ਸ਼ਿਖਰ ਧਵਨ ਦੇ ਅਰਧ ਸੈਂਕੜੇ ਨਾਲ ਹੈਦਰਾਬਾਦ ਦੀਆਂ ਉਮੀਦਾਂ ਕਾਇਮ

ਏਜੰਸੀ
ਹੈਦਰਾਬਾਦ,
ਤੇਜ ਗੇਂਦਬਾਜ਼ ਸਿਧਾਰਥ ਕੌਲ (24 ਦੌੜਾਂ ‘ਤੇ ਤਿੰਨ ਵਿਕਟਾਂ) ਦੀ ਖਤਰਨਾਕ ਗੇਂਦਬਾਜ਼ੀ ਤੋਂ ਬਾਅਦ ਓਪਨਰ ਸ਼ਿਖਰ ਧਵਨ  (ਨਾਬਾਦ 62) ਦੇ ਸ਼ਾਨਦਾਰ ਅਰਧ ਸੈਂਕੜੇ ਨਾਲ ਪਿਛਲੀ ਚੈਂਪੀਅਨ ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅੰਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਆਈਪੀਐੱਲ-10 ਦੇ ਪਲੇਅ ਆਫ ‘ਚ ਪਹੁੰਚਣ ਦੀਆਂ ਆਪਣੀਆਂ ਉਮੀਦਾਂ ਕਾਇਮ ਰੱਖੀਆਂ ਹੈਦਰਾਬਾਦ ਲਈ ਇਹ ਕਰੋ ਜਾਂ ਮਰੋ ਦਾ ਮੁਕਾਬਲਾ ਸੀ ਅਤੇ ਉਸ ਨੇ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦੋਵਾਂ ਹੀ ਖੇਤਰਾਂ ‘ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੀ ਦਾਅਵੇਦਾਰੀ ਬਣਾਈ ਰੱਖੀ ਜਦੋਂ ਕਿ ਪਲੇਅ ਆਫ ‘ਚ ਪਹੁੰਚਣ ਲਈ ਹੈਦਰਾਬਾਦ ਨੂੰ ਆਪਣਾ ਆਖਰੀ ਲੀਗ ਮੈਚ ਵੀ ਜਿੱਤਣਾ ਹੋਵੇਗਾ
ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਨੂੰ 20 ਓਵਰਾਂ ‘ਚ ਸੱਤ ਵਿਕਟਾਂ ‘ਤੇ 138 ਦੌੜਾਂ ਦੇ ਆਮ ਸਕੋਰ ‘ਤੇ ਰੋਕਣ ਤੋਂ ਬਾਅਦ 18.2 ਓਵਰਾਂ ‘ਚ ਤਿੰਨ ਵਿਕਟਾਂ ‘ਤੇ 140 ਦੌੜਾਂ ਬਣਾ ਕੇ ਬਿਹਤਰੀਨ ਜਿੱਤ ਦਰਜ ਕੀਤੀ ਹੈਦਰਾਬਾਦ ਦੀ 13 ਮੈਚਾਂ ‘ਚ ਇਹ ਸੱਤਵੀਂ ਜਿੱਤ ਹੈ ਅਤੇ ਉਸ ਦੇ 15 ਅੰਕ ਹੋ ਗਏ ਮੁੰਬਈ ਦੀ 12 ਮੈਚਾਂ ‘ਚ ਇਹ ਤੀਜੀ ਹਾਰ ਹੈ ਪਰ ਉਹ 18 ਅੰਕਾਂ ਨਾਲ ਸੂਚੀ ‘ਚ ਚੋਟੀ ‘ਤੇ ਬਣੀ ਹੋਈ ਹੈ ਮੁੰਬਈ ਨੇ ਪਲੇਅ ਆਫ ‘ਚ ਆਪਣਾ ਸਥਾਨ ਪਹਿਲਾਂ ਹੀ ਪੱਕਾ ਕਰ ਲਿਆ ਸੀ ਚੈਂਪੀਅੰਜ਼ ਟ੍ਰਾਫੀ ਲਈ ਭਾਰਤੀ ਟੀਮ ‘ਚ ਸ਼ਾਮਲ ਕੀਤੇ ਗਏ ਖੱਬੇ ਹੱਥ ਦੇ ਓਪਨਰ ਸ਼ਿਖਰ ਧਵਨ ਨੇ ਇਸ ਦਾ ਜਸ਼ਨ ਮੈਚ ਜੇਤੂ ਅਰਧ ਸੈਂਕੜਾ ਲਾ ਕੇ ਮਨਾਇਆ
ਕਪਤਾਨ ਡੇਵਿਡ ਵਾਰਨਰ (06) ਦੀ ਵਿਕਟ ਦੂਜੇ ਹੀ ਓਵਰ ‘ਚ ਡਿੱਗਣ ਤੋਂ ਬਾਅਦ ਸ਼ਿਖਰ ਨੇ ਮੋਏਸਿਸ ਹੈਨਰਿਕਸ (44) ਨਾਲ ਦੂਜੀ ਵਿਕਟ ਲਈ 91 ਦੌੜਾਂ ਜੋੜ ਕੇ ਹੈਦਰਾਬਾਦ ਨੂੰ ਜਿੱਤ ਦੀ ਪਟੜੀ ‘ਤੇ ਪਾ ਦਿੱਤਾ ਯੁਵਰਾਜ ਸਿੰਘ ਨੌਂ ਦੌੜਾਂ ਬਣਾ ਕੇ ਆਊਟ ਹੋਏ ਜਦੋਂ ਕਿ ਵਿਜੈ 15 ਦੌੜਾਂ ਬਣਾ ਕੇ ਨਾਬਾਦ ਰਹੇ
ਇਸ ਤੋਂ ਪਹਿਲਾਂ ਤੇਜ ਗੇਂਦਬਾਜ਼ ਸਿਧਾਰਥ ਕੌਲ ਦੀ ਅਗਵਾਈ ‘ਚ ਗੇਂਦਬਾਜ਼ਾਂ ਦੇ ਸਟੀਕ ਪ੍ਰਦਰਸ਼ਨ ਦੀ ਬਦੌਲਤ ਸਨਰਾਈਜਰਜ਼ ਹੈਦਰਾਬਾਦ ਨੇ ਮੁੰਬਈ ਇੰਡੀਅੰਜ਼ ਨੂੰ ਸੱਤ ਵਿਕਟਾਂ ‘ਤੇ 138 ਦੌੜਾਂ ਦੇ ਮਾਮੂਲੀ ਸਕੋਰ ‘ਤੇ ਰੋਕ ਦਿੱਤਾ ਹੈਦਰਾਬਾਦ ਦੇ ਸਾਰੇ ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸਿਰਫ ਮੁੰਬਈ ਦੇ ਕਪਤਾਨ ਰੋਹਿਤ ਸ਼ਰਮਾ ਹੀ ਕੁਝ ਟਿਕ ਕੇ ਖੇਡ ਸਕੇ ਅਤੇ ਉਨ੍ਹਾਂ ਨੇ ਸਭ ਤੋਂ ਵੱਧ 67 ਦੌੜਾਂ ਬਣਾਈਆਂ
ਅਫਗਾਨਿਸਤਾਨ ਦੇ ਆਫ ਸਪਿੱਨਰ ਮੁਹੰਮਦ ਨਬੀ ਨੇ ਕੰਜੂਸੀ ਨਾਲ ਗੇਂਦਬਾਜ਼ੀ ਕਰਦਿਆਂ ਚਾਰ ਓਵਰਾਂ ‘ਚ ਸਿਰਫ 13 ਦੌੜਾਂ ਦੇ ਕੇ ਲੇਂਡਲ ਸਿਮੰਸ (01) ਦੀ ਵਿਕਟ ਲਈ ਅਫਗਾਨਿਸਤਾਨ ਦੇ ਲੈੱਗ ਸਪਿੱਨਰ ਰਾਸ਼ਿਦ ਖਾਨ ਨੇ ਚਾਰ ਓਵਰਾਂ ‘ਚ 22 ਦੌੜਾਂ ਦੇ ਕੇ ਹਾਰਦਿਕ ਪਾਂਡਿਆ (15) ਨੂੰ ਆਊਟ ਕੀਤਾ ਮੁੰਬਈ ਦਾ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਾਰਗਰ ਸਾਬਤ ਨਹੀਂ ਹੋਇਆ