ਪੰਜਾਬ ਸਰਕਾਰ ਨੇ ਇੱਕ ਸਾਲ ’ਚ ਇੱਕ ਪੰਜੀ ਵੀ ਨਹੀਂ ਦਿੱਤਾ ਮੁਆਵਜ਼ਾ, ਕਰੋੜਾਂ ’ਚ ਹੋਇਆ ਸੀ ਨੁਕਸਾਨ (Lumpy Skin)
(ਅਸ਼ਵਨੀ ਚਾਵਲਾ) ਚੰਡੀਗੜ੍ਹ। ਲੰਪੀ ਸਕਿੱਨ (Lumpy Skin) ਬਿਮਾਰੀ ਨਾਲ ਪੰਜਾਬ ਵਿੱਚ ਮੌਤ ਦਾ ਸ਼ਿਕਾਰ ਹੋਏ 17 ਹਜ਼ਾਰ 932 ਪਸ਼ੂਆਂ ਦੇ ਮਾਲਕ ਕਿਸਾਨਾਂ ਨੂੰ ਅੱਜ ਵੀ ਮੁਆਵਜ਼ੇ ਦਾ ਇੰਤਜ਼ਾਰ ਹੈ ਪਰ ਪੰਜਾਬ ਸਰਕਾਰ ਵੱਲੋਂ ਇੱਕ ਸਾਲ ਬੀਤਣ ਤੋਂ ਬਾਅਦ ਵੀ ਇਨ੍ਹਾਂ ਦੁਧਾਰੂ ਕਿਸਾਨਾਂ ਨੂੰ ਇੱਕ ਵੀ ਪੰਜੀ ਦੀ ਮੁਆਵਜ਼ੇ ਦੇ ਤੌਰ ’ਤੇ ਨਹੀਂ ਦਿੱਤੀ। ਹਾਲਾਂਕਿ ਲੰਪੀ ਸਕਿਨ ਬਿਮਾਰੀ ਦੇ ਆਉਣ ਮੌਕੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਬਿਮਾਰੀ ਨਾਲ ਮੌਤ ਦਾ ਸ਼ਿਕਾਰ ਹੋਏ ਪਸੂਆ ਦਾ ਮੁਆਵਜ਼ਾ ਹਰ ਕਿਸਾਨ ਨੂੰ ਮਿਲੇਗਾ ਪਰ ਇੱਕ ਸਾਲ ਬੀਤਣ ਤੋਂ ਬਾਅਦ ਵੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ ਹੈ। ਇਸ ਕਾਰਨ ਹੁਣ ਪੰਜਾਬ ਦੇ ਇਹ ਪੀੜਤ ਕਿਸਾਨ ਮੁਆਵਜ਼ੇ ਦੀ ਆਸ ਵੀ ਛੱਡਦੇ ਨਜ਼ਰ ਆ ਰਹੇ ਹਨ।
ਪਿਛਲੇ ਸਾਲ ਅਗਸਤ-ਸਤੰਬਰ ’ਚ ਲੰਪੀ ਸਕਿੱਨ ਨੇ ਵਰ੍ਹਾਇਆ ਸੀ ਪੰਜਾਬ ’ਚ ਕਹਿਰ
ਜਾਣਕਾਰੀ ਅਨੁਸਾਰ ਪਿਛਲੇ ਸਾਲ ਅਗਸਤ-ਸਤੰਬਰ 2022 ’ਚ ਦੇਸ਼ ਭਰ ’ਚ ਫੈਲੀ ਲੰਪੀ ਸਕਿੱਨ ਮਹਾਂਮਾਰੀ ਕਰਕੇ ਪੰਜਾਬ ’ਚ ਵੀ ਵੱਡੀ ਗਿਣਤੀ ’ਚ ਦੁਧਾਰੂ ਪਸ਼ੂ ਇਸ ਬਿਮਾਰੀ ਦੀ ਲਪੇਟ ਵਿੱਚ ਆਏ ਸਨ। ਪੰਜਾਬ ਦੇ ਲਗਭਗ ਹਰ ਜ਼ਿਲ੍ਹੇ ਵਿੱਚ ਇਸ ਬਿਮਾਰੀ ਨੇ ਦੁਧਾਰੂ ਪਸ਼ੂਆਂ ਨੂੰ ਸ਼ਿਕਾਰ ਬਣਾਉਂਦੇ ਹੋਏ ਵੱਡੇ ਪੱਧਰ ’ਤੇ ਤਬਾਹੀ ਮਚਾਈ ਸੀ।
ਬਿਮਾਰੀ ਦੇ ਆਉਣ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਜਿੱਥੇ ਪਸ਼ੂਆਂ ਨੂੰ ਬਚਾਉਣ ਲਈ ਤੁਰੰਤ ਟੀਕਾ ਲਾਉਣ ਦੀ ਮੁਹਿੰਮ ਛੇੜੀ ਸੀ ਤਾਂ ਉੱਥੇ ਮੌਤ ਦਾ ਸ਼ਿਕਾਰ ਹੋਏ ਪਸ਼ੂਆਂ ਦਾ ਮੁਆਵਜ਼ਾ ਦੇਣ ਦਾ ਵੀ ਐਲਾਨ ਕੀਤਾ ਗਿਆ ਸੀ। ਲੰਪੀ ਸਕਿੱਨ ਬਿਮਾਰੀ ਨੂੰ ਕੰਟਰੋਲ ਕਰਨ ਦੌਰਾਨ ਪਸ਼ੂ ਪਾਲਣ ਮੰਤਰੀ ਲਾਲਜੀਤ ਸਿੰਘ ਭੁੱਲਰ ਵੱਲੋਂ ਬਕਾਇਦਾ ਬਿਆਨ ਦਿੱਤਾ ਗਿਆ ਸੀ ਕਿ ਲੰਪੀ ਸਕਿੱਨ ਬਿਮਾਰੀ ਨੂੰ ਕੰਟਰੋਲ ਕਰਨਾ ਪਹਿਲਾਂ ਮੁੱਖ ਕੰਮ ਹੈ ਤਾਂ ਕਿ ਪੰਜਾਬ ’ਚ ਮੌਤ ਦੇ ਇਸ ਤਾਂਡਵ ਨੂੰ ਰੋਕਿਆ ਜਾ ਸਕੇ। ਇਸ ਤੋਂ ਬਾਅਦ ਸਾਰੇ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਏਗਾ ਪਰ ਮੁਆਵਜ਼ੇ ਦੀ ਰਕਮ ਬਾਰੇ ਉਨ੍ਹਾਂ ਨੇ ਕੋਈ ਵੀ ਐਲਾਨ ਨਹੀਂ ਕੀਤਾ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਖਾਤਿਆਂ ’ਚ ਪਾਈ 48 ਕਰੋੜ ਤੋਂ ਵੱਧ ਰਾਸ਼ੀ, ਚੈਕ ਕਰੋ ਆਪਣੇ ਖਾਤੇ
ਲੰਪੀ ਸਕਿੱਨ ਦੇ ਕੰਟਰੋਲ ਹੋਣ ਤੋਂ ਬਾਅਦ ਪੰਜਾਬ ਸਰਕਾਰ ਵਲੋਂ ਇਸ ਦਾ ਮੁਆਵਜ਼ਾ ਦੇਣ ਦੀ ਥਾਂ ’ਤੇ ਕੇਂਦਰ ਸਰਕਾਰ ਨੂੰ ਲਿਖ ਕੇ ਭੇਜ ਦਿੱਤਾ ਗਿਆ ਕਿ ਇਸ ਬਿਮਾਰੀ ਨੂੰ ਕੌਮੀ ਆਫ਼ਤ ਐਲਾਨ ਦੇ ਹੋਏ ਕਿਸਾਨਾਂ ਨੂੰ ਮੁਆਵਜ਼ਾ ਕੇਂਦਰ ਸਰਕਾਰ ਵਲੋਂ ਦਿੱਤਾ ਜਾਵੇ ਪਰ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਸਾਫ਼ ਜਵਾਬ ਦਿੰਦੇ ਹੋਏ ਲੰਪੀ ਸਕਿੱਨ ਬਿਮਾਰੀ ਨੂੰ ਕੌਮੀ ਆਫ਼ਤ ਨਹੀਂ ਮੰਨਿਆ ਗਿਆ।
ਇਸ ਕਾਰਨ ਇਸ ਮੁਆਵਜ਼ੇ ਨੂੰ ਦੇਣ ਦਾ ਸਾਰਾ ਭਾਰ ਪੰਜਾਬ ਸਰਕਾਰ ’ਤੇ ਆ ਗਿਆ ਸੀ ਤੇ ਪਸ਼ੂ ਪਾਲਣ ਵਿਭਾਗ ਵੱਲੋਂ ਫਰਵਰੀ 2023 ਤੱਕ ਵਾਰ ਵਾਰ ਕਿਹਾ ਜਾ ਰਿਹਾ ਸੀ ਕਿ ਸਰਕਾਰ ਵੱਲੋਂ ਇਸ ਸਬੰਧੀ ਮੁਆਵਜ਼ਾ ਦਿੱਤਾ ਜਾਏਗਾ ਪਰ ਹੁਣ ਇਸ ਬਿਮਾਰੀ ਨਾਲ 17932 ਮੌਤ ਦਾ ਸ਼ਿਕਾਰ ਹੋਏ ਪਸ਼ੂਆਂ ਦਾ ਇੱਕ ਵੀ ਪੈਸਾ ਕਿਸੇ ਵੀ ਕਿਸਾਨ ਨੂੰ ਮੁਆਵਜ਼ੇ ਦੇ ਰੂਪ ਵਜੋਂ ਨਹੀਂ ਮਿਲਿਆ ਹੈ। ਇਹ ਮੁਆਵਜ਼ਾ ਕਦੋਂ ਦਿੱਤਾ ਜਾਏਗਾ ਜਾਂ ਫਿਰ ਨਹੀਂ ਦਿੱਤਾ ਜਾਏਗਾ, ਇਸ ਸਬੰਧੀ ਜਾਣਕਾਰੀ ਲਈ ਲੈਣ ਲਈ ਪਸ਼ੂ ਪਾਲਣ ਵਿਭਾਗ ਦੇ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੂੰ ਕਈ ਵਾਰ ਫੋਨ ਕੀਤਾ ਗਿਆ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। (Lumpy Skin)
ਮੁੱਕਰੇ ਨਾ ਪੰਜਾਬ ਸਰਕਾਰ, ਤੁਰੰਤ ਜਾਰੀ ਕਰੇ ਮੁਆਵਜ਼ਾ : ਕਿਸਾਨ ਯੂਨੀਅਨ
ਕਿਰਤੀ ਕਿਸਾਨ ਯੂਨੀਅਨ ਆਜ਼ਾਦ ਦੇ ਕਨਵੀਨਰ ਅਮਰਜੀਤ ਸਿੰਘ ਹਨੀ ਨੇ ਕਿਹਾ ਕਿ ਪੰਜਾਬ ਸਰਕਾਰ ਆਪਣੇ ਹਰ ਵਾਅਦੇ ਤੋਂ ਮੱੁਕਰਦੀ ਨਜ਼ਰ ਆ ਰਹੀ ਹੈ। ਲੰਪੀ ਸਕਿੱਨ ਦਾ ਮੁਆਵਜ਼ਾ ਦੇਣ ਬਾਰੇ ਸਰਕਾਰ ਵੱਲੋਂ ਕਈ ਵਾਰ ਵਾਅਦਾ ਕੀਤਾ ਗਿਆ ਹੈ ਪਰ ਇੱਕ ਸਾਲ ਬੀਤਣ ਤੋਂ ਬਾਅਦ ਵੀ ਸਰਕਾਰ ਨੇ ਹੁਣ ਤੱਕ ਕੋਈ ਵੀ ਮੁਆਵਜ਼ਾ ਨਹੀਂ ਦਿੱਤਾ। ਉਨ੍ਹਾਂ ਦੱਸਿਆ ਕਿ ਦੁਧਾਰੂ ਪਸ਼ੂਆ ਲਈ 1 ਲੱਖ ਤਾਂ ਬਾਕੀ ਪਸ਼ੂਆਂ ਲਈ 50 ਹਜ਼ਾਰ ਰੁਪਏ ਮੁਆਵਜ਼ੇ ਦੀ ਮੰਗ ਪੰਜਾਬ ਸਰਕਾਰ ਤੋਂ ਲਗਾਤਾਰ ਕੀਤੀ ਜਾ ਰਹੀ ਹੈ ਪਰ ਹੁਣ ਤੱਕ ਸਿਰਫ਼ ਇੰਤਜ਼ਾਰ ਹੀ ਕਰਵਾਇਆ ਜਾ ਰਿਹਾ ਹੈ।