ਚੰਡੀਗੜ੍ਹ, (ਅਸ਼ਵਨੀ ਚਾਵਲਾ)। ‘ਕਰਜ਼ਾ ਕੁਰਕੀ ਖਤਮ, ਫਸਲ ਦੀ ਪੂਰੀ ਰਕਮ’ ਨਾਅਰੇ ‘ਤੇ ਜਿਨ੍ਹਾਂ ਕਿਸਾਨਾਂ ਨੇ ਭਰੋਸਾ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਇਆ, ਹੁਣ ਉਹ ਕਿਸਾਨ ਨਿਰਾਸ਼-ਹਤਾਸ਼ ਅਤੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ ਇੱਕ ਪਾਸੇ ਕੈਪਟਨ ਅਮਰਿੰਦਰ ਦੇ ਕੁਰਕੀ ਰੋਕਣ ਦੇ ਬਾਵਜੂਦ ਕਿਸਾਨਾਂ ਦੀ ਕੁਰਕੀ ਜਾਰੀ ਹੈ, ਉੱਥੇ ਹੀ ਦੂਜੇ ਪਾਸੇ ਇੱਕ ਕਿਸਾਨ ਨੇ ਇਸ ਵਾਅਦਾ ਖਿਲਾਫੀ ਤੋਂ ਨਿਰਾਸ਼ ਹੋਕੇ ਸਲਫਾਸ ਖਾਕੇ ਖੁਦਕੁਸ਼ੀ ਕਰ ਲਈ।
ਇਹ ਗੱਲ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਮੰਤਰੀ ਵਿਨੀਤ ਜੋਸ਼ੀ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖੀ ਕੁਰਕੀ ‘ਤੇ ਪਾਬੰਦੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਐਲਾਨ ਨੂੰ ਝੂਠਾ ਸਾਬਿਤ ਕਰਦਿਆਂ ਉਕਤ ਆਗੂਆਂ ਕਿਹਾ ਕਿ ਤਲਵੰਡੀ ਸਾਬੋ ਦੇ ਤਹਿਸੀਲਦਾਰ ਨੇ ਬੀਤੀ 19 ਜੂਨ ਨੂੰ ਬਠਿੰਡਾ ਅਧੀਨ ਆਉਂਦੇ ਪਿੰਡ ਤਲਵੰਡੀ ਸਾਬੋ ਦੇ ਪਿੰਡ ਚੱਠੇਵਾਲ ਦੇ ਕਿਸਾਨ ਬੁੱਟਾ ਸਿੰਘ ਦੀ ਜ਼ਮੀਨ ਨੂੰ ਨਿਲਾਮ ਕਰ ਦਿੱਤਾ। ਇਨ੍ਹਾਂ ਹੀ ਨਹੀਂ ਨਿਲਾਮੀ ਤੋਂ ਪਹਿਲਾਂ ਕਿਸਾਨ ਨੂੰ ਕੋਈ ਨੋਟਿਸ ਵੀ ਨਹੀਂ ਭੇਜਿਆ। ਇਸੇ ਤਰ੍ਹਾਂ ਪਟਿਆਲਾ ਨੇੜੇ ਪਿੰਡ ਬਰਸਠ ਦੇ ਕਿਸਾਨ ਕੁਲਵੰਤ ਸਿੰਘ ਦੀ ਜ਼ਮੀਨ ਨੂੰ 22 ਜੂਨ ਨੂੰ ਸਰਕਾਰ ਵੱਲੋਂ ਨਿਲਾਮ ਕੀਤਾ ਜਾ ਰਿਹਾ ਹੈ।
ਕੈਪਟਨ ਨੇ ਜਦੋਂ 19 ਤਰੀਕ ਨੂੰ ਵਿਧਾਨ ਸਭਾ ਵਿਚ ਕਿਸਾਨਾਂ ਦੇ ਦੋ ਲੱਖ ਤੱਕ ਦੇ ਖੇਤੀ ਕਰਜ਼ੇ ਨੂੰ ਮੁਆਫ ਕਰਨ ਦਾ ਐਲਾਨ ਕੀਤਾ ਪਰੰਤੂ ਗੁਰਦਾਸਪੁਰ ਦੇ ਪਿੰਡ ਬਾਲਾਪਿੰਡ ਦੇ ਕਿਸਾਨ ਇੰਦਰਜੀਤ ਸਿੰਘ ਜਿਸਦੇ ਸਿਰ ਪੰਜ ਲੱਖ ਰੁਪਏ ਦਾ ਕਰਜ਼ਾ ਸੀ, ਨੇ ਸਲਫਾਸ ਦੀਆਂ ਗੋਲੀਆ ਖਾਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਕਿਸਾਨ ਦਾ ਚਾਚਾ ਗੁਰਦਿਆਲ ਸਿੰਘ ਵਾਰ-ਵਾਰ ਕਹਿ ਰਿਹਾ ਹੈ ਕਿ ਉਸਦੇ ਭਤੀਜੇ ਇੰਦਰਜੀਤ ਸਿੰਘ ਦੀ ਮੌਤ ਦੇ ਲਈ ਅਮਰਿੰਦਰ ਸਿੰਘ ਜ਼ਿੰਮੇਦਾਰ ਹੈ, ਕਿਉਂਕਿ ਉਨ੍ਹਾਂ ਦਾ ਭਤੀਜਾ ਕੈਪਟਨ ਦੇ ਸਾਰੇ ਕਰਜ਼ਾ ਮਾਫੀ ਦੇ ਵਾਅਦੇ ਤੋਂ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ। ਗਰੇਵਾਲ ਅਤੇ ਜੋਸ਼ੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਕਰਜ਼ਾ ਕੁਰਕੀ ਖ਼ਤਮ ਕਰਨ ਦੇ ਵਾਅਦੇ ਨੂੰ ਤੁਰੰਤ ਸਖਤੀ ਨਾਲ ਪੂਰਾ ਕੀਤਾ ਜਾਵੇ, ਨਹੀਂ ਤਾਂ ਪੰਜਾਬ ਕਿਸਾਨਾਂ ਦਾ ਸ਼ਮਸ਼ਾਨ ਬਣ ਜਾਵੇਗਾ।














