ਬਲੱਡ ਬੈਂਕਾਂ ’ਚ ਬੋਲ ਰਹੇ ਨੇ ਖੂਨਦਾਨ ਕਰਨ ਵਾਲੇ ਸ਼ਰਧਾਲੂਆਂ ਅਤੇ ਸਮਾਜ ਸੇਵੀਆਂ ਦੇ ਰਿਕਾਰਡ | World Blood Donor Day 2025
- ਖੂਨਦਾਨ ਕਰਕੇ ਸੈਂਕੜੇ ਮਰੀਜ਼ਾਂ ਲਈ ਲਾਈਫ਼ ਲਾਈਨ ਬਣ ਚੱਕੇ ਨੇ ਡੇਰਾ ਸ਼ਰਧਾਲੂ | World Blood Donor Day 2025
World Blood Donor Day 2025: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਹਸਪਤਾਲ ਵਿੱਚ ਪਏ ਮਰੀਜ਼ ਲਈ ਆਪਣੇ ਹੀ ਖੂਨਦਾਨ ਕਰਨ ਤੋਂ ਮੂੰਹ ਮੋੜ ਲੈਣ ਅਤੇ ਤਰ੍ਹਾਂ-ਤਰ੍ਹਾਂ ਦੇ ਬਹਾਨੇ ਬਣਾ ਕੇ ਹਸਪਤਾਲ ਵਿੱਚੋਂ ਖਿਸਕ ਜਾਣ ਤਾਂ ਉਸ ਸਮੇਂ ਮਰੀਜ਼ ਦੀ ਜਾਨ ਬਚਾਉਣ ਲਈ ਨੌਜਵਾਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਭੱਜੇ ਆਉਂਦੇ ਹਨ। ਇਨ੍ਹਾਂ ਦਾ ਉਕਤ ਮਰੀਜ਼ ਨਾਲ ਨਾ ਕੋਈ ਪਰਿਵਾਰਕ ਰਿਸ਼ਤਾ ਹੁੰਦਾ ਹੈ ਤੇ ਨਾ ਹੀ ਕੋਈ ਜਾਣ-ਪਛਾਣ। ਇਨ੍ਹਾਂ ਦਾ ਟੀਚਾ ਇਨਸਾਨੀਅਤ ਨੂੰ ਮੁੱਖ ਰੱਖਦਿਆਂ ਆਪਣੇ ਖੂਨ ਨਾਲ ਹਸਪਤਾਲ ਵਿੱਚ ਪਏ ਮਰੀਜ਼ ਦੀ ਇਲਾਜ਼ ਵਿੱਚ ਮੱਦਦ ਕਰਨਾ ਹੁੰਦਾ ਹੈ। ਇਹ ਨੌਜਵਾਨ ਸ਼ਰਧਾਲੂ ਦਰਜ਼ਨਾਂ ਵਾਰ ਖੂਨਦਾਨ ਅਤੇ ਸੈੱਲ ਦਾਨ ਕਰਕੇ ਅਨੇਕਾਂ ਜ਼ਿੰਦਗੀਆਂ ਦੀ ਲਾਈਫ-ਲਾਈਨ ਬਣ ਚੁੱਕੇ ਹਨ।
Read Also : Save Birds Campaign: ‘ਸੱਚ ਕਹੂੰ’ ਦੀ 23 ਵੀਂ ਵਰ੍ਹੇਗੰਢ ਦੀ ਖੁਸ਼ੀ ’ਚ ਸਾਧ-ਸੰਗਤ ਨੇ ਪੰਛੀਆਂ ਲਈ ਪਾਣੀ ਦੇ ਕਟੋਰੇ ਵੰਡੇ
ਖੂਨ ਨਾ ਤਾਂ ਕਿਸੇ ਫੈਕਟਰੀ ’ਚ ਤਿਆਰ ਕੀਤਾ ਜਾ ਸਕਦਾ ਹੈ ਤੇ ਨਾ ਹੀ ਇਸਦਾ ਕੋਈ ਬਦਲ ਹੁੰਦਾ ਹੈ, ਸਿਰਫ਼ ਮਨੁੱਖ ਹੀ ਆਪਣਾ ਖੂਨਦਾਨ ਦੇ ਕੇ ਮਨੁੱਖੀ ਜ਼ਿੰਦਗੀਆਂ ਦਾ ਰਾਖਾ ਬਣ ਸਕਦਾ ਹੈ। ਅਜਿਹੇ ਹੀ ਲੱਖਾਂ ਰਾਖੇ ਹਨ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ, ਜੋ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਖੂਨਦਾਨ ਦੀ ਜਗਾਈ ਅਲਖ ਤਹਿਤ ਹਰ ਵੇਲੇ ਖੂਨਦਾਨ ਦੀ ਕਮੀ ਕਾਰਨ ਟੁੱਟਦੀਆਂ ਸਾਹਾਂ ਦੀਆਂ ਡੋਰਾਂ ਦੀ ਰਾਖੀ ਲਈ ਤਿਆਰ ਰਹਿੰਦੇ ਹਨ ਇਹਨਾਂ ’ਚ ਹੀ ਸ਼ਾਮਲ ਹੈ ਨੌਜਵਾਨ ਡੇਰਾ ਸ਼ਰਧਾਲੂ ਨਿਖਿਲ ਇੰਸਾਂ, ਜੋ 90 ਵਾਰ ਖੂਨਦਾਨ ਤੇ ਸੈੱਲ ਦਾਨ ਕਰ ਚੁੱਕਿਆ ਹੈ
World Blood Donor Day 2025
ਜਦੋਂ ਉਸ ਨੂੰ ਸੁਨੇਹਾ ਮਿਲਦਾ ਹੈ ਤਾਂ ਨਾ ਉਹ ਦਿਨ ਦੇਖਦਾ ਹੈ ਤੇ ਨਾ ਹੀ ਰਾਤ। ਇੱਥੋਂ ਤੱਕ ਕਿ ਸਰਦੀਆਂ ਵਿੱਚ ਵੀ ਅੱਧੀ-ਅੱਧੀ ਰਾਤ ਨੂੰ ਹਸਪਤਾਲ ਵਿੱਚ ਮਰੀਜ਼ ਦੀ ਜਾਨ ਬਚਾਉਣ ਲਈ ਅਨੇਕਾਂ ਵਾਰ ਖੂਨਦਾਨ ਅਤੇ ਸੈੱਲ ਦਾਨ ਕਰਨ ਲਈ ਪੁੱਜ ਜਾਂਦਾ ਹੈ। ਡੇਰਾ ਸ਼ਰਧਾਲੂ ਰਾਜ ਕੁਮਾਰ ਬੱਲੀ ਵੀ 60 ਵਾਰ ਖੂਨਦਾਨ ਕਰ ਚੁੱਕਾ ਹੈ
ਬਲੱਡ ਸੰਮਤੀ ਦੇ ਸਾਗਰ ਅਰੋੜਾ ਦਾ ਕਹਿਣਾ ਹੈ ਕਿ ਮਨੁੱਖ ਵੱਲੋਂ ਆਪਣੇ ਸੈੱਲ 48 ਘੰਟਿਆਂ ਬਾਅਦ ਦਿੱਤੇ ਜਾ ਸਕਦੇ ਹਨ ਤੇ ਖੂਨਦਾਨ ਤਿੰਨ ਮਹੀਨਿਆਂ ਬਾਅਦ। ਉਨ੍ਹਾਂ ਦੱਸਿਆ ਕਿ 25 ਸਾਲ ਦਾ ਹਾਰਦਿਕ ਇੰਸਾਂ 22 ਵਾਰ ਖੂਨਦਾਨ ਅਤੇ ਸੈੱਲ ਦਾਨ ਕਰ ਚੁੱਕਿਆ ਹੈ। 45 ਸਾਲ ਦਾ ਰਾਹੁਲ ਇੰਸਾਂ 50 ਵਾਰ ਤੋਂ ਜਿਆਦਾ ਖੂਨਦਾਨ ਅਤੇ ਸੈੱਲ ਦਾਨ ਕਰਕੇ ਹਸਪਤਾਲ ਵਿੱਚ ਪਏ ਮਰੀਜ਼ਾਂ ਲਈ ਲਾਈਫ਼ ਲਾਈਨ ਬਣ ਚੁੱਕਿਆ ਹੈ। ਇਸ ਤੋਂ ਇਲਾਵਾ ਸੂਰਜ ਇੰਸਾਂ ਵੱਲੋਂ 60 ਵਾਰ ਤੋਂ ਵੱਧ ਖੂਨਦਾਨ ਕੀਤਾ ਜਾ ਚੁੱਕਾ ਹੈ। 33 ਸਾਲ ਦਾ ਗੌਰਵ ਇੰਸਾਂ 30 ਵਾਰ ਖੂਨਦਾਨ ਅਤੇ ਸੈੱਲ ਦਾਨ ਕਰ ਚੁੱਕਾ ਹੈ। ਇਸ ਦੇ ਨਾਲ ਡੇਰਾ ਸ਼ਰਧਾਲੂ ਭੈਣਾਂ ਵੀ ਘੱਟ ਨਹੀਂ ਹਨ। ਪਟਿਆਲਾ ਵਾਸੀ ਪ੍ਰੀਤੀ ਇੰਸਾਂ ਵੱਲੋਂ 15 ਵਾਰ ਖੂਨਦਾਨ ਦਿੱਤਾ ਜਾ ਚੁੱਕਾ ਹੈ ਜਦਕਿ ਕੈਰਵੀ, ਕੋਮਲ ਭਾਵਨਾ ਇੰਸਾਂ ਵੀ ਲਗਾਤਾਰ ਖੂਨਦਾਨ ਕਰਕੇ ਮਨੁੱਖੀ ਜ਼ਿੰਦਗੀਆਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ।
ਸਮਾਜ ਸੇਵੀ ਵੀ ਖੂਨਦਾਨ ਦੀ ਜਗਾ ਰਹੇ ਨੇ ਅਲਖ
ਵੱਖ-ਵੱਖ ਸੰਸਥਾਵਾਂ ਨਾਲ ਜੁੜੇ ਸਮਾਜ ਸੇਵੀ ਵੀ ਖੂਨਦਾਨ ਦੀ ਅਲਖ ਜਗਾਏ ਹੋਏ ਹਨ। ਸਚਿਨ ਕੁਮਾਰ ਵੱਲੋਂ 80 ਵਾਰ ਖੂਨਦਾਨ ਕੀਤਾ ਜਾ ਚੁੱਕਾ ਹੈ ਤੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ। ਇਸ ਤੋਂ ਇਲਾਵਾ ਵਿਜੈ ਤਨੇਜਾ 50 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ ਹਨ ਜਦਕਿ ਕੁਲਵਿੰਦਰ ਸਿੰਘ ਕੂਕੀ 46 ਵਾਰ, ਸੁਖਵਿੰਦਰ ਗੋਲਡੀ 60 ਵਾਰ ਖੂਨਦਾਨ ਕਰ ਚੁੱਕੇ ਹਨ। ਰਜਿੰਦਰਾ ਬਲੱਡ ਬੈਂਕ ਸਮੇਤ ਲਾਈਫ ਲਾਈਨ ਬਲੱਡ ਬੈਂਕ ਅੰਦਰ ਡੇਰਾ ਸ਼ਰਧਾਲੂਆਂ ਸਮੇਤ ਕਈ ਸਮਾਜਸੇਵੀ ਅਜਿਹੇ ਪੱਕੇ ਡੋਨਰ ਹਨ, ਜਿਨ੍ਹਾਂ ਦੇ ਰਿਕਾਰਡ ਬੋਲ ਰਹੇ ਹਨ।
ਰਜਿੰਦਰਾ ਬਲੱਡ ਬੈਂਕ ’ਚ 22500 ਯੂਨਿਟ ਖੂਨਦਾਨ ਹੁੰਦਾ ਇਕੱਤਰ
ਸਰਕਾਰੀ ਰਜਿੰਦਰਾ ਹਸਪਤਾਲ ਦੀ ਬਲੱਡ ਬੈਂਕ ਅੰਦਰ ਇੱਕ ਸਾਲ ਵਿੱਚ 22500 ਯੂਨਿਟ ਬਲੱਡ ਇਕੱਤਰ ਹੁੰਦਾ ਹੈ, ਜਿਸ ਵਿੱਚੋਂ ਸੈੱਲ ਅਤੇ ਪਲਾਜ਼ਮਾ ਵੀ ਇਕੱਤਰ ਹੁੰਦਾ ਹੈ। ਬਲੱਡ ਬੈਂਕ ਦੇ ਅਧਿਕਾਰੀ ਡਾ. ਸੁਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਨਾਲ 40 ਹਜ਼ਾਰ ਤੋਂ ਵੱਧ ਮਰੀਜ਼ਾਂ ਦਾ ਇਲਾਜ਼ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ ’ਤੇ ਗਰਮੀ ਦੇ ਦਿਨਾਂ ਵਿੱਚ ਜੂਨ-ਜੁਲਾਈ ਮਹੀਨੇ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ, ਪਰ ਇਸ ਵਾਰ ਉਨ੍ਹਾਂ ਕੋਲ ਬਲੱਡ ਦੀ ਘਾਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਨਾਲ ਜੁੜੇ ਸ਼ਰਧਾਲੂ ਖੂਨਦਾਨ ਕਰਨ ਵਿੱਚ ਆਪਣਾ ਮੋਹਰੀ ਰੋਲ ਅਦਾ ਕਰ ਰਹੇ ਹਨ ਤੇ ਸਮਾਜ ਵਿੱਚ ਵੱਡੀ ਚੇਤਨਾ ਜਗਾ ਰਹੇ ਹਨ।