ਸ਼ਹੀਦ ਦੀ ਬੇਟੀ ਨੂੰ ਤਹਿਸੀਲਦਾਰ ਤੇ ਬੇਟੇ ਨੂੰ ਏਐੱਸਆਈ ਦੀ ਨੌਕਰੀ

ਸ਼ਹੀਦ ਦੇ ਪਰਿਵਾਰ ਨੂੰ ਦਿੱਤਾ ਜਾਵੇਗਾ 12 ਲੱਖ ਰੁਪਏ ਦਾ ਮੁਆਵਜ਼ਾ
ਿਸਰਕਾਰ ਸਾਰੀਆਂ ਫੋਰਸਾਂ ਨਾਲ ਸਬੰਧਿਤ ਵਿਅਕਤੀਆਂ ਲਈ ਮੁਆਵਜ਼ੇ ਨੂੰ ਨਿਯਮਬੰਦ ਕਰਨ ਲਈ ਵਿਆਪਕ ਨੀਤੀ ਤਿਆਰ ਕਰੇਗੀ: ਕੈਪਟਨ
ਰਾਜਨ ਮਾਨ
ਤਰਨਤਾਰਨ,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਤਰਨ ਤਾਰਨ ਦੇ ਸ਼ਹੀਦ ਹੋਏ ਜੇ.ਸੀ.ਓ. ਪਰਮਜੀਤ ਸਿੰਘ ਦੀ ਵੱਡੀ ਬੇਟੀ ਨੂੰ ਨਾਇਬ ਤਹਿਸੀਲਦਾਰ ਅਤੇ ਬੇਟੇ ਨੂੰ ਏਐੱਸਆਈ ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ ਇਹ ਐਲਾਨ ਉਨ੍ਹਾਂ ਨੇ ਅੱਜ ਵੇਈਪੂੰਈ ਪਿੰਡ ਵਿਖੇ ਸ਼ਹੀਦ ਦੇ ਪਰਿਵਾਰ ਦੇ ਘਰ ਜਾਣ ਦੌਰਾਨ ਕੀਤਾ
ਪੀੜਤ ਪਰਿਵਾਰ ਨੂੰ ਹਰ ਸੰਭਵ ਸਹਾਇਤਾ ਦੇਣ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਦੇਸ਼ ਵਾਸਤੇ ਆਪਣੀ ਜਾਨ ਕੁਰਬਾਨ ਕਰਨ ਵਾਲੇ ਹਰੇਕ ਫੋਰਸ ਦੇ ਹਰੇਕ ਪੰਜਾਬੀ ਨੂੰ ਮੁਆਵਜ਼ਾ ਦੇਣ ਲਈ ਨਿਯਮਬੱਧ ਵਿਆਪਕ ਨੀਤੀ ਛੇਤੀ ਹੀ ਕੈਬਨਿਟ ਦੇ ਸਾਹਮਣੇ ਪੇਸ਼ ਕਰੇਗੀ
ਸ਼ਹੀਦ ਪਰਮਜੀਤ ਸਿੰਘ ਦੀ ਮੌਤ ‘ਤੇ ਡੂੰਘਾ ਦੁੱਖ ਪ੍ਰਗਟ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਹੀਦ ਦੇ ਵਾਰਸਾਂ ਲਈ ਪਹਿਲਾਂ ਹੀ ਐਲਾਨ ਕੀਤੇ ਗਏ ਮੁਆਵਜ਼ੇ ਤੋਂ ਇਲਾਵਾ ਪਰਿਵਾਰ ਵੱਲੋਂ ਸਰਕਾਰ ਤੋਂ ਕੀਤੀ ਗਈ ਮੰਗ ਅਨੁਸਾਰ ਸ਼ਹੀਦ ਦੇ ਦੋ ਵੱਡੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇਗੀ
ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਸ਼ਹੀਦ ਦੇ ਪਰਿਵਾਰ ਨੂੰ 12 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਜਿਸ ਵਿੱਚ ਸ਼ਹੀਦ ਦੀ ਪਤਨੀ ਅਤੇ ਬੱਚਿਆਂ ਨੂੰ ਪੰਜ ਲੱਖ ਰੁਪਏ, ਦੋ ਲੱਖ ਰੁਪਏ ਉਸ ਦੇ ਮਾਪਿਆਂ ਅਤੇ ਪੰਜ ਲੱਖ ਰੁਪਏ ਦਾ ਪਲਾਟ ਦੇਣਾ ਸ਼ਾਮਲ ਹੈ
ਇਸ ਤੋਂ ਇਲਾਵਾ ਸਥਾਨਕ ਰੈਸਟ ਹਾਊਸ ਦਾ ਨਾਂਅ ਸ਼ਹੀਦ ਦੇ ਨਾਂਅ ‘ਤੇ ਰੱਖਣ ਲਈ ਇੱਕ ਲੱਖ ਰੁਪਏ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ ਮੁੱਖ ਮੰਤਰੀ ਨੇ ਅੱਜ ਇਸ ਇਲਾਕੇ ਦੇ ਸਕੂਲ ਅਤੇ ਸਟੇਡੀਅਮ ਦਾ ਨਾਂਅ ਵੀ ਸ਼ਹੀਦ ਜਵਾਨ ਦੇ ਨਾਂਅ ‘ਤੇ ਰੱਖਣ ਦਾ ਐਲਾਨ ਕੀਤਾ
ਅੰਮ੍ਰਿਤਸਰ ਦੇ ਐਮ.ਪੀ. ਗੁਰਜੀਤ ਸਿੰਘ ਔਜਲਾ ਨੇ ਐਲਾਨ ਕੀਤਾ ਹੈ ਕਿ ਉਹ ਸ਼ਹੀਦ ਦੀ ਦੂਜੀ ਲੜਕੀ ਨੂੰ ਅਪਨਾਉਣਗੇ ਜਿਸ ਦੀ ਵੱਡੀ ਧੀ 16 ਸਾਲਾ ਸਿਮਰਨਦੀਪ ਕੌਰ ਨੂੰ ਹਿਮਾਚਲ ਪ੍ਰਦੇਸ਼ ਦੇ ਆਈ.ਏ.ਐਸ.-ਪੀ.ਸੀ.ਐਸ. ਜੋੜੇ ਨੇ ਅਪਨਾਉਣ ਦਾ ਐਲਾਨ ਕੀਤਾ ਹੈ
ਮੁੱਖ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਿਮਰਨਜੀਤ ਕੌਰ ਅਤੇ 12 ਵਰ੍ਹਿਆਂ ਦੇ ਪੁੱਤਰ ਸਹਿਲਦੀਪ ਸਿੰਘ ਦੋਵਾਂ ਨੂੰ ਆਪਣੀ ਪੜ੍ਹਾਈ ਮੁਕੰਮਲ ਕਰ ਲੈਣ ਤੋਂ ਬਾਅਦ ਸਰਕਾਰ ਵੱਲੋਂ ਨੌਕਰੀ ਮੁਹੱਈਆ ਕਰਵਾਈ ਜਾਵੇਗੀ ਇਹ ਪੁੱਛੇ ਜਾਣ ‘ਤੇ ਕਿ ਇਸ ਨਾਲ ਸ਼ਹੀਦ ਦੇ ਤੀਜੇ ਬੱਚੇ ਨਾਲ ਵਿਤਕਰਾ ਨਹੀਂ ਹੋਵੇਗਾ ਤਾਂ ਮੁੱਖ ਮੰਤਰੀ ਨੇ ਕਿਹਾ ਕਿ ਪਰਿਵਾਰ ਦੇ ਹਰੇਕ ਮੈਂਬਰ ਨੂੰ ਵਿਅਕਤੀਗਤ ਅਧਾਰ ‘ਤੇ ਮੁਆਵਜ਼ਾ ਦੇਣਾ ਸੰਭਵ ਨਹੀਂ ਹੈ ਪਰ ਉਨ੍ਹਾਂ ਨੇ ਇਸ ਦੇ ਨਾਲ ਹੀ ਸਪੱਸ਼ਟ ਕੀਤਾ ਕਿ ਪਰਿਵਾਰ ਨਾਲ ਸਰਕਾਰ ਵੱਲੋਂ ਕੀਤੇ ਸਾਰੇ ਵਾਅਦੇ ਉਨ੍ਹਾਂ ਦੀ ਸਰਕਾਰ ਵੱਲੋਂ ਪੂਰੇ ਕੀਤੇ ਜਾਣਗੇ ਅਤੇ ਜੇ ਜ਼ਰੂਰਤ ਹੋਈ ਤਾਂ ਹੋਰ ਵੀ ਸਹਾਇਤਾ ਦਿੱਤੀ ਜਾਵੇਗੀ
ਇੱਕ ਸਵਾਲ ਦੇ ਜਵਾਬ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਦੀਆਂ ਸਰਹੱਦਾਂ ਦੀ ਰਖਵਾਲੀ ਕਰਨ ਵਾਲੇ ਵਿਅਕਤੀਆਂ ਦੀ ਸੁਰੱਖਿਆ ਲਈ ਕੁਝ ਵੀ ਨਹੀਂ ਕਰ ਰਹੀ ਇਸ ਤਰ੍ਹਾਂ ਦੀਆਂ ਘਿਨੌਣੀਆਂ ਕਾਰਵਾਈਆਂ ਵਿਰੁੱਧ ਸਖਤ ਕਾਰਵਾਈ ਕੀਤੇ ਜਾਣ ਦੀ ਜ਼ਰੂਰਤ ਹੈ ਉਨ੍ਹਾਂ ਕਿਹਾ  ਕਿ ਜੇ ਇੱਕ ਵਾਰ ਕਾਰਵਾਈ ਹੁੰਦੀ ਹੈ ਤਾਂ ਭਾਰਤ ਨੂੰ ਇਸ ਦੇ ਜਵਾਬ ਵਿੱਚ ਤਿੰਨ ਵਾਰ ਕਾਰਵਾਈ ਕਰਨੀ ਚਾਹੀਦੀ ਹੈ
ਇਸ ਮੌਕੇ ਮੁੱਖ ਮੰਤਰੀ ਦੇ ਨਾਲ ਉਨ੍ਹਾਂ ਦੇ ਕੈਬਨਿਟ ਸਾਥੀ ਰਾਣਾ ਗੁਰਜੀਤ ਸਿੰਘ ਅਤੇ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਂਟ ਜਨਰਲ ਟੀ.ਐਸ. ਸ਼ੇਰਗਿੱਲ, ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਸਥਾਨਕ ਵਿਧਾਇਕ ਡਾ. ਧਰਮਬੀਰ ਅਗਨੀਹੋਤਰੀ, ਖਡੂਰ ਸਾਹਿਬ ਦੇ ਵਿਧਾਇਕ ਰਮਨਜੀਤ ਸਿੰਘ ਸਿੱਕੀ, ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਗਿੱਲ ਅਤੇ ਵਲਟੋਹਾ ਦਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਸ਼ਾਮਲ ਸਨ