ਹੁਣ ਤੱਕ ਨਵੇਂ ਡਾਕਟਰਾਂ ਦੀ ਗਿਣਤੀ ਹੋਈ 31 | Civil Hospital Malerkotla
- ਚੀਫ ਸੈਕਟਰੀ ਹੋਏ ਅਦਾਲਤ ਚ ਪੇਸ਼,ਅਗਲੀ ਪੇਸ਼ੀ 24 ਮਾਰਚ ਨੂੰ
Civil Hospital Malerkotla: ਮਲੇਰਕੋਟਲਾ, (ਗੁਰਤੇਜ ਜੋਸ਼ੀ)। ਇਤਿਹਾਸਕ ਤੇ ਨਵਾਬੀ ਸ਼ਹਿਰ ਨੂੰ ਜ਼ਿਲ੍ਹਾ ਬਣਿਆ ਕਰੀਬ ਚਾਰ ਸਾਲ ਹੋ ਗਏ ਹਨ,ਪਰ ਸਿਵਲ ਹਸਪਤਾਲ ਮਲੇਰਕੋਟਲਾ ਵਿਚ ਉਦੋਂ ਤੋਂ ਹੀ ਡਾਕਟਰਾਂ ਦੀ ਘਾਟ ਰੜਕ ਰਹੀ ਹੈ। ਇੱਥੇ ਡਾਕਟਰਾਂ ਦੀ ਘਾਟ ਨਾਲ ਜੂਝ ਰਹੇ ਮਲੇਰਕੋਟਲਾ ਵਾਸੀਆਂ ਲਈ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਪੰਜਾਬ ਦੇ ਮੁੱਖ ਸਕੱਤਰ ਦੀ ਤਲਬੀ ਦੇ ਆਦੇਸ਼ ਵੱਡੀ ਰਾਹਤ ਦਾ ਸਬੱਬ ਬਣ ਗਏ ਹਨ। ਮੁੱਖ ਸਕੱਤਰ ਦੀ 4 ਮਾਰਚ ਨੂੰ ਅਦਾਲਤ ਸਾਹਮਣੇ ਵਰਚੂਅਲੀ ਤਲਬੀ ਤੋਂ ਪਹਿਲਾਂ ਸੂਬਾ ਸਰਕਾਰ ਨੇ 19 ਹੋਰ ਨਵੇਂ ਡਾਕਟਰਾਂ ਦੀ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਤਾਇਨਾਤੀ ਦੇ ਹੁਕਮ ਜਾਰੀ ਕਰ ਦਿੱਤੇ ਹਨ।
ਇਸ ਤੋਂ ਪਹਿਲਾਂ ਪਿਛਲੇ ਦਿਨੀਂ 12 ਡਾਕਟਰ ਨਿਯੁਕਤ ਕੀਤੇ ਗਏ ਸਨ। ਜਿਸ ਦੇ ਤਹਿਤ ਹੁਣ ਤੱਕ ਨਵੇਂ ਡਾਕਟਰਾਂ ਦੀ ਗਿਣਤੀ 31 ਹੋ ਗਈ ਹੈ। ਇਸ ਤੋਂ ਪਹਿਲਾਂ ਮਲੇਰਕੋਟਲਾ ਦੇ ਵਕੀਲ ਅਤੇ ਸਾਬਕਾ ਕੌਂਸਲਰ ਬੇਅੰਤ ਕਿੰਗਰ ਦੇ ਬੇਟੇ ਐਡਵੋਕੇਟ ਭੀਸ਼ਮ ਕਿੰਗਰ ਵੱਲੋਂ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਸਬੰਧੀ ਦਾਇਰ ਜਨਹਿੱਤ ਪਟੀਸ਼ਨ ‘ਤੇ ਸੁਣਵਾਈ ਦੌਰਾਨ ਅਦਾਲਤ ਵੱਲੋਂ ਮੁੱਖ ਸਕੱਤਰ ਨੂੰ ਹਸਪਤਾਲ ਵਿਚ ਡਾਕਟਰਾਂ ਦੀ ਘਾਟ ਸਬੰਧੀ 13 ਫਰਵਰੀ ਨੂੰ ਹਲਫ਼ੀਆ ਬਿਆਨ ਦਾਇਰ ਕਰਨ ਦੇ ਦਿੱਤੇ ਆਦੇਸ਼ਾਂ ਤੋਂ ਪਹਿਲਾਂ 5 ਫਰਵਰੀ ਨੂੰ ਸੱਤ ਡਾਕਟਰ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਤਾਇਨਾਤ ਕਰ ਦਿੱਤੇ ਸਨ। ਮੁੱਖ ਸਕੱਤਰ ਵੱਲੋਂ 17 ਫਰਵਰੀ ਨੂੰ ਅਦਾਲਤ ਸਾਹਮਣੇ ਦਿੱਤੇ ਹਲਫ਼ੀਆ ਬਿਆਨ ਵਿਚ ਦੱਸਿਆ ਸੀ ਕਿ ਸਿਵਲ ਹਸਪਤਾਲ ਮਲੇਰਕੋਟਲਾ ਵਿਚ ਮੈਡੀਕਲ ਅਫ਼ਸਰ (ਜਨਰਲ) ਦੀਆਂ 39 ਮਨਜ਼ੂਰਸ਼ੁਦਾ ਅਸਾਮੀਆਂ ਦੇ ਵਿਰੁੱਧ ਇਸ ਸਮੇਂ ਸਿਰਫ਼ 2 ਮੈਡੀਕਲ ਅਫ਼ਸਰ ਤਾਇਨਾਤ ਹਨ।
ਇਹ ਵੀ ਪੜ੍ਹੋ: Drugs Free Punjab: ਕੈਬਨਿਟ ਮੰਤਰੀ ਡਾ . ਬਲਬੀਰ ਸਿੰਘ ਨੇ ਨਸ਼ੇ ਦੇ ਸੌਦਾਗਰਾਂ ਨੂੰ ਦਿੱਤੀ ਸਖਤ ਚੇਤਾਵਨੀ
ਉਨ੍ਹਾਂ ਮੰਨਿਆ ਸੀ ਕਿ ਅਗਸਤ, 2024 ਵਿਚ ਜਾਰੀ ਇਸ਼ਤਿਹਾਰ ਰਾਹੀਂ 225 ਮੈਡੀਕਲ ਅਫਸਰਾਂ ਦੀ ਕੀਤੀ ਭਰਤੀ ਵਿੱਚੋਂ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਇਕ ਵੀ ਡਾਕਟਰ ਤਾਇਨਾਤ ਨਹੀਂ ਕੀਤਾ ਗਿਆ। ਮੁੱਖ ਸਕੱਤਰ ਦੀ ਅਦਾਲਤ ਸਾਹਮਣੇ ਪੇਸ਼ੀ ਤੋਂ ਪਹਿਲਾਂ ਐਸ.ਡੀ.ਐਚ. ਹਸਪਤਾਲ ਰਾਏਕੋਟ ‘ਲੁਧਿਆਣਾ’ ਵਿਖੇ ਤਾਇਨਾਤ ਡਾ. ਮਨਪ੍ਰੀਤ ਸਿੰਘ, ਐਸ.ਡੀ.ਐਚ. ਹਸਪਤਾਲ ਨਾਭਾ ‘ਪਟਿਆਲਾ’ ਵਿਖੇ ਤਾਇਨਾਤ ਡਾ. ਮਨਪ੍ਰੀਤ ਸਿੰਘ, ਪੀ.ਐਚ.ਸੀ. ਕੌਲੀ ‘ਪਟਿਆਲਾ’ ਵਿਖੇ ਤਾਇਨਾਤ ਡਾ. ਮੁਹੰਮਦ ਸਾਜਿਦ, ਐਸ.ਡੀ.ਐਚ. ਹਸਪਤਾਲ ਨਾਭਾ ‘ਪਟਿਆਲਾ’ ਵਿਖੇ ਤਾਇਨਾਤ ਡਾ. ਜਸ਼ਨਜੋਤ ਸਿੰਘ ਅਤੇ ਸੀ.ਐਚ.ਸੀ. ਪਾਤੜਾਂ ਵਿਖੇ ਤਾਇਨਾਤ ਡਾ. ਸੁਮਨਦੀਪ ਕੌਰ ਨੂੰ ਬਦਲ ਕੇ ਸਿਵਲ ਹਸਪਤਾਲ ਮਲੇਰਕੋਟਲਾ ਵਿਖੇ ਭੇਜ ਦਿੱਤਾ ਗਿਆ ਹੈ। Civil Hospital Malerkotla
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਭੀਸ਼ਮ ਕਿੰਗਰ ਅਤੇ ਪਟੀਸ਼ਨਰ ਬੇਅੰਤ ਕਿੰਗਰ ਨੇ ਦੱਸਿਆ ਕਿ ਅੱਜ ਮਾਨਯੋਗ ਹਾਈਕੋਰਟ ਵਿਚ ਚੀਫ ਸੈਕਟਰੀ ਪੰਜਾਬ ਪੇਸ਼ ਹੋਏ। ਜਿੰਨਾ ਨੇ ਮਾਲੇਰਕੋਟਲਾ ਹਸਪਤਾਲ ਵਿਚ ਡਾਕਟਰ ਪੂਰੇ ਕਰਨ ਦੀ ਗੱਲ ਆਖੀ,ਜੱਜ ਸਾਹਿਬ ਦੇ ਪੁੱਛੇ ਜਾਣ ’ਤੇ ਉਹਨਾਂ ਇਹ ਵੀ ਮੰਨਿਆ ਕਿ ਇਹ ਸਾਰੇ ਡਾਕਟਰ ਨਵੀ ਭਰਤੀ ਵਿੱਚੋਂ ਹਨ,ਪਰ ਮਾਨਯੋਗ ਅਦਾਲਤ ਨੇ ਪੰਜਾਬ ਸਰਕਾਰ ਨੂੰ ਇਹ ਵੀ ਆਦੇਸ਼ ਦਿੱਤੇ ਹਨ ਕਿ ਅਗਲੀ ਪੇਸ਼ੀ ਜੋ 24 ਜਨਵਰੀ ਦੀ ਹੈ ਉਦੋਂ ਤੱਕ ਸਾਰੇ ਡਾਕਟਰਾਂ ਨੂੰ ਡਿਊਟੀ ਜੁਆਇੰਨ ਕਰਵਾਕੇ ਰਿਪੋਰਟ ਕੀਤੀ ਜਾਵੇ।