ਸ਼ਰਧਾਲੂਆਂ ਨਾਲ ਭਰੀ ਟਰਾਲੀ ਨੂੰ ਕੈਂਟਰ ਨੇ ਮਾਰੀ ਪਿੱਛੋਂ ਟੱਕਰ | Road Accident
Road Accident: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਧੀ ਰਾਤ ਸਮੇਂ ਨਿਗਾਹੇ ਪੀਰ ਦੇ ਮੱਥਾ ਟੇਕ ਕੇ ਵਾਪਸ ਆ ਰਹੀ ਸ਼ਰਧਾਲੂਆਂ ਦੀ ਭਰੀ ਟਰਾਲੀ ਨੂੰ ਇੱਕ ਤੇਜ਼ ਰਫਤਾਰ ਕੈਂਟਰ ਨੇ ਪਿੱਛੋਂ ਟੱਕਰ ਮਾਰੀ ਜਿਸ ਕਾਰਨ ਟਰੈਕਟਰ-ਟਰਾਲੀ ’ਚ ਸਵਾਰ ਇੱਕ 15 ਸਾਲ ਦੇ ਲੜਕੇ ਦੀ ਹੇਠਾਂ ਡਿੱਗਣ ਨਾਲ ਮੌਤ ਹੋ ਗਈ ਜਦੋਂਕਿ ਕਰੀਬ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੱਜੀਆਂ ਜਿਨ੍ਹਾਂ ਨੂੰ ਇਲਾਜ ਲਈ ਫ਼ਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾਖਲ ਕਰਵਾਇਆ ਗਿਆ।
ਇਹ ਵੀ ਪੜ੍ਹੋ: Suicide: ਜਾਇਦਾਦ ਮਾਮਲੇ ’ਚ ਇੱਕ ਵਿਅਕਤੀ ਤੇ ਮਹਿਲਾ ਨੇ ਨਿਗਲਿਆ ਜ਼ਹਿਰ, ਦੋਵਾਂ ਦੀ ਮੌਤ
ਜਾਣਕਾਰੀ ਮੁਤਾਬਿਕ ਫਰੀਦਕੋਟ ਦੇ ਪਿੰਡ ਵੀਰੇ ਵਾਲਾ ਖ਼ੁਰਦ ਦੀ ਸੰਗਤ ਜੋ ਬਾਘਾਪੁਰਾਣਾ ਕੋਲ ਪੈਂਦੇ ਪਿੰਡ ਲੰਗਿਆਣਾ ਵਿਖੇ ਧਾਰਮਿਕ ਸਥਾਨ ’ਤੇ ਮੱਥਾ ਟੇਕ ਕੇ ਵਾਪਿਸ ਆ ਰਹੇ ਸੀ ਤਾਂ ਕਰੀਬ ਇੱਕ ਵਜੇ ਰਾਤ ਨੂੰ ਜਦ ਪਿੰਡ ਚੰਦਬਾਜਾ ਰਿਲਾਇੰਸ ਪੰਪ ਕੋਲ ਪੁੱਜੇ ਤਾਂ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਕੈਂਟਰ ਨੇ ਟਰਾਲੀ ਨੂੰ ਪਿੱਛੋਂ ਟੱਕਰ ਮਾਰੀ ਜੋ ਕਰੀਬ ਅੱਧਾ ਕਿਲੋਮੀਟਰ ਟਰੈਕਟਰ-ਟਰਾਲੀ ਨੂੰ ਧੂਹ ਕੇ ਲੈ ਗਿਆ ਜਿਸ ਦੌਰਾਨ ਟਰੈਕਟਰ ਦੇ ਮਡਗਾਰਡ ’ਤੇ ਬੈਠਾ 15 ਸਾਲ ਦਾ ਲੜਕਾ ਹੇਠਾਂ ਡਿੱਗ ਪਿਆ ਜਿਸ ਦੀ ਟਰਾਲੀ ਨਾਲ ਕੁਚਲੇ ਜਾਣ ਕਾਰਨ ਮੌਕੇ ਤੇ ਮੌਤ ਹੋ ਗਈ ਜਦਕਿ ਟਰਾਲੀ ਅੰਦਰ ਬੈਠੇ ਕਰੀਬ 5 ਸ਼ਰਧਾਲੂਆਂ ਨੂੰ ਗੰਭੀਰ ਸੱਟਾਂ ਵੱਜੀਆਂ। Road Accident
ਪ੍ਰਤੱਖ ਦਰਸ਼ੀਆ ਮੁਤਾਬਿਕ ਕੈਂਟਰ ਚਾਲਕ ਨਸ਼ੇ ’ਚ ਸੀ ਜਿਸ ਕਾਰਨ ਉਸਨੂੰ ਨੀਂਦ ਆ ਗਈ ਅਤੇ ਇਹ ਹਾਦਸਾ ਵਾਪਰ ਗਿਆ। ਫਿਲਹਾਲ ਪੁਲਿਸ ਵੱਲੋਂ ਕੈਂਟਰ ਚਾਲਕ ਜੋ ਜਲਾਲਾਬਾਦ ਦਾ ਰਹਿਣ ਵਾਲਾ ਹੈ ਅਤੇ ਜਲੰਧਰ ਤੋਂ ਮਾਲ ਲੈ ਕੇ ਆ ਰਿਹਾ ਸੀ ਉਸਨੂੰ ਪੁਲਿਸ ਨੇ ਹਿਰਾਸਤ ’ਚ ਲੈ ਲਿਆ ਹੈ ਅਤੇ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉਧਰ ਪਿੰਡ ਦੇ ਸਰਪੰਚ ਵੱਲੋਂ ਪੀੜਿਤ ਪਰਿਵਾਰ ਨੂੰ ਮੁਆਵਜ਼ਾ ਦੇਣ ਦੀ ਗੱਲ ਕਹੀ ਨਾਲ ਹੀ ਕੈਂਟਰ ਚਾਲਕ ਅਤੇ ਕੈਂਟਰ ਦੇ ਮਾਲਕ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।