21ਵੀਂ ਸਦੀ ਦੇ ਭਾਰਤ ਕੋਲ ਹਰ ਚੀਜ਼ ਦਾ ਜਵਾਬ ਹੈ
ਜਿਸ ਤਰ੍ਹਾਂ ਕੁਝ ਦਿਨਾਂ ਤੋਂ ਲੱਦਾਖ ਸਰਹੱਦ ‘ਤੇ ਚੀਨ ਹਰਕਤਾਂ ਕਰ ਰਿਹਾ ਸੀ ਅਤੇ ਤੁਸੀਂ ਜਾਣਦੇ ਹੋ ਕਿ ਚੀਨ ਦੇ ਇਰਾਦੇ ਕੀ ਹਨ ਅਤੇ ਉਹ ਕਿਉਂ ਅਚਾਨਕ ਸਰਹੱਦ ‘ਤੇ ਭਾਰਤ ਨਾਲ ਭਿੜ ਰਿਹਾ ਹੈ? ਪਰ ਅੱਜ ਭਾਰਤ ਨੇ ਆਪਣੇ ਸੰਜਮ ਅਤੇ ਸ਼ਕਤੀ ਨਾਲ ਚੀਨ ਨੂੰ ਅਜਿਹਾ ਜਵਾਬ ਦਿੱਤਾ ਕਿ ਕੁਝ ਹੀ ਘੰਟਿਆਂ ‘ਚ ਚੀਨ ਦੇ ਤੇਵਰ ਬਦਲ ਗਏ
ਅਸੀਂ ਵਿਅਕਤੀਗਤ ਜੀਵਨ ‘ਚ ਵੀ ਵੇਖਦੇ ਹਾਂ ਕਿ ਜਿਸ ਕੋਲ ਸੰਜਮ ਹੈ ਅਤੇ ਜਿਸ ਕੋਲ ਸ਼ਕਤੀ ਹੈ ਖੁਦ ‘ਤੇ ਭਰੋਸਾ ਹੈ ਉਸ ਦਾ ਕੋਈ ਵੀ ਕੁਝ ਵਿਗਾੜ ਨਹੀਂ ਸਕਦਾ ਅਜਿਹਾ ਹੀ ਭਾਰਤ ਅਤੇ ਚੀਨ ਦਰਮਿਆਨ ਪਿਛਲੇ ਡੇਢ ਮਹੀਨੇ ਤੋਂ ਜਾਰੀ ਸਰਹੱਦੀ ਵਿਵਾਦ ‘ਚ ਅਚਾਨਕ ਚੀਨ ਦੇ ਤੇਵਰ ਬਦਲੇ ਅਤੇ ਨਰਮ ਹੋ ਗਿਆ ਅਤੇ ਹੋਣਾ ਵੀ ਸੀ
ਜਿਸ ਤਰ੍ਹਾਂ ਸੰਸਾਰ ਪੱਧਰ ‘ਤੇ ਚੀਨ ਨੂੰ ਘੇਰਿਆ ਜਾ ਰਿਹਾ ਹੈ ਕੋਰੋਨਾ ਵਾਇਰਸ ਸਬੰਧੀ ਲਗਾਤਾਰ ਦਬਾਅ ਬਣਾਇਆ ਜਾ ਰਿਹਾ ਹੈ ਸਾਰੇ ਦੇਸ਼ਾਂ ਦਾ ਦਬਾਅ ਹੈ ਕਿ ਨਿਰਪੱਖ ਜਾਂਚ ਕਰਨ ਲਈ ਚੀਨ ਸਾਥ ਦੇਵੇ ਕਿ ਆਖਰ ਇਹ ਵਾਇਰਸ ਕਿਵੇਂ ਫੈਲਿਆ ਪਰ ਚੀਨ ਹਮੇਸ਼ਾ ਅੱਖਾਂ ‘ਚ ਘੱਟਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ
ਜੋ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਨੇ ਆਪਣੀ ਫੌਜ ਨੂੰ ਜੰਗ ਦੀ ਤਿਆਰੀ ਤੇਜ਼ ਕਰਨ ਲਈ ਕਿਹਾ ਸੀ ਅਤੇ ਚੀਨ ਦੀ ਫੌਜ ਲੱਦਾਖ ਸਰਹੱਦ ‘ਤੇ ਭਾਰਤ ਨੂੰ ਹਮਲਾਵਰ ਤੇਵਰ ਵਿਖਾ ਰਹੀ ਸੀ ਫਿਰ ਅਚਾਨਕ ਚੀਨ ਵੱਲੋਂ ਕਿਹਾ ਗਿਆ ਕਿ ਦੋਵੇਂ ਦੇਸ਼ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ ਅਤੇ ਇਸ ਸਮੇਂ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਜਰੂਰਤ ਹੈ ਤੇ ਨਾਲ ਹੀ ਕਿਹਾ ਕਿ ਦੋਵੇਂ ਦੇਸ਼ ਇੱਕ-ਦੂਜੇ ਲਈ ਖਤਰਾ ਨਹੀ ਸਗੋਂ ਮੌਕਾ ਹੈ
ਸੱਚ ਹੈ ਕਿ ਜੰਗ ‘ਚ ਕਿਸੇ ਵੀ ਦੇਸ਼ ਦਾ ਫਾਇਦਾ ਨਹੀਂ ਹੁੰਦਾ ਸਗੋਂ ਨੁਕਸਾਨ ਹੀ ਹੁੰਦਾ ਹੈ ਅਤੇ ਇਸ ਲਈ ਕਿਸੇ ਵੀ ਰਿਸ਼ਤੇ ‘ਚ ਮੱਤਭੇਦ ਹਾਵੀ ਨਹੀਂ ਹੋਣਾ ਚਾਹੀਦਾ ਸਗੋਂ ਗੱਲਬਾਤ ਨਾਲ ਹੀ ਮੱਤਭੇਦਾਂ ਦਾ ਹੱਲ ਕੱਢਣਾ ਚਾਹੀਦਾ ਹੈ ਪਿਛਲੇ ਦਿਨੀਂ ਜੋ ਚੀਨ ਨੇ ਲੱਦਾਖ ‘ਚ ਆਪਣੇ ਫੌਜੀਆਂ ਦੀ ਗਿਣਤੀ ਵਧਾ ਕੇ ਭਾਰਤ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ, ਭਾਰਤ ਨੂੰ ਸੜਕ ਬਣਾਉਣ ਤੋਂ ਰੋਕਣਾ ਚਾਹਿਆ ਪਰ ਭਾਰਤ ਦੇ ਸਖ਼ਤ ਰਵੱਈਏ ਨਾਲ ਚੀਨ ਨੂੰ ਲੱਗਾ ਕਿ ਉਸ ਦੇ ਹੱਥਕੰਡੇ ਭਾਰਤ ਸਾਹਮਣੇ ਨਹੀਂ ਚੱਲ ਸਕਣਗੇ
ਇਸ ਲਈ ਹੁਣ ਚੀਨ ਗੱਲਬਾਤ ਦੇ ਮੇਜ ‘ਤੇ ਆਉਣਾ ਚਾਹੁੰਦਾ ਹੈ ਜਿਸ ਦਾ ਅਸੀਂ ਸਵਾਗਤ ਕਰਦੇ ਹਾਂ ਕਿਉਂਕਿ ਭਾਰਤ ਨੇ ਸਾਫ ਕਹਿ ਦਿੱਤਾ ਕਿ ਸਰਹੱਦ ‘ਤੇ ਆਪਣੇ ਇਲਾਕੇ ‘ਚ ਸੜਕ ਬਣਾਉਣਾ ਭਾਰਤ ਬੰਦ ਨਹੀਂ ਕਰੇਗਾ ਅਤੇ ਇੰਫ੍ਰਾਸਟਰਕਚਰ ‘ਤੇ ਓਨੀ ਹੀ ਰਫਤਾਰ ਨਾਲ ਕੰਮ ਹੋਵੇਗਾ ਜਿੰਨੀ ਰਫਤਾਰ ਨਾਲ ਪਿਛਲੇ ਕੁਝ ਸਾਲਾਂ ਤੋਂ ਕੰਮ ਚੱਲ ਰਿਹਾ ਹੈ
ਤੁਸੀਂ ਵੀ ਵੇਖਿਆ ਹੋਵੇਗਾ ਕਿ ਸਰਹੱਦ ‘ਤੇ ਜਿਸ ਤਰ੍ਹਾਂ ਚੀਨ ਨੇ ਆਪਣੇ ਫੌਜੀਆਂ ਦੀ ਗਿਣਤੀ ਵਧਾਈ ਉਸੇ ਤਰ੍ਹਾਂ ਅਸੀਂ ਵੀ ਆਪਣੀ ਗਿਣਤੀ ਵਧਾ ਦਿੱਤੀ ਮਤਲਬ ਅਸੀਂ ਚੀਨ ਦੇ ਹਮਲਾਵਰ ਰਵੱਈਏ ਸਾਹਮਣੇ ਕਿਸੇ ਵੀ ਦਬਾਅ ‘ਚ ਆਉਣ ਤੋਂ ਨਾਂਹ ਕਰ ਦਿੱਤੀ ਕਿਉਂਕਿ ਇਹ 21ਵੀਂ ਸਦੀ ਦਾ ਭਾਰਤ ਹੈ, ਕਿਸੇ ਤੋਂ ਡਰਨ ਵਾਲਾ ਨਹੀਂ ਹੈ
ਭਾਰਤ ਚੀਨ ਨੂੰ ਉੇਸੇ ਤਰ੍ਹਾਂ ਜਵਾਬ ਦੇ ਰਿਹਾ ਹੈ ਜਿਹੋ-ਜਿਹਾ ਜ਼ਵਾਬ ਅਸੀਂ 2 ਸਾਲ ਪਹਿਲਾਂ ਚੀਨ ਨੂੰ ਡੋਕਲਾਮ ‘ਚ ਦਿੱਤਾ ਸੀ ਚੀਨ ਦੀਆਂ ਹਰਕਤਾਂ ਨੂੰ ਭਾਰਤ ਹਲਕੇ ‘ਚ ਨਹੀਂ ਲੈ ਰਿਹਾ ਹੈ, ਨਾ ਹੀ ਕਿਸੇ ਦੇ ਉਕਸਾਵੇ ‘ਚ ਆ ਕੇ ਕੰਮ ਕਰ ਰਿਹਾ ਹੈ ਜਿਸ ਤਰ੍ਹਾਂ ਪਿਛਲੇ ਦਿਨੀਂ ਨੇਪਾਲ ਚੀਨ ਦੇ ਉਕਸਾਵੇ ‘ਚ ਆ ਕੇ ਬਿਆਨਬਾਜ਼ੀ ਕਰ ਰਿਹਾ ਸੀ
ਹੁਣ ਉਹ ਵੀ ਠੰਢਾ ਪੈ ਗਿਆ ਤੁਹਾਨੂੰ ਪਤਾ ਹੋਵੇਗਾ ਕਿ ਡੋਕਲਾਮ ਵਿਵਾਦ ਨੂੰ ਹੱਲ ਕਰਨ ‘ਚ ਮੁੱਖ ਭੂਮਿਕਾ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ, ਚੀਫ ਆਫ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਅਤੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦੀ ਮੁੱਖ ਭੂਮਿਕਾ ਸੀ ਇਹੀ ਤਿੰਨਾਂ ਦੀ ਟੀਮ ਨੇ 2017 ‘ਚ ਡੋਕਲਾਮ ਵਿਵਾਦ ‘ਤੇ ਭਾਰਤ ਦੀ ਰਣਨੀਤੀ ਬਣਾਈ ਸੀ ਜੋ 73 ਦਿਨ ਵਿਵਾਦ ਚੱਲਿਆ ਸੀ
ਉਸ ਸਮੇਂ ਜਨਰਲ ਬਿਪਨ ਰਾਵਤ ਫੌਜ ਮੁਖੀ ਸਨ ਅਤੇ ਐਸ. ਜੈਸ਼ੰਕਰ ਭਾਰਤ ਦੇ ਵਿਦੇਸ਼ ਸਕੱਤਰ ਸਨ ਇਸ ਸਮੇਂ ਵੀ ਇਹੀ ਤਿੰਨਾਂ ਦੀ ਟੀਮ ਨੇ ਰਣਨੀਤੀ ਬਣਾਈ ਜਿਸ ਨਾਲ ਚੀਨ ਨੂੰ ਝੁਕਣਾ ਪਿਆ ਵੇਖਿਆ ਜਾਵੇ ਤਾਂ ਚੀਨ ਦੇ ਨਾਲ ਸਰਹੱਦੀ ਵਿਵਾਦ ਪਹਿਲਾਂ ਵੀ ਹੁੰਦੇ ਰਹੇ ਹਨ ਫੌਜੀਆਂ ਦਰਮਿਆਨ ਧੱਕਾ-ਮੁੱਕੀ ਅਤੇ ਝੜਪਾਂ ਵੀ ਹੁੰਦੀਆਂ ਰਹੀ ਹਨ ਪਰ ਗੱਲਬਾਤ ਨਾਲ ਮਾਮਲਾ ਖਤਮ ਹੋ ਜਾਂਦਾ ਸੀ, ਪਰ ਇਸ ਵਾਰ ਅਜਿਹਾ ਹੋਇਆ ਕਿ ਲੱਦਾਖ ‘ਚ ਲਾਈਨ ਆਫ ਐਕਚੁਅਲ ਕੰਟਰੋਲ ਨੇੜੇ ਕਈ ਥਾਵਾਂ ‘ਤੇ ਚੀਨ ਦੇ ਫੌਜੀ ਬੰਕਰ ਬਣਾ ਕੇ ਅਤੇ ਟੈਂਟ ਲਾ ਕੇ ਬੈਠ ਗਏ,
ਫਿਰ ਵੀ ਚੀਨ ਦੇ ਉਕਸਾਵੇ ‘ਤੇ ਭਾਰਤ ਨੇ ਬੌਖਲਾਹਟ ਕਰਕੇ ਨਹੀਂ ਸਗੋਂ ਸ਼ਾਂਤ ਹੋ ਕੇ ਸੰਜਮ ਅਤੇ ਸ਼ਕਤੀ ਨਾਲ ਜਵਾਬ ਦਿੱਤਾ ਅਤੇ ਆਪਣੇ 10 ਤੋਂ 12 ਹਜ਼ਾਰ ਫੌਜੀਆਂ ਨੂੰ ਅੱਗੇ ਵਧਣ ਅਤੇ ਤਿਆਰ ਰਹਿਣ ਲਈ ਕਿਹਾ ਜਿਸ ਨਾਲ ਚੀਨ ਬੌਖਲਾ ਗਿਆ ਅਤੇ ਭਾਰਤ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਚੀਨ ਦੀ ਹਰ ਹਰਕਤ ‘ਤੇ ਪੂਰੀ ਨਜ਼ਰ ਹੈ
ਇਹ 1962 ਦਾ ਭਾਰਤ ਨਹੀਂ ਹੈ ਇਹ ਨਵਾਂ ਭਾਰਤ ਹੈ ਹਰ ਹਾਲ ‘ਚ ਭਾਰਤ ਆਪਣੇ ਹਿੱਤਾਂ ਦੀ ਰੱਖਿਆ ਕਰੇਗਾ ਅਤੇ ਚੀਨ ਜਾਂ ਕੋਈ ਵੀ ਦੇਸ਼ ਹੋਵੇ ਜੋ ਹਰਕਤ ਕਰੇਗਾ ਉਸ ਨੂੰ ਉਸੇ ਤਰ੍ਹਾਂ ਜਵਾਬ ਦਿੱਤਾ ਜਾਵੇਗਾ ਚੀਨ ਨੂੰ ਜਿਵੇਂ ਪਿਛਲੀ ਵਾਰ ਡੋਕਲਾਮ ‘ਚ ਦਿੱਤਾ ਗਿਆ ਸੀ ਲੱਗਦਾ ਹੈ ਕਿ ਲੱਦਾਖ ਸਰਹੱਦ ‘ਤੇ ਭਾਰਤ ਨਾਲ ਉਲਝਿਆ ਚੀਨ ਇਹ ਸੋਚ ਰਿਹਾ ਸੀ ਕਿ ਉਹ ਭਾਰਤ ਨੂੰ ਝੁਕਾ ਦੇਵੇਗਾ ਡਰਾ-ਧਮਕਾ ਲਵੇਗਾ ਅਤੇ ਆਪਣੀ ਗੱਲ ਮਨਵਾਉਣ ਲਈ ਮਜ਼ਬੂਰ ਕਰ ਦੇਵੇਗਾ
ਪਰ ਇਹ ਨਵਾਂ ਭਾਰਤ ਹੈ ਇਹ ਸੁਫਨਾ ਕਦੇ ਪੂਰਾ ਨਹੀਂ ਹੋਵੇਗਾ ਚੀਨ ਦਾ ਅਸੀਂ ਹਰ ਇੱਕ ਭਾਰਤੀ ਨੌਜਵਾਨ ਫੌਜੀ ਵਾਂਗ ਡਟ ਕੇ ਲੜਾਂਗੇ ਅਤੇ ਚੀਨ ਦੇ ਸਾਮਾਨਾਂ ਦਾ ਬਾਈਕਾਟ ਕਰਾਂਗੇ ਤਾਂ ਕਿ ਆਰਥਿਕ ਲੱਕ ਅਤੇ ਚੀਨ ਦਾ ਘੁਮੰਡ ਟੁੱਟੇ ਸੱਚਾਈ ਇਹ ਹੈ ਕਿ ਕੋਰੋਨਾ ਵਾਇਰਸ ਦੀ ਮਹਾਂਮਾਰੀ ਨਾਲ ਚੀਨ ਹੁਣ ਵੀ ਸੰਘਰਸ਼ ਕਰ ਰਿਹਾ ਹੈ ਅਤੇ ਇਸ ਵਾਇਰਸ ਸਬੰਧੀ ਚੀਨ ਖਿਲਾਫ ਕੌਮਾਂਤਰੀ ਜਾਂਚ ਦਾ ਦਬਾਅ ਬਣ ਰਿਹਾ ਹੈ ਅਤੇ ਜਿਸ ਤਰ੍ਹਾਂ ਚੀਨ ਅਤੇ ਅਮਰੀਕਾ ‘ਚ ਸੀਤ ਯੁੱਧ ਜਾਰੀ ਹੈ
ਅਮਰੀਕਾ ਨੇ ਤਾਂ ਸਾਫ ਕਹਿ ਦਿੱਤਾ ਹੈ ਕਿ ਜਦੋਂ ਤੱਕ ਚੀਨ ਕੋਰੋਨਾ ਵਾਇਰਸ ਸਬੰਧੀ ਜਿੰਮੇਵਾਰੀ ਭਰਿਆ ਵਿਹਾਰ ਨਹੀਂ ਕਰੇਗਾ, ਉਦੋਂ ਤੱਕ ਚੀਨ ਨਾਲ ਰਿਸ਼ਤੇ ਸੁਧਾਰਨਾ ਮੁਸ਼ਕਲ ਹੈ ਅਤੇ ਦੂਜੀ ਗੱਲ ਚੀਨ ਦੇ ਅੰਦਰ ਹੀ ਹਾਂਗਕਾਂਗ ਜਿੱਥੇ ਫਿਰ ਤੋਂ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਜਿਸ ਦਾ ਕਾਰਨ ਚੀਨ ਵੱਲੋਂ ਤਜਵੀਜ਼ਤ ਉਸ ਕਾਨੂੰਨ ਦੇ ਵਿਰੋਧ ‘ਚ ਹੈ
ਇਸ ਦੇ ਜਰੀਏ ਹਾਂਗਕਾਂਗ ਦੀ ਅਜ਼ਾਦੀ ਨੂੰ ਕੁਚਲਣਾ ਚਾਹੁੰਦਾ ਹੈ ਪਰ ਉੱਥੇ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਇੱਕ ਗੱਲ ਹੋਰ ਜਿਸ ਤਰ੍ਹਾਂ ਡੋਨਾਲਡ ਟਰੰਪ ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਨੂੰ ਸੁਲਝਾਉਣ ਲਈ ਵਿਚੋਲਗੀ ਦੀ ਪੇਸ਼ਕਸ਼ ਕੀਤੀ ਵੇਖਿਆ ਜਾਵੇ ਤਾਂ ਅਜਿਹਾ ਪਹਿਲੀ ਵਾਰ ਹੋਇਆ ਹੈ ਅਮਰੀਕਾ ਨੇ ਭਾਰਤ ਅਤੇ ਚੀਨ ਦੇ ਆਪਸੀ ਮਾਮਲਿਆਂ ‘ਚ ਇਸ ਤਰ੍ਹਾਂ ਬਚਾਅ ਕਰਨ ਦੀ ਤਜਵੀਜ਼ ਦਿੱਤੀ ਹੈ, ਉਂਜ ਤਾਂ ਡੋਨਾਲਡ ਟਰੰਪ ਇਸ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਮਾਮਲੇ ‘ਚ ਇਸੇ ਤਰ੍ਹਾਂ ਦੀ ਗੱਲ ਕਰ ਚੁੱਕੇ ਹਨ ਪਰ ਧਿਆਨ ਨਾਲ ਵੇਖੀਏ ਤਾਂ ਇਸ ਵਾਰ ਭਾਰਤ ਅਤੇ ਚੀਨ ਦੇ ਮਾਮਲੇ ਦੀ ਗੱਲ ਵੱਖਰੀ ਹੈ
ਹੋਵੇ ਵੀ ਕਿਉਂ ਨਾਜਦੋਂ 2 ਵੱਡੇ ਦੇਸ਼ਾਂ ਦਰਮਿਆਨ ਅਮਰੀਕੀ ਰਾਸ਼ਟਰਪਤੀ ਗੱਲਬਾਤ ਜਾਂ ਵਿਚੋਲਗੀ ਦੀ ਪੇਸ਼ਕਸ਼ ਕਰਨ ਤਾਂ ਫਿਰ ਸਵਾਲ ਇਹੀ ਉੱਠਦਾ ਹੈ ਕਿ ਇਸ ‘ਤੇ ਚੀਨ ਦੀ ਕੀ ਪ੍ਰਤੀਕਿਰਿਆ ਹੋਵੇਗੀ ਕਿਉਂਕਿ ਚੀਨ ਕੋਰੋਨਾ ਵਾਇਰਸ ਕਾਰਨ ਇਸ ਸਮੇਂ ਅਮਰੀਕਾ ਦਾ ਦੁਸ਼ਮਣ ਨੰਬਰ ਇੱਕ ਬਣ ਚੁੱਕਾ ਹੈ? ਇਹ ਹੈਰਾਨੀ ਦੀ ਗੱਲ ਨਹੀਂ ਹੈ ਕਿ ਚੀਨ ਦੇ ਤੇਵਰ ਨਰਮ ਪਏ ਸਗੋਂ ਨੇਪਾਲ ਵੀ ਭਾਰਤ ਨਾਲ ਟਕਰਾਅ ਤੋਂ ਪਿੱਛੇ ਹਟਦਾ ਨਜ਼ਰ ਆ ਰਿਹਾ ਹੈ
ਜਿਸ ਤਰ੍ਹਾਂ ਪਿਛਲੇ ਦਿਨੀਂ ਨੇਪਾਲ ਆਪਣੇ ਜਿਸ ਨਵੇਂ ਨਕਸ਼ੇ ‘ਤੇ ਭਾਰਤ ਨਾਲ ਲੜਨ ਲਈ ਤਿਆਰ ਸੀ ਉਸ ਨਕਸ਼ੇ ‘ਤੇ ਨੇਪਾਲ ਦੀ ਸੰਸਦ ‘ਚ ਕੋਈ ਚਰਚਾ ਨਹੀਂ ਹੋ ਸਕੀ ਅਤੇ ਨੇਪਾਲ ਦੀ ਸੰਸਦ ‘ਚ ਇਸ ਸਬੰਧੀ ਇੱਕ ਸੰਵਿਧਾਨਕ ਸੁਧਾਰ ‘ਤੇ ਮਤਾ ਪੇਸ਼ ਹੋਣਾ ਸੀ ਪਰ ਉਹ ਮਤਾ ਵੀ ਪੇਸ਼ ਨਹੀਂ ਹੋਇਆ ਇਸ ਲਈ ਅਸੀਂ ਕਹਿ ਸਕਦੇ ਹਾਂ ਕਿ ਇਹ ਨੇਪਾਲ ਦੀ ਘਰੇਲੂ ਸਿਆਸਤ ਸੀ ਜਾਂ ਹੋ ਸਕਦਾ ਹੈ ਕਿ ਭਾਰਤ ਦੇ ਸਖ਼ਤ ਰੁਖ਼ ਤੋਂ ਬਾਅਦ ਨੇਪਾਲ ਬੈਕਫੁੱਟ ‘ਤੇ ਆ ਗਿਆ ਹੋਵੇ
ਨੇਪਾਲ ਨੇ ਜਿਨ੍ਹਾਂ ਥਾਵਾਂ ਨੂੰ ਆਪਣੇ ਨਕਸ਼ੇ ਵਿਚ ਦਿਖਾਇਆ ਸੀ, ਉਹ ਹਮੇਸ਼ਾ ਤੋਂ ਭਾਰਤ ਦਾ ਹੀ ਰਿਹਾ ਹੈ ਪਰ ਚੀਨ ਦੇ ਇਸ਼ਾਰੇ ‘ਤੇ ਨੇਪਾਲ ਨੇ ਭਾਰਤ ਨਾਲ ਨਵੇਂ ਵਿਵਾਦ ਨੂੰ ਜਨਮ ਦੇਣ ਦਾ ਯਤਨ ਕੀਤਾ ਜਿਸ ਨੇਪਾਲ ਨਾਲ ਸਾਡਾ ਨਹੁੰ-ਮਾਸ ਦਾ ਰਿਸ਼ਤਾ ਹੈ ਜਿੱਥੇ ਖੁੱਲ੍ਹੀ ਆਵਾਜਾਈ ਹੈ ਸਦੀਆਂ ਦੇ ਰਿਸ਼ਤਿਆਂ ਨੂੰ ਤਿਲਾਂਜਲੀ ਦੇਣ ਦਾ ਯਤਨ ਕੀਤਾ ਪਰ ਹੁਣ ਗੱਲ ਇਸ ਨੂੰ ਸਮਝ ਆ ਗਈ ਹੈ ਅਤੇ ਅਸੀਂ ਇਸ ਤਰ੍ਹਾਂ ਦੇ ਵਿਸਥਾਰਵਾਦੀ ਦਾਅਵਿਆਂ ਨੂੰ ਕਦੇ ਵੀ ਸਵਿਕਾਰ ਨਹੀਂ ਕਰਾਂਗੇ
ਇਹ ਮੌਜ਼ੂਦਾ ਵਿਵਾਦ ਭਾਰਤ ਨੂੰ ਅਜ਼ਾਦੀ ਤੋਂ ਬਾਅਦ ਵਿਰਾਸਤ ਵਿਚ ਮਿਲਿਆ ਭਾਰਤ ਅਤੇ ਚੀਨ ਵਿਚ ਕਈ ਇਲਾਕਿਆਂ ਵਿਚ ਲਾਈਨ ਆਫ਼ ਐਕਚੁਅਲ ਕੰਟਰੋਲ ਲਾਈਨ ਸਪੱਸ਼ਟ ਨਹੀਂ ਹੈ, ਇਸ ਲਈ ਵਾਰ-ਵਾਰ ਤਣਾਅ ਬਣਦਾ ਹੈ ਇਹ ਭਾਰਤ ਅਤੇ ਚੀਨ ਵਿਚ 3500 ਕਿਲੋਮੀਟਰ ਤੋਂ ਜ਼ਿਆਦਾ ਲੰਮੀ ਰੇਖਾ ਹੈ ਅਤੇ ਚੀਨ ਜਾਣ-ਬੁੱਝ ਕੇ ਇਸ ਸਰਹੱਦੀ ਵਿਵਾਦ ਦਾ ਹੱਲ ਨਹੀਂ ਕਰਨਾ ਚਾਹੁੰਦਾ ਅਤੇ ਸਮੇਂ-ਸਮੇਂ ‘ਤੇ ਇਸ ਦਾ ਇਸਤੇਮਾਲ ਭਾਰਤ ‘ਤੇ ਦਬਾਅ ਬਣਾਉਣ ਲਈ ਕਰਦਾ ਰਹਿੰਦਾ ਹੈ ਸਾਡਾ ਦਾਅਵਾ ਇਤਿਹਾਸਕ ਅਧਾਰ ‘ਤੇ ਅਕਸਾਈ ਚਿਨ ‘ਤੇ ਵੀ ਹੈ ਅਤੇ ਹੁਣ ਲੋਕ ਗੱਲ ਵੀ ਕਰਨ ਲੱਗੇ ਹਨ ਇਸ ‘ਤੇ ਕਿ ਇਹ ਭਾਰਤ ਦਾ ਹਿੱਸਾ ਹੈ ਪਰ ਚੀਨ ਇਸ ‘ਤੇ ਨਜ਼ਾਇਜ ਕਬਜ਼ਾ ਕਰੀ ਬੈਠਾ ਹੈ
ਜੇਕਰ ਅਸੀਂ ਇਤਿਹਾਸ ਦੇਖੀਏ ਤਾਂ 1865 ਵਿਚ ਬ੍ਰਿਟਿਸ਼ ਸ਼ਾਸਨ ਕਾਲ ਵਿਚ ਜਾਨਸਨ ਜੋ ਕਿ ਇੱਕ ਸਿਵਲ ਸਰਵੈਂਟ ਸਨ ਉਨ੍ਹਾਂ ਇੱਕ ਵਿਚਾਰਕ ਰੇਖਾ ਖਿੱਚੀ ਸੀ, ਜਿਸ ਮੁਤਾਬਿਕ ਅਕਸਾਈ ਚਿਨ ਦਾ ਇਲਾਕਾ ਜੰਮੂ ਕਸ਼ਮੀਰ ਵਿਚ ਆਉਂਦਾ ਹੈ ਇਸ ਨੂੰ ਅਸੀਂ ਜਾਨਸਨ ਲਾਈਨ ਵੀ ਕਹਿੰਦੇ ਹਾਂ ਇਸ ਲਈ ਇਹ ਖੇਤਰ ਸਾਡਾ ਹੀ ਹੈ
ਪਰ ਚੀਨ ਇਸ ਨੂੰ ਕਦੇ ਨਹੀਂ ਮੰਨਦਾ ਹੋਰ ਤਾਂ ਹੋਰ 1951 ਵਿਚ ਅਕਸਾਈ ਚਿਨ ‘ਤੇ ਕਬਜਾ ਕਰਨ ਵਾਲੀ ਚਾਨ ਚਲਦਾ ਰਿਹਾ ਧਿਆਨ ਨਾਲ ਦੇਖੀਏ ਤਾਂ ਚੀਨ ਨੇ ਪਹਿਲਾਂ 1951 ਵਿਚ ਇੱਕ ਸੜਕ ਜ਼ਰੀਏ ਤਿੱਬਤ ਨੂੰ ਚੀਨ ਦੇ ਸ਼ਿਨਚਿਆਂਗ ਪ੍ਰਾਂਤ ਨਾਲ ਜੋੜ ਕੇ ਫਿਰ ਇਸੇ ਨਾਲ ਜੁੜੇ ਇਲਾਕਿਆਂ ਵਿਚ ਸੜਕ ਬਣਾ ਕੇ ਅਕਸਾਈ ਚਿਨ ‘ਤੇ ਕਬਜ਼ਾ ਕਰਨ ਦੇ ਇਰਾਦੇ ਕਰਨ ਲੱਗਾ ਪਰ ਭਾਰਤ ਨੇ ਇਸ ‘ਤੇ ਨਹੀਂ ਦਿੱਤਾ ਅਤੇ ਇਸ ਤੋਂ ਬਾਅਦ 1962 ਦੀ ਲੜਾਈ ਹੋਈ ਤਾਂ ਭਾਰਤ ਦਾ ਅਕਸਾਈ ਚਿਨ ਚੀਨ ਕੋਲ ਚਲਾ ਗਿਆ ਇਹ ਕਰੀਬ 38 ਹਜ਼ਾਰ ਵਰਗ ਕਿਲੋਮੀਟਰ ਦਾ ਇਲਾਕਾ ਹੈ, ਜੋ ਕਿ ਚੀਨ ਦੇ ਨਜਾਇਜ਼ ਕਬਜ਼ੇ ਵਿਚ ਹੈ ਅਸੀਂ ਆਪਣੇ ਸੰਜਮ ਅਤੇ ਸ਼ਕਤੀ ਦੇ ਬਲਬੂਤੇ ਚੀਨ ਨੂੰ ਜ਼ਵਾਬ ਦਿਆਂਗੇ
ਵਿਕਰਮ ਚੌਰਸੀਆ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।