ਭਾਜਪਾ ਦੇ ਫਲੈਕਸ ਪਾੜਨ ਵਾਲਿਆਂ ‘ਤੇ ਪਰਚਾ ਦਰਜ਼ ਕਰਨ ਵਿਰੁੱਧ ਨੌਜਵਾਨਾਂ ਵੱਲੋਂ ਨਾਅਰੇਬਾਜੀ

ਪੁਲਿਸ ਨੌਜਵਾਨਾਂ ਤੇ ਕੀਤਾ ਪਰਚਾ ਤੁਰੰਤ ਰੱਦ ਕਰੇ : ਆਗੂ

ਪਟਿਆਲਾ,(ਖੁਸ਼ਵੀਰ ਸਿੰਘ ਤੂਰ)। ਖੇਤੀ ਕਾਨੂੰਨਾਂ ਨੂੰ ਲੈ ਕੇ ਮੋਦੀ ਸਰਕਾਰ ਵਿਰੁੱਧ ਨੌਜਵਾਨਾਂ ਦਾ ਰੋਹ ਵਧਦਾ ਜਾ ਰਿਹਾ ਹੈ। ਨੌਜਵਾਨਾਂ ਵੱਲੋਂ ਪਟਿਆਲਾ ਵਿਖੇ ਲੱਗੇ ਭਾਜਪਾ ਦੇ ਬੋਰਡਾਂ ਜਿਨ੍ਹਾਂ ਦੇ ਨਰਿੰਦਰ ਮੋਦੀ ਦੀ ਫੋਟੋ ਲੱਗੀ ਹੋਈ ਸੀ ਨੂੰ ਪਾੜ ਦਿੱਤਾ ਗਿਆ। ਪੁਲਿਸ ਵੱਲੋਂ ਬੋਰਡ ਪਾੜਨ ਵਾਲੇ ਨੌਜਵਾਨ ਤੇ ਕੀਤੇ ਪਰਚੇ ਤੋਂ ਬਾਅਦ ਅੱਜ ਵੱਡੀ ਗਿਣਤੀ ਨੌਜਵਾਨਾਂ ਵੱਲੋਂ ਦਰਜ਼ ਕੀਤੇ ਗਏ ਪਰਚੇ ਖਿਲਾਫ਼ ਨਾਅਰੇਬਾਜੀ ਕੀਤੀ ਗਈ।
ਦੱਸਣਯੋਗ ਹੈ ਕਿ ਪਿਛਲੇ ਦਿਨੀ ਕੁਝ ਨੌਜਵਾਨਾਂ ਵੱਲੋਂ ਸ਼ਹਿਰ ਅੰਦਰ ਵੱਖ ਵੱਖ ਥਾਂਈ ਭਾਜਪਾ ਆਗੂਆਂ ਵੱਲੋਂ ਫਲੈਕਸ ਲਗਾਏ ਹੋਏ ਸਨ। ਮੋਦੀ ਸਰਕਾਰ ਵੱਲੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਬਜਾਏ ਕਿਸਾਨਾਂ ਦੇ ਮਾਮਲੇ ਨੂੰ ਲਮਕਾਇਆ ਜਾ ਰਿਹਾ ਹੈ। ਜਿਸ ਤੇ ਭੜਕਦਿਆ ਨੌਜਵਾਨਾਂ ਵੱਲੋਂ ਭਾਜਪਾ ਦੇ ਫਲੈਕਸਾਂ ਨੂੰ ਪਾੜ ਦਿੱਤਾ ਗਿਆ ਸੀ।

ਇਸ ਮੌਕੇ ਕਈ ਨੌਜਵਾਨਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਕਿਸਾਨ ਖੇਤੀ ਕਾਨੂੰਨਾਂ ਖਿਲਾਫ਼ ਸੜਕਾਂ ‘ਤੇ ਠੰਢੀਆਂ ਰਾਤਾਂ ਕੱਟ ਰਹੇ ਹਨ, ਪਰ ਕੇਂਦਰ ਸਰਕਾਰ ਵੱਲੋਂ ਇਸ ਮਾਮਲੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਉਨ੍ਹਾਂ ਵੱਲੋਂ ਨਰੇਦਰ ਮੋਦੀ ਅਤੇ ਭਾਜਪਾ ਦੇ ਹੋਰਡਿੰਗਾਂ ਨੂੰ ਪਾੜਿਆ ਗਿਆ ਹੈ। ਇਸ ਸਬੰਧੀ ਲਹੌਰੀ ਗੇਟ ਪੁਲਿਸ ਵੱਲੋਂ ਦਮਨਜੀਤ ਸਿੰਘ, ਸਿਮਰ ਸਮੇਤ ਪੰਜ-ਛੇ ਅਣਪਛਾਤੇ ਨੌਜਵਾਨਾਂ ਤੇ ਪਰਚਾ ਦਰਜ਼ ਕੀਤਾ ਗਿਆ ਸੀ।

ਅੱਜ ਇਕੱਠੇ ਹੋਏ ਕਈ ਹੋਰ ਨੌਜਵਾਨਾਂ ਨੇ ਇੱਥੇ ਖੰਡਾ ਚੌਂਕ ਵਿਖੇ ਪੁਲਿਸ ਖਿਲਾਫ਼ ਨਾਅਰੇਬਾਜੀ ਕੀਤੀ ਗਈ ਅਤੇ ਕੀਤੇ ਗਏ ਪਰਚੇ ਦਾ ਵਿਰੋਧ ਕੀਤਾ ਗਿਆ। ਨੌਜਵਾਨ ਆਗੂ ਸ਼ੈਰੀ ਰਿਆੜ ਦਾ ਕਹਿਣਾ ਹੈ ਕਿ ਇਨ੍ਹਾਂ ਨੌਜਵਾਨਾਂ ਨੂੰ ਭਾਜਪਾ ਸਕਕਾਰ ਖਿਲਾਫ਼ ਗੁੱਸਾ ਹੈ, ਜਿਸ ਕਰਕੇ ਇਨ੍ਹਾਂ ਵੱਲੋਂ ਇਹ ਹੋਰਡਿੰਗ ਪਾੜੇ ਗਏ ਹਨ, ਪਰ ਪੁਲਿਸ ਵੱਲੋਂ ਇਨ੍ਹਾਂ ਨੌਜਵਾਨਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਭਾਜਪਾ ਆਗੂਆਂ ਦੇ ਵਿਰੋਧ ਦਾ ਐਲਾਨ ਕੀਤਾ ਹੋਇਆ ਹੈ। ਜਿਨ੍ਹਾਂ ਸਮਾਂ ਇਹ ਮਸਲਾ ਹੱਲ ਨਹੀਂ ਹੁੰਦਾ, ਲੋਕਾਂ ਵਿੱਚ ਭਾਜਪਾ ਪ੍ਰਤੀ ਗੁੱਸਾ ਇਸੇ ਤਰ੍ਹਾਂ ਰਹੇਗਾ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਦਰਜ਼ ਕੀਤਾ ਮਾਮਲਾ ਤੁਰੰਤ ਰੱਦ ਕਰੇ।

ਝੂਠੀ ਸਿਆਸੀ ਸ਼ੋਹਰਤ ਲਈ ਹੋਰਡਿੰਗਾਂ ਦੀ ਭੰਨਤੋੜ ਗਲਤ : ਸਵਰਾਜ ਘੁੰਮਣ

ਭਾਜਪਾ ਆਗੂ ਪ੍ਰੋ. ਸਵਰਾਜ ਘੁੰਮਣ ਨੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਭਾਜਪਾ ਆਗੂਆਂ ਦੇ ਲੱਗੇ ਹੋਰਡਿੰਗਾਂ ਦੀ ਭੰਨਤੋੜ ਕਰਨ ਦੀ ਸਖਤ ਸ਼ਬਦਾਂ ‘ਚ ਨਿੰਦਾ ਕਰਦਿਆਂ ਪੁਲਿਸ ਪ੍ਰਸ਼ਾਸਨ ਕੋਲੋਂ ਅਜਿਹਾ ਕਰਨ ਵਾਲਿਆਂ ਦੀ ਪਹਿਚਾਣ ਕਰਕੇ ਸਖਤ ਕਾਰਵਾਈ ਦੀ ਮੰਗ ਕੀਤੀ ਹੈ।  ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਅਤੇ ਕਾਂਗਰਸੀ ਅਨਸਰਾਂ ਵੱਲੋਂ ਭਾਜਪਾ ਹੋਰਡਿੰਗਾਂ ਦੀ ਭੰਨਤੋੜ ਕਰਨਾ ਜਾਇਜ਼ ਨਹੀਂ ਜਦਕਿ ਅਜਿਹੀ ਮਾੜੀ ਕਵਾਇਦ ਸਿਰਫ ਤੇ ਸਿਰਫ ਸੁਰਖੀਆਂ ਬਟੋਰਨ ਲਈ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਦਲ ਆਪਸੀ ਮਿਲੀਭੁਗਤ ਨਾਲ ਭਾਜਪਾ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.