ਮੁੜ ਡਾਇਰੀਆ ਦੀ ਲਪੇਟ ‘ਚ ਆਇਆ ਸਮਾਣਾ

ਅੱਧੀ ਦਰਜਨ ਦੇ ਕਰੀਬ ਮਰੀਜ਼ ਸਿਵਲ ਹਸਪਤਾਲ ਦਾਖਲ
ਚੌਕਸ ਹੋਇਆ ਸਿਹਤ ਵਿਭਾਗ, ਬਸਤੀਆਂ ‘ਚ ਜਾਕੇ ਵੰਡੀਆਂ ਕਲੋਰੀਨ ਗੋਲੀਆਂ

ਸੁਨੀਲ ਚਾਵਲਾ
ਸਮਾਣਾ, ੀ
ਇੱਕ ਵਾਰ ਫ਼ਿਰ ਤੋਂ ਸਮਾਣਾ ਡਾਇਰੀਆ ਦੀ ਲਪੇਟ ‘ਚ ਆ ਗਿਆ ਹੈ। ਸ਼ਹਿਰ ਦੀਆਂ ਦੋ ਬਸਤੀਆਂ ਤੋਂ ਅੱਧੀ ਦਰਜਨ ਦੇ ਕਰੀਬ ਮਰੀਜ਼ ਅੱਜ ਸਿਵਲ ਹਸਪਤਾਲ ‘ਚ ਦਾਖ਼ਲ ਹੋਏ ਹਨ ਜਦੋਂਕਿ ਡਾਇਰੀਆ ਨਾਲ ਪੀੜਤਾਂ ਦੀ ਗਿਣਤੀ ਇਸ ਨਾਲੋਂ ਕਾਫ਼ੀ ਵੱਧ ਹੈ। ਸਿਵਲ ਹਸਪਤਾਲ ਦੀ ਟੀਮ ਨੇ ਤੁਰੰਤ ਕਦਮ ਚੁੱਕਦਿਆਂ ਡਾਕਟਰਾਂ ਦੀਆਂ ਟੀਮਾਂ ਨੂੰ ਇਨ੍ਹਾਂ ਬਸਤੀਆਂ ‘ਚ ਭੇਜ ਕੇ ਪਾਣੀ ਦੇ ਸੈਂਪਲ ਲਏ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਕਲੋਰੀਨ ਦੀਆਂ ਗੋਲੀਆਂ ਵੀ ਵੰਡੀਆਂ ਜਾ ਰਹੀਆਂ ਨੇ ਤੇ ਲੋਕਾਂ ਨੂੰ ਡਾਇਰੀਆ ਤੋਂ ਬਚਾਅ ਲਈ ਸੁਚੇਤ ਵੀ ਕੀਤਾ ਜਾ ਰਿਹਾ ਹੈ।
ਅੱਜ ਡਾਇਰੀਏ ਤੋਂ ਪ੍ਰਭਾਵਿਤ ਪ੍ਰਿਆ (7) ਸਾਲ ਪੁੱਤਰੀ ਰਮੇਸ਼ ਕੁਮਾਰ ਤੇ ਉਸਦਾ ਭਰਾ ਰੋਹਿਤ (5), ਰਾਣੋ (42) ਪਤਨੀ ਅਸ਼ੋਕ ਕੁਮਾਰ ਵਾਸੀ ਰਾਮ ਬਸਤੀ, ਪੰਕਜ (15) ਪੁੱਤਰ ਤ੍ਰਿਪਾਲ ਵਾਸੀ ਰਾਮ ਬਸਤੀ, ਹਸਨਪ੍ਰੀਤ (11) ਤੇ ਉਸਦੇ ਭਰਾ ਕਰਨਪ੍ਰੀਤ (9) ਪੁੱਤਰ ਵਿਕਰਮ ਸਿੰਘ ਵਾਸੀ ਪਿੰਡ ਰੱਤਾਖੇੜਾ ਨੂੰ ਦਸਤ ਦੀ ਸ਼ਿਕਾਇਤ ਕਾਰਨ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਇਸ ਬਾਰੇ ਜਦੋਂ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਰਾਜਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਡਾਇਰੀਆ ਦੇ ਮਰੀਜ਼ ਆ ਰਹੇ ਹਨ। ਉਨ੍ਹਾਂ ਨਾਲ ਕਿਹਾ ਕਿ ਦੋ ਬਸਤੀਆਂ ‘ਚ ਡਾਇਰੀਆ ਦੀ ਸ਼ਿਕਾਇਤ ਆ ਰਹੀ ਹੈ, ਜਿੱਥੇ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਗਈਆਂ ਹਨ। ਉਨ੍ਹਾਂ ਨਾਲ ਹੀ ਨਗਰ ਕੌਂਸਲ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਵੀ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਵਾਉਣ ਵੱਲ ਧਿਆਨ ਦੇਣ ਲਈ ਕਿਹਾ ਗਿਆ ਹੈ।
ਪਿਛਲੇ ਸਾਲ ਹੋਈਆਂ ਸਨ 10 ਮੌਤਾਂ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਸਮਾਣਾ ਨੂੰ ਡਾਇਰੀਆ ਨੇ ਆਪਣੀ ਲਪੇਟ ‘ਚ ਲੈ ਲਿਆ ਸੀ, ਜਿਸ ਕਾਰਨ 10 ਵਿਅਕਤੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ ਸੀ ਪਿਛਲੇ ਸਾਲ ਡਾਇਰੀਆ ਨਾਲ ਸਬੰਧਤ ਸੈਂਕੜੇ ਕੇਸ ਸਾਹਮਣੇ ਆਏ ਸਨ