ਪੰਜਾਬ ਦੇ ਸਰਪੰਚ ਲਈ 10 ਜਮਾਤਾਂ ਹੋਣਗੀਆਂ ਜ਼ਰੂਰੀ

Three years Government

ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਕਾਨੂੰਨ ਬਣਾਉਣ ਦੀ ਤਾਕ ‘ਚ

ਚੰਡੀਗੜ੍ਹ, (ਅਸ਼ਵਨੀ ਚਾਵਲਾ) । ਰਾਜਸਥਾਨ ਅਤੇ ਹਰਿਆਣਾ ਦੀ ਤਰਜ਼ ‘ਤੇ ਹੁਣ ਪੰਜਾਬ ਵਿੱਚ ਵੀ ਕੋਈ ਅਨਪੜ੍ਹ ਵਿਅਕਤੀ ਪੰਚ ਜਾਂ ਫਿਰ ਸਰਪੰਚ ਨਹੀਂ ਬਣ ਸਕੇਗਾ ਪੰਜਾਬ ਵਿੱਚ ਅਗਲੇ ਸਾਲ ਹੋਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਕਾਂਗਰਸ ਸਰਕਾਰ ਕਾਨੂੰਨ ਬਣਾਉਣ ਜਾ ਰਹੀ ਹੈ। ਇਸ ਕਾਨੂੰਨ ਅਨੁਸਾਰ ਸਿਰਫ਼ 10ਵੀਂ ਪਾਸ ਹੀ ਪੰਚ ਜਾਂ ਫਿਰ ਸਰਪੰਚ ਬਣ ਸਕਣਗੇ ਹਾਲਾਂਕਿ ਮਹਿਲਾ ਅਤੇ ਐੱਸ. ਸੀ. ਬੀ. ਸੀ. ਜਾਤੀ ਦੇ ਉਮੀਦਵਾਰਾਂ ਨੂੰ 8ਵੀਂ ਤੱਕ ਦੀ ਛੋਟ ਦਿੱਤੇ ਜਾਣ ਸਬੰਧੀ ਵਿਚਾਰ ਕੀਤਾ ਜਾ ਰਿਹਾ ਹੈ।

ਇਹ ਕਾਨੂੰਨ ਇਸੇ ਸਾਲ ਬਣ ਜਾਵੇ, ਇਸ ਲਈ ਪੰਜਾਬ ਸਰਕਾਰ ਜਲਦ ਹੀ ਰਾਜਸਥਾਨ ਅਤੇ ਹਰਿਆਣਾ ਦੇ ਕਾਨੂੰਨ ਦੀ ਪੜਚੋਲ ਕਰਨਾ ਸ਼ੁਰੂ ਕਰ ਦੇਵੇਗੀ। ਜਾਣਕਾਰੀ ਅਨੁਸਾਰ ਪੰਜਾਬ ਵਿੱਚ ਇਸ ਸਮੇਂ ਸਰਪੰਚ ਅਤੇ ਪੰਚ ਬਣਨ ਲਈ ਕਿਸੇ ਵੀ ਤਰ੍ਹਾਂ ਦੀ ਪੜ੍ਹਾਈ ਯੋਗਤਾ ਸਬੰਧੀ ਕਾਨੂੰਨ ਨਹੀਂ ਹੈ, ਜਿਸ ਕਾਰਨ ਪੁਰਾਣੇ ਸਮੇਂ ਤੋਂ ਚਲਦੇ ਆ ਰਹੇ ਪੰਚ ਅਤੇ ਸਰਪੰਚ ਆਪਣੀ ਸਰਦਾਰੀ ਕਾਇਮ ਰੱਖਦਿਆਂ ਪੰਚ ਜਾਂ ਫਿਰ ਸਰਪੰਚ ਬਣਦੇ ਆ ਰਹੇ ਹਨ ਪਰ ਪੜ੍ਹਾਈ ਦੇ ਪੱਖੋਂ ਘੱਟ ਪੜ੍ਹੇ-ਲਿਖੇ ਹੋਣ ਜਾਂ ਫਿਰ ਅਨਪੜ੍ਹ ਹੋਣ ਕਾਰਨ ਪੰਚਾਇਤ ਦੇ ਕੰਮ-ਕਾਜ ਨੂੰ ਕਰਨ ਵਿੱਚ ਇਨਾਂ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਾਰਨ ਪੰਜਾਬ ਸਰਕਾਰ ਵੀ ਹਰਿਆਣਾ ਅਤੇ ਰਾਜਸਥਾਨ ਦੀ ਤਰਜ਼ ‘ਤੇ ਪੰਜਾਬ ਵਿੱਚ ਕਾਨੂੰਨ ਬਣਾਉਣ ‘ਤੇ ਵਿਚਾਰ ਕਰ ਰਹੀਂ ਹੈ।

ਇਹ ਵੀ ਪੜ੍ਹੋ : ਪਾਣੀ ਸੰਕਟ: ਗੁਣਵੱਤਾ ਅਤੇ ਸੁਰੱਖਿਆ ਜ਼ਰੂਰੀ

ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਦੱਸਿਆ ਕਿ ਉਹ ਇਸ ਸਬੰਧੀ ਅਗਲੀ ਕੈਬਨਿਟ ਮੀਟਿੰਗ ਵਿੱਚ ਮੁੱਦਾ ਚੁੱਕਣ ਵਾਲੇ ਹਨ ਤਾਂ ਕਿ ਸਾਰੀ ਕੈਬਨਿਟ ਦੀ ਮਨਜ਼ੂਰੀ ਲੈਣ ਤੋਂ ਬਾਅਦ ਇਸ ਸਬੰਧੀ ਵਿਭਾਗੀ ਅਧਿਕਾਰੀ ਆਪਣੀ ਕਾਰਵਾਈ ਨੂੰ ਸ਼ੁਰੂ ਕਰ ਸਕਣ। ਉਨਾਂ ਦੱਸਿਆ ਕਿ ਅਧਿਕਾਰੀਆਂ ਨੂੰ  ਹਰਿਆਣਾ ਅਤੇ ਰਾਜਸਥਾਨ ਦੇ ਕਾਨੂੰਨ ਅਨੁਸਾਰ ਹੀ ਪੰਜਾਬ ਵਿੱਚ ਕਾਨੂੰਨ ਤਿਆਰ ਕਰਨ ਲਈ ਆਦੇਸ਼ ਦਿੱਤੇ ਜਾਣਗੇ ਤਾਂ ਕਿ ਬਾਅਦ ਵਿੱਚ ਕੋਈ ਕਾਨੂੰਨੀ ਅੜਚਣ ਪੈਦਾ ਨਾ ਹੋ ਸਕਣ। ਉਨਾਂ ਦੱਸਿਆ ਕਿ ਸੁਪਰੀਮ ਕੋਰਟ ਵਲੋਂ ਹਰਿਆਣਾ ਸਰਕਾਰ ਦੇ ਇਸ ਫੈਸਲੇ ‘ਤੇ ਆਪਣੀ ਮੁਹਰ ਲਗਾਈ ਹੋਈ ਹੈ, ਇਸ ਲਈ ਉਨਾਂ ਨੂੰ ਆਸ ਹੈ ਕਿ ਇਹ ਕਾਨੂੰਨ ਅਦਾਲਤੀ ਚੱਕਰ ਵਿੱਚ ਨਹੀਂ ਫਸੇਗਾ ਅਤੇ ਜਲਦ ਹੀ ਪੰਜਾਬ ਵਿੱਚ ਪਾਸ ਹੋਣ ਤੋਂ ਬਾਅਦ ਲਾਗੂ ਹੋ ਜਾਵੇਗਾ।

95 ਫੀਸਦੀ ਹਨ ਅਕਾਲੀ ਸਰਪੰਚ, ਕਾਂਗਰਸ ਨੂੰ ਨਹੀਂ ਹੋਵੇਗੀ ਕੋਈ ਦਿੱਕਤ

ਪੰਜਾਬ ‘ਚ ਇਸ ਸਮੇਂ 13 ਹਜ਼ਾਰ ਦੇ ਲਗਭਗ ਪੰਚਾਇਤਾਂ ਵਿੱਚ ਸਿਰਫ਼ 5 ਫੀਸਦੀ ਹੀ ਕਾਂਗਰਸ ਦੇ ਸਰਪੰਚ ਹਨ ਜਦਕਿ 95 ਫੀਸਦੀ ਪੰਚਾਇਤਾਂ ‘ਤੇ ਅਕਾਲੀ ਸਰਪੰਚਾਂ ਦਾ ਕਬਜ਼ਾ ਹੈ ਇਸ ਲਈ ਕਾਂਗਰਸੀ ਸਰਪੰਚ ਘੱਟ ਹੋਣ ਕਰਕੇ ਸਰਕਾਰ ‘ਤੇ ਕਾਨੂੰਨ ਨਾ ਬਣਾਉਣ ਦਾ ਕੋਈ ਦਬਾਅ ਨਹੀਂ ਹੋਵੇਗਾ ਕਾਂਗਰਸ ਸਰਕਾਰ ਇਸ ਕਾਨੂੰਨ ਨੂੰ ਪਾਸ ਕਰਕੇ ਪੰਜਾਬ ਦੇ ਪਿੰਡਾਂ ਵਿੱਚੋਂ ਖੁੰਢਾਂ ਅਤੇ ਪੁਰਾਣੇ ਅਕਾਲੀ ਸਰਪੰਚਾਂ ਨੂੰ ਬਾਹਰ ਦਾ ਰਸਤਾ ਦਿਖਾਉਣ ‘ਚ ਕਾਮਯਾਬ ਹੋ ਜਾਏਗੀ।