ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨਾਂ ਦਾ ਮਰਨਾ ਬੇਕਾਬੂ ਹਾਲਾਤ ਦਾ ਨਤੀਜਾ : ਹਰਪਾਲ ਚੀਮਾ

AAP

ਤਰਸੇਮ ਸਿੰਘ ਬਬਲੀ, ਲਹਿਰਾਗਾਗਾ

ਸਿਟੀ ਪ੍ਰੈਸ ਕਲੱਬ ਲਹਿਰਾਗਾਗਾ ਵੱਲੋਂ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨ ਪਹੁੰਚੇ ਵਿਰੋਧੀ ਧਿਰ ਦੇ ਆਗੂ ਅਤੇ ਹਲਕਾ ਵਿਧਾਇਕ ਦਿੜ੍ਹਬਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਦੀ ਬਿਮਾਰੀ ਬੇਕਾਬੂ ਹੋ ਗਈ ਹੈ। ਨੌਜਵਾਨਾਂ ਦੇ ਨਾਲ-ਨਾਲ ਲੜਕੀਆਂ ਦਾ ਵੀ ਨਸ਼ੇ ਦੀ ਓਵਰਡੋਜ਼ ਨਾਲ ਮਰਨਾ ਬੇਕਾਬੂ ਹਾਲਾਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪਿਛਲੀ ਬਾਦਲ ਸਰਕਾਰ ਵਾਂਗ ਕੈਪਟਨ ਸਰਕਾਰ ਵੀ ਨਸ਼ਿਆਂ ‘ਤੇ ਕਾਬੂ ਪਾਉਣ ‘ਚ ਬੁਰੀ ਤਰ੍ਹਾਂ ਨਾਕਾਮ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਸੱਤਾ ਸੰਭਾਲਣ ਦੇ 4 ਹਫ਼ਤਿਆਂ ਦੌਰਾਨ ਨਸ਼ਿਆਂ ਅਤੇ ਤਸਕਰਾਂ ਦੇ ਨੈੱਟਵਰਕ ਨੂੰ ਜੜ੍ਹੋਂ ਪੁੱਟਣ ਦਾ ਵਾਅਦਾ ਕੀਤਾ ਸੀ ਪਰ ਢਾਈ ਸਾਲ ਬੀਤ ਜਾਣ ਦੇ ਬਾਵਜੂਦ ਜੋ ਹਾਲਾਤ ਪੰਜਾਬ ‘ਚ ਬਣੇ ਹੋਏ ਹਨ, ਉਹ ਬੇਹੱਦ ਚਿੰਤਾ ਦਾ ਵਿਸ਼ਾ ਹਨ।

ਚੀਮਾ ਨੇ ਕਿਹਾ ਕਿ ਐਨਸੀਬੀ (ਨਾਰਕੋਟਿਕਸ ਕੰਟਰੋਲ ਬਿਊਰੋ) ਦਾ ਪੰਜਾਬ ‘ਚ ਨਸ਼ਿਆਂ ਖ਼ਿਲਾਫ਼ ਮੁਹਿੰਮ ਛੇੜਨਾ ਜਿਥੇ ਸਵਾਗਤਯੋਗ ਕਦਮ ਹੈ, ਉੱਥੇ ਇਸ ਨੇ ਸਾਬਤ ਕਰ ਦਿੱਤਾ ਹੈ ਕਿ ਨਸ਼ੇ ‘ਤੇ ਕਾਬੂ ਪਾਉਣਾ ਕੈਪਟਨ ਸਰਕਾਰ ਦੇ ਵੀ ਵੱਸ ‘ਚ ਨਹੀਂ ਰਿਹਾ। ਚੀਮਾ ਨੇ ਮੀਂਹ ਨਾਲ ਸੂਬੇ ਭਰ ‘ਚ ਹੋ ਰਹੇ ਭਾਰੀ ਨੁਕਸਾਨ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਕਿਹਾ ਕਿ ਇਸ ਬਰਸਾਤ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ‘ਚ ਸਿੰਚਾਈ ਪ੍ਰਬੰਧਨ ਵਾਂਗ ਡਰੇਨ (ਨਿਕਾਸੀ) ਪ੍ਰਬੰਧਨ ਵੀ ਢਹਿ-ਢੇਰੀ ਹੋ ਚੁੱਕਿਆ ਹੈ ਚੀਮਾ ਨੇ ਕਿਹਾ ਕਿ ਹਰ ਸਾਲ ਹਜ਼ਾਰਾਂ ਏਕੜ ਫ਼ਸਲ ਬਰਬਾਦ ਕਰਨ ਵਾਲੀ ਘੱਗਰ ਨਦੀ ਨੂੰ ਚੈਨਲਾਈਜ਼ ਕਰਨ ਦਾ ਪ੍ਰੋਜੈਕਟ ਦਹਾਕਿਆਂ ਤੋਂ ਲਟਕਿਆ ਹੋਇਆ ਹੈ ਇਸ ਮੌਕੇ ਜਸਵੀਰ ਸਿੰਘ ਕੁਦਨੀ ਹਲਕਾ ਇੰਚਾਰਜ, ਸੀਨੀਅਰ ਆਗੂ ਕੰਵਰਜੀਤ ਸਿੰਘ ਕੁੱਕੀ ਲਦਾਲ, ਸ਼ੀਸ਼ਪਾਲ ਆਨੰਦ, ਜਗਸੀਰ ਸਿੰਘ ਸੰਧੂ, ਗੁਰਪ੍ਰੀਤ ਰੰਧਾਵਾ ਲੇਹਲ ਕਲਾਂ ਆਦਿ ਹਾਜ਼ਰ ਸਨ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।