ਆਪ ਵਲੋਂ 13 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ

ਸੁੱਚਾ ਸਿੰਘ ਛੋਟੇਪੁਰ ਅੱਜ ਵੀ ਰਹੇ ਗੈਰਹਾਜ਼ਰ
ਸ਼ਰਤਾਂ ਦੇ ਆਧਾਰ ਤੇ ਕਿਸੇ ਨੂੰ ਵੀ ਪਾਰਟੀ ਵਿੱਚ ਸ਼ਾਮਿਲ ਨਹੀਂ ਕੀਤਾ ਜਾਵੇਗਾ : ਸੰਜੇ ਸਿੰਘ
ਅੰਮ੍ਰਿਤਸਰ,  (ਰਾਜਨ ਮਾਨ) ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਅੱਜ 13 ਉਮੀਦਵਾਰਾਂ ਦੀ ਦੂਸਰੀ ਸੂਚੀ ਜਾਰੀ ਕੀਤੀ ਗਈ। ਅੱਜ ਫਿਰ ਦੂਸਰੀ ਸੂਚੀ ਜਾਰੀ ਕਰਨ ਮੌਕੇ ਤੇ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਗੈਰਹਾਜ਼ਰ ਰਹੇ।
ਆਪ ਵਲੋਂ ਜਾਰੀ ਕੀਤੀ ਗਈ ਦੂਸਰੀ ਸੂਚੀ ਵਿੱਚ  ਅਟਾਰੀ ਵਿਧਾਨ ਸਭਾ ਹਲਕਾ ਰਿਜ਼ਰਵ ਤੋਂ ਜਸਵਿੰਦਰ ਸਿੰਘ ਜਹਾਂਗੀਰ,ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ, ਸਮਰਾਲਾ ਤੋਂ ਸਰਬੰਸ ਸਿੰਘ ਮਨਕੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਭੱਟੀ, ਦਿੜ੍ਹਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਪਟਿਆਲਾ ਦਿਹਾਤੀ ਤੋਂ ਕਰਨਵੀਰ ਸਿੰਘ ਟਿਵਾਣਾ,ਘਨੌਰ ਤੋਂ ਅਨੂ ਰੰਧਾਵਾ, ਨਾਭਾ ਤੋਂ ਦੇਵ ਮਾਨ, ਮਲੋਟ ਤੋਂ ਬਲਦੇਵ ਸਿੰਘ ਆਜ਼ਾਦ, ਸ਼ਾਮ ਚੁਰਾਸੀ ਤੋਂ ਡਾ.ਰਵਜੋਤ ਸਿੰਘ, ਤਲਵੰਡੀ ਸਾਬੋ ਤੋਂ ਪ੍ਰੋ.ਬਲਜਿੰਦਰ ਕੌਰ ਅਤੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਸ਼ਾਮਿਲ ਹਨ। ਇਸ ਤੋਂ ਪਹਿਲਾਂ ਆਪ ਵਲੋਂ 19 ਉਮੀਦਵਾਰਾਂ ਦੀ ਪਹਿਲਾਂ ਹੀ ਸੂਚੀ ਜਾਰੀ ਕੀਤੀ ਗਈ ਸੀ। ਪਹਿਲੀ ਸੂਚੀ ਵਿੱਚ ਵੀ ਆਪਣੇ ਹਮਾਇਤੀਆਂ ਨੂੰ ਟਿਕਟਾਂ ਨਾ ਮਿਲਣ ਕਾਰਨ ਛੋਟੇਪੁਰ ਪਾਰਟੀ ਨਾਲ ਨਾਰਾਜ਼ ਚੱਲੇ ਆ ਰਹੇ ਹਨ। ਅੱਜ ਦੂਸਰੀ ਸੂਚੀ ਸਮੇਂ ਵੀ ਉਹਨਾਂ ਦੀ ਗੈਰਹਾਜ਼ਰੀ ਪਾਰਟੀ ਵਿੱਚ ਸਭ ਅੱਛਾ ਨਹੀਂ ਹੈ ਦਾ ਸੰਕੇਤ ਦੇ ਗਈ। ਇਹ ਸੂਚੀ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ਼ ਸੰਜੇ ਸਿੰਘ ਅਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਵਲੋਂ ਜਾਰੀ ਕੀਤੀ ਗਈ। ਛੋਟੇਪੁਰ ਦੀ ਗੈਰ ਮੌਜੂਦਗੀ ਬਾਰੇ ਪੁੱਛੇ ਜਾਣ ਤੇ ਸੰਜੇ ਸਿੰਘ ਨੇ ਕਿਹਾ ਕਿ ਛੋਟੇਪੁਰ ਬਾਬਾ ਬਕਾਲਾ ਤੋਂ ਆÀਂਦਿਆਂ ਰਸਤੇ ਵਿੱਚ ਜਾਮ ਵਿੱਚ ਫਸ ਜਾਣ ਕਾਰਨ ਨਹੀਂ ਪਹੁੰਚ ਸਕੇ। ਜਦਕਿ ਭਗਵੰਤ ਮਾਨ ਵੀ ਰੈਲੀ ਤੋਂ ਹੀ ਇਥੇ ਪਹੁੰਚੇ ਸਨ। ਫੋਨ ‘ਤੇ ਸੰਪਰਕ ਕਰਨ ‘ਤੇ ਸੁੱਚਾ ਸਿੰਘ ਨੇ ਵੀ ਇਸਦੀ ਪੁਸ਼ਟੀ ਕੀਤੀ
ਇਸ ਮੌਕੇ ਤੇ ਪੱਤਰਕਾਰਾਂ ਵਲੋਂ ਨਵਜੋਤ ਸਿੰਘ ਸਿੱਧੂ ਦੇ ਆਪ ਵਿੱਚ ਆਉਣ ਬਾਰੇ ਪੁੱਛੇ ਜਾਣ ਤੇ ਸੰਜੇ ਸਿੰਘ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਨੇ ਜਦੋਂ ਸਿੱਧੂ ਨੇ ਅਸਤੀਫਾ ਦਿੱਤਾ ਸੀ ਤਾਂ ਉਹਨਾਂ ਦਾ ਸਵਾਗਤ ਕੀਤਾ ਸੀ  ਪਰ ਆਮ ਆਦਮੀ ਪਾਰਟੀ ਵਿੱਚ ਕਿਸੇ ਵੀ ਵਿਅਕਤੀ ਨੂੰ ਸ਼ਰਤਾਂ ਤੇ ਨਹੀਂ ਲਿਆ ਜਾਵੇਗਾ। ਉਹਨਾਂ ਕਿਹਾ ਕਿ ਅਕਾਲੀ ਸਰਕਾਰ ਆਉਣ ਵਾਲੇ ਦਿਨਾਂ ਵਿੱਚ ਆਪ ਦੇ ਆਗੂਆਂ ਦਾ ਨੁਕਸਾਨ ਕਰਵਾ ਸਕਦੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪ ਦੇ ਵੱਧ ਰਹੇ ਆਧਾਰ ਕਾਰਨ ਅਕਾਲੀ ਭਾਜਪਾ ਤੇ ਕਾਂਗਰਸ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਆਪ ਵਲੋਂ ਯੋਗ ਵਿਅਕਤੀਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।