‘ਹਲਕੇ ‘ਚ ਕੈਪਟਨ’ ‘ਤੇ ਲਗਿਆ ਕੱਟ

amrinder Singh
  • ਹੁਣ ਸਾਰਾ ਦਿਨ ਇੱਕ ਹਲਕੇ ਵਿੱਚ ਲਗਾਉਣ ਦੀ ਥਾਂ ‘ਤੇ ਅੱਧੇ ਦਿਨ ‘ਚ ਨਿਪਟਾਇਆ ਜਾਵੇਗਾ ਪ੍ਰੋਗਰਾਮ
  • ਚੋਣਾਂ ਵਿੱਚ ਸਮਾਂ ਘੱਟ ਰਹਿੰਦੇ ਹੋਏ ਹਰ ਦਿਨ ਹੋਣਗੇ ”ਹਲਕੇ ‘ਚ ਕੈਪਟਨ” ਦੇ ਦੋ ਦੋ ਪ੍ਰੋਗਰਾਮ

ਚੰਡੀਗੜ੍ਹ, (ਅਸ਼ਵਨੀ ਚਾਵਲਾ)। ਪਿਛਲੇ ਮਹੀਨੇ ਹੀ ”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਦੀ ਸ਼ੁਰੂਆਤ ਕਰਨ ਵਾਲੇ ਅਮਰਿੰਦਰ ਸਿੰਘ ਕੁਝ ਜਿਆਦਾ ਹੀ ਜਲਦੀ ਥੱਕ ਗਏ ਹਨ, ਜਿਸ ਕਾਰਨ ਉਨ੍ਹਾਂ ਵਲੋਂ ਕੀਤੇ ਜਾ ਰਹੇ ਇਸ ਪ੍ਰੋਗਰਾਮ ਵਿੱਚ 50 ਫੀਸਦੀ ਤੱਕ ਦਾ ਕੱਟ ਲਗਾ ਦਿੱਤਾ ਗਿਆ ਹੈ। ਪਹਿਲਾਂ ”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਤਹਿਤ ਪੂਰਾ ਦਿਨ ਲਗਾ ਕੇ ਅਮਰਿੰਦਰ ਸਿੰਘ ਇੱਕ ਹਲਕੇ ਵਿੱਚ ਆਮ ਲੋਕਾਂ ਅਤੇ ਪਾਰਟੀ ਵਰਕਰਾਂ ਦੀਆਂ ਮੁਸ਼ਕਲਾਂ ਨੂੰ ਸੁਣਦੇ ਸਨ ਹੁਣ ਅਗਲੇ ਬਾਕੀ ਰਹਿੰਦੇ ”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਨੂੰ ਸਿਰਫ਼ 3 ਘੰਟੇ ਵਿੱਚ ਹੀ ਨਿਪਟਾਇਆ ਜਾਵੇਗਾ। ਇਸ ਲਈ ਇਸ ਪ੍ਰੋਗਰਾਮ ਦੇ ਤਹਿਤ ਹੁਣ ਅਮਰਿੰਦਰ ਸਿੰਘ ਨੇ ਸਿਰਫ਼ ਆਮ ਲੋਕਾਂ ਨੂੰ ਮਿਲਦੇ ਹੋਏ ਆਪਣੀ ਪਾਰਟੀ ਵਰਕਰਾਂ ਨੂੰ ਨਹੀਂ ਮਿਲਣਗੇ ਜਿਸ ਚਲਦੇ ਹੁਣ ਪਾਰਟੀ ਵਰਕਰਾਂ ਨੂੰ ਨਿਰਾਸ ਹੋਣਾ ਪੈ ਸਕਦਾ ਹੈ।
ਜਾਣਕਾਰੀ ਅਨੁਸਾਰ ਆਲ ਇੰਡੀਆ ਕਾਂਗਰਸ ਕਮੇਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਨੂੰ ਜਿਤਣ ਲਈ ਚੋਣ ਰਣਨੀਤੀਕਾਰ ਪ੍ਰਸਾਂਤ ਕਿਸ਼ੋਰ ਨੂੰ ਪੰਜਾਬ ‘ਚ ਕਾਂਗਰਸ ਪਾਰਟੀ ਅਤੇ ਅਮਰਿੰਦਰ ਸਿੰਘ ਦੀ ਪ੍ਰਚਾਰ ਮੁਹਿੰਮ ਦਾ ਜਿੰਮਾ ਦਿੱਤਾ ਗਿਆ ਸੀ। ਪ੍ਰਸਾਂਤ ਕਿਸ਼ੋਰ ਵਲੋਂ ਹੀ ਅਮਰਿੰਦਰ ਸਿੰਘ ਨੂੰ ਹਰ ਹਲਕੇ ਦੇ ਲੋਕਾਂ ਦੇ ਨਾਲ ਮਿਲਾਉਣ ਦੇ ਨਾਲ ਹੀ ਪਾਰਟੀ ਵਰਕਰਾਂ ਨਾਲ ਇੱਕ ਮੀਟਿੰਗ ਕਰਨ ਦਾ ਇੱਕ ਪ੍ਰੋਗਰਾਮ ਬਣਾਇਆ ਗਿਆ ਸੀ ਤਾਂ ਕਿ ਆਮ ਲੋਕਾਂ ਦੇ ਦਿਲਾਂ ਵਿੱਚ ਕਾਂਗਰਸ ਪ੍ਰਤੀ ਨਰਮਾਈ ਆਉਣ ਦੇ ਨਾਲ ਹੀ ਵਰਕਰਾਂ ਵਿੱਚ ਜੋਸ਼ ਭਰਿਆ ਜਾ ਸਕੇ। ਇਸ ਪ੍ਰੋਗਰਾਮ ਨੂੰ ”ਹਲਕੇ ਵਿੱਚ ਕੈਪਟਨ” ਨਾਅ ਦਿੱਤਾ ਗਿਆ ਸੀ

ਅਮਰਿੰਦਰ ਚਲ ਰਹੇ ਹਨ ਹੌਲੇ, ਪ੍ਰਸਾਂਤ ਨੇ ਘਟਾਇਆ ਪ੍ਰੋਗਰਾਮ
”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਨੂੰ ਅਮਰਿੰਦਰ ਸਿੰਘ ਨੇ 117 ਦਿਨਾਂ ਵਿੱਚ ਨਿਪਟਾਉਣ ਦੇ ਨਾਲ ਹੀ ਪ੍ਰਸਾਂਤ ਕਿਸ਼ੋਰ ਵਲੋਂ ਤਿਆਰ ਕੀਤੇ ਜਾਣ ਵਾਲੇ ਅਗਲੇ ਪ੍ਰੋਗਰਾਮ ਕਰਨੇ ਸਨ ਪਰ ਅਮਰਿੰਦਰ ਸਿੰਘ ਦੀ ਰਫ਼ਤਾਰ ਕਾਫ਼ੀ ਜਿਆਦਾ ਹੌਲੀ ਹੋਣ ਅਤੇ ਪ੍ਰੋਗਰਾਮ ਕਰਨ ਨਾਲੋਂ ਜਿਆਦਾ ਛੁੱਟੀਆਂ ਕਰਨ ਕਰਕੇ ਪਿਛਲੇ ਡੇਢ ਮਹੀਨੇ ਵਿੱਚ 10-12 ਪ੍ਰੋਗਰਾਮ ਹੀ ਹੋਏ ਹਨ ਜਿਸ ਕਾਰਨ ਇਸ ਰਫ਼ਤਾਰ ਨਾਲ ਚੋਣਾਂ ਤੋਂ ਪਹਿਲਾਂ ”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਨੂੰ ਹਰ ਹਲਕੇ ਵਿੱਚ ਕਰਨਾ ਮੁਸ਼ਕਿਲ ਲਗ ਰਿਹਾ ਸੀ। ਚੋਣਾਂ ਨੇੜੇ ਵੇਖਦਿਆਂ ਹੁਣ ਹਰ ਦਿਨ ”ਹਲਕੇ ਵਿੱਚ ਕੈਪਟਨ” ਦੇ 2 ਪ੍ਰੋਗਰਾਮ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਸਮੇਂ ਦੀ ਬਚਤ ਹੋਣ ਦੇ ਨਾਲ ਹੀ ਸਮੇਂ ਤੋਂ ਪਹਿਲਾਂ ਇਹ ”ਹਲਕੇ ਵਿੱਚ ਕੈਪਟਨ” ਪ੍ਰੋਗਰਾਮ ਮੁਕੰਮਲ ਹੋ ਜਾਵੇਗਾ।