Manual Skills: ਮਾਂ ਦੀ ਕੁੱਖ ਵਿੱਚ ਨਵੇਂ ਜੀਵਨ ਦਾ ਅੰਕੁਰ ਫੁਟਦਿਆਂ ਹੀ ਮਾਪਿਆਂ ਦੀਆਂ ਅੱਖਾਂ ’ਚ ਆਪਣੇ ਵਿਹੜੇ ’ਚ ਗੂੰਜਣ ਵਾਲੀ ਕਿਲਕਾਰੀ ਦੇ ਉੱਤਮ ਉੱਜਲੇ ਭਵਿੱਖ ਦੇ ਸੁਪਨੇ ਤਰਨ ਲੱਗਦੇ ਹਨ। ਜਨਮ ਤੋਂ ਲੈ ਕੇ ਜਵਾਨੀ ਦੀ ਦਹਿਲੀਜ਼ ਤੱਕ ਪਹੁੰਚਾਉਂਦਿਆਂ ਮਾਪੇ ਆਪਣਾ ਸਭ ਕੁਝ ਆਪਣੇ ਜਿਗਰ ਦੇ ਟੁਕੜਿਆਂ ਦੇ ਭਵਿੱਖ ਨੂੰ ਸੰਵਾਰਨ ਲਈ ਲਾ ਦਿੰਦੇ ਹਨ ਹਰ ਮਾਂ-ਬਾਪ ਦੀ ਇੱਛਾ ਹੁੰਦੀ ਹੈ ਕਿ ਜੀਵਨ ਦੀਆਂ ਜੋ ਮੁਸ਼ਕਿਲਾਂ, ਔਕੜਾਂ, ਮੁਸੀਬਤਾਂ ਉਨ੍ਹਾਂ ਸਹਿਣ ਕੀਤੀਆਂ ਹਨ, ਜੋ ਔੜਾਂ, ਥੋੜਾਂ, ਸੌੜਾਂ ਉਨ੍ਹਾਂ ਖੁਦ ਝੱਲੀਆਂ ਹਨ ਉਹ ਉਨ੍ਹਾਂ ਦੇ ਬੱਚਿਆਂ ਨੂੰ ਆਪਣੇ ਜੀਵਨ ਕਾਲ ਦੌਰਾਨ ਕਦੇ ਤੱਕਣੀਆਂ ਵੀ ਨਾ ਪੈਣ। Manual Skills
ਇਹ ਖਬਰ ਵੀ ਪੜ੍ਹੋ : Gukesh Dommaraju: ਫੁਰਤੀ ਵਾਲੀਆਂ ਖੇਡਾਂ ’ਚ ਵੀ ਅੱਗੇ ਹੋਣ ਖਿਡਾਰੀ
ਇਸੇ ਆਸ-ਉਮੀਦ ਵਿੱਚ ਉਹ ਆਪਣਾ ਖੂਨ ਪਸੀਨਾ ਵਹਾਅ ਕੇ ਜ਼ਿੰਦਗੀ ਦੀ ਅਸਲ ਪੂੰਜੀ ਆਪਣੀ ਸੰਤਾਨ ਦੇ ਰਾਹ ਸੁਖਾਲੇ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਜੁਟ ਜਾਂਦੇ ਹਨ। ਵਰਣਨਯੋਗ ਤੱਥ ਹੈ ਕਿ ਜਦੋਂ ਆਪਣੇ ਬੱਚਿਆਂ ਨੂੰ ਪੈਰਾਂ ’ਤੇ ਖੜ੍ਹਾ ਕਰਨ ਦਾ ਵਕਤ ਆਉਂਦਾ ਹੈ, ਮਾਪਿਆਂ ਦੀਆਂ ਆਪਣੀਆਂ ਚੂਲਾਂ ਹਿੱਲ ਚੁੱਕੀਆਂ ਹੁੰਦੀਆਂ ਹਨ। ਇਸ ਸਭ ਦੇ ਬਾਵਜੂਦ ਉਹ ਉਸ ਸਮੇਂ ਖੁਦ ਨੂੰ ਅਪਾਹਿਜ ਹੋਇਆ ਮਹਿਸੂਸ ਕਰਨ ਲੱਗਦੇ ਹਨ ਜਦੋਂ ਜੀਵਨ ਦੀਆਂ ਔਖੀਆਂ ਘਾਲਾਂ ਘਾਲ ਕੇ ਪੜ੍ਹਾਏ-ਲਿਖਾਏ ਉਨ੍ਹਾਂ ਦੇ ਬੱਚੇ ਵਕਤ ਦੇ ਪਹੀਏ ਦੇ ਗੇੜ ’ਚ ਪਿਸਣ ਲੱਗਦੇ ਹਨ ਤੇ ਮਿਹਨਤ ਨਾਲ ਕਮਾਈਆਂ ਡਿਗਰੀਆਂ ਦੀ ਸਮੇਂ ਦੀਆਂ ਸਰਕਾਰਾਂ ਵੱਲੋਂ ਕੌਡੀ ਵੀ ਕੀਮਤ ਨਹੀਂ ਪਾਈ ਜਾਂਦੀ।
ਨਤੀਜਾ ਆਸ ਦੀ ਕਿਰਨ ਜਦੋਂ ਹਨ੍ਹੇਰਿਆਂ ’ਚ ਦਮ ਤੋੜਦੀ ਨਜ਼ਰ ਆਉਂਦੀ ਹੈ ਤਾਂ ਜਵਾਨ ਲਹੂ ਉਬਾਲ ਖਾਣ ਲੱਗਦਾ ਹੈ, ਜੋ ਰੋਸ-ਮੁਜ਼ਾਹਰਿਆਂ ਦੇ ਰੂਪ ਵਿੱਚ ਲਾਵਾ ਬਣ ਕੇ ਸੜਕਾਂ ’ਤੇ ਫੁੱਟ ਪੈਂਦਾ ਹੈ। ਆਏ ਦਿਨ ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਨੀਤੀਆਂ ਵਿਰੁੱਧ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਧਰਨੇ-ਮੁਜ਼ਾਹਰੇ ਕਰਨ ਤੇ ਪੁਤਲੇ ਫੂਕਣ ਦੇ ਬਾਵਜੂਦ ਹਾਸਲ ਕੁੱਝ ਵੀ ਨਹੀਂ ਹੁੰਦਾ ਅਤੇ ਦੇਸ਼ ਕੌਮ ਦੀ ਰੀੜ੍ਹ ਦੀ ਹੱਡੀ ਅਖਵਾਉਣ ਵਾਲੀ ਨੌਜਵਾਨ ਪੀੜ੍ਹੀ ਜੀਵਨ ਦੇ ਗਲਤ ਰਾਹਾਂ ’ਤੇ ਪੈਰ ਧਰਨ ਲਈ ਮਜ਼ਬੂਰ ਹੋ ਜਾਂਦੀ ਹੈ। ਅਜਿਹੀ ਸਥਿਤੀ ਵਿੱਚ ਲੋੜ ਹੈ ਜ਼ਿੰਦਗੀ ਦੀ ਥੋੜ੍ਹੀ ਜਿਹੀ ਯੋਜਨਾਬੰਦੀ ਕਰਨ ਦੀ ਅਤੇ ਸਰਕਾਰਾਂ ਦਾ ਮੂੰਹ ਵੇਖਣ ਨਾਲੋਂ ਆਪਣੇ ਹੱਥਾਂ ਦੀ ਸ਼ਕਤੀ ਨੂੰ ਪਛਾਨਣ ਦੀ। ਕਹਿੰਦੇ ਹਨ ਜਿਸ ਦੇ ਹੱਥਾਂ ਵਿੱਚ ਹੁਨਰ ਹੁੰਦਾ ਹੈ ਉਹ ਬੰਦਾ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਭੁੱਖਾ ਨਹੀਂ ਮਰਦਾ। Manual Skills
ਕੋਈ ਵੀ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ, ਉਹੀ ਕੰਮ ਪੂਜਣਯੋਗ ਹੁੰਦਾ ਹੈ ਜਿਹੜਾ ਇਮਾਨਦਾਰੀ ਦੀ ਰੋਟੀ ਕਮਾਉਣ ਦੀ ਇਨਸਾਨ ਨੂੰ ਯੋਗਤਾ ਬਖ਼ਸ਼ਦਾ ਹੈ। ਜੀਵਨ ਦੀਆਂ ਮੁੱਢਲੀਆਂ ਆਰਥਿਕ ਲੋੜਾਂ ਦੀ ਪੂਰਤੀ ਹੁੰਦੀ ਜਾਵੇ। ਸਿਰ ’ਤੇ ਛੱਤ ਹੋਵੇ ਨਾ ਕਿ ਕਰਜ਼ੇ ਦੀ ਪੰਡ ਜਿਸਨੂੰ ਇੱਕ ਤੋਂ ਦੂਜੀ ਪੀੜ੍ਹੀ ਲਾਹੁਣ ਦੇ ਗੇੜ ’ਚ ਹੀ ਪਿਸਦੀ ਰਹੇ। ਇੱਥੇ ਇਹ ਕਹਿਣ ਦਾ ਭਾਵ ਨਹੀਂ ਹੈ ਕਿ ਉੱਚ ਵਿੱਦਿਆ ਦਾ ਕੋਈ ਮਹੱਤਵ ਹੀ ਨਹੀਂ ਜਾਂ ਘੱਟ ਹੈ। ਵਿੱਦਿਆ ਤਾਂ ਮਨੁੱਖ ਲਈ ਚਾਨਣ ਮੁਨਾਰਾ ਹੈ ਤੇ ਸਦਾ ਰਹੇਗੀ। ਵਿੱਦਿਆ ਦੇ ਪ੍ਰਕਾਸ਼ ਬਗੈਰ ਕੋਈ ਸਮਾਜ ਪ੍ਰਗਤੀ ਦੀਆਂ ਰਾਹਾਂ ’ਤੇ ਕਦੀ ਅੱਗੇ ਨਹੀਂ ਵਧ ਸਕਦਾ ਪਰੰਤੂ ਜਿਹੜੀ ਪੜ੍ਹਾਈ ਰੁਜ਼ਗਾਰ ਦਾ ਸਾਧਨ ਹੀ ਨਾ ਬਣ ਸਕੇ ਉਸ ਪੜ੍ਹਾਈ ’ਤੇ ਵਾਧੂ ਸਮਾਂ ਤੇ ਸ਼ਕਤੀ ਲਾਉਣਾ ਵਿਅਰਥ ਹੈ। ਅੱਜ ਸਮੇਂ ਦੀ ਲੋੜ ਹੈ ਹਰ ਹੱਥ ਲਈ ਰੁਜ਼ਗਾਰ। Manual Skills
ਹਰ ਵਿਅਕਤੀ ਨੂੰ ਪੜ੍ਹ-ਲਿਖ ਕੇ ਸਰਕਾਰੀ ਨੌਕਰੀ ਮਿਲ ਸਕੇ ਜਾਂ ਚੰਗੀ ਤਨਖ਼ਾਹ ਵਾਲੀ ਪ੍ਰਾਈਵੇਟ ਨੌਕਰੀ ਮਿਲ ਜਾਵੇ ਸੰਭਵ ਹੀ ਨਹੀਂ ਹੈ। ਸਿੱਖਿਅਤ ਬੇਰੁਜ਼ਗਾਰਾਂ ਦੀ ਗਿਣਤੀ ਦੇ ਮੁਕਾਬਲੇ ਸਰਕਾਰਾਂ ਰੁਜ਼ਗਾਰ ਉਪਲੱਬਧ ਕਰਵਾਉਣ ’ਚ ਅਸਮਰੱਥ ਰਹੀਆਂ ਹਨ।ਇਸ ਸਥਿਤੀ ਵਿੱਚ ਪੜ੍ਹਾਈ ਦੇ ਨਾਲ-ਨਾਲ ਜੇਕਰ ਵਿਅਕਤੀ ਨੂੰ ਕਿਸੇ ਨਾ ਕਿਸੇ ਹਸਤ ਕਲਾ ਦਾ ਗਿਆਨ ਹੁੰਦਾ ਹੈ ਤਾਂ ਉਹ ਰੋਜ਼ੀ-ਰੋਟੀ ਲਈ ਕਿਸੇ ਦਾ ਮੁਥਾਜ ਨਹੀਂ ਰਹਿ ਜਾਂਦਾ। ਆਪਣੇ ਕੰਮ ਵਰਗੀ ਕੋਈ ਰੀਸ ਨਹੀਂ ਹੁੰਦੀ, ਆਪਣਾ ਕੰਮ ਆਪਣੀ ਮਰਜ਼ੀ ਦੇ ਮਾਲਕ, ਨਾ ਕਿਸੇ ਦੀ ਹਿੜਕ ਨਾ ਕਿਸੇ ਦੀ ਝਿੜਕ, ਜਿੰਨੀ ਮਿਹਨਤ ਕਰੋ ਉਨੀ ਤਰੱਕੀ ਕਰਦੇ ਜਾਓ। Manual Skills
ਕੰਮ ਦੇ ਅੰਦਰੋਂ ਕੰਮਾਂ ਦੀ ਤਾਰ ਜੁੜਦੀ ਜਾਂਦੀ ਹੈ। ਇੱਕ ਵਾਰ ਕਿੱਤਾਮੁਖੀ ਕੋਰਸ ਕਰਕੇ ਜੀਵਨ-ਨਿਰਵਾਹ ਦਾ ਪ੍ਰਬੰਧ ਕਰ ਲਿਆ ਜਾਵੇ ਤੇ ਫ਼ਿਰ ਭਾਵੇਂ ਜਿੰਨਾ ਮਰਜ਼ੀ ਚਾਹੋ ਉੱਚ ਵਿੱਦਿਆ ਪ੍ਰਾਪਤ ਕਰਦੇ ਜਾਓ। ਜੀਵਨ ਮੁੱਕ ਜਾਂਦਾ ਹੈ ਪਰੰਤੂ ਵਿੱਦਿਆ ਦਾ ਅਥਾਹ ਸਾਗਰ ਕਦੇ ਨਹੀਂ ਮੁੱਕਦਾ ਸਾਡੇ ਅੰਦਰ ਜੀਵਨ ਵਿੱਚ ਅੱਗੇ ਵਧਣ ਦੀਆਂ ਬੇਸ਼ੁਮਾਰ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ ਪਰੰਤੂ ਉਨ੍ਹਾਂ ਨੂੰ ਅੱਖੋਂ-ਪਰੋਖੇ ਕਰਕੇ ਅਸੀਂ ਦਰ-ਦਰ ਦੀਆਂ ਠੋਕਰਾਂ ਖਾਂਦੇ ਰਹਿੰਦੇ ਹਾਂ। ਆਪਣੇ-ਆਪ ਦਾ ਮੁੱਲਾਂਕਣ ਕਰਦਿਆਂ ਹੀ ਜੀਵਨ ’ਚ ਸਥਾਪਤ ਹੋਣ ਦਾ ਰਾਹ ਮਿਲ ਜਾਂਦਾ ਹੈ।ਵਕਤ ਬਦਲ ਚੁੱਕਿਆ ਹੈ ਤੇ ਬਿਨਾ ਯੋਜਨਾਬੰਦੀ ਤੋਂ ਇਸ ਜੀਵਨ ਨੂੰ ਆਨੰਦਮਈ ਢੰਗ ਨਾਲ ਜਿਉਣਾ ਬੜਾ ਔਖਾ ਹੈ। Manual Skills
ਸਭ ਤੋਂ ਪਹਿਲਾ ਫਰਜ਼ ਬਣਦਾ ਹੈ ਮਾਪਿਆਂ ਦਾ, ਜੋ ਆਪਣੇ ਬੱਚਿਆਂ ਤੋਂ ਐਨੀਆਂ ਵੱਡੀਆਂ ਉਮੀਦਾਂ ਲਾ ਲੈਂਦੇ ਹਨ ਕਿ ਸਮਾਂ ਪੈਣ ’ਤੇ ਕਈ ਵਾਰ ਬੱਚਿਆਂ ਲਈ ਉਨ੍ਹਾਂ ’ਤੇ ਖਰਾ ਉੱਤਰਨਾ ਅਸੰਭਵ ਹੋ ਜਾਂਦਾ ਹੈ। ਵਿਅਕਤੀ ਦੇ ਜੀਵਨ ਦੇ ਪਹਿਲੇ ਦੋ ਦਹਾਕੇ ਵਿੱਦਿਆ ਪ੍ਰਾਪਤੀ ਵਿੱਚ ਲੰਘ ਜਾਂਦੇ ਹਨ ਤੇ ਤੀਜੇ ਦਹਾਕੇ ਵਿੱਚ ਜ਼ਿੰਮੇਵਾਰੀਆਂ ਦਾ ਬੋਝ ਉਸਦੇ ਮੋਢਿਆਂ ’ਤੇ ਪੈਣ ਲੱਗਦਾ ਹੈ। ਅਜਿਹੇ ਵਿੱਚ ਬੱਚਿਆਂ ਦੀ ਪਰਵਰਿਸ਼ ਦੌਰਾਨ ਪੜ੍ਹਾਈ ਕਰਵਾਉਂਦੇ ਸਮੇਂ ਲਾਗਤ ਤੇ ਲਾਭ ਦਾ ਮੁੱਲਾਂਕਣ ਕਰਨਾ ਬੇਹੱਦ ਜ਼ਰੂਰੀ ਹੋ ਚੁੱਕਿਆ ਹੈ। ਜੋ ਪੜ੍ਹਾਈ ਰੁਜ਼ਗਾਰ ਦਾ ਸਾਧਨ ਬਣਨ ਦੀ ਬਜਾਏ ਪਰੇਸ਼ਾਨੀ ਦਾ ਸਬੱਬ ਬਣ ਜਾਏ ਉਸ ’ਤੇ ਲਾਇਆ ਗਿਆ ਸਮਾਂ, ਧੰਨ ਅਤੇ ਮਿਹਨਤ ਸਭ ਬੇਕਾਰ ਹੋ ਜਾਂਦਾ ਹੈ।
ਉੱਚ ਡਿਗਰੀ ਹੋਲਡਰ ਸੜਕਾਂ ਦੀ ਧੂੜ ਫੱਕਣ ਲਈ ਮਜ਼ਬੂਰ ਹੋਏ ਪਏ ਹਨ ਜਦੋਂਕਿ ਹੱਥੀਂ ਕਿਰਤ ਕਰਨ ਵਾਲੇ ਘੱਟ ਪੜੇ੍ਹ-ਲਿਖੇ ਨੌਜਵਾਨ ਜ਼ਿੰਦਗੀ ਦਾ ਚੱਕਾ ਵਧੀਆ ਚਲਾਈ ਜਾ ਰਹੇ ਹਨ। ਅਗਲੀ ਜ਼ਿੰਮੇਵਾਰੀ ਅਧਿਆਪਕਾਂ ਦੀ ਬਣਦੀ ਹੈ। ਆਪਣੇ ਭਵਿੱਖ ਪ੍ਰਤੀ ਸਭ ਤੋਂ ਵੱਡੀ ਜ਼ਿੰਮੇਵਾਰੀ ਨੌਜਵਾਨ ਵਰਗ ਦੀ ਆਪਣੀ ਖੁਦ ਦੀ ਬਣਦੀ ਹੈ।ਉੱਚ ਡਿਗਰੀਆਂ ਪ੍ਰਾਪਤ ਕਰਨ ਉਪਰੰਤ ਸਬੰਧਤ ਖਿੱਤੇ ਅਨੁਸਾਰ ਰੁਜ਼ਗਾਰ ਲੈਣ ਲਈ ਮੌਕੇ ਦੀਆਂ ਸਰਕਾਰਾਂ ’ਤੇ ਦਬਾਅ ਬਣਾਉਣਾ ਤਾਂ ਜ਼ਰੂਰੀ ਹੈ ਹੀ, ਪਰੰਤੂ ਜਦੋਂ ਤੱਕ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰੁਜ਼ਗਾਰ ਮੁਹੱਈਆ ਨਹੀਂ ਕਰਵਾਇਆ ਜਾਂਦਾ ਉਸ ਸਮੇਂ ਦੌਰਾਨ ਜੀਵਨ ਦੇ ਕੀਮਤੀ ਸਮੇਂ ਨੂੰ ਜਾਇਆ ਕਰਨ ਦੀ ਬਜਾਏ ਸਰਕਾਰਾਂ ਵੱਲੋਂ ਚਲਾਈਆਂ ਜਾ ਰਹੀਆਂ ਰੁਜ਼ਗਾਰ ਅਤੇ ਲੋਨ ਸੁਵਿਧਾਵਾਂ ਦਾ ਲਾਭ ਚੁੱਕਦੇ ਹੋਏ। Manual Skills
ਆਪਣੇ ਹੱਥੀਂ ਕਿਰਤ ਕਰਨ ਲਈ ਕੰਮ-ਧੰਦਾ ਸ਼ੁਰੂ ਕਰ ਲੈਣਾ ਚਾਹੀਦਾ ਹੈ। ਕੇਂਦਰ ਅਤੇ ਸੂਬਾ ਸਰਕਾਰਾਂ ਵੱਲੋਂ ਸਿੱਖਿਅਤ ਅਤੇ ਅਣਸਿੱਖਿਅਤ ਨੌਜਵਾਨ ਵਰਗ ਲਈ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਬੇਸ਼ੁਮਾਰ ਯੋਜਨਾਵਾਂ ਉਲੀਕੀਆਂ ਗਈਆਂ ਹਨ, ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਜਾਣਕਾਰੀ ਨਾ ਹੋਣ ਕਾਰਨ ਸਰਵੋਤਮ ਯੋਜਨਾਵਾਂ ਸਰਕਾਰੀ ਦਫ਼ਤਰਾਂ ਵਿੱਚ ਦਮ ਤੋੜ ਰਹੀਆਂ ਹਨ। ਸਿੱਖਿਅਤ ਨੌਜਵਾਨ ਪੀੜ੍ਹੀ ਇੰਟਰਨੈੱਟ ਦੀ ਵਰਤੋਂ ਭਲੀ-ਭਾਂਤ ਜਾਣਦੀ ਹੈ। ਬਜਾਏ ਇਸ ਦੇ ਕੁਪ੍ਰਭਾਵਾਂ ਤੋਂ ਪ੍ਰਭਾਵਿਤ ਹੋਣ ਦੇ ਆਨਲਾਈਨ ਸਮੂਹ ਸਹੂਲਤਾਂ ਵੱਲ ਥੋੜ੍ਹਾ ਜਿਹਾ ਸਮਾਂ ਲਾ ਕੇ ਆਪਣੀ ਰੁਚੀ ਮੁਤਾਬਕ ਦੀ ਯੋਜਨਾ ਦੀ ਪੂਰੀ ਜਾਣਕਾਰੀ ਹਾਸਲ ਕਰਕੇ ਆਪਣਾ ਤੇ ਹੋਰਨਾਂ ਨੌਜਵਾਨਾਂ ਦਾ ਸੌਖਿਆਂ ਹੀ ਮਾਰਗ ਦਰਸ਼ਨ ਕਰ ਸਕਦੇ ਹਨ। Manual Skills
ਦੀਪਤੀ ਬਬੂਟਾ