ਪਹਿਲੀ ਲਿਸਟ ਵਿੱਚ ਨਹੀਂ ਆਇਆ 11 ਵਿਧਾਇਕਾਂ ਦਾ ਨਾਂਅ, ਟਿਕਟ ਲਈ ਵਧਿਆ ‘ਸੰਸਪੈਂਸ’

congress-1

ਕੁਝ ਵਿਧਾਇਕਾਂ ਦੀ ਕੱਟੀ ਜਾ ਸਕਦੀ ਐ ਟਿਕਟ ਤੇ ਕੁਝ ਦਾ ਬਦਲਿਆ ਜਾ ਸਕਦੈ ਹਲਕਾ

ਗਿੱਲ ਤੋਂ ਕੁਲਦੀਪ ਵੈਦ ਕਾਂਗਰਸ ਦੇ ਵੱਡੇ ਬੁਲਾਰੇ, ਫਿਰ ਵੀ ਰੁਕੀ ਟਿਕਟ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤੀ ਗਈ ਪਹਿਲੀ ਸੂਚੀ ਵਿੱਚ 11 ਵਿਧਾਇਕਾਂ (11 MLAs) ਦਾ ਨਾਂਅ ਸ਼ਾਮਲ ਨਹੀਂ ਕੀਤਾ ਗਿਆ ਵਿਧਾਨ ਸਭਾ ਹਲਕੇ ਸਬੰਧੀ ਕੋਈ ਫੈਸਲਾ ਨਾ ਕਰਨ ਕਰਕੇ ਇਨਾਂ ਵਿਧਾਇਕਾਂ ਦੇ ਦਿਲਾਂ ਦੀ ਧੜਕਣ ਵੀ ਤੇਜ਼ ਹੋ ਗਈ ਹੈ , ਕਿਉਂਕਿ ਕਾਂਗਰਸ ਪਾਰਟੀ ਵਿੱਚ ਵੱਡੇ ਪੱਧਰ ’ਤੇ ਟਿਕਟਾਂ ਕੱਟਣ ਸਬੰਧੀ ਖ਼ਬਰਾਂ ਆ ਰਹੀਆਂ ਸਨ, ਪਰ ਪਹਿਲੀ ਲਿਸਟ ਵਿੱਚ ਸਿਰਫ਼ 4 ਵਿਧਾਇਕਾਂ ਦੀ ਹੀ ਟਿਕਟ ਕੱਟੀ ਗਈ ਹੈ, ਜਿਸ ਕਰਕੇ ਬਾਕੀ ਰਹਿ ਗਏ 11 ਵਿਧਾਇਕਾਂ (11 MLAs) ਦੀ ਟਿਕਟ ਤਾਂ ਨਹੀਂ ਕੱਟੀ ਜਾਵੇਗੀ ਜਾਂ ਫਿਰ ਕਿਸੇ ਹੋਰ ਕਾਰਨਾਂ ਕਰਕੇੇ ਇਨ੍ਹਾਂ ਵਿਧਾਨ ਸਭਾ ਹਲਕੇ ਦਾ ਐਲਾਨ ਰੋਕਿਆ ਗਿਆ ਹੈ। ਇਸ ਸਬੰਧੀ ਸਸਪੈਂਸ ਬਰਕਰਾਰ ਹੈ ਅਤੇ ਕਾਂਗਰਸ ਪਾਰਟੀ ਵੱਲੋਂ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਜਾ ਰਹੀ ।

ਕਾਂਗਰਸੀ ਲੀਡਰਾਂ ਵੱਲੋਂ ਸਿਰਫ਼ ਇੰਨਾ ਹੀ ਕਿਹਾ ਜਾ ਰਿਹਾ ਹੈ ਕਿ ਜਿਹੜੀਆਂ ਸੀਟਾਂ ਨੂੰ ਲੈ ਕੇ ਪਾਰਟੀ ਦੇ ਅੰਦਰ ਸਹਿਮਤੀ ਨਹੀਂ ਬਣੀ ਜਾਂ ਫਿਰ ਕੁਝ ਹੋਰ ਵਿਚਾਰ ਚਰਚਾ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਸੀਟਾਂ ਦੇ ਐਲਾਨ ਨੂੰ ਫਿਲਹਾਲ ਰੋਕ ਲਿਆ ਗਿਆ ਹੈ ਪਰ ਜਲਦ ਹੀ ਇਨ੍ਹਾਂ ਸੀਟਾਂ ਦਾ ਐਲਾਨ ਵੀ ਕਰ ਦਿੱਤਾ ਜਾਵੇਗਾ।

ਇਸ ਸੂਚੀ ਵਿੱਚ ਜਲਾਲਾਬਾਦ ਤੋਂ ਰਮਿੰਦਰ ਸਿੰਘ ਆਵਲਾ ਵੀ ਸ਼ਾਮਲ ਹਨ, ਜਿਨ੍ਹਾਂ ਨੇ ਸੁਖਬੀਰ ਬਾਦਲ ਦੇ ਗੜ੍ਹ ਵਿੱਚ ਜਾ ਕੇ ਅਕਾਲੀ ਉਮੀਦਵਾਰ ਨੂੰ ਉਪ ਚੋਣ ਮੌਕੇ ਹਰਾਇਆ ਸੀ ਪਰ ਉਨ੍ਹਾਂ ਨੂੰ ਵੀ ਪਹਿਲੀ ਲਿਸਟ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਰਮਿੰਦਰ ਆਵਲਾ ਇਨ੍ਹਾਂ ਚੋਣਾਂ ਵਿੱਚ ਜਲਾਲਾਬਾਦ ਦੀ ਥਾਂ ’ਤੇ ਗੁਰੂ ਹਰਸਹਾਏ ਤੋਂ ਟਿਕਟ ਲੈਣ ਚਾਹੁੰਦੇ ਹਨ ਪਰ ਉਨ੍ਹਾਂ ਨੂੰ ਇਸ ਲਈ ਹਰੀ ਝੰਡੀ ਨਹੀਂ ਮਿਲੀ ਹੈ, ਜਿਸ ਕਾਰਨ ਹੀ ਉਨ੍ਹਾਂ ਦਾ ਨਾਂਅ ਵੀ ਰੋਕ ਲਿਆ ਗਿਆ ਹੈ।

ਪਹਿਲੀ ਲਿਸਟ ਵਿੱਚ ਥਾਂ ਨਾ ਮਿਲਣ ਵਾਲੇ ਵਿਧਾਇਕਾਂ ਵਿੱਚ ਦਵਿੰਦਰ ਘੁਬਾਇਆ ਵੀ ਸ਼ਾਮਲ ਹਨ। ਇਹ ਸਭ ਤੋਂ ਨੌਜਵਾਨ ਵਿਧਾਇਕ ਹਨ ਅਤੇ ਪਹਿਲੀ ਵਾਰ ਵਿੱਚ ਹੀ ਇਨ੍ਹਾਂ ਨੇ 2017 ਵਿੱਚ ਜਿੱਤ ਪ੍ਰਾਪਤ ਕਰ ਲਈ ਸੀ ਪਰ ਇਸ ਵਾਰ ਇਨ੍ਹਾਂ ਦੇ ਨਾਂਅ ਦਾ ਐਲਾਨ ਨਹੀਂ ਕੀਤਾ ਗਿਆ ਹੈ। ਇਸ ਲਈ ਦਵਿੰਦਰ ਘੁਬਾਇਆ ਨੂੰ ਵੀ ਟਿਕਟ ਕੱਟਣ ਦਾ ਡਰ ਸਤਾ ਰਿਹਾ ਹੈ। ਦਵਿੰਦਰ ਘੁਬਾਇਆ ਦੇ ਖ਼ਿਲਾਫ਼ ਪਿਛਲੇ ਸਮੇਂ ਪਿੰਡਾਂ ਵਿੱਚ ਕਾਫ਼ੀ ਜ਼ਿਆਦਾ ਵਿਰੋਧ ਵੀ ਹੋਇਆ ਸੀ ਕਿ ਉਹ ਚੋਣਾਂ ਜਿੱਤਣ ਤੋਂ ਬਾਅਦ ਪਿੰਡਾਂ ਵਿੱਚ ਆਏ ਹੀ ਨਹੀ।

ਉਹ ਵਿਧਾਇਕਾਂ ਜਿਨ੍ਹਾਂ ਦਾ ਨਾਂਅ ਪਹਿਲੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ

ਹਲਕਾ                           ਵਿਧਾਇਕ

ਭੋਆ                        ਜੋਗਿੰਦਰ ਪਾਲ ਸਿੰਘ
ਅਟਾਰੀ                      ਤਰਸੇਮ ਸਿੰਘ
ਖੇਮਕਰਨ                    ਸੁਖਪਾਲ ਸਿੰਘ ਭੁੱਲਰ
ਖਡੂਰ ਸਾਹਿਬ                ਰਮਨਜੀਤ ਸਿੱਕੀ
ਨਵਾਂ ਸ਼ਹਿਰ                  ਅੰਗਦ ਸਿੰਘ
ਸਮਰਾਲਾ                     ਅਮਰੀਕ ਸਿੱਘ ਢਿੱਲੋਂ
ਗਿੱਲ                        ਕੁਲਦੀਪ ਸਿੰਘ ਵੈਦ
ਫਿਰੋਜ਼ਪੁਰ                    ਸਤਕਾਰ ਕੌਰ
ਜਲਾਲਾਬਾਦ                  ਰਮਿੰਦਰ ਸਿੰਘ ਆਵਲਾ
ਫਾਜ਼ਿਲਕਾ                    ਦਵਿੰਦਰ ਘੁਬਾਇਆ
ਅਮਰਗੜ੍ਹ                    ਸੁਰਜੀਤ ਸਿੰਘ ਧੀਮਾਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ