ ਜਾਰੀ ਹੈ।
ਮੁੱਖ ਚੋਣ ਅਫਸਰ ਨੇ ਦੱਸਿਆ ਕਿ ਸੂਬੇ ਵਿੱਚ ਕੁੱਲ 297140 ਲਾਈਸੈਂਸੀ ਹਥਿਆਰ ਹਨ ਜਿਨਾਂ ਵਿਚੋਂ 12684 ਲਾਈਸੈਂਸੀ ਹਥਿਆਰ ਜਮ੍ਹਾਂ ਹੋ ਚੁੱਕੇ ਹਨ ਅਤੇ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਉਪਰੰਤ 17 ਗ਼ੈਰ ਲਾਈਸੈਂਸੀ ਹਥਿਆਰ ਫੜੇ ਗਏ ਹਨ।

ਡਾ. ਰਾਜੂ ਨੇ ਦੱਸਿਆ ਕਿ ਸੂਬੇ ਵਿੱਚ ਚੋਣ ਅਮਲ ਵਿੱਚ ਡਿਊਟੀਆਂ ਨਿਭਾਉਣ ਵਾਲੇ ਅਮਲੇ ਦੇ ਕੋਵਿਡ-19 ਵੈਕਸੀਨੇਸ਼ਨ ਦੀ ਪਹਿਲੀ ਡੋਜ਼ 84% ਲੱਗ ਚੁੱਕੀ ਹੈ, ਜਦਕਿ ਦੂਸਰੀ ਡੋਜ਼ 49% ਮੁਲਾਜ਼ਮਾਂ ਨੂੰ ਲੱਗ ਚੁੱਕੀ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ਵਿੱਚ ਆਰਦਸ ਚੋਣ ਜ਼ਾਬਤਾ ਲਾਗੂ ਹੋਣ ਤੇ ਵੱਖ ਵੱਖ ਟੀਮਾਂ ਵੱਲੋਂ 49852 ਸਰਕਾਰੀ ਥਾਵਾਂ ਅਤੇ 16900 ਨਿੱਜੀ ਥਾਵਾਂ ਤੋਂ ਬੈਨਰ ਪੋਸਟਰ ਅਤੇ ਦੀਵਾਰੀ ਇਸ਼ਤਿਹਾਰ ਹਟਾਏ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ