ਤੀਸਰੇ ਦਿਨ ਸੋਨੀਆ, ਸਿਮਰਨ ਅਤੇ ਪਿੰਕੀ ਨੇ ਕੀਤਾ ਕੁਆਲੀਫਾਈ
ਏਜੰਸੀ,
ਨਵੀਂ ਦਿੱਲੀ, 19 ਨਵੰਬਰ
ਭਾਰਤ ਦੀਆਂ ਮੁੱਕੇਬਾਜ਼ ਸੋਨੀਆ, ਪਿੰਕੀ ਰਾਣੀ ਅਤੇ ਸਿਮਰਨਜੀਤ ਕੌਰ ਨੇ ਆਪਣਾ ਸ਼ਾਨਦਾਰ ਪ੍ਰਦਰਸ਼ਨ ਬਰਕਰਾਰ ਰੱਖਦੇ ਹੋਏ ਆਪਣੇ ਮੁਕਾਬਲੇ ਜਿੱਤ ਕੇ ਆਈਬਾ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਦੋਂਕਿ ਭਾਰਤ ਦੀ ਸਵੀਟੀ ਬੂਰਾ ਨੂੰ ਮਿਡਲਵੇਟ ਵਰਗ ਦੇ ਪ੍ਰੀ ਕੁਆਰਟਰ ਫਾਈਨਲ ‘ਚ ਪੋਲੈਂਡ ਦੀ ਅਲਜਬਿਤਾ ਹੱਥੋਂ 0-5 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸਵੀਟੀ ਟੂਰਨਾਮੈਂਟ ਤੋਂ ਬਾਹਰ ਹੋਣ ਵਾਲੀ ਦੂਸਰੀ ਭਾਰਤੀ ਮੁੱਕੇਬਾਜ਼ ਹੈ ਇਸ ਤੋਂ ਪਹਿਲਾਂ ਸਾਬਕਾ ਚੈਂਪੀਅਨ ਸਰਿਤਾ ਦੇਵੀ ਟੂਰਨਾਮੈਂਟ ਤੋਂ ਬਾਹਰ ਹੋ ਗਈ ਸੀ
ਸੋਨੀਆ ਨੇ 2014 ਦੀ ਵਿਸ਼ਵ ਚੈਂਪੀਅਨ ਬੁਲਗਾਰੀਆ ਦੀ ਪੇਤਰੋਵਾ ਸਟੇਨਿਮਿਰਾ ਨੂੰ 54-57 ਕਿਗ੍ਰਾ ਫੀਦਰਵੇਟ ਵਰਗ ‘ਚ ਹੋਏ ਸਖ਼ਤ ਮੁਕਾਬਲੇ ‘ਚ 3-2 ਨਾਲ ਅਤੇ ਪਿੰਕੀ ਰਾਣੀ ਨੇ ਇੰਗਲੈਂਡ ਦੀ ਅਬੋਨੀ ਅਲਿਸ ਲਿਲੀ ਨੂੰ 5-0 ਨਾਲ ਹਰਾਇਆ
ਹਰਿਆਣਾ ਦੀਆਂ ਸੋਨੀਆ ਅਤੇ ਪਿੰਕੀ ਦੀ ਜਿੱਤ ਤੋਂ ਬਾਅਦ ਹੁਣ ਭਾਰਤ ਦੀਆਂ 8 ਮੁੱਕੇਬਾਜ਼ ਟੂਰਨਾਮੈਂਟ ਦੇ ਕੁਆਰਟਰ ਫਾਈਨਲ ‘ਚ ਪਹੁੰਚ ਗਈਆਂ ਹਨ ਇਸ ਤੋਂ ਪਹਿਲਾਂ ਪੰਜ ਵਾਰ ਦੀ ਚੈਂਪੀਅਨ ਐਮਸੀ ਮੈਰੀਕਾਮ ਅਤੇ ਮਨੀਸ਼ਾ ਮੌਨ ਨੇ ਕੁਆਰਟਰ ਫ਼ਾਈਨਲ ‘ਚ ਜਗ੍ਹਾ ਬਣਾ ਲਈ ਸੀ ਜਦੋਂਕਿ ਸੀਮਾ ਪੂਨੀਆ (81+ਭਾਰ ਵਰਗ) ਨੂੰ ਸਿੱਧਾ ਹੀ ਕੁਆਰਟਰ ਫਾਈਨਲ ‘ਚ ਪ੍ਰਵੇਸ਼ ਮਿਲਿਆ ਸੀ ਪਿੰਕੀ ਰਾਣੀ ਨੇ 48 ਤੋਂ 51 ਕਿਗ੍ਰਾ ਭਾਰ ਵਰਗ ‘ਚ ਲਿਲੀ ਨੂੰ ਜੱਜਾਂ ਦੇ ਸਾਂਝੇ ਫੈਸਲੇ ਨਾਲ 29-28, 29-28, 29-28, 29-28, 30-27 ਨਾਲ ਹਰਾਇਆ ਪਿੰਕੀ ਦਾ ਕੁਆਰਟਰ ਫਾਈਨਲ ‘ਚ ਉੱਤਰੀ ਕੋਰੀਆ ਦੀ ਚੋਲ ਮੀ ਪਾਂਗ ਨਾਲ ਮੁਕਾਬਲਾ ਹੋਵੇਗਾ
ਲੁਧਿਆਣਾ ਦੀ ਸਿਮਰਨ ਵੀ ਜਿੱਤੀ
ਪੰਜਾਬ ਦੇ ਲੁਧਿਆਣਾ ਦੀ ਸਿਮਰਨ ਨੇ 64 ਕਿਗ੍ਰਾ ਵੇਲਟਰਵੇਟ ਵਰਗ ‘ਚ ਕੈਨੇਡਾ ਦੀ ਰੀਡ ਨੂੰ ਜੱਜਾਂ ਦੇ ਸਾਂਝੇ ਫੈਸਲੇ ਨਾਲ 30-27, 30-27, 29-28, 30-27 ਨਾਲ ਹਰਾਇਆ ਸਿਮਰਨ ਦਾ ਕੁਆਰਟਰ ਫਾਈਨਲ ‘ਚ ਆਇਰਲੈਂਡ ਦੀ ਸਾਰਾ ਨਾਲ ਮੁਕਾਬਲਾ ਹੋਵੇਗਾ
ਬੁਲਗਾਰੀਆ ਦੇ ਕੋਚ ਦੀ ਮਾਨਤਾ ਰੱਦ
ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈਬਾ) ਨੇ ਭਾਰਤ ਦੀ ਸੋਨੀਆ ਦੇ ਬੁਲਗਾਰੀਆ ਦੀ ਪੇਤਰੋਵਾ ਵਿਰੁੱਧ 3-2 ਨਾਲ ਮੁਕਾਬਲਾ ਜਿੱਤਣ ਤੋਂ ਬਾਅਦ ਬੁਲਗਾਰਿਆਈ ਕੋਚ ਦੇ ਜੱਜਾਂ ਦੇ ਫੈਸਲੇ ‘ਤੇ ਇਤਰਾਜ਼ ਕਰਨ ‘ਤੇ ਸਖ਼ਤ ਕਾਰਵਾਈ ਕਰਦੇ ਹੋਏ ਉਸਦਾ ਮਾਨਤਾ ਪੱਤਰ ਰੱਦ ਕਰ ਦਿੱਤਾ ਸੋਨੀਆ ਦੀ ਜਿੱਤ ‘ਤੇ ਪੇਤਰੋਵਾ ਨੇ ਨਾਰਾਜ਼ਗੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਹ ਸਹੀ ਫੈਸਲਾ ਨਹੀਂ, ਮੁਕਾਬਲਾ ਮੈਂ ਜਿੱਤਿਆ ਹੈ
ਕੋਚ ਦੇ ਇਸ ਵਤੀਰੇ ‘ਤੇ ਆਈਬਾ ਨੇ ਬੈਠਕ ਕੀਤੀ ਅਤੇ ਪੂਰੀ ਤਰ੍ਹਾਂ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇੱਕ ਬਿਆਨ ਜਾਰੀ ਕਰਦੇ ਹੋਏ ਲੇਸੋਵ ਦਾ ਮਾਨਤਾ ਪੱਤਰ ਰੱਦ ਕਰ ਦਿੱਤਾ ਆਈਬਾ ਨੇ ਬਿਆਨ ‘ਚ ਕਿਹਾ ਕਿ ਕੋਚ ਲੇਸੋਵ ਕੋਲ ਰਿੰਗ ਦੇ ਕਾਰਨਰ ‘ਤੇ ਆਪਣੇ ਮੁੱਕੇਬਾਜ਼ਾਂ ਕੋਲ ਖੜ੍ਹੇ ਰਹਿਣ ਦਾ ਹੱਕ ਨਹੀਂ ਰਹੇਗਾ ਉਹਨਾਂ ਕਿਹਾ ਕਿ ਲੇਸੋਵ ਨੇ ਜੋ ਵਤੀਰਾ ਦਿਖਾਇਆ ਹੈ ਉਸਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ ਆਈਬਾ ਕਿਸੇ ਵੀ ਹਾਲਤ ‘ਚ ਅਜਿਹੇ ਕਿਸੇ ਵੀ ਸਲੂਕ ਨੂੰ ਬਰਦਾਸ਼ਤ ਨਹੀਂ ਕਰਦਾ ਹੈ ਇਸ ਮਾਮਲੇ ਨੂੰ ਹੁਣ ਅੱਗੇ ਦੀ ਸਮੀਖਿਆ ਲਈ ਆਈਬਾ ਦੀ ਅਨੁਸ਼ਾਸਨ ਕਮੇਟੀ ਨੂੰ ਸੌਂਪਿਆ ਜਾਵੇਗਾ
ਦੂਜੇ ਪਾਸੇ ਸੋਨੀਆ ਨੇ ਕਿਹਾ ਕਿ ਫੈਸਲਾ ਸਹੀ ਸੀ ਮੈਂ ਪਹਿਲੇ ਗੇੜ ‘ਚ ਰੱਖਿਆਤਮਕ ਖੇਡੀ ਪਰ ਤੀਸਰੇ ਗੇੜ ‘ਚ ਕੋਚ ਨੇ ਮੈਨੂੰ ਹਮਲਾ ਕਰਨ ਨੂੰ ਕਿਹਾ ਕਿ ਜਿਸ ਦਾ ਮੈਨੂੰ ਫਾਇਦਾ ਮਿਲਿਆ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।