26 ਮਾਰਚ ਤੋਂ ਪਹਿਲਾਂ ਬੰਗਲੇ ਖ਼ਾਲੀ ਕਰਨ 17 ਸਾਬਕਾ ਮੰਤਰੀ, 40 ਸਾਬਕਾ ਵਿਧਾਇਕਾਂ ਨੂੰ ਲਗਜ਼ਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼

flight, Ex-MLAs Punjab

ਪਰਕਾਸ਼ ਸਿੰਘ ਬਾਦਲ, ਨਵਜੋਤ ਸਿੱਧੂ ਅਤੇ ਬਿਕਰਮ ਮਜੀਠੀਆ ਨੂੰ ਫਲੈਟ ਖ਼ਾਲੀ ਕਰਨ ਦੇ ਆਦੇਸ਼

26 ਤੱਕ ਨਹੀਂ ਖ਼ਾਲੀ ਕੀਤੇ ਬੰਗਲੇ ਅਤੇ ਕੋਠੀਆਂ ਤਾਂ ਦੇਣਾ ਪਏਗਾ 160 ਗੁਣਾ ਜਿਆਦਾ ਕਿਰਾਇਆ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੱਤਾ ਵਿੱਚੋਂ ਬਾਹਰ ਹੋਈ ਕਾਂਗਰਸ ਦੇ 17 ਸਾਬਕਾ ਕੈਬਨਿਟ ਮੰਤਰੀਆਂ ਨੂੰ ਤੁਰੰਤ ਆਲੀਸ਼ਾਨ ਬੰਗਲੇ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਅਤੇ ਇਸ ਕਤਾਰ ਵਿੱਚ 40 ਦੇ ਕਰੀਬ ਸਾਬਕਾ ਵਿਧਾਇਕ (Ex-MLAs Punjab) ਵੀ ਸ਼ਾਮਲ ਹਨ, ਜਿਨਾਂ ਨੂੰ ਅਲਾਟ ਹੋਏ ਫਲੈਟ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ।

ਪੰਜਾਬ ਵਿਧਾਨ ਸਭਾ ਨੂੰ 11 ਮਾਰਚ ਤੋਂ ਭੰਗ ਕਰ ਦਿੱਤਾ ਗਿਆ ਸੀ ਤਾਂ ਇਨਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਨੂੰ 15 ਦਿਨ ਦਾ ਸਮਾਂ ਦਿੰਦੇ ਹੋਏ 26 ਮਾਰਚ ਤੱਕ ਬੰਗਲੇ ਅਤੇ ਫਲੈਟ ਖ਼ਾਲੀ ਕਰਨ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਜੇਕਰ ਇਨਾਂ ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਵਿੱਚੋਂ ਕੋਈ ਵੀ ਆਦੇਸ਼ਾਂ ਦੀ ਪਾਲਣਾ ਨਹੀਂ ਕਰਦਾ ਤਾਂ ਉਸ ਨੂੰ 160 ਗੁਣਾ ਜਿਆਦਾ ਕਿਰਾਇਆ ਦੇਣਾ ਪਏਗਾ।

ਅਗਲੇ 15 ਦਿਨਾਂ ਵਿੱਚ ਸਰਕਾਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼

ਪੰਜਾਬ ਸਰਕਾਰ ਵੱਲੋਂ ਇਸ ਤਰਾਂ ਦੇ ਨੋਟਿਸ ਭੇਜਿਆ ਜਾਵੇ ਜਾਂ ਫਿਰ ਕੋਈ ਕਾਰਵਾਈ ਕੀਤੀ ਜਾਵੇ, ਇਸ ਤੋਂ ਪਹਿਲਾਂ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵਲੋਂ ਆਪਣੀਆਂ ਦੋਵਾਂ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕਰ ਦਿੱਤਾ ਗਿਆ ਹੈ। ਸਾਬਕਾ ਕੈਬਨਿਟ ਮੰਤਰੀਆਂ ਅਤੇ ਸਾਬਕਾ ਵਿਧਾਇਕਾਂ ਵਿੱਚੋਂ ਚਰਨਜੀਤ ਚੰਨੀ ਹੀ ਇਕਲੌਤੇ ਹਨ, ਜਿਨਾਂ ਨੇ ਹੁਣ ਤੱਕ ਆਪਣੀ ਸਰਕਾਰੀ ਰਿਹਾਇਸ਼ ਨੂੰ ਖ਼ਾਲੀ ਕੀਤਾ ਗਿਆ ਹੈ। ਇਸ ਸੂਚੀ ਵਿੱਚ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੱਧੂ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਅਤੇ ਸਾਬਕਾ ਵਿਧਾਇਕ ਬਿਕਰਮ ਮਜੀਠੀਆ ਵੀ ਸ਼ਾਮਲ ਹਨ, ਜਿਨਾਂ ਨੂੰ ਅਗਲੇ 15 ਦਿਨਾਂ ਵਿੱਚ ਸਰਕਾਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼ ਦਿੱਤੇ ਗਏ ਹਨ।

ਜਾਣਕਾਰੀ ਅਨੁਸਾਰ ਪੰਜਾਬ ਵਿਧਾਨ ਸਭਾ ਵਿੱਚ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਚੰਡੀਗੜ ਰਹਿਣ ਲਈ ਸੈਕਟਰ 2 ਅਤੇ 4 ਵਿੱਚ ਸਰਕਾਰੀ ਫਲੈਟ ਦਿੱਤੇ ਜਾਂਦੇ ਹਨ। ਇਹ ਲਗਜ਼ਰੀ ਫਲੈਟ 300 ਤੋਂ 400 ਗਜ਼ ਵਿੱਚ ਤਿਆਰ ਕੀਤੇ ਹੋਏ ਹਨ, ਜਿਨਾਂ ਦਾ ਮਾਮੂਲੀ ਜਿਹਾ 230 ਰੁਪਏ ਪ੍ਰਤੀ ਫਲੈਟ ਵਿਧਾਇਕ ਤੋਂ ਕਿਰਾਇਆ ਲਿਆ ਜਾਂਦਾ ਹੈ। ਜਿਹੜੇ ਵੀ ਵਿਧਾਇਕਾਂ ਨੂੰ ਇਹ ਫਲੈਟ ਅਲਾਟ ਹੁੰਦੇ ਹਨ, ਉਨਾਂ ਨੂੰ ਅਗਲੀਆਂ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਫਲੈਟ ਨੂੰ ਖ਼ਾਲੀ ਕਰਨਾ ਹੁੰਦਾ ਹੈ ਤਾਂ ਕਿ ਉਨਾਂ ਦੀ ਥਾਂ ’ਤੇ ਜਿੱਤ ਕੇ ਆਉਣ ਵਾਲੇ ਵਿਧਾਇਕਾਂ ਨੂੰ ਰਿਹਾਇਸ਼ ਲਈ ਸਰਕਾਰੀ ਫਲੈਟ ਅਲਾਟ ਕੀਤਾ ਜਾ ਸਕੇ।

40 ਸਾਬਕਾ ਵਿਧਾਇਕਾਂ ਨੂੰ ਲਗਜ਼ਰੀ ਫਲੈਟ ਖ਼ਾਲੀ ਕਰਨ ਦੇ ਆਦੇਸ਼

ਜਿਹੜੇ ਵੀ ਸਾਬਕਾ ਵਿਧਾਇਕ ਇਸ ਨੋਟਿਸ ਦੇ ਸਮੇਂ ਦੌਰਾਨ ਸਰਕਾਰੀ ਫਲੈਟ ਨੂੰ ਖ਼ਾਲੀ ਨਹੀਂ ਕਰਨਗੇ, ਉਨਾਂ ਨੂੰ 230 ਰੁਪਏ ਪ੍ਰਤੀ ਮਹੀਨੇ ਦੀ ਥਾਂ ’ਤੇ 160 ਗੁਣਾ ਜਿਆਦਾ ਕਿਰਾਇਆ ਦੇਣਾ ਪਏਗਾ, ਜਿਹੜਾ ਕਿ ਹਰ ਮਹੀਨੇ 36 ਹਜ਼ਾਰ 800 ਰੁਪਏ ਬਣੇਗਾ, ਜਦੋਂ ਕਿ ਫਲੈਟ ਅੰਦਰ ਪਏ ਫਰਨੀਚਰ ਅਤੇ ਹੋਰ ਸਮਾਨ ਦਾ ਕਿਰਾਇਆ ਜੁਰਮਾਨਾ ਨਾਲ ਵੱਖਰਾ ਦੇਣਾ ਪਏਗਾ।

ਸੱਤਾ ਵਿੱਚ ਹੋਣ ਸਮੇਂ ਕੈਬਨਿਟ ਮੰਤਰੀਆਂ ਤੋਂ ਬੰਗਲੇ ਵਿੱਚ ਰਹਿਣ ਦਾ ਕੋਈ ਵੀ ਕਿਰਾਇਆ ਨਹੀਂ ਲਿਆ ਜਾਂਦਾ ਹੈ, ਇਸ ਲਈ ਪੀਡਬਲੂਡੀ ਵਿਭਾਗ ਵੱਲੋਂ ਸਾਬਕਾ ਕੈਬਨਿਟ ਮੰਤਰੀਆਂ ਤੋਂ ਮਾਰਕਿਟ ਕਿਰਾਏ ਅਨੁਸਾਰ ਵਸੂਲਿਆ ਜਾਂਦਾ ਹੈ, ਜਿਹੜਾ ਕਿ 50 ਹਜ਼ਾਰ ਤੋਂ ਜਿਆਦਾ ਬਣਦਾ ਹੈ, ਇਸ 50 ਹਜ਼ਾਰ ਰੁਪਏ ‘ਤੇ ਕਈ ਗੁਣਾ ਜੁਰਮਾਨਾ ਲਗਾਇਆ ਜਾਂਦਾ ਹੈ, ਜਿਹੜਾ ਕਿ ਸਮੇਂ ਸਮੇਂ ਅਨੁਸਾਰ ਤੈਅ ਕੀਤਾ ਜਾਂਦਾ ਹੈ।

ਬਾਦਲ ਪਰਿਵਾਰ ਕੋਲ ਤਿੰਨ ਫਲੈਟ

ਚੰਡੀਗੜ ਦੇ 4 ਸੈਕਟਰ ਵਿੱਚ ਬਾਦਲ ਪਰਿਵਾਰ ਆਪਣੀ ਆਲੀਸ਼ਾਨ ਕੋਠੀ ਵਿੱਚ ਰਹਿਣ ਦੀ ਥਾਂ ’ਤੇ ਉਹਨਾਂ ਕੋਲ 3 ਫਲੈਟ ਹਨ। ਇਹ ਤਿੰਨੋਂ ਫਲੈਟ ਇੱਕ ਕਤਾਰ ਵਿੱਚ ਲਏ ਹੋਏ ਹਨ ਅਤੇ ਫਲੈਟ ਦੇ ਅੰਦਰੋਂ ਭੰਨ ਤੋੜ ਕਰਦੇ ਹੋਏ ਇਨਾਂ ਫਲੈਟ ਨੂੰ ਆਪਸ ਵਿੱਚ ਮਿਲਾਇਆ ਹੋਇਆ ਹੈ ਤਾਂ ਕਿ ਵੱਡੇ ਹਾਲ ਤੱਕ ਤਿਆਰ ਕੀਤੇ ਜਾ ਸਕਣ। ਇਹ ਤਿੰਨ ਫਲੈਟ ਬਿਕਰਮ ਮਜੀਠੀਆ, ਪਰਕਾਸ਼ ਸਿੰਘ ਬਾਦਲ ਅਤੇ ਇੱਕ ਅਕਾਲੀ ਵਿਧਾਇਕ ਦੇ ਨਾਂਅ ’ਤੇ ਅਲਾਟ ਸਨ।

ਹੁਣ ਪਰਕਾਸ਼ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਸਣੇ ਅਕਾਲੀ ਵਿਧਾਇਕ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਪਰ ਬਿਕਰਮ ਮਜੀਠੀਆ ਦੀ ਪਤਨੀ ਵਿਧਾਇਕ ਬਣਨ ਕਰਕੇ ਉਨਾਂ ਨੂੰ ਬਿਕਰਮ ਮਜੀਠੀਆ ਵਾਲਾ ਫਲੈਟ ਅਲਾਟ ਹੋ ਸਕਦਾ ਹੈ ਪਰ ਹਾਲ ਦੀ ਘੜੀ ਇਨਾਂ ਤਿੰਨੇ ਫਲੈਟ ਨੂੰ ਖ਼ਾਲੀ ਕਰਨ ਦੇ ਆਦੇਸ਼ ਜਾਰੀ ਹੋ ਚੁੱਕੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ