ਨਹਿਰ ਟੁੱਟਣ ਨਾਲ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰੀ

ਨਹਿਰ ਟੁੱਟਣ ਨਾਲ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰੀ

(ਸੁਧੀਰ ਅਰੋੜਾ) ਅਬੋਹਰ। ਪਿੰਡ ਢਾਬਾ ਕੋਕਰੀਆਂ ਵਿੱਚ ਨਹਿਰ ਟੁੱਟਣ ਨਾਲ ਕਰੀਬ 100 ਏਕੜ ਝੋਨੇ ਦੀ ਫਸਲ ਪਾਣੀ ਨਾਲ ਭਰ ਗਈ।ਕਿਸਾਨਾਂ ਨੇ ਨਹਿਰ ਟੁੱਟਣ ਦਾ ਕਾਰਨ ਨਹਿਰ ਦੀ ਸਫਾਈ ਨਾ ਹੋਣ ਨੂੰ ਦੱਸਿਆ ਹੈ।ਕਿਸਾਨ ਮਲਕੀਤ ਸਿੰਘ, ਮੇਜਰ ਸਿੰਘ, ਗੁਰਦੇਵ ਸਿੰਘ, ਚੰਦਰ ਸਿੰਘ, ਇੰਦਰਜੀਤ ਸਿੰਘ ਅਤੇ ਗੁਰਮੀਤ ਅਤੇ ਹੁਕਮ ਸਿੰਘ, ਰਾਮ ਲਾਲ ਨੇ ਦੱਸਿਆ ਕਿ ਇਸ ਸਮੇਂ ਝੋਨੇ ਦੀ ਫਸਲ ਪਕ ਕੇ ਤਿਆਰ ਖੜ੍ਹੀ ਹੈ ਅਤੇ ਕਟਾਈ ਦਾ ਕੰਮ ਚੱਲਣ ਲੱਗਾ ਹੈ ਪਰ ਫਸਲ ਵਿੱਚ ਪਾਣੀ ਭਰਨ ਨਾਲ ਹੁਣ ਫਸਲ ਦੀ ਨਾ ਸਿਰਫ ਕਟਾਈ ਦੇਰੀ ਨਾਲ ਹੋਵੇਗੀ ਸਗੋਂ ਫਸਲ ਨੂੰ ਨੁਕਸਾਨ ਵੀ ਹੋਵੇਗਾ।

ਕਿਸਾਨ ਦਰਸ਼ਨ ਸਿੰਘ ਅਤੇ ਦਰਬਾਰ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਚਾਰ ਸਾਲਾਂ ਤੋਂ ਨਹਿਰ ਦੀ ਸਫਾਈ ਨਹੀਂ ਕੀਤੀ ਗਈ ਜਿਸ ਕਾਰਨ ਨਹਿਰ ਟੁੱਟੀ ਹੈ ਅਤੇ ਨਹਿਰ ਟੁੱਟਣ ਨਾਲ ਆਸਪਾਸ ਦੇ 100 ਏਕੜ ਵਿੱਚ ਪਾਣੀ ਭਰ ਗਿਆ ਹੈ ਜਿਸ ਵਿੱਚ ਝੋਨੇ ਦੀ ਬਿਜਾਈ ਕੀਤੀ ਗਈ ਹੈ ਜਿਸਨੂੰ ਹੁਣ ਨੁਕਸਾਨ ਹੋਣ ਦਾ ਡਰ ਹੈ।ਉਨ੍ਹਾਂ ਇਸਦੇ ਲਈ ਨਹਿਰੀ ਵਿਭਾਗ ਨੂੰ ਜਿੰਮੇਵਾਰ ਠਹਿਰਾਇਆ ਹੈ ਅਤੇ ਕਿਹਾ ਕਿ ਉਨ੍ਹਾਂ ਦੀ ਲਾਪਰਵਾਹੀ ਨਾਲ ਨਹਿਰ ਟੁੱਟੀ ਹੈ ਕਿਉਂਕਿ ਚਾਰ ਸਾਲਾਂ ਤੋਂ ਨਹਿਰ ਦੀ ਸਫਾਈ ਨਹੀਂ ਕਰਵਾਈ ਗਈ।

ਉਨ੍ਹਾਂ ਕਿਹਾ ਕਿ ਹੁਣ ਖੇਤਾਂ ਵਿੱਚ ਪਾਣੀ ਭਰ ਜਾਣ ਨਾਲ ਝੋਨੇ ਦੀ ਕਟਾਈ ਨਹੀਂ ਹੋ ਸਕੇਗੀ ਅਤੇ ਜੇਕਰ ਜਿਆਦਾ ਦਿਨ ਤੱਕ ਪਾਣੀ ਜਮ੍ਹਾਂ ਰਿਹਾ ਤਾਂ ਝੋਨੇ ਦੀ ਫਸਲ ਨਸ਼ਟ ਹੋ ਜਾਵੇਗੀ। ਉਨ੍ਹਾਂ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਮੁਆਵਜੇ ਦੀ ਮੰਗ ਕੀਤੀ ਹੈ ।ਉੱਧਰ ਇਸ ਸਬੰਧੀ ਨਹਿਰੀ ਵਿਭਾਗ ਦੇ ਐੱਸਡੀਓ ਗੁਰਵੀਰ ਸਿੰਘ ਸੰਧੂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਂਜ ਤਾਂ ਉਹ ਬਾਹਰ ਗਏ ਹੋਏ ਹਨ ਅਤੇ ਨਹਿਰ ਦੀ ਸਫਾਈ ਦਾ ਕੰਮ ਨਰੇਗਾ ਦੇ ਅਧੀਨ ਕਰਵਾਇਆ ਜਾਂਦਾ ਹੈ, ਇੰਨੇ ਸਾਲ ਤੋਂ ਸਫਾਈ ਕਿਉਂ ਨਹੀਂ ਹੋਈ, ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ