ਆਪ’ ਦੀ ਮੌਜੂਦਾ ਸਥਿਤੀ ਜਾਣਨ ਲਈ ਮੀਟਿੰਗਾਂ ਦਾ ਦੌਰ ਅੱਜ

ਪੰਜਾਬ ਕਨਵੀਨਰ ਭਗਵੰਤ ਮਾਨ ਤੇ ਅਮਨ ਅਰੋੜਾ ਹਲਕਾ ਵਾਈਜ ਆਗੂਆਂ ਨਾਲ ਕਰਨਗੇ ਮੀਟਿੰਗ
ਅਸ਼ਵਨੀ ਚਾਵਲਾ
ਚੰਡੀਗੜ੍ਹ,
ਆਮ ਆਦਮੀ ਪਾਰਟੀ ਦੇ ਬਨੇਰੇ ਤੋਂ ਗੁਰਪ੍ਰੀਤ ਘੁੱਗੀ ਦੇ ਉੱਡ ਜਾਣ ਤੋਂ ਬਾਅਦ ‘ਆਪ’ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਪਹਿਲੀ ਵਾਰ ਪਾਰਟੀ ਲੀਡਰਾਂ ਅਤੇ ਵਿਧਾਇਕਾਂ ਨਾਲ ਹਲਕਾ ਵਾਈਜ਼ ਅੱਜ ਮੀਟਿੰਗਾਂ ਕਰਨ ਜਾ ਰਹੇ ਹਨ
ਜਾਣਕਾਰੀ ਅਨੁਸਾਰ ਗੁਰਪ੍ਰੀਤ ਘੁੱਗੀ ਵੱਲੋਂ ਪਾਰਟੀ ਕਨਵੀਨਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਪੰਜਾਬ ਵਿੱਚ ਦੋ-ਫਾੜ ਹੋ ਰਹੀ ਪਾਰਟੀ ਨੂੰ ਮੁੜ ਤੋਂ ਇੱਕਜੁੱਟ ਕਰਨ ਦੀ ਕੋਸ਼ਿਸ਼ ਕਰਨ ਲਈ ਇਹ ਮੀਟਿੰਗ ਰੱਖੀ ਗਈ ਹੈ ਇਸ ਦੇ ਨਾਲ ਹੀ  ਦੂਜੇ ਪਾਸੇ ਪਾਰਟੀ ਦੇ ਸੰਗਠਨ ਨੂੰ ਮੁੜ ਤੋਂ ਤਿਆਰ ਕਰਕੇ ਨਵੀਂ ਪ੍ਰਥਾ ਅਨੁਸਾਰ ਪ੍ਰਧਾਨ ਥਾਪੇ ਜਾਣ ਦੀ ਪ੍ਰਕ੍ਰਿਆ ਸ਼ੁਰੂ ਕੀਤੀ ਜਾਵੇ।
ਚੰਡੀਗੜ੍ਹ ਵਿਖੇ ‘ਆਪ’ ਦੇ ਪੰਜਾਬ ਕਨਵੀਨਰ ਭਗਵੰਤ ਮਾਨ ਅਤੇ ਉਪ ਪ੍ਰਧਾਨ ਅਮਨ ਅਰੋੜਾ ਸਵੇਰੇ 9 ਵਜੇ ਤੋਂ ਹੀ ਪਾਰਟੀ ਦੀ ਲੀਡਰਸ਼ਿਪ ਨਾਲ ਮੀਟਿੰਗ ਸ਼ੁਰੂ ਕਰ ਦੇਣਗੇ ਹਲਕੇ ਅਨੁਸਾਰ ਲੀਡਰਾਂ ਨਾਲ ਮੀਟਿੰਗਾਂ ਹੋਣ ਦੇ ਕਾਰਨ ਸ਼ਾਮ 5 ਵਜੇ ਤੱਕ ਮੀਟਿੰਗਾਂ ਦਾ ਦੌਰ ਚਲਦਾ ਰਹੇਗਾ। ਇਨ੍ਹਾਂ ਮੀਟਿੰਗਾਂ ਰਾਹੀਂ ਭਗਵੰਤ ਮਾਨ ਪਾਰਟੀ ਦੇ ਹੇਠਲੇ ਕੈਡਰ ਤੋਂ ਫੀਡਬੈਕ ਲੈਣਾ ਚਾਹੁੰਦੇ ਹਨ ਕਿ ਆਖ਼ਰਕਾਰ ਪਾਰਟੀ ਕੈਡਰ ਚਾਹੁੰਦਾ ਕੀ ਹੈ ? ਤਾਂ ਕਿ ਉਸੇ ਅਨੁਸਾਰ ਪਾਰਟੀ ਨੂੰ ਚਲਾਉਂਦਿਆਂ ਮੁੜ ਉਹ ਹੀ ਜੋਸ਼ ਪਾਰਟੀ ਵਰਕਰਾਂ ਵਿੱਚ ਭਰਿਆ ਜਾਵੇ, ਜਿਹੜਾ ਕਿ ਪਹਿਲਾਂ ਨਜ਼ਰ ਆਉਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਗੁਰਪ੍ਰੀਤ ਘੁੱਗੀ ਵੱਲੋਂ ਅਸਤੀਫ਼ਾ ਦੇਣ ਤੋਂ ਬਾਅਦ ਉਨ੍ਹਾਂ ਦੇ ਕੁਝ ਖ਼ਾਸ ਲੀਡਰ ਅਜੇ ਵੀ ਪਾਰਟੀ ਵਿੱਚ ਹਨ, ਜਿਹੜੇ ਕਿ ਹੁਣ ਵੀ ਗੁਰਪ੍ਰੀਤ ਘੁੱਗੀ ਦੇ ਸੰਪਰਕ ਵਿੱਚ ਹਨ। ਇਹੋ ਜਿਹੇ ਲੀਡਰਾਂ ਦੀ ਪਹਿਚਾਣ ਵੀ ਅੱਜ ਦੀ ਮੀਟਿੰਗ ਦਰਮਿਆਨ ਕੀਤੀ ਜਾਵੇਗੀ, ਕਿਉਂਕਿ ਪਾਰਟੀ ਦੀਆਂ ਗੁਪਤ ਗੱਲਾਂ ਬਾਹਰ ਜਾਣ ਦੇ ਖ਼ਤਰੇ ਨੂੰ ਭਗਵੰਤ ਮਾਨ ਪੂਰੀ ਤਰ੍ਹਾਂ ਖ਼ਤਮ ਕਰਨਾ ਚਾਹੁੰਦੇ ਹਨ।