ਜਾਧਵ ਦੀ ਫਾਂਸੀ ‘ਤੇ ਰੋਕ ਬਰਕਰਾਰ

ਕੌਮਾਂਤਰੀ ਅਦਾਲਤ ‘ਚ ਪਾਕਿਸਤਾਨ ਨੂੰ ਵੱਡਾ ਝਟਕਾ
ਪਾਕਿ ਦੀਆਂ ਦਲੀਲਾਂ ਰੱਦ, ਭਾਰਤ ਦੀ ਅਪੀਲ ਨੂੰ ਠਹਿਰਾਇਆ ਸਹੀ
ਏਜੰਸੀ
ਹੇਗ/ਨਵੀਂ ਦਿੱਲੀ
ਭਾਰਤ ਨੂੰ ਅੱਜ ਇੱਕ ਵੱਡੀ ਡਿਪਲੋਮੈਟਿਕ ਜਿੱਤ ਹਾਸਲ ਹੋਈ, ਜਦੋਂ ਕੌਮਾਂਤਰੀ ਅਦਾਲਤ ਨੇ ਪਾਕਿਸਤਾਨ ਦੀਆਂ ਸਾਰੀਆਂ ਦਲੀਲਾਂ ਨੂੰ ਰੱਦ ਕਰਦਿਆਂ ਸਮੁੰਦਰੀ ਫੌਜ ਦੇ ਸਾਬਕਾ ਅਧਿਕਾਰੀ ਕੁਲਭੂਸ਼ਣ ਜਾਧਵ ਦੀ ਫਾਂਸੀ ਦੀ ਸਜ਼ਾ ‘ਤੇ ਅੰਤਿਮ ਫੈਸਲਾ ਆਉਣ ਤੱਕ ਰੋਕ ਲਾ ਦਿੱਤੀ
ਹੇਗ ਸਥਿੱਤ ਪੀਸ ਪੈਲੇਸ ‘ਚ ਕੌਮਾਂਤਰੀ ਅਦਾਲਤ ਦੇ ਮੁਖੀ ਰੋਣੀ ਅਬਰਾਹੀਮ ਨੇ ਇਸ ਮਾਮਲੇ ‘ਚ ਫੈਸਲਾ ਸੁਣਾਉਂਦਿਆਂ ਪਾਕਿਸਤਾਨ ਸਰਕਾਰ ਨੂੰ ਸਖ਼ਤ ਨਿਰਦੇਸ਼ ਦਿੱਤਾ ਕਿ ਉਹ ਇਹ ਯਕੀਨੀ ਕਰੇ ਕਿ ਅਦਾਲਤ ਦਾ ਅੰਤਿਮ ਆਦੇਸ਼ ਆਉਣ ਤੱਕ ਜਾਧਵ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ ਇਸ ਲਈ ਉਹ ਜ਼ਰੂਰੀ ਕਦਮ ਚੁੱਕੇ ਤੇ ਉਨ੍ਹਾਂ ਦੀ ਜਾਣਕਾਰੀ ਅਦਾਲਤ ਨੂੰ ਦੇਵੇ ਅਦਾਲਤ ਦਾ ਇਹ ਨਿਰਦੇਸ਼ ਇਸ ਲਈ ਅਹਿਮ ਹੈ ਕਿ ਪਾਕਿਸਤਾਨ ਨੇ ਆਪਣੀ ਦਲੀਲ ਦੌਰਾਨ ਅਜਿਹਾ ਕੋਈ ਭਰੋਸਾ ਨਹੀਂ ਦਿੱਤਾ ਕਿ ਮਾਮਲੇ ‘ਚ ਅੰਤਿਮ ਫੈਸਲਾ ਆਉਣ ਤੱਕ ਉਹ ਜਾਧਵ ਦੀ ਸਜ਼ਾ ‘ਤੇ ਅਮਲ ਨਹੀਂ ਕਰੇਗਾ ਅਦਾਲਤ ਨੇ ਜਾਧਵ ਨੂੰ ਵਿਅਨਾ ਸੰਧੀ ਦੀ ਧਾਰਾ 36 ਤਹਿਤ ਡਿਪਲੋਮੇਟ ਸੰਪਰਕ ਦਿੱਤੇ ਜਾਣ ਦੀ ਭਾਰਤ ਦੀ ਅਪੀਲ ਨੂੰ ਸਹੀ ਠਹਿਰਾਇਆ ਹੈ ਤੇ ਪਾਕਿਸਤਾਨ ਦੀ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਜਾਧਵ ਦਾ ਮਾਮਲਾ ਅਦਾਲਤ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ
ਅਦਾਲਤ ਦੀ 11 ਮੈਂਬਰੀ ਜਿਊਰੀ ਨੇ ਆਪਣੇ ਸਰਬਸੰਮਤ ਫੈਸਲੇ ‘ਚ ਭਾਰਤ ਵੱਲੋਂ ਵਿਅਨਾ ਸੰਧੀ ਤਹਿਤ ਚੁੱਕੇ ਗਏ ਸਵਾਲਾਂ ਨੂੰ ਜਾਇਜ਼ ਮੰਨਿਆ ਉਸਨੇ ਇਹ ਵੀ ਕਬੂਲ ਕੀਤਾ ਕਿ ਪਾਕਿਸਤਾਨ ਦੁਰਭਾਵਨਾ ਨਾਲ ਪ੍ਰੇਰਿਤ ਹੈ ਤੇ ਜਾਧਵ ਦੀ ਜਾਨ ਖਤਰੇ ‘ਚ ਹੈ ਅਦਾਲਤ ਨੇ ਕਿਹਾ ਕਿ ਪਾਕਿਸਤਾਨ ਨੇ ਸੰਕੇਤ ਦਿੱਤਾ ਹੈ ਕਿ ਆਉਂਦੀ ਅਗਸਤ ਤੱਕ ਜਾਧਵ ਨੂੰ ਫਾਂਸੀ ਨਹੀਂ ਦਿੱਤੀ ਜਾਵੇਗੀ
ਪਾਕਿ ਦਾ ਤਰਕ
ਦੂਜੇ ਪਾਸੇ ਪਾਕਿਸਤਾਨ ਨੇ ਤਰਕ ਦਿੱਤਾ ਕਿ ਇਹ ਉਸਦੀ ਕੌਮੀ ਸੁਰੱਖਿਆ ਨਾਲ ਜੁੜਿਆ ਮੁੱਦਾ ਹੈ ਤੇ ਇਹ ਵਿਅਨਾ ਸੰਧੀ ਤਹਿਤ ਨਹੀਂ ਆਉਂਦਾ ਹੈ ਅਦਾਲਤ ਇਸ ‘ਤੇ ਸੁਣਵਾਈ ਨਹੀਂ ਕਰ ਸਕਦੀ
ਸੁਸ਼ਮਾ ਸਵਰਾਜ ਦੀ ਪਹਿਲ ਲਿਆਈ ਰੰਗ, ਮੋਦੀ ਨੇ ਪ੍ਰਗਟਾਈ ਤਸੱਲੀ
ਨਵੀਂ ਦਿੱਲੀ ਜਾਸੂਸੀ ਦੇ ਦੋਸ਼ ‘ਚ ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਨੂੰ ਸੁਣਾਈ ਗਈ ਫਾਂਸੀ ਦੀ ਸਜ਼ਾ ‘ਤੇ ਕੌਮਾਂਤਰੀ ਅਦਾਲਤ ਵੱਲੋਂ ਲਾਈ ਰੋਕ ਨਾਲ ਭਾਰਤ ‘ਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਤੇ ਮੋਦੀ ਸਰਕਾਰ ਨੂੰ ਇਸ ਨਾਲ ਇੱਕ ਵੱਡੀ ਕੂਟਨੀਤਿਕ ਜਿੱਤ ਹਾਸਲ ਹੋਈ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਟਵੀਟ ਕਰਦਿਆਂ ਕਿਹਾ ਕਿ ਇਸ ਫੈਸਲੇ ਨਾਲ ਨਾ ਸਿਰਫ਼ ਜਾਧਵ ਦੇ ਪਰਿਵਾਰ ਨੂੰ , ਸਗੋਂ ਸਮੂਹ ਭਾਰਤ ਵਾਸੀਆਂ ਨੂੰ ਵੱਡੀ ਰਾਹਤ ਮਿਲੀ ਹੈ ਸਵਰਾਜ ਨੇ ਇਸ ਮਾਮਲੇ ‘ਚ ਵਿਸ਼ੇਸ਼ ਪਹਿਲ ਕੀਤੀ ਸੀ ਜਿਸ ਦੀ ਵਜ੍ਹਾ ਨਾਲ ਇਸ ਮਾਮਲੇ ਨੂੰ ਹੇਗ ਸਥਿੱਤ ਕੌਮਾਂਤਰੀ ਅਦਾਲਤ ‘ਚ ਚੁੱਕਿਆ ਜਾ ਸਕਿਆ ਸੀ ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀਮਤੀ ਸਵਰਾਜ ਨਾਲ ਗੱਲ ਕੀਤੀ ਤੇ ਅਦਾਲਤ ਦੇ ਫੈਸਲੇ ‘ਤੇ ਸੰਤੋਸ਼ ਪ੍ਰਗਟ ਕੀਤਾ ਤੇ ਇਸਦੇ ਲਈ ਭਾਰਤੀ ਟੀਮ ਵੱਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਮੋਦੀ ਸਰਕਾਰ ਪਿਛਲੇ ਕੁਝ ਮਹੀਨਿਆਂ ਤੋਂ ਜਾਧਵ ਨੂੰ ਫਾਂਸੀ ਤੋਂ ਬਚਾਉਣ ਤੇ ਨਿਆਂ ਦਿਵਾਉਣ ਲਈ ਸਿਆਸੀ ਪੱਧਰ ‘ਤੇ ਕਾਫ਼ੀ ਸਰਗਰਮਤਾ ਨਾਲ ਕੰਮ ਕਰ ਰਹੀ ਸੀ