West Asia Tensions: ਪੱਛਮੀ ਏਸ਼ੀਆਂ ਤਣਾਅ, ਸੰਜਮ, ਸੰਵਾਦ ਤੇ ਵਿਸਵਾਸ ਦੀ ਲੋੜ

ਹਾਰਮੁਜ਼ ਜਲਡਮਰੂ ਮੱਧ ਦੇ ਆਸ-ਪਾਸ ਵਧਦੇ ਤਣਾਅ ਨੇ ਊਰਜਾ ਸਪਲਾਈ ਨੂੰ ਅਸਥਿਰ ਕੀਤਾ

Khushdeep Singh Picture
Published On

ਪੱਛਮੀ ਏਸ਼ੀਆ ’ਚ ਜਾਰੀ ਤਣਾਅ ਵਿਚਕਾਰ ਜੰਗਬੰਦੀ ਨੇ ਵਿਸ਼ਵ ਭਾਈਚਾਰੇ ਨੂੰ ਪਲ ਭਰ ਲਈ ਰਾਹਤ ਤਾਂ ਦਿੱਤੀ ਹੈ, ਪਰ ਇਸ ਨੂੰ ਆਖ਼ਰੀ ਹੱਲ ਸਮਝ ਲੈਣਾ ਅਸਲੀਅਤ ਤੋਂ ਅੱਖਾਂ ਮੀਚਣ ਵਰਗਾ ਹੋਵੇਗਾ। ਹਾਲੀਆ ਘਟਨਾਕ੍ਰਮ ਇਸ ਗੱਲ ਦਾ ਸੰਕੇਤ ਦਿੰਦੇ ਹਨ ਕਿ ਇਹ ਜੰਗਬੰਦੀ ਸਥਾਈ ਸ਼ਾਂਤੀ ਵਾਲੀ ਨਹੀਂ ਹੈ। 7 ਅਪਰੈਲ ਦੀ ਸ਼ਾਮ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਿੱਖੀ ਬਿਆਨਬਾਜ਼ੀ ਕਰਦਿਆਂ ਇਰਾਨ ਨੂੰ ਸਖ਼ਤ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ, ਪਰ ਅਗਲੇ ਹੀ ਦਿਨ ਦੋ ਹਫ਼ਤਿਆਂ ਦੀ ਜੰਗਬੰਦੀ ਦਾ ਐਲਾਨ ਕਰ ਦਿੱਤਾ ਗਿਆ। ਇਸ ਫ਼ੈਸਲੇ ਤੋਂ ਪਹਿਲਾਂ ਉਨ੍ਹਾਂ ਬੇਂਜਾਮਿਨ ਨੇਤਨਯਾਹੂ ਨਾਲ ਗੱਲਬਾਤ ਕੀਤੀ।

ਜਿਸ ਤੋਂ ਬਾਅਦ ਇਜ਼ਰਾਈਲ ਨੂੰ ਵੀ ਇਸ ਫ਼ੈਸਲੇ ਨੂੰ ਸਵੀਕਾਰ ਕਰਨਾ ਪਿਆ। ਲਗਭਗ 40 ਦਿਨ ਤੱਕ ਚੱਲੇ ਇਸ ਸੰਘਰਸ਼ ਤੋਂ ਬਾਅਦ ਲੱਗੀ ਇਹ ਬੰਦੀ ਇਸ ਗੱਲ ਦਾ ਸੰਕੇਤ ਹੈ ਕਿ ਯੁੱਧ ਆਪਣੇ ਐਲਾਨ ਉਦੇਸ਼ਾਂ ਦੀ ਦਿਸ਼ਾ ਵੱਲ ਫੈਸਲਾਕੁਨ ਮੋੜ ਤੱਕ ਨਹੀਂ ਪਹੁੰਚ ਸਕਿਆ। ਇਸ ਸੰਘਰਸ਼ ਨੇ ਸਿਰਫ਼ ਖੇਤਰੀ ਸਮੀਕਰਨ ਹੀ ਨਹੀਂ ਬਦਲੇ, ਸਗੋਂ ਵਿਸ਼ਵ ਅਰਥਵਿਵਸਥਾ ਅਤੇ ਕੂਟਨੀਤੀ ਨੂੰ ਵੀ ਪ੍ਰਭਾਵਿਤ ਕੀਤਾ। ਹਾਰਮੁਜ਼ ਜਲਡਮਰੂ ਮੱਧ ਦੇ ਆਸ-ਪਾਸ ਵਧਦੇ ਤਣਾਅ ਨੇ ਊਰਜਾ ਸਪਲਾਈ ਨੂੰ ਅਸਥਿਰ ਕੀਤਾ, ਜਿਸ ਕਾਰਨ ਤੇਲ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਦੇਖਿਆ ਗਿਆ।

ਵਿਸ਼ਵ ਦੇ ਕਈ ਦੇਸ਼ਾਂ ਲਈ ਇਹ ਸਥਿਤੀ ਚਿੰਤਾ ਦਾ ਕਾਰਨ ਬਣੀ, ਕਿਉਂਕਿ ਉਨ੍ਹਾਂ ਦੀਆਂ ਅਰਥਵਿਵਸਥਾਵਾਂ ਊਰਜਾ ਦਰਾਮਦ ’ਤੇ ਨਿਰਭਰ ਹਨ। ਇਸ ਲਈ ਜੰਗਬੰਦੀ ਦੇ ਐਲਾਨ ਨਾਲ ਬਾਜ਼ਾਰਾਂ ਵਿੱਚ ਕੁਝ ਸਥਿਰਤਾ ਮੁੜੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਰਾਹਤ ਦਾ ਵਾਤਾਵਰਨ ਬਣਿਆ। ਫਿਰ ਵੀ ਇਸ ਸ਼ਾਂਤੀ ਦੇ ਪਿੱਛੇ ਕਈ ਗੁੰਝਲਦਾਰ ਤੇ ਅਣਸੁਲਝੇ ਸਵਾਲ ਮੌਜੂਦ ਹਨ ਅਮਰੀਕਾ ਅਤੇ ਇਜ਼ਰਾਈਲ ਨੇ ਜਿਨ੍ਹਾਂ ਟੀਚਿਆਂ ਨਾਲ ਇਹ ਫੌਜੀ ਕਾਰਵਾਈ ਸ਼ੁਰੂ ਕੀਤੀ ਸੀ, ਉਹ ਅਜੇ ਤੱਕ ਪੂਰੀ ਤਰ੍ਹਾਂ ਹਾਸਲ ਨਹੀਂ ਹੋ ਸਕੇ ਹਨ। ਇਰਾਨ ਦੇ ਪਰਮਾਣੂ ਪ੍ਰੋਗਰਾਮ ਨੂੰ ਰੋਕਣਾ, ਉਸ ਦੀ ਫੌਜੀ ਸਮਰੱਥਾ ਨੂੰ ਕਮਜ਼ੋਰ ਕਰਨਾ ਅਤੇ ਖੇਤਰੀ ਪ੍ਰਭਾਵ ਨੂੰ ਸੀਮਤ ਕਰਨਾ ਮੁੱਖ ਉਦੇਸ਼ਾਂ ਵਿੱਚ ਸ਼ਾਮਲ ਸਨ, ਪਰ ਅਸਲੀਅਤ ਵਿੱਚ ਇਨ੍ਹਾਂ ਟੀਚਿਆਂ ਦੀ ਪ੍ਰਾਪਤੀ ਅਧੂਰੀ ਹੀ ਨਜ਼ਰ ਆਉਂਦੀ ਹੈ।

ਦੂਜੇ ਪਾਸੇ ਇਰਾਨ ਵੀ ਇਸ ਜੰਗਬੰਦੀ ਨੂੰ ਆਪਣੀ ਰਣਨੀਤਕ ਸਫਲਤਾ ਵਜੋਂ ਪੇਸ਼ ਕਰ ਰਿਹਾ ਹੈ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਦੋਵੇਂ ਪੱਖ ਆਪਣੇ-ਆਪਣੇ ਤਰੀਕੇ ਨਾਲ ਨਤੀਜਿਆਂ ਦੀ ਵਿਆਖਿਆ ਕਰ ਰਹੇ ਹਨ। ਅਗਾਮੀ ਗੱਲਾਂ-ਬਾਤਾਂ ਨੂੰ ਲੈ ਕੇ ਵੀ ਬੇਯਕੀਨੀ ਬਣੀ ਹੋਈ ਹੈ। ਇਸਲਾਮਾਬਾਦ ’ਚ ਸ਼ੁਰੂ ਹੋਈ ਗੱਲਬਾਤ ਨੂੰ ਸੰਭਾਵੀ ਹੱਲ ਦੀ ਦਿਸ਼ਾ ਵੱਲ ਇੱਕ ਕੋਸ਼ਿਸ਼ ਮੰਨਿਆ ਜਾ ਰਿਹਾ ਹੈ, ਪਰ ਇਹ ਕਹਿਣਾ ਔਖਾ ਹੈ ਕਿ ਇਸ ਨਾਲ ਸਥਾਈ ਸ਼ਾਂਤੀ ਸਥਾਪਿਤ ਹੋ ਸਕੇਗੀ।

ਅਮਰੀਕਾ ਆਪਣੀ ਫੌਜੀ ਮੌਜ਼ੂਦਗੀ ਨੂੰ ਲੈ ਕੇ ਸਪੱਸ਼ਟ ਰੁਖ ਅਪਣਾਉਣ ਤੋਂ ਬਚਦਾ ਨਜ਼ਰ ਆ ਰਿਹਾ ਹੈ, ਜਦੋਂਕਿ ਇਜ਼ਰਾਈਲ ਦੀ ਹਮਲਾਵਰ ਨੀਤੀ ਵਿੱਚ ਕਿਸੇ ਵੱਡੀ ਤਬਦੀਲੀ ਦੇ ਸੰਕੇਤ ਨਹੀਂ ਮਿਲ ਰਹੇ। ਇਸ ਲਈ ਇਹ ਸੰਭਾਵਨਾ ਬਣੀ ਹੋਈ ਹੈ ਕਿ ਜੰਗਬੰਦੀ ਦੇ ਬਾਵਜ਼ੂਦ ਤਣਾਅ ਕਿਸੇ ਵੀ ਵੇਲੇ ਮੁੜ ਭੜਕ ਸਕਦਾ ਹੈ। ਇਸ ਪੂਰੇ ਘਟਨਾਕ੍ਰਮ ਵਿੱਚ ਚੀਨ ਦੀ ਭੂਮਿਕਾ ਵੀ ਜ਼ਿਕਰਯੋਗ ਰਹੀ ਹੈ, ਜਿਸ ਨੇ ਵਿਚੋਲੇ ਵਜੋਂ ਸੰਵਾਦ ਨੂੰ ਅੱਗੇ ਵਧਾਉਣ ਦਾ ਯਤਨ ਕੀਤਾ। ਇੱਥੇ ਪਾਕਿਸਤਾਨ, ਤੁਰਕੀਏ ਅਤੇ ਮਿਸਰ ਵਰਗੇ ਦੇਸ਼ਾਂ ਨੇ ਸੰਦੇਸ਼ਵਾਹਕ ਦੀ ਭੂਮਿਕਾ ਨਿਭਾਈ। ਕੂਟਨੀਤਕ ਪੱਧਰ ’ਤੇ ਇਹ ਸਰਗਰਮੀ ਇਸ ਗੱਲ ਦਾ ਸਬੂਤ ਹੈ।

ਕਿ ਅੰਤਰਰਾਸ਼ਟਰੀ ਭਾਈਚਾਰਾ ਇਸ ਸੰਘਰਸ਼ ਨੂੰ ਲੰਮਾ ਖਿੱਚਣ ਤੋਂ ਰੋਕਣਾ ਚਾਹੁੰਦਾ ਹੈ, ਕਿਉਂਕਿ ਇਸ ਦੇ ਵਿਆਪਕ ਪ੍ਰਭਾਵਾਂ ਤੋਂ ਕੋਈ ਵੀ ਅਛੂਤਾ ਨਹੀਂ ਰਹਿ ਸਕਦਾ। ਜੰਗ ਦੌਰਾਨ ਹੋਈ ਵਿਆਪਕ ਤਬਾਹੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਬੁਨਿਆਦੀ ਢਾਂਚੇ ਦੀ ਤਬਾਹੀ, ਨਾਗਰਿਕਾਂ ਦੀਆਂ ਮੌਤਾਂ ਅਤੇ ਮਨੁੱਖੀ ਸੰਕਟ ਇਸ ਸੰਘਰਸ਼ ਦੀ ਕਰੜੀ ਸੱਚਾਈ ਹਨ। ਇਰਾਨ ਨੂੰ ਭਾਰੀ ਨੁਕਸਾਨ ਉਠਾਉਣਾ ਪਿਆ, ਪਰ ਉਸ ਦਾ ਮਨੋਬਲ ਅਤੇ ਫੌਜੀ ਢਾਂਚਾ ਪੂਰੀ ਤਰ੍ਹਾਂ ਤਬਾਹ ਨਹੀਂ ਹੋਇਆ।

ਇਹੀ ਕਾਰਨ ਹੈ ਕਿ ਉਹ ਗੱਲਬਾਤ ਦੀ ਮੇਜ਼ ’ਤੇ ਵੀ ਆਪਣੀਆਂ ਸ਼ਰਤਾਂ ਨਾਲ ਹਾਜ਼ਰ ਹੋ ਰਿਹਾ ਹੈ। ਇਹ ਸਥਿਤੀ ਦਰਸਾਉਂਦੀ ਹੈ ਕਿ ਜੰਗ ਵਿੱਚ ਸਪੱਸ਼ਟ ਜਿੱਤ ਅਤੇ ਹਾਰ ਤੈਅ ਨਹੀਂ ਹੋਈ ਹੈ।  ਵਰਤਮਾਨ ਪਰਿਦ੍ਰਿਸ਼ ਵਿੱਚ ਇੱਕ ਹੋਰ ਮਹੱਤਵਪੂਰਨ ਪਹਿਲੂ ਇਹ ਹੈ ਕਿ ਦੋਵਾਂ ਪੱਖਾਂ ਦੀ ਬਿਆਨਬਾਜ਼ੀ ਵਿੱਚ ਲਗਾਤਾਰ ਆਪਾ-ਵਿਰੋਧ ਦਿਖਾਈ ਦਿੰਦਾ ਹੈ। ਇੱਕ ਪਾਸੇ ਅਮਰੀਕਾ ਇਸ ਜੰਗਬੰਦੀ ਨੂੰ ਆਪਣੀ ਉਪਲੱਬਧੀ ਵਜੋਂ ਪੇਸ਼ ਕਰ ਰਿਹਾ ਹੈ, ਜਦੋਂਕਿ ਇਜ਼ਰਾਈਲ ਗੁਆਂਢੀ ਖੇਤਰਾਂ ਵਿੱਚ ਹਮਲੇ ਜਾਰੀ ਰੱਖਣ ਦੀ ਗੱਲ ਕਰਦਾ ਹੈ। ਦੂਜੇ ਪਾਸੇ ਇਰਾਨ ਚਿਤਾਵਨੀ ਦੇ ਰਿਹਾ ਹੈ ਕਿ ਜੇ ਉਸ ’ਤੇ ਹਮਲੇ ਜਾਰੀ ਰਹੇ ਤਾਂ ਉਹ ਸੰਘਰਸ਼ ਦਾ ਵਿਸਥਾਰ ਕਰ ਸਕਦਾ ਹੈ।

ਇਹ ਦੁਵੱਲੀ ਅਵਿਸ਼ਵਾਸ ਸ਼ਾਂਤੀ ਪ੍ਰਕਿਰਿਆ ਨੂੰ ਕਮਜ਼ੋਰ ਕਰਦਾ ਹੈ ਅਤੇ ਭਵਿੱਖ ਲਈ ਨਵੇਂ ਖਦਸ਼ੇ ਪੈਦਾ ਕਰਦਾ ਹੈ। ਹਾਰਮੁਜ਼ ਜਲਡਮਰੂਮੱਧ ਨੂੰ ਲੈ ਕੇ ਵੀ ਵਿਵਾਦ ਬਣਿਆ ਹੋਇਆ ਹੈ। ਇਰਾਨ ਇਸ ਉੱਤੇ ਆਪਣਾ ਕੰਟਰੋਲ ਬਣਾਈ ਰੱਖਣ ਦੀ ਗੱਲ ਕਰਦਾ ਹੈ ਅਤੇ ਜਹਾਜ਼ਾਂ ਤੋਂ ਟੈਕਸ ਵਸੂਲਣ ਦੀ ਯੋਜਨਾ ਰੱਖਦਾ ਹੈ, ਜਦਕਿ ਅਮਰੀਕਾ ਆਪਣੀ ਮੌਜੂਦਗੀ ਬਣਾਈ ਰੱਖਣ ਦੇ ਪੱਖ ਵਿੱਚ ਹੈ। ਇਹ ਟਕਰਾਅ ਵਿਸ਼ਵ ਵਪਾਰ ਅਤੇ ਊਰਜਾ ਸਪਲਾਈ ਲਈ ਵੀ ਮਹੱਤਵਪੂਰਨ ਹੈ। ਜੇ ਇਸ ਮੁੱਦੇ ਦਾ ਹੱਲ ਨਾ ਨਿੱਕਲਿਆ ਤਾਂ ਭਵਿੱਖ ਵਿੱਚ ਫਿਰ ਤਣਾਅ ਵਧ ਸਕਦਾ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ਦੀ ਪ੍ਰਤੀਕਿਰਿਆ ਇਸ ਗੱਲ ਦਾ ਸੰਕੇਤ ਦਿੰਦੀ ਹੈ ਕਿ ਦੁਨੀਆ ਇਸ ਸੰਘਰਸ਼ ਨਾਲ ਕਿੰਨੀ ਪ੍ਰਭਾਵਿਤ ਹੋਈ ਹੈ।

West Asia Tensions
West Asia Tensions

ਜੰਗਬੰਦੀ ਤੋਂ ਬਾਅਦ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਬਾਜ਼ਾਰਾਂ ਵਿੱਚ ਤੇਜ਼ੀ ਇਸ ਉਮੀਦ ਨੂੰ ਦਰਸਾਉਂਦੀ ਹੈ ਕਿ ਹਾਲਾਤ ਆਮ ਹੋ ਸਕਦੇ ਹਨ। ਪਰ ਇਹ ਸਥਿਰਤਾ ਉਦੋਂ ਹੀ ਟਿਕਾਊ ਹੋਵੇਗੀ, ਜਦੋਂ ਗੱਲਬਾਤਾਂ ਠੋਸ ਨਤੀਜੇ ਦੇਣ ਅਤੇ ਸਾਰੇ ਪੱਖ ਆਪਣੇ ਹਮਲਾਵਰ ਰੁਖ ਵਿੱਚ ਨਰਮੀ ਲਿਆਉਣ। ਇਸ ਲਈ ਵਿੱਚ ਇਹ ਸਪੱਸ਼ਟ ਹੈ ਕਿ ਵਰਤਮਾਨ ਜੰਗਬੰਦੀ ਕੋਈ ਅੰਤਿਮ ਨਿਸ਼ਚਾ ਨਹੀਂ ਹੈ। ਇਹ ਸਿਰਫ਼ ਇੱਕ ਮੌਕਾ ਹੈ, ਜਿਸ ਨੂੰ ਜੇ ਠੀਕ ਦਿਸ਼ਾ ਵਿੱਚ ਵਰਤਿਆ ਗਿਆ ਤਾਂ ਸਥਾਈ ਸ਼ਾਂਤੀ ਦੀ ਸੰਭਾਵਨਾ ਬਣ ਸਕਦੀ ਹੈ। ਪਰ ਜੇ ਇਸ ਨੂੰ ਸਿਰਫ਼ ਰਣਨੀਤਕ ਬੰਦੀ ਵਜੋਂ ਲਿਆ ਗਿਆ ਤਾਂ ਨੇੜਲੇ ਭਵਿੱਖ ਵਿੱਚ ਸੰਘਰਸ਼ ਫਿਰ ਉੱਭਰ ਸਕਦਾ ਹੈ। ਇਸ ਲਈ ਜ਼ਰੂਰੀ ਹੈ ਕਿ ਸਾਰੇ ਪੱਖ ਸੰਜਮ, ਸੰਵਾਦ ਅਤੇ ਆਪਸੀ ਵਿਸ਼ਵਾਸ ਦੇ ਆਧਾਰ ’ਤੇ ਅੱਗੇ ਵਧਣ, ਤਾਂ ਕਿ ਇਸ ਖੇਤਰ ਵਿੱਚ ਸਥਾਈ ਸ਼ਾਂਤੀ ਸਥਾਪਿਤ ਹੋ ਸਕੇ।  

(ਇਹ ਲੇਖਕ ਦੇ ਨਿੱਜੀ ਵਿਚਾਰ ਹਨ)
ਰੋਹਿਤ ਮਹੇਸ਼ਵਰੀ

About The Author

Related Posts