ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਛੁਡਾਉਣ ਦਾ ਰੇੜਕਾ ਵਧਿਆ

Youth, Farmers, Association, Pauses, Panchayat, land

ਸਟੇਅ ਤੋਂ ਬਾਅਦ ਅਧਿਕਾਰੀਆਂ ਨੇ ਪੈਰ ਪਿੱਛੇ ਖਿੱਚੇ, ਪਿੰਡ ਵਾਸੀ ਪੰਚਾਇਤੀ ਵਾਲੀ ਥਾਂ ‘ਤੇ ਡਟੇ

ਪਟਿਆਲਾ। ਇੱਥੋਂ ਕੁਝ ਦੂਰ ਪਿੰਡ ਰੱਖੜਾ ਵਿਖੇ ਯੰਗ ਫਾਰਮਰਜ਼ ਐਸੋਸੀਏਸ਼ਨ ਕੋਲੋਂ ਪੰਚਾਇਤੀ ਜ਼ਮੀਨ ਦਾ ਕਬਜਾ ਛੁਡਾਉਣ ਦੇ ਮਾਮਲੇ ਨੂੰ ਲੈ ਕੇ ਰੇੜਕਾ ਵਧ ਗਿਆ ਹੈ। ਕਬਜਾ ਕਾਰਵਾਈ ਮੁਕੰਮਲ ਕਰਨ ਉਪਰੰਤ ਮਿਲੇ ਸਟੇਅ ਆਰਡਰਾਂ ਤੋਂ ਬਾਅਦ ਅਧਿਕਾਰੀਆਂ ਵੱਲੋਂ ਇਹ ਕਾਰਵਾਈ ਰੱਦ ਕਰਨ ਤੇ ਪਿੰਡ ਵਾਸੀ ਭੜਕ ਉੱਠੇ। ਜਿਨ੍ਹਾਂ ਦੇ ਖਿਲਾਫ਼ ਦੁਰਵਿਵਹਾਰ ਦੇ ਦੋਸ਼ ਲਾਉਂਦਿਆਂ ਮਾਲ ਵਿਭਾਗ ਦੇ ਇੱਕ ਅਧਿਕਾਰੀ ਵੱਲੋਂ ਕੇਸ ਵੀ ਦਰਜ਼ ਕਰਵਾਇਆ ਗਿਆ ਹੈ।
ਜ਼ਿਕਰਯੋਗ ਹੈ ਕਿ ਯੰਗ ਫਾਰਮਰਜ਼ ਐਸੋਸੀਏਸ਼ਨ ਨੂੰ ਕਈ ਵਰ੍ਹੇ ਪਹਿਲਾ ਅਲਾਟ ਹੋਈ ਪੰਚਾਇਤੀ ਜ਼ਮੀਨ ਦੇ ਖਿਲਾਫ਼ ਪਿੰਡ ਦੀ ਪੰਚਾਇਤ ਵੱਲੋਂ ਅਦਾਲਤੀ ਕੇਸ ਲੜਿਆ ਜਾ ਰਿਹਾ ਸੀ। ਜੋ ਪੰਚਾਇਤ ਦੇ ਹੱਕ ਵਿੱਚ ਹੋ ਗਿਆ, ਜਿਸ ਤਹਿਤ ਹੀ 5 ਤਾਰੀਖ ਨੂੰ ਲੈਂਡ ਕੁਲੈਕਟਰ ਕਮ ਡੀਡੀਪੀਓ ਵੱਲੋਂ ਇਹ ਜ਼ਮੀਨ ਕਬਜਾ ਮੁਕਤ ਕਰਵਾਉਣ ਦੇ ਆਰਡਰ ਜਾਰੀ ਕੀਤੇ। ਜਿਸ ਤਹਿਤ ਹੀ ਮਾਲ ਵਿਭਾਗ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੇ ਕਬਜਾ ਕਾਰਵਾਈ ਮੁਕੰਮਲ ਕਰਕੇ ਕਈ ਪਿੰਡ ਵਾਸੀਆਂ ਦੇ ਦਸਤਖ਼ਤ ਵੀ ਕਰਵਾਏ, ਪਰ ਇਸ ਦੌਰਾਨ ਹੀ ਇਨ੍ਹਾਂ ਅਧਿਕਾਰੀਆਂ ਨੂੰ ਸਬੰਧਿਤ ਧਿਰ ਵੱਲੋਂ ਹਾਈਕੋਰਟ ਵੱਲੋਂ ਮਿਲੀ ਸਟੇਅ ਦੇ ਦਸਤਾਵੇਜ ਦਿਖਾਉਣ ਤੇ ਇਹ ਅਧਿਕਾਰੀ ਕਬਜਾ ਕਾਰਵਾਈ ਨੂੰ ਅਧਿਕਾਰਤ ਰੂਪ ਦੇਣ ਤੋਂ ਪਿੱਛੇ ਹਟਣ ਲੱਗੇ। ਜਿਸ ਦਾ ਪਿੰਡ ਵਾਸੀਆਂ ਨੇ ਵਿਰੋਧ ਕੀਤਾ। ਉੱਧਰ ਅਜਿਹੀ ਕਬਜਾ ਕਾਰਵਾਈ ਲਈ ਪੁੱਜੇ ਕਾਨੂੰਨਗੋ ਸਤਿੰਦਰ ਕੁਮਾਰ ਨੇ ਪਿੰਡ ਦੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਸਮੇਤ ਡੇਢ ਦਰਜ਼ਨ ਹੋਰਨਾਂ ਦੇ ਖਿਲਾਫ਼ ਸਰਕਾਰੀ ਅਧਿਕਾਰੀਆ ਨਾਲ ਦੁਰਵਿਵਹਾਰ ਕਰਨ ਸਬੰਧੀ ਸ਼ਿਕਾਇਤ ਦਰਜ ਕਰਵਾ ਦਿੱਤੀ, ਜਿਸ ਤਹਿਤ ਥਾਣਾ ਬਖਸੀਵਾਲਾ ਦੀ ਪੁਲਿਸ ਨੇ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ਼ ਕਰ ਲਿਆ।
ਦੂਜੇ ਬੰਨੇ ਇਸ ਕੇਸ ਦੀ ਪੈਰਵਾਈ ਕਰਦੇ ਆ ਰਹੇ ਪਿੰਡ ਵਾਸੀਆਂ ਨੇ ਕਬਜਾ ਕਾਰਵਾਈ ਮੁਕੰਮਲ ਹੋਈ ਕਰਾਰ ਦਿੰਦਿਆਂ ਕੱਲ੍ਹ ਤੋਂ ਹੀ ਇਸ ਥਾਂ ਵਿੱਚ ਸਹਿਜ ਪਾਠ ਸਹਿਬ ਆਰੰਭ ਕਰਵਾਇਆ ਹੋਇਆ ਹੈ। ਇਸ ਦੇ ਨਾਲ ਹੀ ਦਰਜ਼ਨਾ ਪਿੰਡ ਵਾਸੀਆਂ ਨੇ ਰਾਤ ਵੀ ਇੱਥੇ ਹੀ ਬਿਤਾਈ। ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਰਾਜਸੀ ਦਬਾਅ ਹੇਠ ਅਧਿਕਾਰੀ ਪੈਰ ਪਿਛਾਂਹ ਖਿੱਚ ਰਹੇ ਹਨ, ਸਗੋਂ ਉਨ੍ਹਾਂ ਦੇ ਝੂਠਾ ਕੇਸ ਵੀ ਦਰਜ਼ ਕਰਵਾ ਦਿੱਤਾ ਹੈ। ਇਸੇ ਦੌਰਾਨ ਯੰਗ ਫਾਰਮਜ਼ ਐਸੋਸੀਏਸਨ ਦੇ ਮੁੱਖੀ ਭਗਵਾਨ ਦਾਸ ਗੁਪਤਾ ਨਾਲ ਸੰਪਰਕ ਕੀਤਾ ਗਿਆ ਤਾ ਉਨ੍ਹਾਂ ਦਾ ਕਹਿਣਾ ਸੀ ਕਿ ਇਹ ਸਟੇਅ ਆਰਡਰ 6 ਦਸੰਬਰ ਨੂੰ ਜਾਰੀ ਹੋਏ ਹਨ ਜਦਕਿ ਕਾਰਵਾਈ 7 ਦਸੰਬਰ ਨੂੰ ਕੀਤੀ ਗਈ ਹੈ। ਉਨ੍ਹਾਂ ਨੇ ਇੱਥੇ ਪਾਠ ਰਖਵਾਉਣ ਬਾਰੇ ਪਿੰਡ ਵਾਸੀਆਂ ਦੀ ਕਾਰਵਾਈ ਨੂੰ ਗਲਤ ਕਰਾਰ ਦਿੱਤਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।