ਕਰਜ਼ੇ ਦਾ ਜਾਲ:ਕਿਸਾਨਾਂ ਨੂੰ ਮੌਤ ਵੱਲ ਧੱਕ ਰਹੇ ਹਨ ਪ੍ਰਾਈਵੇਟ ਬੈਂਕ

ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਪ੍ਰਾਈਵੇਟ ਬੈਂਕਾਂ ‘ਤੇ ਕਿਸਾਨਾਂ ਨੂੰ ਵੱਧ ਕਰਜ਼ਾ ਦੇਣ ਦਾ ਲਾਇਆ ਦੋਸ਼
ਅਸ਼ਵਨੀ ਚਾਵਲਾ
ਚੰਡੀਗੜ੍ਹ,
ਆਪਣੇ ਟਾਰਗੇਟ ਨੂੰ ਪੂਰਾ ਕਰਨ ਲਈ ਪ੍ਰਾਈਵੇਟ ਬੈਂਕਾਂ ਦੇ ਬ੍ਰਾਂਚ ਮੈਨੇਜਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਮੌਤ ਦੇ ਘਾਟ ਉਤਾਰਨ ਦੀ ਪੂਰੀ ਕੋਸ਼ਸ਼ ਕੀਤੀ ਹੋਈ ਹੈ, ਜਿਸ ਕਾਰਨ ਹੀ ਪੰਜਾਬ ਦਾ ਕਿਸਾਨ ਰੋਜ਼ਾਨਾ ਇਨ੍ਹਾਂ ਬੈਂਕਾਂ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਰਿਹਾ ਹੈ ਇਨ੍ਹਾਂ ਬੈਂਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਆਰ.ਬੀ.ਆਈ.  ਨੂੰ ਇਨ੍ਹਾਂ ਦੇ ਲਾਇਸੰਸ ਰੱਦ ਕਰਨ ਤੱਕ ਦੀ ਮੰਗੀ ਕੀਤੀ ਜਾ ਸਕਦੀ ਹੈ।
ਨਿੱਜੀ ਖੇਤਰ ਦੇ ਵੱਡੇ ਬੈਂਕਾਂ ‘ਤੇ ਇਹ ਦੋਸ਼ ਕੋਈ ਹੋਰ ਨਹੀਂ ਸਗੋਂ ਪੰਜਾਬ ਸਰਕਾਰ ਦੇ ਵੱਡੇ ਅਧਿਕਾਰੀ ਅਤੇ ਖ਼ੁਦ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਗਾ ਰਹੇ ਹਨ।ਉੱਚ ਅਧਿਕਾਰੀਆਂ ਦਾ ਕਹਿਣਾ ਕਿ ਇਨ੍ਹਾਂ ਬੈਂਕਾਂ ਦੀ ਹੀ ਐਸ.ਐਲ.ਬੀ.ਸੀ ਦੀ ਰਿਪੋਰਟ ਅਨੁਸਾਰ ਪੰਜਾਬ
ਵਿੱਚ ਢਾਈ ਏਕੜ ਜਾਂ ਇਸ ਤੋਂ ਘੱਟ ਵਾਲੇ ਲਗਭਗ 5 ਲੱਖ 70 ਹਜ਼ਾਰ ਕਿਸਾਨ ਕਰਜ਼ੇ ਦੀ ਮਾਰ ਹੇਠਾਂ ਆਏ ਹੋਏ ਹਨ। ਇਨਾਂ ਕਿਸਾਨਾਂ ਵਿੱਚੋਂ 35 ਹਜ਼ਾਰ ਇਹੋ ਜਿਹੇ ਕਿਸਾਨ ਹਨ, ਜਿਨਾਂ ‘ਤੇ ਸਭ ਤੋਂ ਜਿਆਦਾ ਕਰਜ਼ਾ ਹੈ। ਇਹੋ ਅੰਕੜੇ ਹੀ ਪੰਜਾਬ ਸਰਕਾਰ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਰਹੇ ਹਨ ਕਿ ਆਖ਼ਰਕਾਰ ਇਨਾਂ ਕਿਸਾਨਾਂ ਨੂੰ ਇੰਨਾ ਜਿਆਦਾ ਕਰਜ਼ਾ ਮਿਲ ਕਿਵੇਂ ਗਿਆ।
ਪੰਜਾਬ ਸਰਕਾਰ ਦੇ ਅਧਿਕਾਰੀਆਂ ਨੇ ਜਦੋਂ ਇਸ ਮਾਮਲੇ ਦੀ ਘੋਖ ਕਰਨੀ ਸ਼ੁਰੂ ਕੀਤਾ ਤਾਂ ਮਾਮਲਾ ਸਾਹਮਣੇ ਆਇਆ ਕਿ ਆੜਤੀਆਂ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਪੰਜਾਬ ਦੇ ਕਿਸਾਨਾਂ ਨੂੰ ਹੀ ਆਪਣੇ ਜਾਲ ਵਿੱਚ ਫਸਾ ਲਿਆ, ਜਿਸ ਕਾਰਨ ਆੜਤੀ ਤਾਂ ਆਪਣੇ ਪੈਸੇ ਲੈ ਕੇ ਚਲਦਾ ਬਣਿਆ ਪਰ ਬੈਂਕ ਦੇ ਕਰਜ਼ੇ ਹੇਠ ਕਿਸਾਨ ਆਪਣਾ ਜਾਨ ਖ਼ਤਮ ਕਰਨ ਵਲ ਤੁਰ ਪਿਆ।
ਪ੍ਰਾਈਵੇਟ ਬੈਂਕਾਂ ਨੇ ਕਿਸਾਨਾਂ ਦੀ ਜਮੀਨ ਦੀ ਲਿਮਿਟ ਤੈਅ ਨਿਯਮਾਂ ਤੋਂ ਉਲਟ ਕਈ ਗੁਣਾ ਵਧਾਉਂਦੇ ਹੋਏ ਕਿਸਾਨਾਂ ਨੂੰ ਕਈ ਗੁਣਾ ਕਰਜ਼ਾ ਦੇ ਦਿੱਤਾ। ਇਨਾਂ ਪ੍ਰਾਈਵੇਟ ਬੈਂਕਾਂ ਨੇ ਕਿਸਾਨਾਂ ਦੀ ਜਮੀਨ ਆਪਣੇ ਕੋਲ ਗਿਰਵੀ ਰੱਖਦੇ ਹੋਏ ਫਸਲੀ ਲੋਨ ਦਿਖਾਉਂਦੇ ਹੋਏ ਇੱਕ ਏਕੜ ਜਮੀਨ ‘ਤੇ 3 ਲੱਖ ਤੋਂ ਲੈ ਕੇ 6 ਲੱਖ ਰੁਪਏ ਤੱਕ ਦਾ ਕਰਜ਼ਾ ਦੇ ਦਿੱਤਾ, ਜਦੋਂ ਕਿ ਇੱਕ ਫਸਲ ਲਈ ਕਿਸਾਨ ਨੂੰ ਜਿਆਦਾ ਤੋਂ ਜਿਆਦਾ 20 ਹਜ਼ਾਰ ਰੁਪਏ ਦੀ ਹੀ ਜਰੂਰਤ ਪੈਂਦੀ ਹੈ। ਇਨਾਂ ਜਿਆਦਾ ਕਰਜ਼ਾ ਮਿਲਣ ‘ਤੇ ਮੌਕੇ ‘ਤੇ ਕਿਸਾਨ ਨੇ ਆਪਣੀ ਹੋਰ ਦੇਣਦਾਰੀਆਂ ਉਤਾਰਨ ਤੋਂ ਬਾਅਦ ਨਿੱਜੀ ਤੌਰ ਕਈ ਹੋਰ ਖ਼ਰਚੇ ਵੀ ਕਰ ਲਏ ਪਰ ਹੁਣ ਕਰਜ਼ਾ ਵਾਪਸੀ ਕਰਨ ਵੇਲੇ ਕਿਸਾਨਾਂ ਨੂੰ ਪਰੇਸ਼ਾਨੀ ਆ ਰਹੀਂ ਹੈ।
ਪੰਜਾਬ ਦੇ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਕਿ ਨਿੱਜੀ ਬੈਂਕਾਂ ਦੇ ਇਸ ਕਾਰਨਾਮੇ ਨੂੰ ਲੈ ਕੇ ਉਹ ਨਰਾਜ਼ ਹਨ, ਕਿਉਂਕਿ ਪੰਜਾਬ ਦੇ ਕਿਸਾਨਾਂ ਦੀ ਇੰਨੀ ਜਿਆਦਾ ਮਾੜੀ ਹਾਲਤ ਇਨਾਂ ਬੈਂਕਾਂ ਨੇ ਹੀ ਕੀਤੀ ਹੈ। ਉਨਾਂ ਦੱਸਿਆ ਕਿ ਸਰਕਾਰ ਹੁਣ ਜਲਦ ਹੀ ਇਨਾਂ ਨਿੱਜੀ ਬੈਂਕਾਂ ਦੇ ਖ਼ਿਲਾਫ਼ ਕਾਰਵਾਈ ਕਰਦੇ ਹੋਏ ਕਿਸਾਨਾਂ ਨੂੰ ਇਨਾਂ ਦੇ ਜਾਲ ਵਿੱਚੋਂ ਛੁੜਾਉਣ ਦੀ ਕੋਸ਼ਸ਼ ਕਰਨ ਵਿੱਚ ਜੁਟਣ ਵਾਲੀ ਹੈ।

ਪੰਜਾਬ ਦੇ ਕਿਸਾਨਾਂ ਸਿਰ ਕਰਜ਼ਾ
ਕੁੱਲ ਖੇਤੀਬਾੜੀ ਕਰਜ਼ਾ
85 ਹਜ਼ਾਰ ਕਰੋੜ
ਛੋਟੇ ਕਿਸਾਨਾਂ ਵੱਲ ਕਰਜ਼ਾ72 ਹਜ਼ਾਰ 700 ਕਰੋੜ
ਕੋਆਪਰੇਟਿਵ ਬੈਂਕ ਦਾ ਕਰਜ਼ਾ5 ਹਜ਼ਾਰ ਕਰੋੜ ਰੁਪਏ

ਕੀ ਗਰੰਟੀ ਮੁੜ ਤੋਂ ਨਾ ਚੜ੍ਹੇ ਕਰਜ਼ਾ
ਪੰਜਾਬ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ਼ ਕਰਨ ਨੂੰ ਪੂਰੀ ਤਰ੍ਹਾਂ ਤਿਆਰ ਹੈ ਪਰ ਸਰਕਾਰ ਇਸ ਗੱਲ ਨੂੰ ਚਿੰਤਤ ਹੈ ਕਿ ਇਸ ਗੱਲ ਦੀ ਕੀ ਗਰੰਟੀ ਹੈ ਕਿ ਕਿਸਾਨ ਮੁੜ ਤੋਂ ਇਸ ਕਰਜ਼ੇ ਦੇ ਜਾਲ ਵਿੱਚ ਨਹੀਂ ਫਸਣਗੇ। ਇਸੇ ਗੱਲ ਨੂੰ ਲੈ ਕੇ ਬੀਤੇ ਦਿਨੀਂ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਵੀ ਚਰਚਾ ਹੋਈ। ਜਿਸ ਕਾਰਨ ਮੁੱਖ ਮੰਤਰੀ ਨੇ ਇਸ ਚਿੰਤਾ ਦਾ ਪਹਿਲਾਂ ਹੱਲ ਲੱਭਣ ਲਈ ਕਿਹਾ ਹੈ, ਇਸ ਤੋਂ ਬਾਅਦ ਹੀ ਕਰਜ਼ਾ ਮੁਆਫ਼ ਕੀਤਾ ਜਾਵੇਗਾ।