ਆਜ਼ਾਦ ਭਾਰਤ ’ਚ ਆਜ਼ਾਦੀ ਲਈ ਔਰਤਾਂ ਦਾ ਸੰਘਰਸ਼ ਅਜੇ ਵੀ ਜਾਰੀ
ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਕਿਸਾਨ ਅੰਦੋਲਨ ਦਿਨ-ਰਾਤ ਚੱਲ ਰਿਹਾ ਹੈ। ਕਿਸਾਨ ਅੰਦੋਲਨ ਵਿੱਚ ਇਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਔਰਤਾਂ ਹਿੱਸਾ ਲੈ ਰਹੀਆਂ ਹਨ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਆਜ਼ਾਦ ਭਾਰਤ ਵਿੱਚ ਪਹਿਲੀ ਵਾਰ ਹੋਇਆ ਕਿ ਕਿਸੇ ਸੰਘਰਸ਼ ਵਿੱਚ ਔਰਤਾਂ ਦਾ ਏਨਾ ਵੱਡਾ ਇਕੱਠ ਹੋਵੇ। ਪੰਜਾਬ ਦੇ ਅੰਦਰ ਉਂਜ ਵੀ ਬਹੁਤ ਸਾਰੀਆਂ ਔਰਤਾਂ ਦੀਆਂ ਜਥੇਬੰਦੀਆਂ ਹਨ, ਜੋ ਜ਼ੁਲਮ ਦੇ ਖ਼ਿਲਾਫ਼ ਬੋਲਦੀਆਂ ਰਹਿੰਦੀਆਂ ਹਨ। ਵਿਦਿਆਰਥੀ ਸੰਗਠਨਾਂ ਦੇ ਵਿੱਚ ਔਰਤਾਂ ਵੀ ਇਸ ਵੇਲੇ ਅੱਗੇ ਆ ਰਹੀਆਂ ਹਨ ਅਤੇ ਉਨ੍ਹਾਂ ਨੂੰ ਚੰਗੇ ਅਹੁਦੇ ਵੀ ਹਾਸਲ ਹੋ ਰਹੇ ਹਨ, ਪਰ ਸਵਾਲ ਇੱਥੇ ਇਹ ਉੱਠਦਾ ਹੈ ਕਿ ਕੀ ਭਾਰਤ ਦੀ ਔਰਤ ਆਜ਼ਾਦ ਦੇਸ਼ ਦੇ ਅੰਦਰ ਆਜ਼ਾਦ ਹੈ?
ਇਸ ਸਵਾਲ ਨੇ ਬੇਸ਼ੱਕ ਬਹੁਤਿਆਂ ਦੇ ਮੂੰਹ ਨੂੰ ਤਾਲੇ ਵੀ ਲਾ ਦੇਣੇ ਨੇ ਅਤੇ ਬਹੁਤਿਆਂ ਨੂੰ ਬੋਲਣ ਲਈ ਮਜ਼ਬੂਰ ਕਰ ਵੀ ਕਰ ਦੇਣਾ ਹੈ, ਪਰ ਕੀ ਇਸ ਸਵਾਲ ਦਾ ਜਵਾਬ ਸੌਖੇ ਸ਼ਬਦਾਂ ਵਿੱਚ ਲੱਭ ਸਕਦਾ ਹੈ? ਮੇਰੇ ਮੁਤਾਬਿਕ ਤਾਂ ਨਹੀਂ। ਕਿਉਂਕਿ ਕਹਿਣ ਨੂੰ ਭਾਵੇਂ ਹੀ ਅਸੀਂ ਅੱਜ ਵੀ ਕਹਿ ਰਹੇ ਹਾਂ ਕਿ ਔਰਤ ਭਾਰਤ ਦੇ ਅੰਦਰ ਆਜ਼ਾਦ ਹੈ, ਪਰ ਔਰਤ ਆਜ਼ਾਦ ਨਹੀਂ ਹੈ। ਔਰਤ ਦਾ ਆਜ਼ਾਦ ਭਾਰਤ ਦੇ ਅੰਦਰ ਗੁਲਾਮ ਹੋਣਾ ਹੀ, ਸਾਨੂੰ ਸਭ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਂਦਾ ਹੈ। ਔਰਤ ਦੀ ਆਜ਼ਾਦੀ ਦੀ ਗੱਲ ਅਸੀਂ ਵੀ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ, ਪਰ ਕੀ ਔਰਤ ਨੂੰ ਆਜ਼ਾਦੀ ਮਿਲ ਸਕੀ ਹੈ? ਔਰਤ ਪਹਿਲੀ ਗੱਲ ਤਾਂ ਅੱਜ ਘਰਾਂ ਦੇ ਅੰਦਰ ਹੀ ਗੁਲਾਮ ਬਣੀ ਬੈਠੀ ਹੈ।
ਦੱਸ ਦਈਏ ਕਿ ਇੱਕ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਉੱਥੇ ਹੀ ਦਿਸ਼ਾ ਰਵੀ ਅਤੇ ਨੌਦੀਪ ਕੌਰ ਵਰਗੀਆਂ ਜੁਝਾਰੂ ਕੁੜੀਆਂ ਨੂੰ ਫੜ ਕੇ ਪੁਲਿਸ ਵੱਲੋਂ ਸਲਾਖ਼ਾਂ ਪਿੱਛੇ ਸੁੱਟਿਆ ਜਾ ਰਿਹਾ ਹੈ। ਦਿਸ਼ਾ ਰਵੀ ਅਤੇ ਨੌਦੀਪ ਕੌਰ ਬੇਸ਼ੱਕ ਰਿਹਾਅ ਹੋ ਚੁੱਕੀਆਂ ਹਨ, ਪਰ ਉਨ੍ਹਾਂ ’ਤੇ ਦਰਜ ਮਾਮਲੇ ਬਹੁਤ ਚਿੰਤਾਜਨਕ ਹਨ। ਬੇਸ਼ੱਕ ਹੀ ਬਹੁਤ ਸਾਰੀਆਂ ਔਰਤਾਂ ਹਾਲੇ ਵੀ ਅੱਜ ਘਰ ਦੇ ਕੰਮਕਾਜ ਤੱਕ ਸੀਮਤ ਰਹਿ ਚੁੱਕੀਆਂ ਹਨ, ਪਰ ਬਹੁਤ ਸਾਰੀਆਂ ਔਰਤਾਂ ਅਜਿਹੀਆਂ ਵੀ ਹਨ, ਜੋ ਘਰਾਂ ਤੋਂ ਬਾਹਰ ਸਕੂਲਾਂ ਅਤੇ ਕਾਲਜਾਂ ਵਿੱਚ ਪੜ੍ਹ ਕੇ ਸੰਘਰਸ਼ ਦੇ ਵਿੱਚ ਜੁਟੀਆਂ ਹੋਈਆਂ ਹਨ ਅਤੇ ਨੌਕਰੀਆਂ ਵੀ ਪ੍ਰਾਪਤ ਕਰ ਰਹੀਆਂ ਹਨ। ਦੱਸ ਦੇਈਏ ਕਿ, ਅੱਜ ਦੀ ਔਰਤ, ਅੱਜ-ਕੱਲ੍ਹ ਦੇ ਅਜੋਕੇ ਸਮੇਂ ਵਿੱਚ ਕੰਮ-ਕਾਜੀ ਔਰਤਾਂ ਦੀ ਜ਼ਿੰਦਗੀ ਬੜੀ ਕਠਿਨਾਈਆਂ ਭਰੀ ਹੈ। ਅੱਜ ਦੀ ਔਰਤ ਹਰ ਖੇਤਰ ਵਿੱਚ ਮਰਦ ਦੇ ਬਰਾਬਰ ਕੰਮ ਕਰ ਰਹੀ ਹੈ। ਹਰ ਖੇਤਰ ਵਿੱਚ ਆਜ਼ਾਦ ਹੈ, ਪਰ ਫਿਰ ਵੀ ਉਸ ਨੂੰ ਮਰਦਾਂ ਦੇ ਮੁਕਾਬਲੇ ਵੱਧ ਕੰਮ ਕਰਨਾ ਪੈਂਦਾ ਹੈ।
ਸਵੇਰੇ ਘਰ ਦੇ ਕੰਮ ਕਰਨਾ, ਫਿਰ ਬੱਚਿਆਂ ਦੀ ਦੇਖ਼ਭਾਲ ਕਰਨੀ ਅਤੇ ਬਾਹਰੀ ਦਫ਼ਤਰਾਂ ਦੇ ਕੰਮ-ਧੰਦੇ ਕਰਨੇ ਅਤੇ ਵਾਪਸ ਘਰ ਆ ਕੇ ਘਰ ਦੇ ਕੰਮ ਕਰਨੇ। ਆਜ਼ਾਦ ਦੇਸ਼ਾਂ ਦੀ ਆਜ਼ਾਦ ਔਰਤ ਜਦੋਂ ਘਰ ਤੋਂ ਬਾਹਰ ਕੰਮਾਂ ਲਈ ਹਨ੍ਹੇਰੇ-ਸਵੇਰੇ ਜਾਂਦੀ ਹੈ ਤਾਂ ਉਹ ਆਪਣੇ-ਆਪ ਨੂੰ ਜ਼ਿਆਦਾ ਸੁਰੱਖਿਅਤ ਮਹਿਸੂਸ ਨਹੀਂ ਕਰਦੀ, ਕਿਉਂਕਿ ਅੱਜ ਵੀ ਔਰਤਾਂ ਨਾਲ ਛੇੜਛਾੜ ਦੇ ਕੇਸ ਦੇਖਣ ਨੂੰ ਮਿਲਦੇ ਰਹਿੰਦੇ ਹਨ। ਭਾਰਤ ਅੰਦਰ ਬਹੁਤ ਸਾਰੀਆਂ ਸਿਆਸੀ ਹਸਤੀਆਂ ਦੇ ਨਾਂਅ ਔਰਤਾਂ ਦੇ ਨਾਲ ਅਪਰਾਧ ਕਰਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ।
ਭਾਰਤ ਅੰਦਰ ਜ਼ਬਰ ਜਿਨਾਹ ਅਤੇ ਛੇੜਛਾੜ ਦੀਆਂ ਘਟਨਾਵਾਂ ਦੀ ਜੇਕਰ 2017 ਤੋਂ ਲੈ ਕੇ 2019 ਤੱਕ ਦੀ ਗੱਲ ਕਰੀਏ ਤਾਂ, ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨਸੀਆਰਬੀ) ਮੁਤਾਬਿਕ, 2018 ਦੇ ਮੁਕਾਬਲੇ 2019 ਵਿੱਚ ਜਬਰ-ਜਨਾਹ ਦੇ ਮਾਮਲਿਆਂ ਵਿੱਚ 7 ਫ਼ੀਸਦੀ ਦਾ ਵਾਧਾ ਹੋਇਆ। ਹਾਲਾਂਕਿ ਇਸ ਸਮੇਂ ਕਤਲ ਅਤੇ ਅਗਵਾ ਦੀਆਂ ਘਟਨਾਵਾਂ ਵਿੱਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਐੱਨਸੀਆਰਬੀ ਦੇ ਅੰਕੜਿਆਂ ਮੁਤਾਬਿਕ, 2019 ਵਿੱਚ ਦੇਸ਼ ਵਿੱਚ ਹਰ ਰੋਜ਼ ਔਸਤਨ 87 ਜਬਰ-ਜਨਾਹ ਦੇ ਮਾਮਲੇ ਦਰਜ ਕੀਤੇ ਗਏ। ਜਦੋਂਕਿ ਔਰਤਾਂ ਦੇ ਸ਼ੋਸ਼ਣ ਨਾਲ ਜੁੜੇ ਕੁਲ ਲਗਭਗ 4,05,861 ਮਾਮਲੇ ਦਰਜ ਹੋਏ। ਸਾਲ 2018 ਵਿੱਚ ਪੂਰੇ ਦੇਸ਼ ਅੰਦਰ ਔਰਤਾਂ ਦੇ ਸ਼ੋਸ਼ਣ ਦੇ ਕੁੱਲ 3,78,236 ਮਾਮਲੇ ਦਰਜ ਹੋਏ ਸਨ।
ਅੰਕੜਿਆਂ ਮੁਤਾਬਿਕ 2019 ਵਿੱਚ ਜਬਰ ਜਨਾਹ ਦੇ 32,033 ਮਾਮਲੇ ਦਰਜ ਕੀਤੇ ਗਏ, ਜਿਹੜੇ ਔਰਤਾਂ ਦੇ ਸ਼ੋਸ਼ਣ ਨੂੰ ਲੈ ਕੇ ਦਰਜ ਕੁੱਲ ਮਾਮਲਿਆਂ ਦੇ 7.3 ਫ਼ੀਸਦੀ ਹਨ। ਸਾਲ 2018 ਵਿੱਚ ਪੂਰੇ ਦੇਸ਼ ਵਿੱਚ ਜਬਰ ਜਨਾਹ ਦੇ ਕੁੱਲ 33,356 ਮਾਮਲੇ ਦਰਜ ਹੋਏ, ਜਿਹੜੇ 2017 ਤੋਂ ਜ਼ਿਆਦਾ ਹਨ। 2017 ਵਿੱਚ ਕੁੱਲ 32,5,59 ਜਬਰ ਜਨਾਹ ਦੇ ਮਾਮਲੇ ਦਰਜ ਹੋਏ, ਉੱਥੇ ਦੂਜੇ ਪਾਸੇ ਕਤਲ ਅਤੇ ਅਗਵਾ ਦੇ ਮਾਮਲਿਆਂ ਵਿੱਚ ਮਾਮੂਲੀ ਜਿਹੀ ਕਮੀ ਆਈ ਹੈ। ਅੰਕੜਿਆਂ ਮੁਤਾਬਿਕ, 2018 ਵਿੱਚ ਕਤਲ ਦੇ 29,017 ਮਾਮਲੇ ਦਰਜ ਕੀਤੇ ਗਏ, ਜਦੋਂਕਿ 2019 ਵਿੱਚ ਇਹ ਅੰਕੜਾ 28,918 ਔਰਤਾਂ ਦਾ ਕਤਲ ਹੋਇਆ ਹੈ। ਇਸੇ ਤਰ੍ਹਾਂ 2019 ਵਿੱਚ ਅਗਵਾ ਦੇ 1,05,734 ਮਾਮਲੇ ਦਰਜ ਹੋਏ ਹਨ। ਖ਼ੈਰ, ਆਜ਼ਾਦ ਭਾਰਤ ਦੇ ਅੰਦਰ ਆਪਣੀ ਆਜ਼ਾਦੀ ਲਈ ਅਤੇ ਆਪਣੇ ਉੱਪਰ ਹੋ ਰਹੇ ਜ਼ੁਲਮਾਂ ਨੂੰ ਰੋਕਣ ਵਾਸਤੇ ਸੰਘਰਸ਼ੀ ਔਰਤਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ।
ਮੋ. 75083-25934
ਗੁਰਪ੍ਰੀਤ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.