ਤਿੰਨ ਪੈਕਟਾਂ ਤੇ ਇੱਕ ਬੋਤਲ ‘ਚੋਂ ਬਰਾਮਦ ਹੋਈ 4 ਕਿਲੋ 306 ਗ੍ਰਾਮ ਹੈਰੋਇਨ
ਸਤਪਾਲ ਥਿੰਦ, ਫਿਰੋਜ਼ਪੁਰ
ਐਂਟੀ ਨਾਰਕੋਟਿਕ ਸੈੱਲ ਰੇਂਜ਼ ਫਿਰੋਜ਼ਪੁਰ ਤੇ ਬੀਐੱਸਐੱਫ ਵੱਲੋਂ ਚਲਾਏ ਸਾਂਝੇ ਓਪਰੇਸ਼ਨ ਦੌਰਾਨ ਭਾਰਤ-ਪਾਕਿ ਸਰਹੱਦ ਤੋਂ 4 ਕਿੱਲੋ 306 ਗ੍ਰਾਮ ਹੈਰੋਇਨ ਬਰਾਮਦ ਕਰਨ ‘ਚ ਸਫਲਤਾ ਹਾਸਲ ਹੋਈ ਹੈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 21 ਕਰੋੜ 80 ਲੱਖ ਰੁਪਏ ਹੈ। ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਐੱਸਪੀ (ਡੀ) ਬਲਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਸਰਦੀਆਂ ਦਾ ਮੌਸਮ ਸ਼ੁਰੂ ਹੋਣ ਕਰਕੇ ਤੇ ਅਗਲੇ ਕੁਝ ਦਿਨਾਂ ‘ਚ ਸੰਘਣੀ ਧੁੰਦ ਦੀ ਆਮਦ ਹੋਣ ਦੇ ਖਦਸ਼ੇ ਕਰਕੇ ਨਸ਼ੀਲੇ ਪਦਾਰਥਾਂ ਦੀ ਸਮਗਲਿੰਗ ਨੂੰ ਰੋਕਣ ਤੇ ਦੇਸ਼ ਦੀ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਹੋਏ ਮੁਖਵਿੰਦਰ ਸਿੰਘ ਛੀਨਾ ਆਈਜੀ ਫਿਰੋਜ਼ਪੁਰ ਰੇਜ਼ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਸਪੈਸ਼ਲ ਐਂਟੀ ਨਾਰਕੋਟਿਕ ਓਪਰੇਸ਼ਨ ਚਲਾਏ ਜਾ ਰਹੇ ਹਨ ਤੇ ਸੈਕਿੰਡ ਲਾਇਨ ਆਫ਼ ਡਿਫੈਂਸ ਦੇ ਨਾਕਿਆਂ ‘ਤੇ ਫੋਰਸ ਵਧਾਈ ਗਈ ਹੈ।
ਇਸੇ ਤਹਿਤ ਐਂਟੀ ਨਾਰਕੋਟਿਕ ਫਿਰੋਜ਼ਪੁਰ ਦੇ ਇੰਸਪੈਕਟਰ ਜਗਤਾਰ ਸਿੰਘ ਸਮੇਤ ਪੁਲਿਸ ਪਾਰਟੀ ਤੇ ਬੀਐੱਸਐੱਫ਼ 136 ਬਟਾਲੀਅਨ ਵੱਲੋਂ ਭਾਰਤ ਪਾਕਿ ਦੇ ਨਜ਼ਦੀਕੀ ਇਲਾਕੇ ‘ਚ ਗਸ਼ਤ ਕੀਤੀ ਜਾ ਰਹੀ ਸੀ ਇਸ ਦੌਰਾਨ ਸਰਹੱਦ ‘ਤੇ ਨਸ਼ੀਲੇ ਪਦਾਰਥ ਹੋਣ ਦੀ ਗੁਪਤ ਸੂਚਨਾ ਮਿਲੀ। ਇਸ ਦੌਰਾਨ ਸਰਹੱਦੀ ਚੌਂਕੀ ਸ਼ਾਮੇ ਕੇ ਦੇ ਪਿੱਲਰ ਨੰਬਰ 184/7, 184/8 ਦੇ ਨਜ਼ਦੀਕ ਚਲਾਏ ਓਪਰੇਸ਼ਨ ਦੌਰਾਨ ਸੁੱਕੀ ਹੋਈ ਧਰੇਕ ਦੇ ਮੁੱਢ ਦੇ ਖੋਲ ‘ਚੋਂ ਤਲਾਸ਼ੀ ਕਰਨ ‘ਤੇ ਪੀਲੇ ਰੰਗ ਦੀ ਟੇਪ ‘ਚ ਲਪੇਟੇ ਤਿੰਨ ਪੈਕਟ ਹੈਰੋਇਨ ਤੇ ਇੱਕ 2 ਲੀਟਰ ਵਾਲੀ ਕਾਲੀ ਟੇਪ ਨਾਲ ਲਪੇਟੀ ਹੋਈ ਬੋਤਲ ਜੋ ਹੈਰੋਇਨ ਨਾਲ ਭਰੀ ਹੋਈ ਸੀ ਬਰਾਮਦ ਹੋਈ। ਐਸਪੀ (ਡੀ) ਨੇ ਦੱਸਿਆ ਕਿ ਬਰਾਮਦ ਹੋਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ ਕਰੀਬ 21 ਕਰੋੜ 80 ਲੱਖ ਰੁਪਏ ਬਣਦੀ ਹੈ। ਇਸ ਸਬੰਧੀ ਪੁਲਿਸ ਨੇ ਥਾਣਾ ਫਿਰੋਜ਼ਪੁਰ ਸਦਰ ‘ਚ ਨਾਮਲੂਮ ਵਿਅਕਤੀ ਖਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।