ਘੇਰਾ ਪੈਣ ‘ਤੇ ਤਿੰਨ ਗੈਂਗਸਟਰਾਂ ਵੱਲੋਂ ਖੁਦਕਸ਼ੀ

ਹਰਿਆਣਾ ਦੇ ਡੱਬਵਾਲੀ ਇਲਾਕੇ ‘ਚ ਹੋਈ ਵਾਰਦਾਤ
ਹਥਿਆਰ, 20 ਹਜ਼ਾਰ ਦੀ ਰਾਸ਼ੀ ਤੇ ਸਕਾਰਪੀਓ ਬਰਾਮਦ
ਅਸ਼ੋਕ ਵਰਮਾ
ਬਠਿੰਡਾ/ਡੱਬਵਾਲੀ  
ਹਰਿਆਣਾ ਦੀ ਮੰਡੀ ਡੱਬਵਾਲੀ ਇਲਾਕੇ ਦੇ ਪਿੰਡ ਸੁਖੇਰਾਖੇੜਾ ਦੇ ਨਜ਼ਦੀਕ ਅੱਜ ਸਵੇਰੇ ਪੁਲਿਸ ਨਾਲ ਹੋਏ ਇੱਕ ਮੁਕਾਬਲੇ ਤੋਂ ਬਾਅਦ ਇੱਕ ਮਕਾਨ ਦੀ ਛੱਤ ‘ਤੇ ਤਿੰਨ ਗੈਂਗਸਟਰ ਮ੍ਰਿਤਕ ਪਾਏ ਗਏ ਹਨ ਮ੍ਰਿਤਕਾਂ ਦੀ ਪਛਾਣ ਜਸਪ੍ਰੀਤ ਸਿੰਘ ‘ਜੰਪੀ’ ਉਰਫ਼ ‘ਜਿੰਮੀ ਡੌਨ’ , ਕੰਵਲਜੀਤ ਸਿੰਘ ਉਰਫ਼ ਬੰਟੀ ਅਤੇ ਨਿਸ਼ਾਨ ਸਿੰਘ ਵਜੋਂ ਹੋਈ ਹੈ ਪੁਲਿਸ ਅਫਸਰਾਂ ਨੇ ਦਾਅਵਾ ਕੀਤਾ ਹੈ ਕਿ ਆਪਣੇ ਆਪ ਨੂੰ ਘਿਰਿਆ ਦੇਖ ਕੇ ਇਨ੍ਹਾਂ ਨੇ ਖੁਦ ਨੂੰ ਗੋਲੀ ਮਾਰਕੇ ਖੁਦਕੁਸ਼ੀ ਕੀਤੀ ਹੈ ਜਾਂ ਫਿਰ ਇੱਕ ਦੂਸਰੇ ਦੇ ਗੋਲੀਆਂ ਮਾਰ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ ਬਠਿੰਡਾ ਜੋਨ ਦੇ ਆਈ ਜੀ ਮੁਖਵਿੰਦਰ ਸਿੰਘ ਛੀਨਾ ਨੇ ਅੱਜ ਡੱਬਵਾਲੀ ਵਿਖੇ ਖੁਲਾਸਾ ਕਰਦਿਆਂ ਇਸ ਆਪਰੇਸ਼ਨ ‘ਚ ਭਾਗ ਲੈਣ ਵਾਲੀਆਂ ਪੁਲਿਸ ਟੀਮਾਂ ਦੀ ਪਿੱਠ ਥਾਪੜੀ
ਜਾਣਕਾਰੀ ਮੁਤਾਬਕ ਇੱਕ ਗੁਪਤ ਸੂਚਨਾ ਦੇ ਅਧਾਰ ‘ਤੇ ਫਰੀਦਕੋਟ ਪੁਲਿਸ ਦੇ ਸੀ.ਆਈ.ਏ ਸਟਾਫ ਦੇ ਇੰਚਾਰਜ  ਅੰਮ੍ਰਿਤਪਾਲ ਸਿੰਘ ਭਾਟੀ ਅਤੇ

ਪੁਲਿਸ ਚੌਂਕੀ ਚੌਟਾਲਾ ਦੇ ਇੰਚਾਰਜ ਸੁਖਜੀਤ ਸਿੰਘ ਦੀ ਅਗਵਾਈ ਹੇਠ ਪੁਲੀਸ ਨਫਰੀ ਨੇ ਅੱਜ ਸਵੇਰੇ ਪੰਜ ਵਜੇ ਕਿਸਾਨ ਸੁਖਪਾਲ ਸਿੰਘ ਦੀ ਖੇਤਾਂ ਵਿਚਲੀ ਰਿਹਾਇਸ਼ ਨੂੰ ਘੇਰ ਲਿਆ  ਆਤਮ ਸਮਰਪਣ ਕਰਨ ਦੀ ਚਿਤਾਵਨੀ ਦੇਣ ਤੇ ਮਕਾਨ ‘ਚ ਛੁਪੇ ਗੈਂਗਸਟਰਾਂ ਨੇ ਪੁਲਿਸ ਤੇ ਫਾਇਰਿੰਗ ਕਰ ਦਿੱਤੀ ਦਵੱਲੀ ਫਾਇਰਿੰਗ ਸ਼ਾਂਤ ਹੋਣ ਤੇ ਤਲਾਸ਼ੀ ਲਈ ਤਾਂ ਜਸਪ੍ਰੀਤ ਸਿੰਘ ਜਿੰਮੀ ਉਰਫ਼ ‘ਜੰਪੀ ਡੌਨ’ ਵਾਸੀ ਰੋੜੀ ਕਪੂਰਾ ਅਤੇ ਕੰਵਲਜੀਤ ਸਿੰਘ ਉਰਫ਼ ਬੰਟੀ ਵਾਸੀ ਹਿੰਮਤਪੁਰਾ ਬਸਤੀ ਜੈਤੋ ਮ੍ਰਿਤਕ ਪਾਇਆ ਗਿਆ ਇੰਨ੍ਹਾਂ ਦੇ ਤੀਸਰੇ ਸਾਥੀ ਨਿਸ਼ਾਨ ਸਿੰਘ ਵਾਸੀ ਰੁਕਨਵਾਲਾ ਦੇ ਛਾਤੀ ‘ਚ ਗੋਲੀ ਲੱਗਣ ਨਾਲ ਗੰਭੀਰ ਰੂਪ ‘ਚ ਜਖ਼ਮੀ ਸੀ ਜਿਸ ਨੇ ਡੱਬਵਾਲੀ ਹਸਪਤਾਲ ਲਿਜਾਂਦੇ ਸਮੇਂ ਰਾਹ ‘ਚ ਹੀ ਦਮ ਤੋੜ ਦਿੱਤਾ। ਥਾਣਾ ਡੱਬਵਾਲੀ ਸਦਰ ਪੁਲੀਸ ਨੇ ਇਸ ਸਬੰਧ ‘ਚ ਧਾਰਾ 307,332,186,212,216, 120 ਬੀ ਅਤੇ ਅਸਲਾ ਐਕਟ ਤਹਿਤ ਪੁਲਿਸ ਕੇਸ ਦਰਜ ਕਰਕੇ ਮਕਾਨ ਮਾਲਕ ਸੁਖਪਾਲ ਸਿੰਘ ਅਤੇ ਉਸਦੀ ਮਾਤਾ ਪਰਮਜੀਤ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪਤਾ ਲੱਗਿਆ ਹੈ ਕਿ ਇੰਨ੍ਹਾਂ ਗੈਂਗਸਟਰਾਂ ਦਾ ਸਬੰਧ ਦਵਿੰਦਰ ਬੰਬੀਹਾ ਗਿਰੋਹ ਨਾਲ ਸੀ ਬੰਬੀਹਾ ਦੀ ਮੌਤ ਤੋਂ ਬਾਅਦ ਜਿੰਮੀ ਡੌਨ ਨੇ ਆਪਣਾ ਵੱਖਰਾ ਗਰੁੱਪ ਕਾਇਮ ਕਰਕੇ ਅਪਰਾਧਾਂ ਦਾ ਰਾਹ ਫੜਿਆ ਹੋਇਆ ਸੀ ਸ੍ਰੀ ਛੀਨਾ ਨੇ ਦੱਸਿਆ ਕਿ ਫਰੀਦਕੋਟ ਪੁਲੀਸ ਨੇ ਇਸ ਆਪ੍ਰੇਸ਼ਨ ਨੂੰ ਕਾਫੀ ਹੁਸ਼ਿਆਰੀ ਨਾਲ ਅੰਜਾਮ ਦਿੱਤਾ ਹੈ ਉਨ੍ਹਾਂ ਦੱਸਿਆ ਕਿ ਉਨ੍ਹਾਂ ਖੁਦ ਮੌਕਾ ਦੇਖਿਆ ਹੈ ਤੇ ਹਾਲਾਤਾਂ ਮੁਤਾਬਕ ਖੁਦ ਨੂੰ ਘਿਰਿਆ ਦੇਖ ਕੇ ਜੰਪੀ ਤੇ ਬੰਟੀ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ ਅਤੇ  ਮੌਕੇ ਤੋਂ ਫਰਾਰ ਹੋਣ ਦਾ ਯਤਨ ਕਰ ਰਹੇ ਨਿਸ਼ਾਨ ਸਿੰਘ ਤੇ ਵੀ ਗੋਲੀਆਂ ਚਲਾ ਦਿੱਤੀਆਂ ਆਈ.ਜੀ. ਨੇ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਸਾਹਮਣੇ ਆਇਆ ਹੈ ਕਿ ਮਕਾਨ ਮਾਲਕ ਸੁਖਪਾਲ ਸਿੰਘ ਦੀ ਭੂਮਿਕਾ ਸ਼ੱਕੀ ਹੈ ਉਨ੍ਹਾਂ ਦੱਸਿਆ ਕਿ ਹੈਰਾਨੀ ਵਾਲੀ ਗੱਲ ਹੈ ਕਿ ਸੁਖਪਾਲ ਸਿੰਘ ਖੁਦ ਛੱਤ ਉਪਰ ਪਏ ਚੌਥੇ ਮੰਜੇ ‘ਤੇ ਸੁੱਤਾ ਹੋਇਆ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਨੂੰ ਮੌਕੇ ਤੋਂ ਦੋ ਮੋਬਾਇਲ ਮਿਲੇ ਹਨ ਉਨ੍ਹਾਂ ਕਿਹਾ ਕਿ ਪੁਲੀਸ ਨੇ ਲਾਸ਼ਾਂ ਲਾਗਿਓਂ ਇੱਕ 315 ਬੋਰ ਰਾਇਫ਼ਲ ਤੇ 6 ਰੌਂਦ, ਦੋ 30 ਬੋਰ ਦੇ ਪਿਸਤੌਲ, 4 ਚੱਲੇ ਤੇ 29 ਅਣਚੱਲੇ ਰੌਂਦ, 32 ਬੋਰ ਪਿਸਤੌਲ , 85 ਜਿੰਦਾ ਅਤੇ6 ਚਲਾਏੇ ਰੌਂਦ ਬਰਾਮਦ ਕੀਤੇ ਹਨ। ਪੁਲਿਸ ਨੂੰ ਇੰਨ੍ਹਾਂ ਗੈਂਗਸਟਰਾਂ ਕੋਲੋਂ 20 ਹਜ਼ਾਰ ਰਪਏ ਨਕਦ ਰਾਸ਼ੀ ਤੇ ਸਕਾਰਪੀਓ ਵੀ ਮਿਲੀ ਹੈ। ਉਨ੍ਹਾਂ ਕਿਹਾ ਕਿ ਜਿੰਮੀ ਡੌਨ ਤੇ ਬੰਟੀ ਖਿਲਾਫ਼ ਪੰਜਾਬ ‘ਚ ਕਤਲ ਡਕੈਤੀ, ਤੇ ਅਗਵਾ ਦੇ 14 ਅਤੇ ਹਰਿਆਣਾ ਵਿੱਚ 2 ਪੁਲਿਸ ਕੇਸ ਦਰਜ ਹਨ। ਇਸੇ ਤਰਾਂ ਨਿਸ਼ਾਨ ਸਿੰਘ ‘ਤੇ ਪੰਜਾਬ ‘ਚ 4 ਅਤੇ ਹਰਿਆਣੇ ‘ਚ ਇੱਕ ਮਾਮਲਾ ਦਰਜ ਹੈ। ਪੁਲਿਸ ਨੂੰ ਸ਼ੱਕ ਹੈ ਕਿ ਰਜਿਸ਼ਟਰੇਸ਼ਨ ਅਤੇ ਬਾਹਰ ਲਿਖੇ ਨੰਬਰਾਂ ‘ਚ ਅੰਤਰ ਹੋਣ ਕਰਕੇ ਬਰਾਮਦ ਹੋਈ ਸਕਾਰਪੀਓ ਵੀ ਖੋਹੀ ਹੋਈ ਜਾਪਦੀ ਹੈ ਆਈ.ਜੀ. ਨੇ ਦੱਸਿਆ ਕਿ ਪੁਲਿਸ ਮਕਾਨ ਮਾਲਕ ਦਾ ਰਿਮਾਂਡ ਲੈਕੇ ਪੁੱਛ ਪੜਤਾਲ ਕਰੇਗੀ ਤਾਂ ਜੋ ਪਤਾ ਲਾਇਆ ਜਾ ਸਕੇ ਕਿ ਇਹ ਲੋਕ ਇਸ ਮਕਾਨ ਨੂੰ ਕਿੰਨੇ ਸਮੇਂ ਤੋਂ ਆਪਣੀ ਠਾਹਰ ਵਜੋਂ ਵਰਤਦੇ ਆ ਰਹੇ ਸਨ