ਵਲਗਣਾਂ ‘ਚ ਘਿਰਦੀ ਸਾਹਿਤਕਾਰੀ

ਸਾਹਿਤ ਸਮਾਜ ਦਾ ਸ਼ੀਸ਼ਾ ਮੰਨਿਆ ਜਾਂਦਾ ਹੈ ਸਮਾਜ ਨਾਲ ਰਚਿਆ-ਮਿਚਿਆ ਸਾਹਿਤ ਸਮਾਜ ਦੀ ਪ੍ਰਵਾਨਗੀ ਨਾਲ ਮਕਬੂਲ ਹੁੰਦਾ ਹੈ ਸਾਹਿਤ ਦੀ ਕਦਰ ਸਮਾਜ ਦੀ ਤਰੱਕੀ ਲਈ ਰਾਹ ਪੱਧਰਾ ਕਰਦੀ ਹੈ ਹੁਣ ਸਾਹਿਤਕਾਰ ਹੀ ਇਹ ਗਿਲਾ ਤੇ ਚਿੰਤਾ ਜਾਹਿਰ ਕਰਨ ਲੱਗੇ ਹਨ ਕਿ ਨੌਜਵਾਨ ਪੀੜ੍ਹੀ ਸਾਹਿਤ ਤੋਂ ਦੂਰ ਹੁੰਦੀ ਜਾ ਰਹੀ ਹੈ ਪਰ ਇਸ ਸਮੱਸਿਆ ਲਈ ਸਮਾਜ ਦੇ ਨਾਲ-ਨਾਲ ਸਾਹਿਤਕ ਜਥੇਬੰਦੀਆਂ ਵੀ ਬਰਾਬਰ ਜ਼ਿੰਮੇਵਾਰ ਹਨ ਜਥੇਬੰਦੀਆਂ ਨੇ ਸਾਹਿਤਕ ਸਰਗਰਮੀਆਂ ਨੂੰ ਲੋਕਾਂ ਤੱਕ ਲਿਜਾਣ ਦੀ ਬਜਾਇ ਧੜੇਬੰਦੀਆਂ ਤੇ ਆਪੋ-ਆਪਣੀ ਵਿਚਾਰਧਾਰਾ ਤੱਕ ਸੀਮਤ ਕਰ ਦਿੱਤਾ ਹੈ ਵਿਚਾਰਾਂ ਦੀ ਕੱਟੜਤਾ ਸਾਹਿਤ ਨੂੰ ਹੀ ਵਧਣ-ਫੁੱਲਣ ਤੋਂ ਰੋਕ ਰਹੀ ਹੈ ਕਿਸੇ ਸਾਹਿਤਕ ਸਮਾਗਮ ‘ਚ ਸੱਦਾ ਕਿਸ ਨੂੰ ਦੇਣਾ ਹੈ, ਸਟੇਜ ‘ਤੇ ਕਿਸ ਨੂੰ ਬਿਠਾਉਣਾ ਹੈ, ਇਹ ਸਾਰਾ ਕੁਝ ਧੜੇਬੰਦੀਆਂ ਤੇ ਵਿਚਾਰਧਾਰਾਵਾਂ ‘ਚ ਵੰਡਿਆ ਗਿਆ ਹੈ ਸੱਚਾਈ ਇਹ ਹੈ ਕਿ ਸਾਹਿਤ ਲੋਕਾਂ ਲਈ ਹੈ ਹੈਰਾਨੀ ਤਾਂ ਉਸ ਵੇਲੇ ਹੁੰਦੀ ਹੈ ਜਦੋਂ ਬੁਲਾਰੇ ਸਾਹਿਤ ਜਾਂ ਭਾਸ਼ਾ ਦੀ ਗੱਲ ਕਰਨ ਵਾਲੇ ਆਪਣੇ ਨਿੱਜੀ ਹਿੱਤਾਂ ਵਾਸਤੇ ਨਿੱਜੀ ਮਾਮਲਿਆਂ ਦੀ ਹੀ ਭੜਾਸ ਕੱਢਣ ਲੱਗਦੇ ਹਨ ਸਾਹਿਤ ਜਰੂਰ ਵਧੇ ਫੁੱਲੇਗਾ, ਬਸ਼ਰਤੇ ਉਸ ਨੂੰ ਲੋਕਾਂ ਤੱਕ ਜਾਣ ਤਾਂ ਦਿਓ ਕੀ ਕੋਈ ਲੇਖਕ ਕੋਈ ਨਾਵਲ ਲਿਖਣ ਵੇਲੇ ਇਹ ਕਿਆਸ ਕਰਦਾ ਹੈ ਕਿ ਉਸ ਦੇ ਨਾਵਲ ਨੂੰ ਕੌਣ-ਕੌਣ ਪੜ੍ਹੇਗਾ, ਕਿਸ ਧਰਮ, ਜਾਤ ਵਾਲਾ ਪੜ੍ਹੇਗਾ, ਪਰ ਜਦੋਂ ਕੋਈ ਸਾਹਿਤਕ ਪ੍ਰੋਗਰਾਮ ਹੁੰਦਾ ਹੈ ਤਾਂ ਇਹ ਜ਼ਰੂਰ ਤੈਅ ਹੋ ਜਾਂਦਾ ਹੈ ਕਿ ਪ੍ਰੋਗਰਾਮ ‘ਚ ਸਬੰਧਤ ਵਿਚਾਰਧਾਰਾ ਦੇ ਲੋਕਾਂ ਨੂੰ ਹੀ ਸ਼ਾਮਲ ਕੀਤਾ ਜਾਏ ਫਿਰ ਕੁਝ ਸਾਹਿਤਕਾਰ ਨਵੇਂ ਆਏ ਵਿਅਕਤੀਆਂ ਤੋਂ ਪੁੱਛਦੇ ਹਨ ਕਿ ਉਹ ਕਿਸ ਵਿਚਾਰਧਾਰਾ ਵਾਲੇ ਹਨ ਸਾਹਿਤਕ ਸਮਾਗਮ ਨੂੰ ਵਿਚਾਰਧਾਰਾ ਵਿਸ਼ੇਸ਼ ਵਾਲੇ ਲੇਖਕਾਂ ਜਾਂ ਸਾਹਿਤ ਪ੍ਰੇਮੀਆਂ ਦਾ ਇਕੱਠ ਬਣਾ ਦਿੱਤਾ ਜਾਂਦਾ ਹੈ ਇਹ ਵੀ ਆਪਣੇ ਆਪ ‘ਚ ਇੱਕ ਕੱਟੜਵਾਦੀ ਸੋਚ ਦਾ ਸੰਕੇਤ ਹੈ ਇਸ ਤਰ੍ਹਾਂ ਕਿਸੇ ਵਿਚਾਰਧਾਰਾ ਵਿਸ਼ੇਸ਼ ‘ਚ ਘਿਰੇ ਸਮਾਗਮ ਸਾਹਿਤ ਦੇ ਪ੍ਰਚਾਰ ਪ੍ਰਸਾਰ ‘ਚ ਹੀ ਰੁਕਾਵਟ ਬਣਦੇ ਹਨ ਸਾਹਿਤ ਖੁੱਲ੍ਹੀਆਂ ਵਗਦੀਆਂ ਹਵਾਵਾਂ ਦਾ ਅਨੁਵਾਦ ਹੈ ਜਿਸ ‘ਚ ਤਾਜ਼ਗੀ ਹੁੰਦੀ ਹੈ ਇਸ ਨੂੰ ਵਿਚਾਰਧਾਰਾਵਾਂ ਦੀ ਬੰਦਿਸ਼ ‘ਚ ਕੈਦ ਨਹੀਂ ਕੀਤਾ ਜਾ ਸਕਦਾ ਜਦੋਂ ਸਾਹਿਤ ਨੂੰ ਇੱਕ ਕਮਰੇ ‘ਚ ਬੰਦ ਕਰਨ ਦੀ ਸਜਾ ਦਿੱਤੀ ਜਾਂਦੀ ਹੈ ਤਾਂ ਉਹ ਖੁੱਲ੍ਹੀ ਹਵਾ ਤੋਂ ਟੁੱਟ ਕੇ ਮੁਸ਼ਕ ਮਾਰਦਾ ਹੈ ਜੋ ਕਿਸੇ ਨੂੰ ਆਪਣੇ ਵੱਲ ਕਦੇ ਵੀ ਨਹੀਂ ਖਿੱਚ ਸਕਦਾ ਮਹਾਨ ਸਾਹਿਤਕ ਰਚਨਾਵਾਂ ਦੀ  ਹਰਮਨਪਿਆਰਤਾ ਤਾਂ ਭਾਸ਼ਾਵਾਂ ਦੀਆਂ ਹੱਦਾਂ ਪਾਰ ਕਰ ਗਈਆਂ ਸਾਹਿਤ ਹੱਦਾਂ ਬੰਨੇ ਢਾਹੁੰਦਾ ਹੈ ਕਲਮ ਵਾਹੁਣ ਵਾਲੇ ਹੱਦਾਂ ਬੰਨੇ ਢਾਹੁੰਦੇ ਹੀ ਸੋਭਦੇ ਨੇ ਆਪਣੀ ਮਨਮਰਜ਼ੀ ਤੇ ਆਪਣੇ ਵਿਚਾਰ ਸਾਹਿਤ ਸਮਾਰੋਹਾਂ ‘ਤੇ ਥਾਪੇ ਜਾਣਗੇ ਤਾਂ ਸਾਹਿਤ ਗੁਲਾਮੀ ਦੀਆਂ ਜੰਜੀਰਾਂ ‘ਚ ਜਕੜ ਜਾਵੇਗਾ ਸਾਹਿਤ ਸੁਭਾਵਿਕ ਤੌਰ ‘ਤੇ ਹਵਾ ਵਾਂਗ ਅਜ਼ਾਦੀ ਦਾ ਪ੍ਰਤੀਕ ਹੈ ਜਿਸ ‘ਤੇ ਸਮਾਜ ਦੇ ਕਿਸੇ ਇੱਕ ਵਰਗ ਨਾਲ ਬੱਝਣ ਦੀ ਕਮਜ਼ੋਰੀ ਨਹੀਂ ਹੁੰਦੀ ਸਾਹਿਤ ਦਰਿਆ ਹੈ ਜੋ ਲੇਖਕ ਤੋਂ ਲੋਕਾਂ ਵੱਲ ਵਹਿੰਦਾ ਹੈ ਜਿਸ ਦੇ ਵਹਾਅ ਨੂੰ ਤੋੜਨ -ਮਰੋੜਨ ਵਾਲੇ ਇਸ ਦੇ ਸਨਮਾਨ ਤੇ ਸੁਭਾਅ ਨੂੰ ਠੇਸ ਪਹੁੰਚਾਉਂਦੇ ਹਨ ਆਪਣੀ ਨਿੱਜੀ ਖਵਾਹਿਸ਼, ਵਿਚਾਰਧਾਰਾ ਨੂੰ ਪਾਸੇ ਰੱਖ ਕੇ ਸਭ ਦੀ ਸੁਣਨ ਦੀ ਸੋਚ ਵਧੇ-ਫੁੱਲੇ ਤਾਂ ਸਾਹਿਤ ਵੀ ਹੁਲਾਰੇ ਲੈਂਦਾ ਹੈ