ਕਾਮਿਆਂ ਦੀ ਬਹਾਲੀ ਤੱਕ ਜਾਰੀ ਰਹੇਗਾ ਸੰਘਰਸ਼ : ਆਗੂ
ਨਾਭਾ, (ਤਰੁਣ ਕੁਮਾਰ ਸ਼ਰਮਾ)। ਨਾਭਾ ਸੰਗਰੂਰ ਰੋਡ ‘ਤੇ ਸਥਿਤ ਇੰਡੀਅਨ ਆਇਲ ਕਾਰਪੋਰੇਸ਼ਨ (ਆਈ ਉ ਸੀ) ਦੇ ਗੈਸ ਬਾਟਲਿੰਗ ਪਲਾਂਟ ‘ਚ ਕਾਮਿਆਂ ਦੀ ਬਹਾਲੀ ਦਾ ਮੁੱਦਾ ਗਰਮਾਉਂਦਾ ਜਾ ਰਿਹਾ ਹੈ। ਕੰਮ ਤੋਂ ਲਾਂਭੇ ਕੀਤੇ 17 ਵਰਕਰਾਂ ਵੱਲੋਂ ਅੱਜ ਹੋਰ ਭਰਾਤਰੀ ਜੱਥੇਬੰਦੀਆਂ ਦੇ ਸਹਿਯੋਗ ਨਾਲ ਪਲਾਂਟ ਦੇ ਮੁੱਖ ਗੇਟ ਅੱਗੇ ਪੱਕਾ ਮੋਰਚਾ ਲਗਾ ਕੇ ਮੁੜ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਇਸ ਮੌਕੇ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਕਿਹਾ ਕਿ ਗੈਸ ਪਲਾਂਟ ਨਾਭਾ ਇਲਾਕੇ ਦੇ ਨੌਜਵਾਨਾਂ ਨੂੰ ਰੋਜੀ ਰੋਟੀ ਦੇਣ ਵਿੱਚ ਅਸਮਰੱਥ ਸਾਬਤ ਹੋ ਰਿਹਾ ਹੈ। ਪਲਾਂਟ ਦੀ ਸਥਾਪਨਾ ਨਾਲ ਪਹਿਲਾਂ ਹੀ ਇਲਾਕੇ ‘ਤੇ ਖਤਰਾ ਮੰਡਰਾ ਰਿਹਾ ਹੈ। ਪਲਾਂਟ ਦੀ ਮੈਨੇਜਮੈਂਟ ਆਪਣੇ ਵਰਕਰਾਂ ਨਾਲ ਲਗਾਤਾਰ ਧੱਕਾ ਕਰਦੀ ਆ ਰਹੀ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਪੰਜਾਬ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਬੇਲੂਮਾਜਰਾ, ਦਿਹਾਤੀ ਮਜਦੂਰ ਸਭਾ ਦੇ ਪ੍ਰਧਾਨ ਕਾਕਾ ਸਿੰਘ ਭੱਟੀਵਾਲ, ਅਮਰ ਸਿੰਘ ਟੋਡਰਵਾਲ, ਚਮਕੌਰ ਸਿੰਘ ਧਾਰੋਕੀ, ਗੁਰਧਿਆਨ ਸਿੰਘ ਹਰੀਗੜ (ਪੀਐਸਯੂ), ਬੰਤ ਸਿੰਘ ਭੋੜੇ, ਕ੍ਰਿਸ਼ਨ ਸਿੰਘ, ਸੁਰਜੀਤ ਸਿੰਘ, ਗੁਰਜੰਟ ਸਿੰਘ ਪਸ਼ੂ ਪਾਲਣ, ਬਲਵਾਨ ਸਿੰਘ ਪੀਆਰਟੀਸੀ, ਹਰਦੀਪ ਸਿੰਘ, ਜੱਜ ਸਿੰਘ, ਹਰਪ੍ਰੀਤ ਸਿੰਘ ਸੁੱਖੇਵਾਲ, ਚਰਨਜੀਤ ਕੌਰ ਆਂਗਨਵਾੜੀ ਅਤੇ ਕਿਰਨਾ ਆਦਿ ਆਗੂਆਂ ਨੇ ਸਾਂਝੇ ਤੌਰ ‘ਤੇ ਕਿਹਾ ਕਿ ਕੰਪਨੀ ਦੀ ਮੈਨੇਜਮੈਂਟ ਠੇਕੇਦਾਰਾਂ ਰਾਹੀਂ ਕੱਢੇ ਵਰਕਰਾਂ ਨੂੰ ਦਿਨ ਰਾਤ ਪ੍ਰੇਸ਼ਾਨ ਕਰ ਰਹੀ ਹੈ।
ਉਨ੍ਹਾਂ ਦੋਸ਼ ਲਾਇਆ ਕਿ ਮੈਨੇਜਮੈਂਟ ਮਨੀ ਮੁਆਵਜੇ ਵਿੱਚ ਠੇਕੇਦਾਰਾਂ ਤੋਂ ਕਟੌਤੀ ਕਰਵਾ ਕੇ ਅੱਧਾ ਬੋਨਸ ਹੀ ਭੇਜ ਕੇ ਲਗਾਤਾਰ ਵਰਕਰਾਂ ਦਾ ਮਨੋਬਲ ਤੋੜਨ ਲੱਗੀ ਹੋਈ ਹੈ ਜਿਸ ਕਾਰਨ ਉਨ੍ਹਾਂ ਨੂੰ ਸ਼ਾਂਤਮਈ ਧਰਨਾ ਦੇਣ ਅਤੇ ਸੰਘਰਸ਼ ਉਲੀਕਣ ਨੂੰ ਮਜ਼ਬੂਰ ਹੋਣਾ ਪੈ ਗਿਆ ਹੈ। ਆਗੂਆਂ ਨੇ ਅੱਗੇ ਕਿਹਾ ਕਿ ਕੰਮ ਤੋਂ ਲਾਂਭੇ ਕੀਤੇ ਵਰਕਰਾਂ ਦੀ ਬਹਾਲੀ ਤੱਕ ਇਹ ਪੱਕਾ ਮੋਰਚਾ ਜਾਰੀ ਰਹੇਗਾ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਮੌਕੇ ਕੋਈ ਅਣਸੁਖਾਵੀ ਘਟਨਾ ਵਾਪਰਦੀ ਹੈ ਤਾਂ ਪਲਾਂਟ ਦੀ ਮੈਨੇਜਮੈਂਟ ਸਿੱਧੇ ਤੌਰ ‘ਤੇ ਜਿੰਮੇਵਾਰੀ ਹੋਵੇਗੀ। ਇਸ ਮੌਕੇ ਉਪਰੋਕਤ ਆਗੂਆਂ ਨੇ ਗੈਸ ਬਾਟਲਿੰਗ ਪਲਾਂਟ ਦੀ ਮੈਨੇਜਮੈਂਟ ਖਿਲਾਫ ਜੰਮ ਕੇ ਨਾਅਰੇਬਾਜੀ ਕੀਤੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.