ਸਰਹੱਦੀ ਇਲਾਕੇ ‘ਚੋਂ 2 ਅੱਤਵਾਦੀ ਗ੍ਰਿਫ਼ਤਾਰ

Terrorists Arrested

ਕੈਨੇਡਾ ਤੇ ਪਾਕਿਸਤਾਨ ਨਾਲ ਸੰਪਰਕ ਸਨ ਅੱਤਵਾਦੀਆਂ ਦੇ

  • ਵਿੱਡੀ ਮਾਤਰਾ ‘ਚ ਹਥਿਆਰ ਤੇ ਗੋਲੀ-ਸਿੱਕਾ ਬਰਾਮਦ (Terrorists Arrested)

(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਬੀਐੱਸਐੱਫ ਤੇ ਪੰਜਾਬ ਪੁਲਿਸ ਨੇ ਐਤਵਾਰ ਨੂੰ ਇੱਕ ਸਾਂਝੀ ਕਾਰਵਾਈ ‘ਚ ਕੈਨੇਡਾ ਤੇ ਪਾਕਿਸਤਾਨ ਨਾਲ ਸੰਪਰਕ ਵਾਲੇ ਦੋ ਅੱਤਵਾਦੀਆਂ (Terrorists Arrested) ਨੂੰ ਗ੍ਰਿਫ਼ਤਾਰ ਕੀਤਾ ਹੈ ਜੋ ਕਿ ਆਪਣੇ ਦੁਸ਼ਮਣਾਂ ਨੂੰ ਨਿਸ਼ਾਨਾ ਬਣਾਉਣ ਦੀ ਯੋਜਨਾ ਘੜ ਰਹੇ ਸਨ। ਇਸ ਦੌਰਾਨ ਸੁਰੱਖਿਆ ਫੋਰਸਾਂ ਨੇ ਵੱਡੀ ਮਾਤਰਾ ‘ਚ ਹਥਿਆਰ ਤੇ ਗੋਲੀ-ਸਿੱਕਾ ਵੀ ਬਰਾਮਦ ਕੀਤਾ ਹੈ।

ਪੰਜਾਬ ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਕਾਰਵਾਈ ਦੌਰਾਨ ਹਥਿਆਰ ਤੇ ਗੋਲੀ-ਸਿੱਕਾ ਭਾਰਤ-ਪਾਕਿ ਸਰਹੱਦ ਦੇ ਨੇੜੇ ਦੱਬਿਆ ਹੋਇਆ ਮਿਲਿਆ ਤੇ ਸ਼ੱਕੀ ਉਸ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਸਨ। ਦੋਵੇਂ ਅੱਤਵਾਦੀ ਐਤਵਾਰ ਦੀ ਸਵੇਰ ਨੂੰ ਉਸ ਸਰਹੱਦੀ ਇਲਾਕੇ ‘ਚ ਪਹੁੰਚੇ ਪਰ ਉਨ੍ਹਾਂ ਨੂੰ ਹਥਿਆਰ ਦੱਬੇ ਹੋਣ ਵਾਲੀ ਜਗ੍ਹਾ ਲੱਭਣ ਦੀ ਕੋਸ਼ਿਸ਼ ਕਰਦਿਆਂ ਬੀਐੱਸਐੱਫ ਨੇ ਕਾਬੂ ਕਰ ਲਿਆ।
ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੀ ਸ਼ਨਾਖ਼ਤ ਗੁਰਦਾਸਪੁਰ ਜ਼ਿਲ੍ਹੇ ਦੇ ਸ੍ਰੀ ਹਰਗੋਬਿੰਦਪੁਰ ਦੇ 40 ਸਾਲਾ ਮਾਨ ਸਿੰਘ ਤੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਦੇ 28 ਵਰ੍ਹਿਆਂ ਦੇ ਸ਼ੇਰ ਸਿੰਘ ਵਜੋਂ ਹੋਈ ਹੈ।

  • ਬੀਐੱਸਐੱਫ ਤੇ ਪੰਜਾਬ ਪੁਲਿਸ ਦੀ ਸਾਂਝੀ ਕਾਰਵਾਈ ਨਾਲ ਕੀਤੇ ਗ੍ਰਿਫ਼ਤਾਰ

ਮੁੱਢਲੀ ਪੁੱਛਗਿਛ ਦੌਰਾਨ ਅੱਤਵਾਦੀਆਂ ਨੇ ਇਹ ਖੁਲਾਸਾ ਕੀਤਾ ਕਿ ਕੈਨੇਡਾ ਦੇ ਓਂਟਾਰੀਓ ਅਧਾਰਿਤ ਇੱਕ ਗਰਮਖਿਆਲੀ ਗੁਰਜੀਵਨ ਸਿੰਘ ਵੱਲੋਂ ਘੜ੍ਹੀ ਗਈ ਯੋਜਨਾ ਤਹਿਤ ਅੱਤਵਾਦੀ ਗਿਰੋਹ ਬਣਾਇਆ ਗਿਆ। ਗੁਰਜੀਵਨ ਸਿੰਘ ਪਿਛਲੇ ਛੇ ਮਹੀਨਿਆਂ ਦੌਰਾਨ ਦੋ ਵਾਰ ਪੰਜਾਬ ਆਇਆ ਅਤੇ ਉਸ ਨੇ ਪਾਕਿਸਤਾਨ ‘ਚ ਆਪਣੇ ਖਾਲਿਸਤਾਨੀ ਸੰਪਰਕਾਂ ਰਾਹੀਂ ਇਸ ਕਾਰਵਾਈ ਲਈ ਹਥਿਆਰ ਤੇ ਗੋਲੀ-ਸਿੱਕੇ ਦਾ ਬੰਦੋਬਸਤ ਕੀਤਾ। ਇਨ੍ਹਾਂ ਦੋਵਾਂ ਅੱਤਵਾਦੀਆਂ ਨੇ ਇਹ ਵੀ ਦੱਸਿਆ ਕਿ ਗੁਰਜੀਵਨ ਪਿਛਲੇ ਦੋ ਸਾਲਾਂ ਤੋਂ ਉਨ੍ਹਾਂ ਦੇ ਸੰਪਰਕ ‘ਚ ਸੀ ਤੇ ਉਸ ਨੇ ਪੰਜਾਬ ‘ਚ ਅੱਤਵਾਦੀ ਹਮਲੇ ਕਰਨ ਲਈ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਸੀ।

ਗੁਰਜੀਵਨ ਸਿੰਘ ਨੇ ਪੰਜਾਬ ਦੇ ਪਿਛਲੇ ਦੋ ਦੌਰਿਆਂ ਦੌਰਾਨ ਉਨ੍ਹਾਂ ਨੂੰ ਏਕੇ-47 ਰਾਈਫਲਾਂ ਸਮੇਤ ਹਥਿਆਰਾਂ ਨੂੰ ਚਲਾਉਣ ਬਾਰੇ ਸਿਖਲਾਈ ਦਿੱਤੀ। ਉਹ ਗੁਰਜੀਵਨ ਸਿੰਘ ਨਾਲ ਹਥਿਆਰਾਂ ਦੀ ਪ੍ਰਾਪਤੀ ਲਈ ਉੱਤਰ ਪ੍ਰਦੇਸ਼ ਵੀ ਗਏ ਸਨ ਪਰ ਇਸ ਕੰਮ ‘ਚ ਅਸਫਲ ਰਹੇ। ਇਸ ਤੋਂ ਬਾਅਦ ਗੁਰਜੀਵਨ ਸਿੰਘ ਨੇ ਪਾਕਿਸਤਾਨ ‘ਚ ਆਪਣੇ ਖਾਲਿਸਤਾਨੀ ਸੰਪਰਕਾਂ ਤੇ ਆਈਐੱਸਆਈ ਅਕਾਵਾਂ ਰਾਹੀਂ ਉਨ੍ਹਾਂ ਲਈ ਹਥਿਆਰ ਤੇ ਗੋਲੀ-ਸਿੱਕੇ ਦਾ ਪ੍ਰਬੰਧ ਕਰਨ ਦਾ ਵਾਅਦਾ ਕੀਤਾ ਸੀ। ਇਨ੍ਹਾਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਹੋਰ ਪੁੱਛ ਪੜਤਾਲ ਜਾਰੀ ਹੈ ਤੇ ਗੁਰਜੀਵਨ ਸਿੰਘ ਦੇ ਦੌਰਿਆਂ ਸਬੰਧੀ ਇਮੀਗ੍ਰੇਸ਼ਨ ਰਿਕਾਰਡ ਪ੍ਰਾਪਤ ਕੀਤਾ ਜਾ ਰਿਹਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here