106ਵਾਂ ਪਵਿੱਤਰ ਐੱਮਐੱਸਜੀ ਅਵਤਾਰ ਦਿਹਾੜਾ | Shah Satnam Ji Maharaj
Shah Satnam Ji Maharaj: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪੂਜਨੀਕ ਪਿਤਾ ਜੀ ਦਾ ਨਾਂਅ ਸਰਦਾਰ ਵਰਿਆਮ ਸਿੰਘ ਸਿੱਧੂ ਅਤੇ ਪੂਜਨੀਕ ਮਾਤਾ ਜੀ ਨਾਂਅ ਆਸ ਕੌਰ ਜੀ ਸੀ ਜੋ ਕਿ ਸ੍ਰੀ ਜਲਾਲਆਣਾ ਸਾਹਿਬ ਤਹਿਸੀਲ ਡੱਬਵਾਲੀ ਜ਼ਿਲ੍ਹਾ ਸਰਸਾ ਦੇ ਰਹਿਣ ਵਾਲੇ ਸਨ ਆਪ ਜੀ ਦੇ ਘਰ ਸਭ ਸੁੱਖ ਪਦਾਰਥ ਮੌਜ਼ੂਦ ਸਨ ਪਰੰਤੂ ਸੰਤਾਨ ਦੀ ਪ੍ਰਾਪਤੀ ਨਹੀਂ ਸੀ ਆਪ ਜੀ ਦੇ ਮਾਤਾ-ਪਿਤਾ ਦੀਨ-ਦੁਖੀਆਂ, ਸੰਤਾਂ- ਮਹਾਤਮਾਂ ਦੀ ਸੇਵਾ ਕਰਦੇ ਆਪ ਜੀ ਦੇ ਪਿੰਡ ਵਿੱਚ ਇੱਕ ਫ਼ਕੀਰ ਆਇਆ ਜਿੰਨੇ ਦਿਨ ਵੀ ਉਹ ਫ਼ਕੀਰ ਸ੍ਰੀ ਜਲਾਲਆਣਾ ਸਾਹਿਬ ਰਿਹਾ ਆਪ ਜੀ ਦੇ ਘਰ ਹੀ ਭੋਜਨ ਕਰਦਾ ਰਿਹਾ।
ਇਹ ਖਬਰ ਵੀ ਪੜ੍ਹੋ : ਪਵਿੱਤਰ ਐਮਐਸਜੀ ਭੰਡਾਰੇ ਦਾ ਆਇਆ ਸਮਾਂ, ਪੜ੍ਹੋ ਤੇ ਜਾਣੋ
ਇੱਕ ਦਿਨ ਫਕੀਰ ਨੇ ਪੂਜਨੀਕ ਮਾਤਾ-ਪਿਤਾ (ਪੂਜਨੀਕ ਮਾਤਾ ਆਸ ਕੌਰ ਜੀ ਅਤੇ ਪੂਜਨੀਕ ਬਾਪੂ ਵਰਿਆਮ ਸਿੰਘ ਜੀ) ਦੀ ਸੇਵਾ ਭਾਵਨਾ ਤੋਂ ਪ੍ਰਸੰਨ ਹੋ ਕੇ ਪੂਜਨੀਕ ਮਾਤਾ ਜੀ ਨੂੰ ਕਿਹਾ ਕਿ ‘‘ਮਾਤਾ ਜੀ ਪ੍ਰਭੂ-ਪਰਮਾਤਮਾ ਆਪ ਜੀ ਦੀ ਸੰਤਾਨ ਪ੍ਰਾਪਤੀ ਦੀ ਇੱਛਾ ਜ਼ਰੂਰ ਪੂਰੀ ਕਰਨਗੇ, ਆਪ ਜੀ ਦੇ ਘਰ ਕੋਈ ਮਹਾਂਪੁਰਸ਼ ਜਨਮ ਲਵੇਗਾ’’ ਪੂਜਨੀਕ ਮਾਤਾ-ਪਿਤਾ ਜੀ ਨੂੰ ਅਠਾਰਾਂ ਸਾਲ ਦੀ ਉਡੀਕ ਪਿੱਛੋਂ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ਵਿੱਚ ਸੰਤਾਨ ਪ੍ਰਾਪਤੀ ਹੋਈ ਆਪ ਜੀ ਦਾ ਜਨਮ 25 ਜਨਵਰੀ 1919 ਦਿਨ ਸ਼ਨੀਵਾਰ ਨੂੰ ਆਪਣੇ ਨਾਨਕੇ ਪਿੰਡ ਜੀਵਨ ਸਿੰੰਘ ਵਾਲਾ ਤਹਿਸੀਲ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ (ਪੰਜਾਬ) ਵਿਖੇ ਹੋਇਆ।
ਬਾਲ ਰੂਪ ’ਚ ਹੀ ਅਨੋਖੀ ਖਿੱਚ | Shah Satnam Ji Maharaj
ਆਪ ਜੀ ਨੂੰ ਬਾਲ ਰੂਪ ਵਿੱਚ ਜੋ ਵੀ ਵੇਖਦਾ ਬੱਸ ਵੇਖਦਾ ਹੀ ਰਹਿ ਜਾਂਦਾ ਇੱਕ ਵਾਰ ਆਪ ਜੀ ਸੌਂ ਰਹੇ ਸਨ ਆਪ ਜੀ ਦੇ ਘਰ ਜੋ ਵਿਅਕਤੀ ਪਾਣੀ ਭਰਨ ਆਉਂਦਾ ਸੀ ਆਪ ਜੀ ਨੂੰ ਬਿਨਾਂ ਅੱਖ ਝਪਕੇ ਨਿਹਾਰ ਰਿਹਾ ਸੀ ਜਦੋਂ ਪੂਜਨੀਕ ਮਾਤਾ ਜੀ ਨੇ ਵੇਖਿਆ ਤਾਂ ਸੋਚਿਆ ਕਿਤੇ ਮੇਰੇ ਲਾਲ ਨੂੰ ਨਜ਼ਰ ਨਾ ਲਾ ਦੇਵੇ ਤਾਂ ਪੂਜਨੀਕ ਮਾਤਾ ਜੀ ਨੇ ਉਸ ਨੂੰ ਪੁੱਛਿਆ ਕਿ ਤੂੰ ਇਸ ਤਰ੍ਹਾਂ ਕਿਉਂ ਵੇਖ ਰਿਹਾ ਹੈਂ? ਤਾਂ ਉਸ ਨੇ ਉੱਤਰ ਦਿੱਤਾ, ਮਾਤਾ ਜੀ ਮੈਂ ਕਿਸੇ ਬੁਰੇ ਖਿਆਲ ਨਾਲ ਨਹੀਂ ਵੇਖ ਰਿਹਾ ਮੈਨੂੰ ਇਨ੍ਹਾਂ ਵਿੱਚੋਂ ਮਹਾਂਪੁਰਸ਼ਾਂ ਦੇ ਦਰਸ਼ਨ ਹੋ ਰਹੇ ਹਨ ਜਿਸ ਨਾਲ ਮੈਨੂੰ ਅਥਾਹ ਖੁਸ਼ੀ ਮਿਲ ਰਹੀ ਹੈ।
ਬਚਪਨ ’ਚ ਕੀਤਾ ਗੁਰੂ ਰੂਪ ਦਾ ਇਸ਼ਾਰਾ | Shah Satnam Ji Maharaj
ਆਪ ਜੀ ਦਾ ਬਚਪਨ ਤੋਂ ਹੀ ਬਹੁਤਾ ਸਮਾਂ ਪ੍ਰਭੂ-ਪਰਮਾਤਮਾ ਦੇ ਗੁਣਗਾਨ ’ਚ ਬੀਤਦਾ ਪੂਜਨੀਕ ਮਾਤਾ ਜੀ ਹਮੇਸ਼ਾ ਹੀ ਆਪ ਜੀ ਨੂੰ ਧਾਰਮਿਕ ਸਿੱਖਿਆ ਦਿੰਦੇ ਆਪ ਜੀ ਜਦੋਂ ਵੀ ਬਾਹਰ ਖੇਡਣ ਜਾਂਦੇ ਤਾਂ ਆਪਣੇ ਸਾਥੀਆਂ ਨੂੰ ਨੇਕ ਬਣਨ, ਪ੍ਰਭੂ-ਪਰਮਾਤਮਾ ਦੇ ਗੁਣਗਾਨ ਕਰਨ ਦੀ ਹੀ ਸਿੱਖਿਆ ਦਿੰਦੇ ਇੱਕ ਦਿਨ ਆਪ ਜੀ ਆਪਣੇ ਸਾਥੀਆਂ ਨਾਲ ਧਾਰਮਿਕ ਚਰਚਾ ਕਰ ਰਹੇ ਸਨ ਤਾਂ ਪੂਜਨੀਕ ਮਾਤਾ ਜੀ ਨੇ ਪੁੱਛਿਆ, ਬੇਟਾ ਹਰਬੰਸ (ਪੂਜਨੀਕ ਪਰਮ ਪਿਤਾ ਜੀ ਦਾ ਪਹਿਲਾ ਨਾਂਅ) ਇਹ ਕੀ ਕਰ ਰਹੇ ਹੋ? ਤਾਂ ਆਪ ਜੀ ਨੇ ਬਾਲ ਮੁੱਖ ’ਚੋਂ ਫ਼ਰਮਾਇਆ, ‘‘ਮਾਤਾ ਜੀ ਮੈਂ ਸਤਿਸੰਗ ਕਰ ਰਿਹਾ ਹਾਂ ਮੈਂ ਵੱਧ ਤੋਂ ਵੱਧ ਲੋਕਾਂ ਦਾ ਭਲਾ ਕਰਾਂਗਾ ਦੂਰ-ਦੂਰ ਸਤਿਸੰਗ ਕਰਿਆ ਕਰਾਂਗਾ’’ ਬਾਲ ਮੁੱਖ ਦੇ ਇਹ ਬਚਨ ਸਾਰਥਿਕ ਸਿੱਧ ਹੋਏ ਜਦੋਂ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਉੱਤਰਾ-ਅਧਿਕਾਰੀ ਦੇ ਰੂਪ ’ਚ ਨਿਵਾਜਿਆ।
ਬਚਪਨ ਤੋਂ ਹੀ ਅਤਿ ਦਿਆਲੂ ਸੁਭਾਅ | Shah Satnam Ji Maharaj
ਆਪ ਜੀ ਬਚਪਨ ਤੋਂ ਹੀ ਦਿਆਲੂ ਸੁਭਾਅ ਦੇ ਸਨ ਇੱਕ ਦਿਨ ਪੂਜਨੀਕ ਮਾਤਾ ਜੀ ਕੋਲ ਇੱਕ ਗਰੀਬ ਪਰਿਵਾਰ ਆਇਆ ਉਨ੍ਹਾਂ ਦੀ ਲੜਕੀ ਦਾ ਵਿਆਹ ਸੀ ਪਰ ਘਰ ਵਿੱਚ ਪੈਸਾ ਨਹੀਂ ਸੀ ਉਸ ਗਰੀਬ ਵਿਅਕਤੀ ਨੇ ਮਾਤਾ ਜੀ ਨੂੰ ਅਰਜ਼ ਕੀਤੀ ਕਿ ਮਾਤਾ ਜੀ ਮੇਰੀ ਬੇਟੀ ਦਾ ਵਿਆਹ ਹੈ ਵਿਆਹ ਵਿੱਚ ਦਿਨ ਬਹੁਤ ਘੱਟ ਹਨ ਮੇਰੀ ਮੱਦਦ ਕਰ ਦਿਓ ਮੈਂ ਤੁਹਾਡਾ ਪੈਸਾ ਵਿਆਜ਼ ਸਮੇਤ ਵਾਪਸ ਕਰ ਦਿਆਂਗਾ ਉਸ ਸਮੇਂ ਆਪ ਜੀ ਦੀ ਉਮਰ ਛੇ ਕੁ ਸਾਲ ਦੀ ਹੋਵੇਗੀ ਆਪ ਜੀ ਆਪਣੀ ਪੂਜਨੀਕ ਮਾਤਾ ਜੀ ਕੋਲ ਬੈਠੇ ਸਨ।
ਜਦੋਂ ਆਪ ਜੀ ਨੇ ਇਹ ਸੁਣਿਆ ਤਾਂ ਆਪ ਜੀ ਨੇ ਪੂਜਨੀਕ ਮਾਤਾ ਜੀ ਨੂੰ ਕਿਹਾ, ‘‘ਮਾਤਾ ਜੀ ਜੇਕਰ ਮੇਰੀ ਇੱਕ ਭੈਣ ਹੁੰਦੀ ਤਾਂ ਉਸ ਦੇ ਵਿਆਹ ’ਤੇ ਵੀ ਖਰਚ ਹੋਣਾ ਸੀ ਇਹ ਸਮਝ ਲੈਣਾ ਕਿ ਮੇਰੀ ਭੈਣ ਦਾ ਵਿਆਹ ਹੈ ਇਨ੍ਹਾਂ ਨੂੰ ਖਾਲੀ ਹੱਥ ਨਾ ਭੇਜਣਾ ਤੇ ਨਾ ਹੀ ਪੈਸੇ ਵਾਪਸ ਲੈਣਾ ਆਪ ਜੀ ਨੂੰ ਬਚਪਨ ਤੋਂ ਹੀ ਕੁੱਲ ਮਾਲਕ ਦੇ ਮਿਲਾਪ ਦੀ ਤੀਬਰ ਇੱਛਾ ਸੀ ਆਪ ਜੀ ਦਾ ਮਿਲਾਪ ਅਨੇਕਾਂ ਵਿਅਕਤੀਆਂ ਨਾਲ ਹੋਇਆ ਜਿਨ੍ਹਾਂ ਨੇ ਧਾਰਮਿਕ ਚਰਚਾ ਕਰਕੇ ਆਪ ਜੀ ਨੂੰ ਪ੍ਰਭਾਵਿਤ ਕਰਨਾ ਚਾਹਿਆ।
ਪਰ ਪ੍ਰਭੂ-ਪਰਮਾਤਮਾ ਦੇ ਮਿਲਾਪ ਸਬੰਧੀ ਆਪ ਜੀ ਦੀ ਤਸੱਲੀ ਨਾ ਹੋਈ ਜਦੋਂ ਆਪ ਜੀ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਬਾਰੇ ਸੁਣਿਆ ਤਾਂ ਆਪ ਜੀ ਦਰਸ਼ਨਾਂ ਲਈ ਆਏ ਬੇਪ੍ਰਵਾਹ ਸਾਈਂ ਮਸਤਾਨਾ ਜੀ ਮਹਾਰਾਜ ਦੇ ਦਰਸ਼ਨ ਕਰਕੇ ਆਪ ਜੀ ਦੀ ਤਸੱਲੀ ਹੋਈ, ਸਤਿਸੰਗ ਸੁਣਿਆ ਅਤੇ ਆਪਣਾ-ਆਪ ਆਪਣੇ ਮੁਰਸ਼ਿਦ ਦੇ ਹਵਾਲੇ ਕਰ ਦਿੱਤਾ ਅਤੇ ਨਾਮ ਸ਼ਬਦ ਲਈ ਬੇਨਤੀ ਕੀਤੀ ਆਪ ਜੀ ਨੂੰ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਅਜੇ ਆਪ ਜੀ ਨੂੰ ਨਾਮ ਸ਼ਬਦ ਦੇਣ ਦਾ ਸਮਾਂ ਨਹੀਂ ਆਇਆ, ਜਦੋਂ ਸਮਾਂ ਆਇਆ ਤਾਂ ਆਪ ਜੀ ਨੂੰ ਸੱਦ ਕੇ ਨਾਮ ਸ਼ਬਦ ਦੇਵਾਂਗੇ’’।
ਰੱਬ ਦੀ ਪੈੜ ਦੇ ਬਚਨ | Shah Satnam Ji Maharaj
ਦਸੰਬਰ 1953 ’ਚ ਆਪ ਜੀ ਆਪਣੀ ਰਿਸ਼ਤੇਦਾਰੀ ’ਚ ਮਿਲਣ ਲਈ ਪਿੰਡ ਗਦਰਾਣਾ ਜ਼ਿਲ੍ਹਾ ਸਰਸਾ ਗਏ ਹੋਏ ਸਨ ਉਨ੍ਹੀਂ ਦਿਨੀਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਅੱਠ ਦਿਨ ਗਦਰਾਣਾ ਰਹਿ ਕੇ ਸਤਿਸੰਗ ਫ਼ਰਮਾਏ ਇੱਕ ਦਿਨ ਪਿੰਡ ਵਿੱਚ ਘੁੰਮਣ ਸਮੇਂ ਪੂਜਨੀਕ ਮਸਤਾਨਾ ਜੀ ਮਹਾਰਾਜ ਉਸ ਸਥਾਨ ’ਤੇ ਪੁੱਜੇ ਜਿੱਥੇ ਰੇਤ ’ਤੇ ਇੱਕ ਪੈੜ (ਪਦਚਿੰਨ੍ਹ) ਸੀ ਉਸ ਸਮੇਂ ਪੂਜਨੀਕ ਮਸਤਾਨਾ ਜੀ ਮਹਾਰਾਜ ਨਾਲ ਹੋਰ ਵੀ ਅਨੇਕ ਸੇਵਾਦਾਰ ਸਨ।
ਉਸ ਪੈੜ ਦੇ ਨਿਸ਼ਾਨ ਦੇ ਚਾਰੇ ਪਾਸੇ ਸੋਟੀ ਨਾਲ ਘੇਰਾ ਵਲ਼ਦਿਆਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫ਼ਰਮਾਇਆ, ‘‘ਵੇਖੋ ਭਾਈ ਰੱਬ ਕੀ ਪੈੜ ਹੈ’’ ਇੱਥੋਂ ਖੁਦ ਖੁਦਾ ਲੰਘਿਆ ਹੈ ਉਸ ਸਮੇਂ ਪੂਜਨੀਕ ਪਰਮ ਪਿਤਾ ਜੀ ਦਾ ਇੱਕ ਰਿਸ਼ਤੇਦਾਰ ਵੀ ਉੱਥੇ ਪੁੱਜ ਗਿਆ ਤਾਂ ਉਸ ਨੇ ਕਿਹਾ, ਬਾਬਾ ਜੀ ਇਹ ਤਾਂ ਸਾਡੇ ਰਿਸ਼ਤੇਦਾਰ ਸ੍ਰੀ ਜਲਾਲਆਣਾ ਸਾਹਿਬ ਵਾਲੇ ਸਰਦਾਰ ਹਰਬੰਸ ਸਿੰਘ ਦੀ ਪੈੜ ਹੈ, ਮੈਂ ਹੁਣੇ-ਹੁਣੇ ਉਨ੍ਹਾਂ ਨੂੰ ਛੱਡ ਕੇ ਆਇਆ ਹਾਂ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਿਰ ਜ਼ੋਰ ਦੇ ਕੇ ਕਿਹਾ, ‘‘ਇਸ ਮਸਤਾਨਾ ਸੇਵਾਧਾਰੀ ਨੂੰ ਨਹੀਂ ਪਤਾ ਕੌਣ ਕਿਸ ਦਾ ਰਿਸ਼ਤੇਦਾਰ ਹੈ ਪਰੰਤੂ ਇਹ ਹੈ ਤਾਂ ਜ਼ਰੂਰ ਰੱਬ ਦੀ ਪੈੜ’’।
ਜਿੰਦਾਰਾਮ ਦਾ ਲੀਡਰ ਬਣਾਵਾਂਗੇ | Shah Satnam Ji Maharaj
ਆਪ ਜੀ ਤਿੰੰਨ ਸਾਲ ਪੂਜਨੀਕ ਮਸਤਾਨਾ ਜੀ ਮਹਾਰਾਜ ਦਾ ਸਤਿਸੰਗ ਸੁਣਦੇ ਰਹੇ 1954 ਵਿੱਚ ਪਿੰਡ ਘੁੱਕਿਆਂਵਾਲੀ (ਜ਼ਿਲ੍ਹਾ ਸਰਸਾ ਵਿੱਚ ਮਸਤਾਨਾ ਜੀ ਮਹਾਰਾਜ ਨੇ ਸਤਿਸੰਗ ਫ਼ਰਮਾਇਆ) ਸਤਿਸੰਗ ਦੀ ਸਮਾਪਤੀ ’ਤੇ ਜਦੋਂ ਨਾਮ ਸ਼ਬਦ ਦੇਣ ਲਈ ਜਾਣ ਲੱਗੇ ਤਾਂ ਆਪ ਜੀ ਨੂੰ ਫ਼ਰਮਾਇਆ, ‘‘ਆਪ ਵੀ ਅੰਦਰ ਜਾ ਕੇ ਸਾਡੇ ਮੂੜੇ੍ਹ ਕੋਲ ਬੈਠ ਜਾਓ, ਅੱਜ ਆਪ ਜੀ ਨੂੰ ਨਾਮ ਦੀ ਅਨਮੋਲ ਦਾਤ ਬਖਸ਼ੀ ਜਾਵੇਗੀ’’ ਆਪ ਜੀ ਅੰਦਰ ਚਲੇ ਗਏ ਪਰ ਮੂੜ੍ਹੇ ਕੋਲ ਜਗ੍ਹਾ ਨਾ ਹੋਣ ਕਰਕੇ ਆਪ ਜੀ ਪਿੱਛੇ ਹੀ ਬੈਠ ਗਏ ਜਦੋਂ ਪੂਜਨੀਕ ਮਸਤਾਨਾ ਜੀ ਮਹਾਰਾਜ ਕਮਰੇ ਅੰਦਰ ਆਏ ਤਾਂ ਬਚਨ ਫ਼ਰਮਾਏ, ‘‘ਭਾਈ ਅੱਗੇ ਆ ਕੇ ਸਾਡੇ ਮੂੜ੍ਹੇ ਕੋਲ ਬੈਠੋ ਆਪ ਜੀ ਨੂੰ ਕੋਲ ਬਿਠਾ ਕੇ ਇਸ ਲਈ ਨਾਮ ਸ਼ਬਦ ਬਖਸ਼ ਰਹੇ ਹਾਂ ਕਿ ਆਪ ਜੀ ਤੋਂ ਕੋਈ ਕੰਮ ਲੈਣਾ ਹੈ, ਆਪ ਜੀ ਨੂੰ ਜ਼ਿੰਦਾਰਾਮ ਦਾ ਲੀਡਰ ਬਣਾਵਾਂਗੇ ਜੋ ਦੁਨੀਆ ਨੂੰ ਰਾਮ ਨਾਮ ਜਪਾਏਗਾ’’।
ਸਾਈਂ ਜੀ ਨੇ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਕੀਤਾ:
29 ਦਸੰਬਰ 1958 ਨੂੰ ਪਿੰਡ ਕੇਲ੍ਹਣੀਆਂ ਜ਼ਿਲ੍ਹਾ ਸਰਸਾ ’ਚ ਸਤਿਸੰਗ ਸੀ ਉਸ ਵੇਲੇ ਸਤਿਸੰਗ ਦੌਰਾਨ ਵਿਆਹ ਕਰਕੇ ਸਨ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਫ਼ਰਮਾਇਆ, ‘‘ਹਰਬੰਸ ਸਿੰਘ ਕੱਲ੍ਹ ਵਿਆਹ ਕਰਨੇ ਹਨ ਜੇਕਰ ਅਸੀਂ ਭੁੱਲ ਗਏ ਤਾਂ ਸਾਨੂੰ ਯਾਦ ਕਰਵਾ ਦੇਣਾ’’ ਜਦੋਂ ਸਤਿਸੰਗ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਆਪਣੇ ਨਾਲ ਸਟੇਜ ’ਤੇ ਬਿਰਾਜਮਾਨ ਹੋਣ ਲਈ ਫ਼ਰਮਾਇਆ।
ਤਾਂ ਆਪ ਜੀ ਨੇ ਬੇਨਤੀ ਕੀਤੀ, ‘‘ਸਾਈਂ ਜੀ ਆਪ ਜੀ ਦੇ ਬਰਾਬਰ ਸਟੇਜ ’ਤੇ ਕਿਵੇਂ ਬੈਠੀਏ ਜੀ!’’ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਰਮਾਇਆ, ‘‘ਇਹ ਗੁਰੂ ਦਾ ਹੁਕਮ ਹੈ’’ ਇਹ ਪਵਿੱਤਰ ਬਚਨ ਸੁਣਦਿਆਂ ਹੀ ਆਪ ਜੀ ਸਟੇਜ ’ਤੇ ਬਿਰਾਜਮਾਨ ਹੋ ਗਏ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਫਿਰ ਫ਼ਰਮਾਇਆ, ‘‘ਅਸੀਂ ਤਾਂ ਆਪਣੀ ਹਜ਼ਰੂੀ ’ਚ ਇੱਕ ਵਿਆਹ ਹੀ ਕਰਵਾਇਆ ਹੈ ਤੁਸੀਂ ਆਪਣੀ ਹਜ਼ੂਰੀ ’ਚ ਸੈਂਕੜੇ, ਹਜ਼ਾਰਾਂ ਵਿਆਹ ਕਰਵਾਓਗੇ’’
ਗੁਰਗੱਦੀ ਦਾ ਇਸ਼ਾਰਾ
ਆਪ ਜੀ ਆਪਣਾ ਬਹੁਤ ਸਮਾਂ ਡੇਰਾ ਸੱਚਾ ਸੌਦਾ ਵਿਖੇ ਸੇਵਾ ਕਾਰਜਾਂ ’ਚ ਲਾਉਂਦੇ ਆਪ ਜੀ ਪੂਜਨੀਕ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਤੋਂ ਆਗਿਆ ਲੈ ਕੇ ਕਿਸੇ ਜ਼ਰੂਰੀ ਕੰਮ ਸ੍ਰੀ ਜਲਾਲਆਣਾ ਸਾਹਿਬ ਆ ਗਏ ਜਦੋਂ ਪੰਜ-ਛੇ ਦਿਨਾਂ ਬਾਅਦ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਕੋਲ ਦਰਸ਼ਨਾਂ ਲਈ ਗਏ ਤਾਂ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਬਚਨ ਫ਼ਰਮਾਏ, ‘‘ਹਰਬੰਸ ਸਿੰਘ ਐਨੇ ਦਿਨ ਕਿੱਥੇ ਸੀ ਭਾਈ, ਇਹ ਬਾਡੀ ਤਾਂ ਹੁਣ ਬੁੱਢੀ ਹੋ ਗਈ ਹੈ ਹੁਣ ਤੁਸੀਂ ਕੰਮ ਕਰਨਾ ਹੈ’’ ਪੂਜਨੀਕ ਬੇਪਰਵਾਹ ਜੀ ਨੇ ਆਪ ਜੀ ਨੂੰ ਕੁਝ ਸਾਮਾਨ ਲੈਣ ਲਈ ਸ਼ਹਿਰ ਭੇਜ ਦਿੱਤਾ ਤਾਂ ਪੂਜਨੀਕ ਪਰਮ ਪਿਤਾ ਜੀ ਬਾਰੇ ਬਚਨ ਫ਼ਰਮਾਏ, ‘‘ਵੇਖੋ ਭਾਈ ਕਿੰਨੀ ਸੁੰਦਰ ਬਾਡੀ ਹੈ ਐਨਾ ਗੁਣਵਾਨ, ਲੰਮਾ ਅਤੇ ਸੁੰਦਰ ਨੌਜਵਾਨ ਸਾਰੇ ਹਿੰਦੁਸਤਾਨ ’ਚ ਨਹੀਂ ਮਿਲੇਗਾ ਵੇਖੋ ਇਸਰਾਰ (ਈਸ਼ਵਰ) ਨੇ ਕਿੰਨਾ ਸੁੰਦਰ ਨੌਜਵਾਨ ਸਾਨੂੰ ਲੱਭ ਕੇ ਦਿੱਤਾ’’। Shah Satnam Ji Maharaj
ਸਤਿਗੁਰੂ ਦਾ ਹਰ ਬਚਨ ਸਿਰ-ਮੱਥੇ ਮੰਨਿਆ:
ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਉਸ ਸਮੇਂ ਦੇ ਸੇਵਾਦਾਰ ਖਿਆਲੀ ਰਾਮ ਨੂੰ ਕੋਲ ਸੱਦ ਕੇ ਬਚਨ ਫ਼ਰਮਾਏ, ‘‘ਸਰਦਾਰ ਹਰਬੰਸ ਸਿੰਘ ਅੰਦਰ ਪ੍ਰੇਮ ਦਾ ਬਾਦਸ਼ਾਹ ਆ ਗਿਆ ਹੈ ਉਸ ਨੂੰ ਦੁਨੀਆਂ ਦੀ ਕੋਈ ਤਾਕਤ ਨਹੀਂ ਰੋਕ ਸਕਦੀ’’ ਪੂਜਨੀਕ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਪਾਸ ਸੁਨੇਹਾ ਭੇਜਿਆ ਕਿ ਆਪਣਾ ਘਰ-ਬਾਰ ਢਾਹ ਕੇ ਸਾਰਾ ਸਾਮਾਨ ਡੇਰੇ ਲੈ ਕੇ ਆ ਜਾਓ ਜਿਵੇਂ ਹੀ ਆਪ ਜੀ ਨੂੰ ਸੁਨੇਹਾ ਮਿਲਿਆ ਆਪ ਜੀ ਨੇ ਬਿਨਾਂ ਕਿਸੇ ਦੇਰੀ ਦੇ ਆਪਣਾ ਘਰ-ਬਾਰ ਢਾਹੁਣਾ ਸ਼ੁਰੂ ਕਰ ਦਿੱਤਾ ਪੂਜਨੀਕ ਗੁਰੂ ਜੀ ਦੀ ਇਹ ਅਲੌਕਿਕ ਖੇਡ ਕਈ ਦਿਨ ਚੱਲਦੀ ਰਹੀ ਇਸ ਬਾਰੇ ਸੁਣ ਕੇ ਹਰ ਕੋਈ ਹੈਰਾਨ ਸੀ।
ਆਪ ਜੀ ਆਪਣੇ ਘਰ ਦਾ ਸਾਰਾ ਸਾਮਾਨ ਟਰੈਕਟਰ-ਟਰਾਲੀਆਂ, ਟਰੱਕਾਂ ’ਚ ਭਰ ਕੇ ਡੇਰਾ ਸੱਚਾ ਸੌਦਾ ਲੈ ਆਏ ਸ਼ਾਮ ਨੂੰ ਪੂਜਨੀਕ ਮਸਤਾਨਾ ਜੀ ਮਹਾਰਾਜ ਤੇਰਾਵਾਸ ’ਚੋਂ ਬਾਹਰ ਆਏ ਤੇ ਸਾਮਾਨ ਵੇਖ ਕੇ ਬਚਨ ਫ਼ਰਮਾਏ, ‘‘ਇਹ ਸਾਮਾਨ ਡੇਰੇ ਕਿਉਂ ਲਿਆਂਦਾ, ਇਹ ਸਾਮਾਨ ਹੁਣੇ ਬਾਹਰ ਕੱਢੋ ਅਤੇ ਹਰਬੰਸ ਸਿੰਘ ਨੂੰ ਕਹੋ ਉਹ ਆਪਣੇ ਸਾਮਾਨ ਦੀ ਖੁਦ ਰਾਖੀ ਕਰਨ’’ ਕੜਾਕੇ ਦੀ ਠੰਢ ਸੀ ਮੀਂਹ ਪੈ ਰਿਹਾ ਸੀ ਆਪ ਜੀ ਨੇ ਆਪਣੇ ਛੋਟੇ-ਛੋਟੇ ਬੱਚਿਆਂ ਅਤੇ ਪੂਜਨੀਕ ਮਾਤਾ ਜੀ ਨਾਲ ਸਾਰੀ ਰਾਤ ਉਸ ਸਾਮਾਨ ਦੀ ਰਾਖੀ ਕਰਦਿਆਂ ਖੁੱਲ੍ਹੇ ਅਸਮਾਨ ਹੇਠ ਬਿਤਾਈ ਅਗਲੇ ਦਿਨ ਪੂਜਨੀਕ ਬੇਪਰਵਾਹ ਜੀ ਨੇ ਸਾਰਾ ਸਾਮਾਨ ਸਤਿਸੰਗ ਵਿਚ ਵੰਡਾ ਦਿੱਤਾ।
ਗੁਰਗੱਦੀ ਦੀ ਬਖ਼ਸ਼ਿਸ਼ | Shah Satnam Ji Maharaj
28 ਫਰਵਰੀ 1960 ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਪੂਜਨੀਕ ਬੇਪਰਵਾਹ ਜੀ ਨੇ ਵਿਸ਼ੇਸ਼ ਤੌਰ ’ਤੇ ਸੱਦਾ ਭੇਜ ਕੇ ਸਾਧ-ਸੰਗਤ ਨੂੰ ਸਰਸੇ ਬੁਲਾਇਆ ਆਪ ਜੀ ਨੂੰ ਸਟੇਜ ’ਤੇ ਆਪਣੇ ਨਾਲ ਬਿਰਾਜਮਾਨ ਕਰਦਿਆਂ ਬਚਨ ਫ਼ਰਮਾਏ, ‘‘ਸਰਦਾਰ ਸਤਿਨਾਮ ਸਿੰਘ ਬਹੁਤ ਬਹਾਦਰ ਹਨ, ਇਨ੍ਹਾਂ ਨੇ ਮਸਤਾਨਾ ਗਰੀਬ ਦੇ ਹਰ ਹੁਕਮ ਨੂੰ ਮੰਨਿਆ ਅਤੇ ਬਹੁਤ ਵੱਡੀ ਕੁਰਬਾਨੀ ਦਿੱਤੀ ਇਨ੍ਹਾਂ ਦੀ ਜਿੰਨੀ ਵੀ ਸਿਫਤ ਕੀਤੀ ਜਾਵੇ ਘੱਟ ਹੈ ਅੱਜ ਤੋਂ ਅਸੀਂ ਇਨ੍ਹਾਂ ਨੂੰ ਆਪਣਾ ਵਾਰਸ ਬਣਾ ਦਿੱਤਾ ਹੈ। ਅੱਜ ਇਨ੍ਹਾਂ ਨੂੰ ਹਰਬੰਸ ਸਿੰਘ ਤੋਂ ਸਤਿਨਾਮ ਸਿੰਘ ਬਣਾ ਦਿੱਤਾ ਹੈ ਇਨ੍ਹਾਂ ਦਾ ਇਹ ਨਾਂਅ ਦਰਗਾਹ ਤੋਂ ਮਨਜ਼ੂਰ ਹੋਇਆ ਹੈ ਅਸੀਂ ਸਰਦਾਰ ਸਤਿਨਾਮ ਸਿੰਘ ਨੂੰ ਸਤਿਗੁਰੂ ਕੁੱਲ ਮਾਲਕ ਬਣਾ ਦਿੱਤਾ ਹੈ।
ਮਾਲਕ ਨੇ ਇਨ੍ਹਾਂ ਤੋਂ ਬਹੁਤ ਕੰਮ ਲੈਣਾ ਹੈ’’ ਉਸ ਦਿਨ ਤੋਂ ਆਪ ਜੀ ਪੂਜਨੀਕ ਮਸਤਾਨਾ ਜੀ ਮਹਾਰਾਜ ਦੀ ਆਗਿਆ ਅਨੁਸਾਰ ਡੇਰਾ ਸੱਚਾ ਸੌਦਾ ਦੀਆਂ ਸਾਰੀਆਂ ਜਿੰਮੇਵਾਰੀਆਂ ਸੰਭਾਲ ਕੇ ਤੇਰਾਵਾਸ ’ਚ ਰਹਿਣ ਲੱਗੇ ਆਪ ਜੀ ਨੇ 1963 ਵਿੱਚ ਸਤਿਸੰਗ ਫਰਮਾ ਕੇ ਨਾਮ ਦੀ ਅਨਮੋਲ ਦਾਤ ਬਖ਼ਸ਼ ਕੇ ਜੀਵੋਂ-ਉੱਧਾਰ ਮਿਸ਼ਨ ਆਰੰਭ ਕਰ ਦਿੱਤਾ ਆਪ ਜੀ ਨੇ 30 ਸਾਲ ਤੱਕ ਹਰਿਆਣਾ, ਪੰਜਾਬ, ਰਾਜਸਥਾਨ, ਉੱਤਰ ਪ੍ਰਦੇਸ਼ ਆਦਿ ਰਾਜਾਂ ਦੇ ਪਿੰਡਾਂ, ਸ਼ਹਿਰਾਂ, ਮਹਾਂਨਗਰਾਂ ਵਿੱਚ ਸਤਿਸੰਗ ਫਰਮਾ ਕੇ ਈਸ਼ਵਰ, ਮਾਲਕ ਦੇ ਨਾਮ ਦਾ ਸੰਦੇਸ਼ ਦਿੱਤਾ ਆਪ ਜੀ ਨੇ 11 ਲੱਖ ਤੋਂ ਵੱਧ ਜੀਵਾਂ ਨੂੰ ਨਾਮ ਸ਼ਬਦ ਦੀ ਅਨਮੋਲ ਦਾਤ ਬਖ਼ਸ਼ ਕੇ, ਨਸ਼ਾ, ਮਾਸਾਹਾਰ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਰਹਿਤ ਕਰਕੇ ਨੈਤਿਕਤਾ ਦੇ ਰਾਹ ’ਤੇ ਚਲਾ ਕੇ ਭਵਸਾਗਰ ਤੋਂ ਪਾਰ ਕੀਤਾ।
ਆਪ ਜੀ ਨੇ 103 ਡਿਗਰੀ ਬੁਖਾਰ ਹੋਣ ਦੇ ਬਾਵਜ਼ੂਦ ਸਤਿਸੰਗ ਫ਼ਰਮਾਇਆ ਆਪ ਜੀ ਨੇ ਨਿੱਗਰ (ਆਦਰਸ਼) ਸਮਾਜ ਦੀ ਸਥਾਪਨਾ ਲਈ ਸਬਰ ਸੰਤੋਖ ਕਰਨ, ਰਿਸ਼ਤਿਆਂ ’ਚ ਪਵਿੱਤਰਤਾ ਰੱਖਣ, ਨੇਕੀ ਭਲਾਈ ਦੇ ਕਾਰਜ ਕਰਨ, ਪ੍ਰਭੂ-ਪਰਮਾਤਮਾ ਦਾ ਭਾਣਾ ਮੰਨਣ, ਵਿਖਾਵਾ ਨਾ ਕਰਨ, ਆਪਣੇ ਸਤਿਗੁਰੂ ’ਤੇ ਦ੍ਰਿੜ੍ਹ ਵਿਸ਼ਵਾਸ ਕਰਨ, ਹੁਕਮ ਮੰਨਣ, ਨਸ਼ਿਆਂ ਤੇ ਮਾਸਾਹਾਰ ਤੋਂ ਰਹਿਤ ਰਹਿਣ, ਹੱਕ-ਹਲਾਲ ਦੀ ਕਮਾਈ ਕਰਕੇ ਖਾਣ, ਸਾਦਗੀ ਭਰਿਆ ਜੀਵਨ ਬਤੀਤ ਕਰਨ, ਵਹਿਮਾਂ-ਭਰਮਾਂ, ਪਾਖੰਡਾਂ ਤੋਂ ਬਚਣ, ਸਭ ਨਾਲ ਮਿੱਠਾ ਬੋਲਣ ਦਾ ਸੰਦੇਸ਼ ਜਨ-ਜਨ ਤੱਕ ਪਹੁੰਚਾਇਆ ਆਪ ਜੀ ਨੇ ਹਜ਼ਾਰਾਂ ਭਜਨ ਸ਼ਬਦਾਂ ਤੇ ਅਨੇਕਾਂ ਗ੍ਰੰਥਾਂ ਦੀ ਰਚਨਾ ਕੀਤੀ, ਜਿੰਨ੍ਹਾਂ ਦੀ ਭਾਸ਼ਾ ਸਰਲ ਤੇ ਸਪੱਸ਼ਟ ਹੈ ਜਿਸ ਨੂੰ ਛੋਟਾ ਬੱਚਾ ਵੀ ਆਸਾਨੀ ਨਾਲ ਸਮਝ ਸਕਦਾ ਹੈ।
ਹੁਣ ਨੌਜਵਾਨ ਬਾਡੀ ’ਚ ਬੈਠ ਕੇ ਕਰਾਂਗੇ ਕੰਮ | Shah Satnam Ji Maharaj
23 ਸਤੰਬਰ 1990 ਨੂੰ ਆਪ ਜੀ ਨੇ ਸਾਧ-ਸੰਗਤ ਦੀ ਹਾਜ਼ਰੀ ਵਿੱਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਅਤੇ ਬਚਨ ਫ਼ਰਮਾਏ, ‘‘ਅੱਜ ਤੋਂ ਅਸੀਂ ਇਨ੍ਹਾਂ ਨੂੰ (ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ) ਆਪਣਾ ਰੂਪ ਬਣਾ ਦਿੱਤਾ ਹੈ ਦੋਵਾਂ ਜਹਾਨਾਂ ਦੀ ਤਮਾਮ ਦੌਲਤ ਇਨ੍ਹਾਂ ਦੀ ਝੋਲੀ ਪਾ ਰਹੇ ਹਾਂ ਅਸੀਂ ਖੁਦ ਇਸ ਨੌਜਵਾਨ ਬਾਡੀ ’ਚ ਬੈਠ ਕੇ ਕੰਮ ਕਰਾਂਗੇ ਅਸੀਂ ਸੀ, ਅਸੀਂ ਹਾਂ ਅਤੇ ਅਸੀਂ ਹੀ ਰਹਾਂਗੇ’’ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਹੁਣ ਤੱਕ ਕਰੀਬ ਸੱਤ ਕਰੋੜ ਲੋਕਾਂ ਦਾ ਨਸ਼ਾ ਛੁਡਵਾ ਕੇ, ਉਨ੍ਹਾਂ ਨੂੰ ਪ੍ਰਭੂ-ਪਰਮਾਤਮਾ ਦਾ ਅਨਮੋਲ ਨਾਮ-ਸ਼ਬਦ ਬਖ਼ਸ਼ ਕੇ ਉਨ੍ਹਾਂ ਦਾ ਜੀਵਨ ਖੁਸ਼ੀਆਂ ਨਾਲ ਭਰ ਰਹੇ ਹਨ।
ਡੇਰਾ ਸੱਚਾ ਸੌਦਾ ਦੁਆਰਾ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ’ਚ 167 ਮਾਨਵਤਾ ਭਲਾਈ ਕਾਰਜ ਕੀਤੇ ਜਾ ਰਹੇ ਹਨ, ਜਿਵੇਂ ਗਰੀਬ ਲੜਕੀਆਂ ਦਾ ਵਿਆਹ, ਖੂਨਦਾਨ, ਅੱਖਾਂਦਾਨ, ਲੋੜਵੰਦਾਂ ਲਈ ਅਨਾਜ ਦਾ ਪ੍ਰਬੰਧ, ਮਕਾਨ ਬਣਾ ਕੇ ਦੇਣਾ, ਗਰੀਬ ਬੱਚਿਆਂ ਦੀ ਪੜ੍ਹਾਈ ਦਾ ਪ੍ਰਬੰਧ, ਗਰਭਵਤੀ ਲੋੜਵੰਦ ਔਰਤਾਂ ਨੂੰ ਪੌਸ਼ਟਿਕ ਖੁਰਾਕ ਆਦਿ ਅਨੇਕ ਕਾਰਜ ਜਾਰੀ ਹਨ ਆਪ ਜੀ ਵੱਲੋਂ ਨਸ਼ੇ ਤੇ ਸਮਾਜਿਕ ਬੁਰਾਈਆਂ ਪ੍ਰਤੀ ਗਾਏ ਗੀਤ ਤੇ ਫਿਲਮਾਂ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ ਜਿਨ੍ਹਾਂ ਨੂੰ ਸੁਣ-ਵੇਖ ਕੇ ਲੱਖਾਂ ਲੋਕ ਨਸ਼ਾ ਤਿਆਗ ਚੁੱਕੇ ਹਨ ਆਪ ਜੀ ਦੀ ਪਵਿੱਤਰ ਰਹਿਨੁਮਾਈ ’ਚ ਡੇਰਾ ਸੱਚਾ ਸੌਦਾ ਦੇ ਨਾਂਅ ਭਲਾਈ ਕਾਰਜਾਂ ਦੇ 79 ਵਿਸ਼ਵ ਰਿਕਾਰਡ ਹਨ। Shah Satnam Ji Maharaj