ਬਿਜਲੀ ਕਾਮਿਆਂ ਨੇ ਪਾਵਰਕੌਮ ਦੇ ਤਿੰਨੇ ਮੁੱਖ ਗੇਟ ਘੇਰੇ

ਮੁੱਖ ਦਫ਼ਤਰ ਅੰਦਰ ਕੰਮ ਕਾਜ਼ ਠੱਪ ਹੋਣ ਦਾ ਕੀਤਾ ਦਾਅਵਾ

ਜੇਕਰ ਮੰਗਾਂ ਨਾ ਮੰਨੀਆਂ ਤਾ ਹੋਵੇਗਾ ਤਕੜਾ ਐਕਸ਼ਨ : ਜੁਆਇੰਟ ਫੋਰਮ

ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ ਨਾਲ ਮੰਗਾਂ ਨੂੰ ਲੈ ਕੇ ਗੱਲਬਾਤ ਟੁੱਟਣ ਤੋਂ ਬਾਅਦ ਅੱਜ ਜੁਆਇੰਟ ਫਰੰਟ ਵੱਲੋਂ ਪਾਵਰਕੌਮ ਦੇ ਤਿੰਨੇ ਗੇਟਾਂ ਦਾ ਘਿਰਾਓ ਕਰਕੇ ਰੋਸ ਪ੍ਰਦਰਸ਼ਨ ਕੀਤਾ। ਸਵੇਰ ਵੇਲੇ ਮੁੱਖ ਗੇਟਾਂ ਦਾ ਘਿਰਾਓ ਕਰਨ ਕਰਕੇ ਹੈਡ ਆਫ਼ਿਸ ਦਾ ਕੰਮ ਠੱਪ ਰਿਹਾ ਅਤੇ ਮੁਲਾਜ਼ਮ ਅੰਦਰ ਦਾਖਲ ਨਾ ਸਕੇ। ਇਸ ਦੌਰਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਪਾਵਰਕੌਮ ਨੇ ਬਿਜਲੀ ਕਾਮਿਆਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ, ਇਸ ਤੋਂ ਤਕੜਾ ਸੰਘਰਸ਼ ਕੀਤਾ ਜਾਵੇਗਾ।

ਜਾਣਕਾਰੀ ਅਨੁਸਾਰ ਜੁਆਇੰਟ ਫਰੰਟ ‘ਚ ਟੈਕਨੀਕਲ ਸਰਵਿਸਜ਼ ਯੂਨੀਅਨ ਪੀ.ਐਸ.ਈ.ਬੀ. ਇੰਪਲਾਈਜ਼ ਫੈਡਰੇਸ਼ਨ, ਵਰਕਰਜ਼ ਫੈਡਰੇਸ਼ਨ ਇੰਟਕ, ਇੰਪਲਾਈਜ਼ ਫੈਡਰੇਸ਼ਨ, ਕਰਮਚਾਰੀ ਦਲ, ਥਰਮਲ ਇੰਪਲਾਈਜ਼ ਕੁਆਰਡੀਨੇਸ਼ਨ ਕਮੇਟੀ, ਹੈਡ ਆਫਿਸ ਇੰਪਲਾਈਜ਼ ਫੈਡਰੇਸ਼ਨ, ਮਨਿਸਟੀਰੀਅਲ ਸਰਵਿਸਜ਼ ਯੂਨੀਅਨ ਤੇ ਪੰਜਾਬ ਰਾਜ ਬਿਜਲੀ ਮਜ਼ਦੂਰ ਸੰਘ ਸ਼ਾਮਲ ਹਨ, ਜਿਨ੍ਹਾਂ ਵੱਲੋਂ ਤਿੰਨੇ ਗੇਟਾਂ ਤੇ ਕੋਵਿਡ-19 ਤੋਂ ਬਚਾਅ ਲਈ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਮਾਸਕ ਲਾ ਕੇ ਸੋਸ਼ਲ ਡਿਸਟੈਂਸ ਰੱਖਦਿਆਂ ਤਪਦੀ ਧੁੱਪ ਵਿੱਚ ਵਿਸ਼ਾਲ ਰੋਸ ਧਰਨਾ ਦੇ ਕੇ ਰੋਸ ਪ੍ਰਦਰਸ਼ਨ ਕੀਤਾ।

ਇਹ ਰੋਸ ਧਰਨਾ ਸਵੇਰੇ 8:30  ਵਜੇ ਤੋਂ 11:00 ਵਜੇ ਤੱਕ ਕੀਤਾ ਗਿਆ, ਜਿਸ ਕਾਰਨ ਹੈਡ ਆਫਿਸ ਦਾ ਕੰਮ ਠੱਪ ਰਿਹਾ ਤੇ ਆਵਾਜਾਈ ਵੀ ਪ੍ਰਭਾਵਿਤ ਹੋਈ।

ਰੋਸ ਧਰਨੇ ਨੂੰ ਜੁਆਇੰਟ ਫੋਰਮ ਦੇ ਆਗੂਆਂ ਕਰਮ ਚੰਦ ਭਾਰਦਵਾਜ, ਕੁਲਦੀਪ ਸਿੰਘ ਖੰਨਾ, ਬਲਵਿੰਦਰ ਸਿੰਘ ਸੰਧੂ,  ਜਗਰੂਪ ਸਿੰਘ ਮਹਿਮਦਪੁਰ, ਹਰਜਿੰਦਰ ਸਿੰਘ, ਸੁਖਵਿੰਦਰ ਸਿੰਘ ਦੁਮਨਾ, ਕੌਰ ਸਿੰਘ, ਅਵਤਾਰ ਸਿੰਘ ਕੈਂਥ, ਰਾਮ ਲੁਭਾਇਆ, ਪ੍ਰੀਤਮ ਸਿੰਘ, ਹਰਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੁਲਾਜਮਾਂ ਨੂੰ 1-12-2011 ਤੋਂ ਪੇ-ਬੈਂਡ ਵਿੱਚ ਵਾਧਾ ਦੇਣ, ਕਰਮਚਾਰੀਆਂ ਤੇ ਰਿਟਾਇਰੀਆਂ ਨੂੰ ਬਿਨਾ ਸ਼ਰਤ 23 ਸਾਲਾਂ ਦੀ ਸੇਵਾ ਦਾ ਲਾਭ, ਨਵੇਂ ਨਿਯੁਕਤ ਸ.ਲ.ਮ. ਨੂੰ ਸੈਮੀ ਸਕਿਲਡ ਦੀ ਥਾਂ ਸਕਿਲਡ ਵੱਜੋਂ ਅਤੇ ਹੇਠਲੀ ਸ਼੍ਰੇਣੀ ਕਲਰਕ ਬਰਾਬਰ ਤਨਖਾਹ ਦੇਣ, ਕੰਟਰੈਕਟ ਤੇ ਕੰਮ ਕਰਦੇਲ ਾਈਨਮੈਨ/ਐਸ.ਐਸ.ਏ. ਦੀਆਂ ਸੇਵਾਵਾਂ ਰੈਗੂਲਰ ਕਰਨਾ, ਮ੍ਰਿਤਕਾਂ ਦੇ ਆਸ਼ਿਰਤਾਂ ਨੂੰ ਯੋਗਤਾ ਦੇ ਆਧਾਰ ਤੇ ਨੌਕਰੀਆਂ ਦੇਣ, ਨਵ ਨਿਯੁਕਤ ਕਲੈਰੀਕਲ ਤੇ ਟੈਕਨੀਕਲ ਕਰਮਚਾਰੀਆਂ ਨੂੰ ਪੁਰੇ ਸਕੇਲ ਵਿੱਚ ਤਨਖਾਹ ਦੇਣ, ਸੈਮੀ ਸਕਿਲਡ ਸਹਾਇਕ ਲਾਇਨਮੈਨ ਤੋਂ ਓਵਰ ਹੈਡ ਲਾਇਨਾਂ ਤੇ ਅਣ ਅਧਿਕਾਰਤ ਜਬਰੀ ਕੰਮ ਕਰਵਾਉਣ ਵਿਰੁੱਧ, ਰੀਟਾਇਰੀ ਤੇ ਨਵ ਨਿਯੁਕਤ ਕਾਮਿਆਂ ਨੂੰ ਬਿਜਲੀ ਯੂਨਿਟਾਂ ਵਿੱਚ ਰਿਆਇਤ ਦੇਣ, ਬਰਾਬਰ ਕੰਮ ਬਰਾਬਰ ਤਨਖਾਹ ਦੇਣ,

ਪੰਜਾਬ ਸਰਕਾਰ ਨਾਲ ਸਬੰਧਤ ਪੇ ਰਵੀਜਨ, ਮਹਿੰਗਾਈ ਭੱਤਾ ਦੇਣ, ਆਊਟ ਸੋਰਸਿੰਗ ਬੰਦ ਕਰਨ ਆਦਿ ਮੰਗ ਪੱਤਰ ਅਨੁਸਾਰ ਮੰਨੀਆਂ ਮੰਗਾਂ ਲਾਗੂ ਨਹੀਂ ਕੀਤੀਆਂ ਜਾ ਰਹੀਆਂ ਬਲਕਿ ਟਰੇਡ ਯੂਨੀਅਨ ਹੱਕਾਂ ਤੇ ਛਾਪੇ ਮਾਰਕੇ ਮੁਲਾਜਮਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੀ ਹੈ, ਇਨ੍ਹਾਂ ਹੀ ਨਹੀਂ ਮੈਨੇਜਮੈਂਟ ਮੁਲਾਜਮਾਂ ਦੀਆਂ ਖਾਲੀ ਅਸਾਮੀਆਂ ਭਰਨ ਦੀ ਥਾਂ ਅਣ ਅਧਿਕਾਰਤ ਤੌਰ ਤੇ ਫੀਲਡ ਵਿੱਚ ਟੈਕਨੀਕਲ ਸਟਾਫ ਖਾਸ ਤੌਰ ‘ਤੇ ਪ੍ਰੋਵੇਸ਼ਨਲ ਪੀਰੀਅਡ ਤੇ ਕੰਮ ਕਰਦੇ

ਸਹਾਇਕ ਲਾਇਨਮੈਨਾਂ ਤੋਂ 11 ਕੇ.ਵੀ. ਓਵਰ ਹੈਡ ਲਾਇਨਾਂ ਤੇ ਕੰਮ ਕਰਵਾਉਣ ਦੇ ਹੁਕਮ ਜਾਰੀ ਕਰਕੇ ਉਹਨਾਂ ਨੂੰ ਮੌਤ ਦੇ ਮੂੰਹ ਧੱਕ ਰਹੀ ਹੈ। ਕਰਮਚੰਦ ਭਾਰਦਵਾਜ ਸਕੱਤਰ ਜੁਆਇੰਟ ਫੋਰਮ ਨੇ ਪਾਵਰ ਮੈਨੇਜਮੈਂਟ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਅਤੇ ਰਹਿੰਦੀਆਂ ਮੰਗਾਂ ਦਾ ਆਪਸੀ ਗੱਲਬਾਤ ਰਾਹੀਂ ਨਿਪਟਾਰਾ ਨਾ ਕੀਤਾ ਤਾਂ ਬਿਜਲੀ ਕਾਮੇ ਇਸ ਸੰਘਰਸ਼ ਨੂੰ ਹੋਰ ਤੇਜ ਕਰਨਗੇ।

ਉਹਨਾਂ ਇਹ ਵੀ ਦੱਸਿਆ ਕਿ ਪੈਡੀ ਸੀਜਨ ਦੌਰਾਨ ਬਿਜਲੀ ਖਪਤਕਾਰਾਂ ਨੂੰ ਵਧੀਆ ਸੇਵਾ ਸਹੂਲਤਾਂ ਦੇਣ ਅਤੇ ਅਦਾਰੇ ਅੰਦਰ ਸਨਅਤੀ ਮਾਹੌਲ ਠੀਕ ਰੱਖਣਾ ਮੈਨੇਜਮੈਂਟ ਦੀ ਜਿੰਮੇਵਾਰੀ ਬਣਦੀ ਹੈ ਪਰੰਤੂ ਮੈਨੇਜਮੈਂਟ ਬਿਜਲੀ ਕਾਮਿਆਂ ਦੀਆਂ ਮੰਨੀਆਂ ਮੰਗਾਂ ਲਾਗੂ ਨਾ ਕਰਨ ਕਰਕੇ ਉਹਨਾਂ ਵਿਰੁੱਧ ਬਦਲਾ ਲਊ ਭਾਵਨਾ ਨਾਲ ਕਾਰਵਾਈ ਕਰ ਰਹੀ ਹੈ ਜਿਸ ਕਾਰਨ ਮੁਲਾਜਮਾਂ ਵਿੱਚ ਸਖਤ ਰੋਸ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।