ਮਾਮਲਾ ਭਾਰਤ ਮਾਲਾ ਪ੍ਰੋਜੈਕਟ ਅਧੀਨ ਕੱਢੇ ਜਾ ਰਹੇ ਗਰੀਨ ਫੀਲਡ ਬਠਿੰਡਾ-ਬਰਨਾਲਾ ਹਾਈਵੇ ਦਾ
ਬਰਨਾਲਾ, (ਜਸਵੀਰ ਸਿੰਘ ਗਹਿਲ) ਕਿਸਾਨ ਸੰਘਰਸ਼ ਕਮੇਟੀ ਨੇ ਇੱਥੇ ਭਾਰਤ ਮਾਲਾ ਪ੍ਰੋਜੈਕਟ ਅਧੀਨ ਕੱਢੇ ਜਾ ਰਹੇ ਗਰੀਨ ਫੀਲਡ ਬਠਿੰਡਾ-ਬਰਨਾਲਾ ਹਾਈਵੇ ਦੇ ਸਬੰਧ ਵਿੱਚ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ। ਉਪਰੰਤ ਆਗੂਆਂ ਨੇ ਦੱਸਿਆ ਕਿ ਭਾਰਤ ਸਰਕਾਰ ਦੁਆਰਾ ਭਾਰਤ ਮਾਲਾ ਪ੍ਰੋਜੈਕਟ ਅਧੀਨ ਜ਼ਿਲੇ੍ਹ ਦੇ ਸੰਧੂ ਕਲਾਂ, ਬੱਲੋਕੇ, ਲੀਲੋਂ ਕੋਠੇ, ਸ਼ਹਿਣਾ, ਵਿਧਾਤੇ, ਰਾਗਮੜ, ਗਹਿਲ, ਮੂੰਮ, ਬੀਹਲਾ ਤੇ ਗਾਗੇਵਾਲ ਪਿੰਡਾਂ ਵਿੱਚਦੀ ਗਰੀਨ ਫੀਲਡ ਬਠਿੰਡਾ-ਬਰਨਾਲਾ ਹਾਈਵੇ ਕੱਢਿਆ ਜਾ ਰਿਹਾ ਹੈ।
ਜਿਸ ਸਬੰਧੀ 9 ਜਨਵਰੀ ਨੂੰ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਸੀ ਪਰ ਉਸ ਸਮੇਂ ਤੋਂ ਹੀ ਕਿਸਾਨ ਇਸ ਰੋਡ ਦਾ ਵਿਰੋਧ ਕਾਨੂੰਨ ਮੁਤਾਬਕ ਪ੍ਰਸ਼ਾਸਨ ਤੇ ਸਰਕਾਰ ਕੋਲ ਕਰਦੇ ਆ ਰਹੇ ਹਨ। ਇਸ ਦੇ ਬਾਵਜ਼ੂਦ ਸਰਕਾਰ ਵੱਲੋਂ ਰੋਡ ਸਬੰਧੀ ਕਾਰਵਾਈ ਜਾਰੀ ਹੈ। ਆਗੂਆਂ ਦੱਸਿਆ ਕਿ ਕਿਸਾਨਾਂ ਨੂੰ ਬਿਨਾਂ ਭਰੋਸੇ ’ਚ ਲਏ ਉਨ੍ਹਾਂ ਦੀਆਂ ਜ਼ਮੀਨਾਂ ਸਬੰਧੀ 3 ਡੀ ਬਣਾ ਕੇ ਹੁਣ ਰੇਟਾਂ ਸਬੰਧੀ ਐਵਾਰਡ ਪਾਉਣ ਦੀ ਤਿਆਰੀ ਕਰ ਲਈ ਹੈ। ਜਦਕਿ ਇਸ ਸਬੰਧੀ ਕਿਸਾਨਾਂ ਨੂੰ ਭਰੋਸੇ ਵਿੱਚ ਨਹੀ ਲਿਆ ਗਿਆ।
ਆਗੂਆਂ ਦੱਸਿਆ ਕਿ ਇਹ ਐਵਾਰਡ ਕੁਲੈਕਟਰ ਅਤੇ ਸਾਂਟ ਰੇਟ ਅਧਾਰਤ ਬਣਾਏ ਜਾ ਰਹੇ ਹਨ ਪਰ ਕਿਸਾਨਾਂ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟਾਂ ਅਤੇ ਮਾਰਕੀਟ ਰੇਟ ਵਿੱਚ ਜ਼ਮੀਨ- ਅਸਮਾਨ ਦਾ ਫ਼ਰਕ ਹੈ। ਉਨ੍ਹਾਂ ਕਿਹਾ ਕਿ ਜ਼ਿਲੇ ਦੀ ਸਾਰੀ ਜ਼ਮੀਨ ਨਹਿਰੀ ਹੈ, ਜਿਸਦੇ ਮਾਰਕੀਟ ਰੇਟ ਚਾਲੀ ਲੱਖ ਤੱਕ ਹਨ। ਇਸ ਕਰਕੇ ਕਿਸਾਨਾਂ ਵੱਲੋਂ ਸਰਕਾਰ ਦੇ ਕੁਲੈਕਟਰ ਰੇਟਾਂ ਵਾਲੇ ਐਵਾਰਡ ਨੂੰ ਰੱਦ ਕਰ ਦਿੱਤਾ ਹੈ। ਜਿਸ ਦੇ ਸਬੰਧੀ ਸਮੂਹ ਜ਼ਮੀਨ ਮਾਲਕਾਂ ਵੱਲੋਂ ਰੋਡ ਸੰਘਰਸ਼ ਕਮੇਟੀ ਦੇ ਆਗੂਆਂ ਦੀ ਅਗਵਾਈ ਵਿੱਚ ਡੀਸੀ ਬਰਨਾਲਾ ਨੂੰ ਮੰਗ ਪੱਤਰ ਸੌਂਪਿਆ ਗਿਆ ਹੈ। ਆਗੂਆਂ ਜ਼ਮੀਨਾਂ ਦੇ ਐਵਾਰਡ ਮਾਰਕੀਟ ਰੇਟ ਅਨੁਸਾਰ ਬਣਾਉਣ, ਪਾਰ ਵਾਲੀ ਜ਼ਮੀਨਾਂ ਦੇ ਰਸਤੇ ’ਤੇ ਪਾਣਂ ਦਾ ਪ੍ਰਬੰਧ ਤੇ ਮੁਆਵਜ਼ਾ ਕਬਜ਼ੇ ਦੇ ਅਧਾਰ ’ਤੇ ਦੇਣ ਦੀ ਮੰਗ ਕੀਤੀ। ਇਸ ਦੌਰਾਨ ਕਿਸਾਨਾਂ ਨੇ ਡੀਆਰਓ ਤੋਂ ਐਵਾਰਡ ਬਣਾਉਣ ਲਈ ਕਿਸਾਨਾਂ ਦੀ ਸਲਾਹ ਦਾ ਲਿਖਤੀ ਭਰੋਸਾ ਵੀ ਲਿਆ।
ਇਸ ਮੌਕੇ ਰੋਡ ਸੰਘਰਸ਼ ਕਮੇਟੀ ਦੇ ਪ੍ਰਘਾਨ ਜੱਗਾ ਸਿੰਘ ਸ਼ਹਿਣਾ, ਸੁਖਪਾਲ ਸਿੰਘ ਸੰਧੂ ਕਲਾਂ, ਕੁਲਵੰਤ ਸਿੰਘ ਗਹਿਲ, ਹਰਜਿੰਦਰ ਸਿੰਘ ਗਾਗੇਵਾਲ, ਧਰਮਿੰਦਰ ਰਾਮਗੜ, ਰਾਜ ਵਿਧਾਤੇ, ਬੂਟਾ ਸਿੰਘ ਲੀਲੋਂ ਕੋਠੇ, ਸਰਪੰਚ ਭਗਤ ਸਿੰਘ, ਸੰਜੇ ਠੇਕੇਦਾਰ, ਕੁਲਦੀਪ ਬਾਠ, ਗੁਰਦੇਵ ਸੰਧੂ ਕਲਾਂ, ਊਧਮ ਸਿੰਘ ਮੂੰਮ, ਪਰਮਿੰਦਰ ਬੀਹਲਾ ਆਦਿ ਵੀ ਹਾਜਰ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ