ਬਿਜਲੀ ਦੀ ਸ਼ਿਕਾਇਤਾਂ ਦੇ ਨਿਪਟਾਰੇ ਲਈ 103 ਨੋਡਲ ਸ਼ਿਕਾਇਤ ਕੇਂਦਰ ਸਥਾਪਤ : ਹਰਭਜਨ ਸਿੰਘ

harbhajan singh eto

ਖਪਤਕਾਰ ਟੋਲ ਫ੍ਰੀ ਨੰਬਰ 1912 ‘ਤੇ ਸ਼ਿਕਾਇਤ ਦਰਜ ਕਰਵਾ ਸਕਦੇ ਨੇ (Harbhajan Singh ETO)

(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਦੇ ਬਿਜਲੀ ਖਪਤਕਾਰਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਸੂਬੇ ਭਰ ‘ਚ 103 ਨੋਡਲ ਸਿਕਾਇਤ ਕੇਂਦਰ ਸਥਾਪਤ ਕੀਤੇ ਗਏ ਹਨ, ਜਿੱਥੇ ਖਪਤਕਾਰ ਟੋਲ ਫ੍ਰੀ ਨੰਬਰ 1912 ‘ਤੇ ਕਾਲ ਕਰਕੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਬਿਜਲੀ ਮੰਤਰੀ ਸ. ਹਰਭਜਨ ਸਿੰਘ ਈ.ਟੀ.ਓ. (Harbhajan Singh ETO) ਨੇ ਦੱਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਸੂਬੇ ਭਰ ‘ਚ ਲਗਭਗ 99 ਲੱਖ ਖਪਤਕਾਰਾਂ ਨੂੰ ਬਿਜਲੀ ਸਪਲਾਈ ਦੀਆਂ ਸੇਵਾਵਾਂ ਪ੍ਰਦਾਨ ਕਰ ਰਿਹਾ ਹੈ।

 ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਕਰਮਚਾਰੀ

ਉਨਾਂ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਕੋਲ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਠੀਕ ਕਰਨ ਵਾਸਤੇ 9000 ਤੋਂ ਵੱਧ ਸਮਰਪਿਤ ਕਰਮਚਾਰੀ /ਅਧਿਕਾਰੀ ਹਨ। ਮੰਤਰੀ ਨੇ ਦੱਸਿਆ ਕਿ ਉਹ 24 ਘੰਟੇ ਸ਼ਿਫਟਾਂ ਵਿੱਚ ਕੰਮ ਕਰਦੇ ਹਨ, ਜੋ ਕਿ 500 ਸਬ ਡਵੀਜਨ ਦਫਤਰਾਂ ਵਿੱਚ ਵੰਡੇ ਹੋਏ ਬਿਜਲੀ ਖਪਤਕਾਰਾਂ ਦੀਆਂ ਬਿਜਲੀ ਸਪਲਾਈ ਸੰਬੰਧੀ ਸ਼ਿਕਾਇਤਾਂ ਦਾ ਨਿਪਟਾਰਾ ਕਰਦੇ ਹਨ।
ਈ.ਟੀ.ਓ. ਨੇ ਅੱਗੇ ਦੱਸਿਆ ਕਿ ਇਸੇ ਤਰਾਂ ਇਨਾਂ ਸ਼ਿਕਾਇਤ ਕੇਂਦਰਾਂ ਦੀ ਨਿਗਰਾਨੀ ਲਈ ਮੁੱਖ ਦਫਤਰ ਪਟਿਆਲਾ ਵਿਖੇ ਕੰਟਰੋਲ ਰੂਮ ਅਤੇ ਪੰਜ ਜੋਨਲ ਪੱਧਰ ਤੇ ਵੀ ਕੰਟਰੋਲ ਰੂਮ ਵੀ ਸਥਾਪਿਤ ਕੀਤੇ ਗਏ ਹਨ।

ਉਨਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਨ ਲਈ ਖਪਤਕਾਰਾਂ ਕੋਲ ਪਹਿਲਾਂ ਹੀ ਟੋਲ ਫ੍ਰੀ ਨੰਬਰ 1912 ’ਤੇ ਕਾਲ ਕਰਨ ਜਾਂ 1912 ’ਤੇ ‘’ਨੋ ਸਪਲਾਈ’’ ਮੈਸੇਜ ਕਰਨ ਦਾ ਬਦਲ ਹੈ। ਉਨਾਂ ਦੱਸਿਆ ਕਿ ਸ਼ਿਕਾਇਤਾਂ ਦਰਜ ਕਰਾਉਣ ਲਈ ਇੱਕ ਮੋਬਾਈਲ ਐਪ ਐਂਡਰਾਇਡ ਅਤੇ ਆਈ.ਓ.ਐਸ. ਐਪ ਮੋਬਾਈਲ ਫੋਨਾਂ ਲਈ ਵੀ ਉਪਲੱਬਧ ਹੈ। ਮੰਤਰੀ ਨੇ ਅੱਗੇ ਦੱਸਿਆ ਕਿ ਸ਼ਿਕਾਇਤ ਪ੍ਰਣਾਲੀ ਨੂੰ ਹੋਰ ਸਰਲ ਬਣਾਉਣ ਦੀ ਕੋਸ਼ਿਸ਼ ਵਿੱਚ ਪੀ.ਐਸ.ਪੀ.ਸੀ.ਐਲ. ਵੱਲੋਂ ਖਪਤਕਾਰਾਂ ਨੂੰ ਮਿਸਡ ਕਾਲਾਂ ’ਤੇ ਸਪਲਾਈ ਦੀਆਂ ਸ਼ਿਕਾਇਤਾਂ ਦੀ ਇੱਕ ਨਵੀਂ ਸਹੂਲਤ ਵੀ ਉਪਲੱਬਧ ਕਰਵਾਈ ਗਈ ਹੈ।

Powercom Sachkahoon

ਉਨਾਂ ਦੱਸਿਆ ਕਿ ਸੂਬੇ ਦੇ ਬਿਜਲੀ ਖਪਤਕਾਰ ਟੋਲ ਫ੍ਰੀ ਨੰਬਰ 1800-180-1512 ’ਤੇ ਮਿਸਡ ਕਾਲ ਕਰਕੇ ਸ਼ਿਕਾਇਤਾਂ ਦਰਜ ਕਰਾ ਸਕਦੇ ਹਨ। ਜੇਕਰ ਖਪਤਕਾਰ ਦਾ ਮੋਬਾਈਲ ਨੰਬਰ ਪੀ.ਐਸ.ਪੀ.ਸੀ.ਐਲ. ਨਾਲ ਰਜਿਸਟਰਡ ਨਹੀਂ ਹੈ, ਤਾਂ ਉਨਾਂ ਨੂੰ ਆਪਣੀ ਸ਼ਿਕਾਇਤ ਆਨਲਾਈਨ ਦਰਜ ਕਰਨ ਲਈ ਇੱਕ ਲਿੰਕ ਭੇਜਿਆ ਜਾਂਦਾ ਹੈ। ਇੱਕ ਵਾਰ ਉਸ ਮੋਬਾਈਲ ਤੋਂ ਸ਼ਿਕਾਇਤ ਦਰਜ ਹੋਣ ‘ਤੇ ਖਪਤਕਾਰ ਆਪਣੇ ਆਪ ਹੀ 1912 ਗਾਹਕ ਪ੍ਰਬੰਧਨ ਪ੍ਰਣਾਲੀ ਨਾਲ ਰਜਿਸਟਰ ਹੋ ਜਾਂਦਾ ਹੈ।

95 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਿਆ ਹੈ

ਬਿਜਲੀ ਮੰਤਰੀ ਨੇ ਅੱਗੇ ਦੱਸਿਆ ਕਿ ਸੂਬੇ ਦੀ ਇਸ ਸ਼ਿਕਾਇਤ ਨਿਪਟਾਰਾ ਪ੍ਰਣਾਲੀ ਰਾਹੀਂ ਚਾਲੂ ਸਾਲ ਵਿੱਚ ਹੁਣ ਤੱਕ ਬਿਜਲੀ ਸਪਲਾਈ, ਬਿਲਿੰਗ ਅਤੇ ਮੀਟਰਿੰਗ ਨਾਲ ਸਬੰਧਤ 95 ਲੱਖ ਤੋਂ ਵੱਧ ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਜਾ ਚੁੱਕਾ ਹੈ। ਇਸ ਪ੍ਰਣਾਲੀ ਨੂੰ ਹੋਰ ਬਿਹਤਰ ਬਣਾਉਣ ਲਈ ਸ਼ਿਕਾਇਤ ਦੇ ਨਿਪਟਾਰੇ ਬਾਰੇ ਖਪਤਕਾਰਾਂ ਤੋਂ ਫੀਡ ਬੈਕ ਵੀ ਲਿਆ ਜਾਂਦਾ ਹੈ। ਜੇਕਰ ਖਪਤਕਾਰ ਆਪਣੀਆਂ ਸ਼ਿਕਾਇਤਾਂ ਦੇ ਨਿਪਟਾਰੇ ਤੋਂ ਸੰਤੁਸਟ ਨਹੀਂ ਹਨ, ਤਾਂ ਉਹ ਸ਼ਿਕਾਇਤਾਂ ਦੇ ਆਟੋਮੈਟਿਕ ਵਾਧੇ ਲਈ 1912 ’ਤੇ ਆਪਣੀਆਂ ਟਿੱਪਣੀਆਂ ਦੇ ਨਾਲ ਐਸ.ਐਮ.ਐਸ. ਭੇਜ ਸਕਦੇ ਹਨ। ਇੱਕ ਆਰਟੀਫੀਸੀਅਲ ਇੰਟੈਲੀਜੈਂਸ ਅਧਾਰਤ ਸਿਸਟਮ ਖਪਤਕਾਰਾਂ ਵੱਲੋਂ ਕੀਤੇ ਗਏ ਫੀਡਬੈਕ ਨੂੰ ਆਟੋਮੈਟਿਕ ਤੌਰ ‘ਤੇ ਵਾਚਦਾ ਹੈ ਅਤੇ ਸਬੰਧਤ ਦਫਤਰਾਂ ਨੂੰ ਭੇਜਦਾ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ