ਡੂਡੀਆਂ ਦੀ ਸਰਗਮ ਇੰਸਾਂ ਨੇ ਦਸਵੀਂ ਦੇ ਐਲਾਨੇ ਨਤੀਜਿਆਂ ’ਚੋਂ ਪੂਰੇ ਪੰਜਾਬ ’ਚੋਂ ਬਾਰ੍ਹਵਾਂ ਅਤੇ ਜ਼ਿਲ੍ਹਾ ਸੰਗਰੂਰ ’ਚੋਂ ਹਾਸਲ ਕੀਤਾ ਤੀਜਾ ਸਥਾਨ | 10th Results
10th Results: (ਦੁਰਗਾ ਸਿੰਗਲਾ/ਮੋਹਨ ਸਿੰਘ) ਮੂਣਕ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਐਲਾਨੇ ਨਤੀਜਿਆਂ ਚ ਮੂਣਕ ਨੇੜਲੇ ਪਿੰਡ ਡੂਡੀਆਂ ਦੇ ਅਸ਼ੋਕ ਕੁਮਾਰ ਇੰਸਾਂ ਅਤੇ ਸੀਮਾ ਇੰਸਾਂ ਦੀ ਹੋਣਹਾਰ ਧੀ ਸਰਗਮ ਇੰਸਾਂ ਨੇ ਪੂਰੇ ਪੰਜਾਬ ਵਿੱਚੋਂ 12ਵਾਂ ਅਤੇ ਜ਼ਿਲ੍ਹਾ ਸੰਗਰੂਰ ਵਿੱਚੋਂ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਪੂਜਨੀਕ ਗੁਰੂ ਜੀ ਦਾ ਮਾਪਿਆਂ ਦਾ, ਜ਼ਿਲ੍ਹੇ ਦਾ ਅਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ ।
ਛੋਟੇ ਜਿਹੇ ਪਿੰਡ ਦੀ ਹੋਣਹਾਰ ਵਿਦਿਆਰਥਣ ਨੇ 650 ਅੰਕਾਂ ਵਿੱਚੋਂ 638 ਅੰਕ ਪ੍ਰਾਪਤ ਕੀਤੇ ਹਨ। ਸਰਗਰਮ ਦੀ ਇਸ ਪ੍ਰਾਪਤੀ ਤੋਂ ਬਾਅਦ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਇਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਸਰਗਮ ਇੰਸਾਂ ਨੇ ਕਿਹਾ ਕਿ ਉਸਦੀ ਇਸ ਪ੍ਰਾਪਤੀ ਦਾ ਸਿਹਰਾ ਉਹ ਆਪਣੇ ਪੂਜਨੀਕ ਗੁਰੂ ਜੀ, ਆਪਣੇ ਮਾਪਿਆਂ, ਸਕੂਲ ਦੇ ਸਟਾਫ ਅਤੇ ਆਪਣੇ ਮਾਮਾ ਨਰੇਸ਼ ਸਿੰਗਲਾ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਰੋਂ ਵਿਖੇ ਇਤਿਹਾਸ ਵਿਸ਼ੇ ਦੇ ਲੈਕਚਰਾਰ ਹਨ ਨੂੰ ਦਿੰਦੀ ਹੈ ਜਿਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਕੀਤੇ ਮਾਰਗ ਦਰਸ਼ਨ ਨੇ ਉਸਨੂੰ ਇਸ ਮੁਕਾਮ ’ਤੇ ਪਹੁੰਚਾਇਆ।
ਇਹ ਵੀ ਪੜ੍ਹੋ: 10th Result Punjab: ਚੰਦਰ ਮਾਡਲ ਹਾਈ ਸਕੂਲ ਮਲੋਟ ਦਾ ਦਸਵੀਂ ਜਮਾਤ ਦਾ ਨਤੀਜਾ ਰਿਹਾ ਸ਼ਾਨਦਾਰ
ਸਰਗਮ ਇੰਸਾਂ ਨੇ ਕਿਹਾ ਕਿ ਉਸਦਾ ਸੁਪਨਾ ਹੈ ਕਿ ਉਹ ਅੱਗੇ ਮੈਡੀਕਲ ਦੀ ਪੜ੍ਹਾਈ ਕਰਕੇ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਚਾਹੁੰਦੀ ਹੈ । ਇਸ ਮੌਕੇ ਸਰਗਮ ਇੰਸਾਂ ਦੀ ਮਾਂ ਸੀਮਾ ਇੰਸਾਂ ਅਤੇ ਪਿਤਾ ਅਸ਼ੋਕ ਕੁਮਾਰ ਨੇ ਖੁਸ਼ੀ ਚ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੂੰ ਆਪਣੀ ਬੇਟੀ ’ਤੇ ਮਾਣ ਹੈ ਜਿਸ ਨੇ ਆਪਣੀ ਮਿਹਨਤ ਸਦਕਾ ਸਾਡਾ ਨਾਂਅ ਰੌਸ਼ਨ ਕੀਤਾ ਹੈ । ਇਸ ਮੌਕੇ ਸਰਗਮ ਇੰਸਾਂ ਦੀ ਦਾਦੀ ਨਿਰਮਲਾ ਇੰਸਾਂ,ਚਾਚਾ ਅਸੀਸ ਇੰਸਾਂ ਅਤੇ ਚਾਚੀ ਪੂਜਾ ਇੰਸਾਂ ਨੇ ਵੀ ਸਰਗਮ ਦੀ ਇਸ ਪ੍ਰਾਪਤੀ ਤੇ ਮਾਣ ਮਹਿਸੂਸ ਕਰਦਿਆਂ ਆਪਣੀ ਖੁਸ਼ੀ ਜ਼ਾਹਿਰ ਕੀਤੀ। ਅਗਰਵਾਲ ਸਭਾ ਮੂਣਕ ਦੇ ਚੇਅਰਮੈਨ ਕਰਮ ਚੰਦ ਸਿੰਗਲਾ ਅਤੇ ਨਗਰ ਪੰਚਾਇਤ ਮੂਣਕ ਦੇ ਸਾਬਕਾ ਪ੍ਰਧਾਨ ਭੀਮ ਸੈਨ ਗਰਗ ਨੇ ਸਰਗਮ ਦੀ ਇਸ ਪ੍ਰਾਪਤੀ ਤੇ ਪਰਿਵਾਰ ਨੂੰ ਵਧਾਈ ਦਿੱਤੀ। 10th Results