ਆਪ ਵੱਲੋਂ ਵੰਡੀਆਂ ਟਿਕਟਾਂ ਦਾ ਬਠਿੰਡਾ ‘ਚ ਰੱਫੜ

ਆਰ ਟੀ ਆਈ ਵਿੰਗ ਦੇ ਆਗੂ ਵੱਲੋਂ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ

ਬਠਿੰਡਾ  (ਅਸ਼ੋਕ ਵਰਮਾ) ਆਮ ਆਦਮੀ ਪਾਰਟੀ ਵੱਲੋਂ ਪੰਜਾਬ ‘ਚ ਉਮੀਦਵਾਰਾਂ ਦੀ ਸੂਚੀ ਜਾਰੀ ਹੋਣ ਤੋਂ ਬਾਅਦ ਜਿਲ੍ਹਾ ਬਠਿੰਡਾ ਵਿਚ ਵੀ ਟਿਕਟਾਂ ਦੀ ਵੰਡ ਨੂੰ ਲੈਕੇ ਰੱਫੜ ਪੈ ਗਿਆ ਹੈ ਅੱਜ ਪਾਰਟੀ ਦੇ ਆਰ.ਟੀ.ਆਈ.ਵਿੰਗ ਦੇ ਨੇਤਾ ਤੇ ਬਠਿੰਡਾ ਨਿਵਾਸੀ ਹਰਮਿਲਾਪ ਸਿੰਘ ਗਰੇਵਾਲ ਨੇ  ਟਿਕਟਾਂ ਦੀ ਵੰਡ ‘ਤੇ ਉਂਗਲ ਉਠਾਈ ਅਤੇ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ ਜਿਸ ਨੇ ‘ਆਪ’ ਦੀ ਫੁੱਟ ਜੱਗ ਜ਼ਾਹਰ ਕਰ ਦਿੱਤੀ ਹੈ ।

ਸ੍ਰੀ ਗਰੇਵਾਲ ਨੇ ਅੱਜ ਇਸ ਸਬੰਧ ਵਿਚ ਬਕਾਇਦਾ ਪ੍ਰੈਸ ਕਾਨਫਰੰਸ ਸੱਦੀ ਜਿਸ ‘ਚ ਉਹ ਇਕੱਲੇ ਹੀ ਆਏ ਅਤੇ ਉਨ੍ਹਾਂ ਪੰਜਾਬ ਤੋਂ ਬਾਹਰਲੇ ਨੇਤਾਵਾਂ ਖਿਲਾਫ ਜੰਮ ਕੇ ਭੜਾਸ ਕੱਢੀ ਤਲਵੰਡੀ ਸਾਬੋ ਹਲਕੇ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਟਿਕਟ ਦੇਣ ਦਾ ਵਿਰੋਧ ਕਰਦਿਆਂ ਉਨ੍ਹਾਂ ਕਿਹਾ ਕਿ ਟਿਕਟਾਂ ਦੀ ਵੰਡ ਵਿੱਚ ਮਿਹਨਤੀ ਵਰਕਰਾਂ ਦੀ ਅਣਦੇਖੀ ਕੀਤੀ ਗਈ ਹੈ ਉਨ੍ਹਾਂ ਕਿਹਾ ਕਿ ਇਸ ਹਲਕੇ  ‘ਚ ਜਗਦੀਪ ਬਰਾੜ ਨੂੰ ਜਿਆਦਾ ਵੋਟਾਂ ਪਈਆਂ ਸਨ ਪਰ ਉਸ ਨੂੰ ਟਿਕਟ ਨਹੀਂ ਦਿੱਤੀ ਗਈ ਉਨ੍ਹਾਂ ਕਿਹਾ ਕਿ ਪ੍ਰੋਫੈਸਰ ਬਲਜਿੰਦਰ ਕੌਰ ਨਾਲ ਜੁੜੇ ਜੋ ਇਲਜਾਮ ਜਿਮਨੀ ਚੋਣ ਮੌਕੇ ਸਾਹਮਣੇ ਆਏ ਸਨ ਉਹ ਹਾਲੇ ਬਕਾਇਆ ਹਨ ।

ਇਹ ਵੀ ਪੜ੍ਹੋ : ਬਹਿਸਬਾਜ਼ੀ ਤੋਂ ਬਚੋ, ਸੁਖੀ ਰਹੋ

ਉਨ੍ਹਾਂ ਕਿਹਾ ਕਿ ਬੀਬੀ ਬਲਜਿੰਦਰ ਕੌਰ ਦੇ ਆਪਣੇ ਪਿੰਡ ਚੋਂ 700 ਵੋਟ ਘਟ ਗਈ ਸੀ ਇਸ ਲਈ ਉਨ੍ਹਾਂ ਨੂੰ ਦੁਬਾਰਾ ਉਮੀਦਵਾਰ ਨਹੀਂ ਬਣਾਇਆ ਜਾਣਾ ਚਾਹੀਦਾ ਸੀ ਇੱਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਪੈਸੇ ਲੈਕੇ ਟਿਕਟਾਂ ਦੇਣ ਬਾਰੇ ਕੋਈ ਜਾਣਕਾਰੀ ਨਹੀਂ ਹੈ ਉਂਜ ਵੱਡੀ ਗਿਣਤੀ ਲੋਕ ਟਿਕਟਾ ਖਾਤਰ ਪੈਸੇ ਚੁੱਕੀ ਫਿਰ ਰਹੇ ਹਨ, ਇਸ ਬਾਰੇ ਪੂਰੀ ਜਾਣਕਾਰੀ ਹੈ ਉਨ੍ਹਾਂ ਆਖਿਆ ਕਿ ਗਲਤ ਟਿਕਟਾਂ ਪਿੱਛੇ ਵੀ ਪਾਰਟੀ ਦੀ ਰਣਨੀਤੀ ਹੈ ਕਿਉਂਕਿ ਸ੍ਰੀ ਕੇਜਰੀਵਾਲ ਪੰਜਾਬ ਆਉਣਗੇ ਤੇ ਇਹੋ ਟਿਕਟਾਂ ਰੱਦ ਕਰਕੇ ਹੋਰਨਾਂ ਨੂੰ ਦਿੱਤੀਆਂ ਜਾਣਗੀਆਂ ਜਿਸ ਦਾ ਸਿਆਸੀ ਲਾਹੇ ਲਈ ਪ੍ਰਚਾਰ ਕੀਤਾ ਜਾਏਗਾ  ।

ਉਨ੍ਹਾਂ ਕਿਹਾ ਕਿ ਉਹ 17 ਅਕਤੂਬਰ 2012 ਨੂੰ ਬੀ.ਐਸ.ਐਨ.ਐਲ ਦੇ ਜਨਰਲ ਮੈਨੇਜਰ ਵਰਗੇ ਵਕਾਰੀ ਅਹੁਦੇ ਤੋਂ ਅਸਤੀਫਾ ਦੇਕੇ ਪਾਰਟੀ ‘ਚ ਸ਼ਾਮਲ ਹੋਏ ਸਨ ਕਿਉਂਕਿ ਉਨ੍ਹਾਂ ਨੂੰ ਲੱਗਾ ਸੀ ਕਿ ਆਪ ਤਬਦੀਲੀ ਲਿਆਉਣ ਜਾ ਰਹੀ ਹੈ ਪਰ ਇਹ ਭਰਮ ਹੀ ਸਾਬਤ ਹੋਇਆ ਉਨ੍ਹਾਂ ਆਖਿਆ ਕਿ ਪਾਰਟੀ ਦਾ ਗਠਨ ਜਿਸ ਮਕਸਦ ਲਈ ਹੋਇਆ ਸੀ ਕੇਂਦਰੀ ਲੀਡਰਸ਼ਿਪ ਤਾਂ ਇੱਕ ਪਾਸੇ ਖੁਦ ਅਰਵਿੰਦ ਕੇਜਰੀਵਾਲ ਵੀ ਉਸ ਤੋਂ ਭਟਕ ਗਏ ਹਨ।

ਉਨ੍ਹਾਂ ਕਿਹਾ ਕਿ ਪਾਰਟੀ ਦੀ ਦਿੱਲੀ ਤੋਂ ਆਈ ਲੀਡਰਸ਼ਿਪ ਪੰਜਾਬ ਦੇ ਨੇਤਾਵਾਂ ਨੂੰ ਜਾਣਬੁੱਝ ਕੇ ਅਣਗੌਲਿਆਂ ਕਰ ਰਹੀ ਹੈ ਤੇ ਸਥਾਨਕ ਆਗੂਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸ੍ਰੀ ਗਰੇਵਾਲ ਨੇ ਦੋਸ਼ ਲਾਇਆ ਕਿ ਜਦੋਂ ਪਾਰਟੀ ਦੀ ਪੰਜਾਬ ਦੀ ਲੀਡਰਸ਼ਿਪ ਪੰਜਾਬ ‘ਚ ਪਾਰਟੀ ਨੂੰ ਪੱਕੇ ਪੈਰੀਂ ਕਰਨ ਲਈ ਯਤਨਸ਼ੀਲ ਸੀ ਤਾਂ ਫਿਰ ਕੇਂਦਰੀ ਲੀਡਰਸ਼ਿਪ ਨੇ ਇਕ ਗੈਰ ਪੰਜਾਬੀ ਸੰਜੈ ਸਿੰਘ ਨੂੰ ਪੰਜਾਬ ‘ਚ ਪਾਰਟੀ ਨੂੰ ਚਲਾਉਣ ਲਈ ਕਿਉਂ ਅੱਗੇ ਲਿਆਂਦਾ ਉਨ੍ਹਾਂ ਆਖਿਆ ਕਿ ਜੇਕਰ ਕੋਈ ਬੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਦੂਸਰੀਆਂ ਪਾਰਟੀਆਂ ਵੱਲੋਂ ਭੇਜਿਆ ਕਰਾਰ ਦਿੱਤਾ ਜਾਂਦਾ ਹੈ ਸ੍ਰੀ ਗਰੇਵਾਲ ਨੇ ਐਲਾਨ ਕੀਤਾ ਕਿ ਉਹ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ ਪਰ ਜੇਕਰ ਚੌਥੇ ਫਰੰਟ ਨੇ ਸੱਦਾ ਦਿੱਤਾ ਤਾਂ ਉਹ ਸਹਿਯੋਗ ਕਰਨ ਲਈ ਤਿਆਰ ਹਨ ।

LEAVE A REPLY

Please enter your comment!
Please enter your name here