ਸਾਡੇ ਨਾਲ ਸ਼ਾਮਲ

Follow us

20.1 C
Chandigarh
Sunday, January 18, 2026
More
    Home ਵਿਚਾਰ ਲੇਖ ਔਰਤ, ਸਮਾਜ ਅਤੇ...

    ਔਰਤ, ਸਮਾਜ ਅਤੇ ਸਿੱਖਿਆ

    ਔਰਤ, ਸਮਾਜ ਅਤੇ ਸਿੱਖਿਆ

    ਸਿੱਖਿਆ ਮਨੁੱਖ ਦਾ ਤੀਸਰਾ ਨੇਤਰ ਹੈ। ਔਰਤ, ਸਮਾਜ ਤੇ  ਸਿੱਖਿਆ ਦਾ ਰਿਸ਼ਤਾ ਸ਼ੁਰੂ ਤੋਂ ਹੀ ਡਗਮਗਾਉਣ ਵਾਲਾ ਰਿਹਾ ਹੈ। ਸਮਾਜ ਮਨੁੱਖ ਨੂੰ ਜਿੱਥੇ ਪਰੰਪਰਾਵਾਂ ਦੀ ਦੱਸ ਪਾਉਂਦਾ ਹੈ, ਉੱਥੇ ਸਿੱਖਿਆ ਮਨੁੱਖ ਨੂੰ ਸਮਾਜ ਵਿੱਚ ਵਿਚਰਨ ਦੇ ਤੌਰ-ਤਰੀਕੇ ਸਿਖਾਉਂਦੀ ਹੋਈ ਆਧੁਨਿਕਤਾ ਨਾਲ ਵੀ ਜੋੜਦੀ ਹੈ। ਜੇਕਰ ਗੱਲ ਔਰਤ, ਸਮਾਜ ਤੇ ਸਿੱਖਿਆ ਦੇ ਪ੍ਰਸੰਗ ਵਿੱਚ ਕੀਤੀ ਜਾਵੇ ਤਾਂ ਹਾਲੇ ਵੀ ਬਦਲਦੀਆਂ ਪ੍ਰਸਥਿਤੀਆਂ ਤਹਿਤ ਔਰਤ ਸਮਾਜ ਤੇ ਸਿੱਖਿਆ ਵਿਚਕਾਰ ਸੀਮਾ ਕਾਫ਼ੀ ਚੁਣੌਤੀਪੂਰਨ ਬਣੀ ਹੋਈ ਹੈ। ਸਿੱਖਿਆ ਤੇ ਮਿਹਨਤ ਬਲਬੂਤੇ ਔਰਤ ਨੇ ਨਾ ਕੇਵਲ ਆਪਣੇ ਹੀ ਦੇਸ਼ ਵਿੱਚ ਬਲਕਿ ਵਿਦੇਸ਼ਾਂ ਵਿੱਚ ਵੀ ਆਪਣੀ ਨਿਵੇਕਲੀ ਪਹਿਚਾਣ ਸਥਾਪਿਤ ਕਰ ਲਈ ਹੈ ਪਰ ਅਜੇ ਵੀ ਉਸਦੇ ਸੰਘਰਸ਼ੀ ਰਸਤੇ ਦੀਆਂ ਔਕੜਾਂ ਖ਼ਤਮ ਨਹੀਂ ਹੋਈਆਂ ਹਨ। ਔਰਤ ਸਮਾਜ ਤੋਂ ਆਪਣੇ ਲਈ ਮਾਣ-ਸਨਮਾਨ ਦੀ ਸਥਿਤੀ ਚਾਹੁੰਦੀ ਹੈ ਜੋ ਉਸਨੂੰ ਸਹੀ ਅਰਥਾਂ ਵਿੱਚ ਮਿਲ ਨਹੀਂ ਰਹੀ ਹੈ ।

    ਬੇਸ਼ੱਕ ਅਜੋਕੀ ਔਰਤ ਪੜ੍ਹ-ਲਿਖ ਕੇ ਆਪਣੇ ਪੈਰਾਂ ‘ਤੇ ਖਲੋ ਬੁਲੰਦੀਆਂ ਛੋਹ ਰਹੀ ਹੈ ਪਰ ਅਜੋਕੇ ਸਮਾਜ ਦੀ ਸੋਚ ਤੇ ਨਜ਼ਰੀਆ ਔਰਤ ਪ੍ਰਤੀ ਉੱਥੇ ਦਾ ਉੱਥੇ ਹੀ ਹੈ। ਅੱਜ ਵੀ ਬਹੁਤੇ ਹਾਲਾਤਾਂ ਵਿੱਚ ਔਰਤ ਤ੍ਰਿਸਕਾਰ ਦੀ ਪਾਤਰ ਬਣੀ ਹੋਈ ਹੈ। ਹਾਲੇ ਵੀ ਉਸਦੇ ਰਸਤੇ ਦੀਆਂ ਰੁਕਾਵਟਾਂ ਦੂਰ ਨਹੀਂ ਹੋਈਆਂ। ਬੇਸ਼ੱਕ ਕਹਿਣ ਲਈ ਅੱਜ ਉਹ ਆਜ਼ਾਦ ਹੈ ਪਰ ਸਮਾਜ ਵਿੱਚ ਵਿਚਰਦੀ ਹੋਈ ਉਹ ਕਿੰਨੀ ਕੁ ਆਜ਼ਾਦੀ ਅਨੁਭਵ ਕਰ ਰਹੀ ਹੈ? ਇਹ ਵਿਚਾਰਨ ਵਾਲੀ ਗੱਲ ਹੈ। ਸਮਾਜ ਦਾ ਬਹੁਤਾ ਵਰਗ ਬੇਸ਼ੱਕ ਪੜ੍ਹ-ਲਿਖ ਗਿਆ ਹੈ ਪਰ ਆਧੁਨਿਕ ਵਿਚਾਰਧਾਰਾ ਵਿੱਚ ਬਹੁਤਾ ਫ਼ਰਕ ਦੇਖਣ ਵਿੱਚ ਨਹੀਂ ਆਇਆ। ਔਰਤ ਜੱਦੋ-ਜਹਿਦ ਕਰਦੀ ਹੋਈ ਮਰਦ ਦੇ ਬਰਾਬਰ ਹੀ ਨਹੀਂ ਬਲਕਿ ਉਸ ਤੋਂ ਵੀ ਅਗੇਰੇ ਉਡਾਰੀਆਂ ਲਾ ਰਹੀ ਹੈ

    ਪਰ ਫਿਰ ਵੀ ਬਹੁਤ ਸਾਰੀਆਂ ਰੁਕਾਵਟਾਂ ਨਾ ਸਿਰਫ਼ ਸਿੱਖਿਆ ਗ੍ਰਹਿਣ ਕਰਨ ਸਮੇਂ ਸਗੋਂ ਪੜ੍ਹਾਈ ਤੋਂ ਬਾਅਦ ਵੀ (ਨੌਕਰੀ ਦੌਰਾਨ) ਉਸਦਾ ਪਿੱਛਾ ਨਹੀਂ ਛੱਡਦੀਆਂ। ਪੁਰਾਤਨ ਸਮੇਂ ਵਿੱਚ ਜਿੱਥੇ ਔਰਤ ਦੇ ਸਿੱਖਿਆ ਪ੍ਰਾਪਤ ਕਰਨ ਤੇ ਕੁਝ ਹੱਦ ਤੱਕ ਬੰਦਸ਼ਾਂ ਲਗਾਈਆਂ ਜਾਂਦੀਆਂ ਸਨ ਓਥੇ ਅਜੋਕੇ ਸਮਾਜ ਵਿੱਚ ਅਜਿਹੀਆਂ ਬੰਦਸ਼ਾਂ ਤਾਂ ਬੇਸ਼ੱਕ ਬਹੁਤ ਘਟ ਰਹੀਆਂ ਹਨ ਪਰ ਕੁਝ ਅਜਿਹੇ ਵਰਤਾਰੇ ਪਣਪ ਰਹੇ ਹਨ ਜਿਨ੍ਹਾਂ ਤੋਂ ਲੜਕੀ ਪੜ੍ਹਾਈ ਵੱਲੋਂ ਕਿਤੇ ਨਾ ਕਿਤੇ ਖ਼ੁਦ ਹੀ ਹਿਚਕਚਾਉਣ ਜ਼ਰੂਰ ਲੱਗਦੀ ਹੈ। ਹਾਲਾਂਕਿ ‘ਪੰਜੇ ਉਂਗਲਾਂ ਇੱਕੋ-ਜਿਹੀਆਂ ਨਹੀਂ ਹੁੰਦੀਆਂ’ ਪਰ ਫ਼ਿਰ ਵੀ ਸਮਾਜ ਦੇ ਕੁਝ ਅਨਸਰ ਅਜਿਹੇ ਹਾਲਾਤਾਂ ਨੂੰ ਜਨਮ ਦਿੰਦੇ ਹਨ ਜਿਨ੍ਹਾਂ ਵਿੱਚ ਔਰਤ ਸੁਚੇਤ ਜਾਂ ਅਚੇਤ ਰੂਪ ਵਿੱਚ ਪਿਸਦੀ ਰਹਿੰਦੀ ਹੈ।

    ਔਰਤ ਮੁੱਢ ਤੋਂ ਹੀ ਸੰਵੇਦਨਸ਼ੀਲ ਤੇ ਸਹਿਣਸ਼ੀਲਤਾ ਦੀ ਮੂਰਤ ਰਹੀ ਹੈ ਪਰ ਮਰਦ ਪ੍ਰਧਾਨ ਸਮਾਜ ਵਿੱਚ ਉਸਦੀ ਸਹਿਣਸ਼ੀਲਤਾ ਦਾ ਫ਼ਾਇਦਾ ਕਿਤੇ ਨਾ ਕਿਤੇ ਉਠਾਇਆ ਜ਼ਰੂਰ ਜਾਂਦਾ ਹੈ। ਸਕੂਲ ਲਗਾਉਣ ਤੋਂ ਪਹਿਲਾਂ ਵੀ ਹਾਲਾਤਾਂ ਦੀ ਸਥਿਤੀ ਬਾਰੇ ਸੋਚਿਆ ਜਾਂਦਾ ਹੈ ਤੇ ਪੀ.ਐੱਚ.ਡੀ. ਕਰਾਉਣ ਤੋਂ ਪਹਿਲਾਂ ਵੀ ਕਾਫ਼ੀ ਸੋਚ-ਵਿਚਾਰ ਕੇ ਫ਼ੈਸਲਾ ਲਿਆ ਜਾਂਦਾ ਹੈ। ਅਜਿਹੇ ਹਾਲਾਤਾਂ ਵਿੱਚ ਕਈ ਵਾਰ ਲੜਕੀ ਨੂੰ ਉਚੇਰੀ ਸਿੱਖਿਆ ਜੋ ਉਸਦਾ ਸੁਪਨਾ ਹੁੰਦੀ ਹੈ, ਮਜ਼ਬੂਰੀ ਅਧੀਨ ਕਈ ਸਮਝੌਤੇ ਕਰਨ ਲਈ ਵੀ ਤਿਆਰ ਕਰ ਦਿੰਦੀ ਹੈ।    ਬੇਸ਼ੱਕ ਅਜੋਕੇ ਯੁੱਗ ਵਿੱਚ ਔਰਤ ਨੇ ਘਰ ਦੀਆਂ ਵਲਗਣਾਂ, ਬੰਦਸ਼ਾਂ ਤੋਂ ਪਾਰ ਜਾਣ ਲਈ ਖ਼ੁਦ ਆਪਣੇ ਬਲਬੂਤੇ ਹੰਭਲਾ ਮਾਰਨ ਦੀ ਸਮਰੱਥਾ ਜੁਟਾ ਲਈ ਹੈ ਪਰ ਹਾਲੇ ਵੀ ਔਰਤ ਪੂਰੀ ਤਰ੍ਹਾਂ ਆਜ਼ਾਦ ਤੇ ਸੁਰੱਖਿਅਤ ਮਾਹੌਲ ਵਿੱਚ ਵਿਚਰਨ ਦਾ ਹੀਆ ਨਹੀਂ ਕਰ ਪਾ ਰਹੀ। ਇਸਦਾ ਕਾਰਨ ਕੀ ਹੋ ਸਕਦਾ ਹੈ?

    ਅਜੋਕਾ ਯੁੱਗ ਤਾਂ ਬਹੁਤ ਪੜ੍ਹਿਆ-ਲਿਖਿਆ ਤੇ ‘ਆਧੁਨਿਕ’ ਅਖਵਾਉਂਦਾ ਹੈ। ਫਿਰ ਉਸ ਸਮੇਂ ਇਹ ਆਧੁਨਿਕਤਾ ਕਿੱਥੇ ਚਲੀ ਜਾਂਦੀ ਹੈ ਜਦੋਂ ਕਾਲਜਾਂ/ਯੂਨੀਵਰਸਿਟੀਆਂ ਵਿੱਚ ਪੜ੍ਹਦੇ ਸਿੱਖਿਆ ਪ੍ਰਾਪਤ ਲੜਕੇ ਵੀ ਤੁਰੀ ਆਉਂਦੀ ਲੜਕੀ ਵੱਲ ਦੇਖ ਕੇ ਕਈ ਤਰ੍ਹਾਂ ਦੇ ਭੱਦੇ ਮਜ਼ਾਕ ਕਰਨ ਲੱਗ ਜਾਂਦੇ ਹਨ।  ਔਰਤ ਦੀ ਅਜਿਹੀ ਸਥਿਤੀ ਅਜੋਕੇ ਸਾਹਿਤ ਵਿੱਚ ਵੀ ਬਾਖ਼ੂਬੀ ਝਲਕਦੀ ਹੈ। ਔਰਤ ਕਿਸੇ ਵੀ ਸਮਾਜ ਵਿੱਚ ਵਿਚਰ ਰਹੀ ਹੋਵੇ, ਉਸਨੂੰ ਹਮੇਸ਼ਾਂ ਹੀ ਵਧੀਕੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਸਦੀ ਮਾਨਸਿਕਤਾ ਹਮੇਸ਼ਾ ਹੀ ਪ੍ਰਭਾਵਿਤ ਹੁੰਦੀ ਰਹਿੰਦੀ ਹੈ । ਬੱਸ ਵਿੱਚ ਸਫ਼ਰ ਕਰਦੇ ਸਮੇਂ ਵੀ ਉਸਨੂੰ ਆਪਣੇ ਆਸੇ–ਪਾਸੇ ਦੀ ਸਥਿਤੀ ਵੱਲ ਦੇਖਣਾ ਪੈਂਦਾ ਹੈ ਅਤੇ ਰੇਲ ਵਿੱਚ ਸਫ਼ਰ ਦੌਰਾਨ ਵੀ ਕਿਹੜੇ ਡੱਬੇ ਵਿੱਚ ਚੜ੍ਹਨਾ ਹੈ,

    ਕਿੱਥੇ ਬੈਠਣਾ ਹੈ, ਬਾਰੇ ਵਿਚਾਰਨਾ ਪੈਂਦਾ ਹੈ। ਕਹਿਣ ਨੂੰ ਤਾਂ 21ਵੀਂ ਸਦੀ ਆਧੁਨਿਕਤਾ ਦੀ ਸਦੀ ਹੈ ਪਰ ਔਰਤ ਪ੍ਰਤੀ ਨਜ਼ਰੀਏ ਸਬੰਧੀ ਇਹ ਕਿੰਨੀ ਕੁ ਆਧੁਨਿਕ ਹੈ? ਬਾਰੇ ਵਿਚਾਰਨਾ ਬਣਦਾ ਹੈ। ਕੁਝ ਸਮਾਂ ਪਹਿਲਾਂ ਇਹ ਸੋਚ ਉੱਭਰ ਰਹੀ ਸੀ ਕਿ ਜਿਵੇਂ-ਜਿਵੇਂ ਦੇਸ਼ ਤਰੱਕੀ ਕਰੇਗਾ, ਲੋਕਾਂ ਵਿੱਚ ਜਾਗ੍ਰਿਤੀ ਵਧੇਗੀ ਤਾਂ ਸਮਾਜ ਵਿੱਚ ਦਾਜ ਦਾ ਰਿਵਾਜ਼ ਹੌਲੀ-ਹੌਲੀ ਘਟ ਜਾਏਗਾ ਜਾਂ ਖ਼ਤਮ ਹੋ ਜਾਵੇਗਾ, ਪਰ ਹੋਇਆ ਇਸਦੇ ਬਿਲਕੁਲ ਉਲਟ ਹੈ। ਪਿਛਲੇ ਵੀਹ-ਤੀਹ ਸਾਲਾਂ ਤੋਂ ਇਹ ਰਿਵਾਜ਼ ਹੋਰ ਵਧ ਗਿਆ ਹੈ ਤੇ ਇਸਦਾ ਰੂਪ ਵੀ ਨਿਰੰਤਰ ਬਦਲਦਾ ਜਾ ਰਿਹਾ ਹੈ।

    ਘਰੇਲੂ ਪੱਖੀਆਂ ਤੋਂ ਰੂਪਾਂਤਰਨ ਹੁੰਦਾ ਹੋਇਆ ਦਾਜ ਹੁਣ ਏ. ਸੀ. ਤੱਕ ਪਹੁੰਚ ਕਰ ਗਿਆ ਹੈ। ਇਵੇਂ ਹੀ ਵੱਡੀਆਂ ਗੱਡੀਆਂ ਤੇ ਹੋਰ ਮਸ਼ੀਨੀ ਸਾਧਨ ਆਦਿ ਵੀ ਦਾਜ ਦਾ ਜ਼ਰੂਰੀ ਹਿੱਸਾ ਬਣਦੇ ਜਾ ਰਹੇ ਹਨ। ਇੱਥੇ ਵੀ ਮੁੱਲ ਇੱਕ ਲੜਕੀ ਦਾ ਨਹੀਂ ਪੈ ਰਿਹਾ ਬਲਕਿ ਉਸਦੇ ਮਾਪਿਆਂ ਵੱਲੋਂ ਦਿੱਤੇ ਜਾ ਰਹੇ ਦਹੇਜ ਦਾ ਹੀ ਪਾਇਆ ਜਾਂਦਾ ਹੈ।ਦਾਜ ਸਾਡੀ ਸੰਸਕ੍ਰਿਤੀ ਦੀ ਇੱਕ ਪੁਰਾਣੀ ਪਰੰਪਰਾ ਹੈ, ਜਿਸਨੂੰ ਸਮਾਜ ਵਿੱਚ ਮਾਨਤਾ ਪ੍ਰਾਪਤ ਹੈ। ਇਸ ਵਿਰੁੱਧ ਹਾਲੇ ਤੱਕ ਕੋਈ ਸਖ਼ਤ ਕਾਨੂੰਨ ਨਹੀਂ। ਭਾਰਤ ਵਰਗੇ ਧਰਮ ਪ੍ਰਧਾਨ ਦੇਸ਼ ਵਿੱਚ ਅੱਧੀ ਅਬਾਦੀ ਭਾਵ ਔਰਤਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਨਾ ਕਿੱਥੋਂ ਤੱਕ ਵਾਜਬ ਹੈ? ਸੁਪਰੀਮ ਕੋਰਟ ਨੇ ਬੇਸ਼ੱਕ ਲੜਕੀ ਨੂੰ ਪਿਤਾ ਦੀ ਜਾਇਦਾਦ ਵਿੱਚੋਂ ਪੁੱਤਰ ਦੇ ਬਰਾਬਰ ਦਾ ਅਧਿਕਾਰ ਦੇ ਦਿੱਤਾ ਹੈ

    ਪਰ ਕੀ ਵਿਹਾਰ ਦੇ ਵਿੱਚ ਅਜਿਹਾ ਕਰਕੇ ਇੱਕ ਲੜਕੀ ਅੱਗੇ ਤੋਂ ਆਪਣੇ ਭਰਾਵਾਂ ਜਾਂ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਵਰਤਣ ਦੇ ਕਾਬਲ ਰਹਿ ਸਕਦੀ ਹੈ? ਦੋ ਭਰਾ ਪਿਤਾ ਦੀ ਜਾਇਦਾਦ ਵਿੱਚ ਬਰਾਬਰ ਦਾ ਹਿੱਸਾ ਲੈ ਕੇ ਆਪਸ ਵਿੱਚ ਵਧੀਆ ਵਰਤਦੇ ਹਨ ਪਰ ਜੇਕਰ ਇੱਕ ਲੜਕੀ ਆਪਣਾ ਹਿੱਸਾ ਲੈ ਜਾਂਦੀ ਤਾਂ ਪੇਕੇ ਪਰਿਵਾਰ ਦੇ ਨਾਲ-ਨਾਲ ਸਮਾਜ ਦੇ ਤਾਹਣੇ-ਮਿਹਣੇ ਤੇ ਨਫ਼ਰਤ ਦਾ ਵੀ ਸ਼ਿਕਾਰ ਬਣਦੀ ਹੈ। ਸਾਡਾ ਸਮਾਜ ਸਦੀਆਂ ਤੋਂ ਹੀ ਮਰਦ ਪ੍ਰਧਾਨ ਸਮਾਜ ਰਿਹਾ ਹੈ। ਇੱਥੇ ਮਰਦਾਂ ਦੀ ਵਿਚਾਰਧਾਰਾ ਹੀ ਜ਼ਿਆਦਾਤਰ ਸਮਾਜ ਦੀ ਬੁਨਿਆਦ ਮੰਨੀ ਜਾਂਦੀ ਹੈ ਤੇ ਇਹੀ ਵਿਚਾਰਧਾਰਾ ਕਿਤੇ ਨਾ ਕਿਤੇ ਅੱਜ ਵੀ ਚੱਲ ਰਹੀ ਹੈ ਔਰਤ ਆਪਣੇ ਸੁਤੰਤਰ ਨਿਰਣੇ ਲੈਣ ਦੀ ਹੱਕਦਾਰ ਨਹੀਂ।

    ਅਜੋਕੇ ਦੌਰ ਵਿੱਚ ਔਰਤ ਆਰਥਿਕ ਪ੍ਰਬੰਧ ਦੇ ਇੱਕ ਜ਼ਰੂਰੀ ਅੰਗ ਵਜੋਂ ਵੀ ਵਿਚਰ ਰਹੀ ਹੈ। ਕਈ ਪਰਿਵਾਰ ਅਜਿਹੇ ਹਨ ਜਿਨ੍ਹਾਂ ਦਾ ਔਰਤ ਦੀ ਕਮਾਈ ਤੋਂ ਬਿਨਾ ਗੁਜ਼ਾਰਾ ਚੱਲ ਸਕਣਾ ਮੁਸ਼ਕਲ ਹੈ। ਔਰਤ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਇੱਕੋ ਵੇਲੇ ਨਿਭਾ ਰਹੀ ਹੈ। ਆਰਥਿਕਤਾ ਦੇ ਨਾਲ-ਨਾਲ ਰਾਜਨੀਤਕ ਚੇਤਨਾ ਵਿੱਚ ਵੀ ਉਸਨੇ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ ਪਰੰਤੂ ਆਧੁਨਿਕ ਹੋ ਰਹੀ ਤਬਦੀਲੀ ਵੀ ਔਰਤ ਦੀ ਸਥਿਤੀ ਵੱਲ ਬਹੁਤਾ ਪਰਿਵਰਤਨ ਨਹੀਂ ਲਿਆ ਸਕੀ।

    ਸੋ ਆਓ ਅਸੀਂ ਮਿਲ ਕੇ ਇੱਕ ਅਜਿਹੇ ਸਮਾਜ ਦੀ ਸਿਰਜਣਾ ਕਰੀਏ ਜਿੱਥੇ ਔਰਤ ਤੇ ਮਰਦ ਵਿੱਚ ਬਰਾਬਰੀ ਦਾ ਦਰਜਾ ਹੋਵੇ। ਜਿੱਥੇ ਉਹ ਇੱਕ-ਦੂਜੇ ਦੀ ਕਾਬਲੀਅਤ ਦੀ ਕਦਰ ਕਰਨ ਤੇ ਇੱਕ-ਦੂਜੇ ਦੀਆਂ ਕਮੀਆਂ ਨੂੰ  ਸੁਧਾਰਨ ਪ੍ਰਤੀ ਸਹਿਣਸ਼ੀਲਤਾ ਤੋਂ ਕੰਮ ਲੈਣ। ਅਜਿਹਾ ਸੁਖਾਵਾਂ ਮਾਹੌਲ ਸਿਰਜਣ ਦੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ ਅਤੇ ਇਸ ਵਿੱਚ ਆਪੋ-ਆਪਣੀ ਭੂਮਿਕਾ ਅਦਾ ਕਰਨਾ ਸਾਡਾ ਸਭਨਾਂ ਦਾ ਫ਼ਰਜ਼ ਬਣਦਾ ਹੈ। ਸਾਡੀ ਜਿੰਮੇਵਾਰੀ ਬਣਦੀ ਹੈ

    ਔਰਤ ਦੀ ਮਾਨਸਿਕਤਾ ਨੂੰ ਸਮਝਣ ਦੀ। ਉਸਨੂੰ ਮਾਨਸਿਕ ਸੁਤੰਤਰਤਾ ਦੇਣ ਦੀ। ਪਰਿਵਾਰ ਨੂੰ, ਸਮਾਜ ਨੂੰ ਉਸਦੇ ਹਮਸਫ਼ਰ ਨੂੰ ਹਮੇਸ਼ਾਂ ਔਰਤ ਦਾ ਸਾਥ ਦੇਣਾ ਚਾਹੀਦਾ ਹੈ ਤਦ ਕੋਈ ਵੀ ਅਜਿਹੀ ਤਾਕਤ ਨਹੀਂ ਜੋ ਔਰਤ ਦੇ ਪੈਰਾਂ ਦੀਆਂ ਬੇੜੀਆਂ ਬਣ ਸਕੇ। ਸਮਾਜ ਵਿੱਚ ਜਦੋਂ ਵੀ ਕੋਈ ਤਬਦੀਲੀ ਵਾਪਰਦੀ ਹੈ, ਸੁਧਾਰ ਹੁੰਦਾ ਹੈ, ਸ਼ੁਰੂਆਤ ਇੱਕ ਵਿਅਕਤੀ ਤੋਂ ਹੀ ਹੁੰਦੀ ਹੈ ਤੇ ਹੌਲੀ-ਹੌਲੀ ਉਸ ਨਾਲ ਕਾਫ਼ਲਾ ਜਾ ਜੁੜਦਾ ਹੈ। ਇਸੇ ਤਰ੍ਹਾਂ ਹੀ ਔਰਤ ਨੂੰ ਖ਼ੁਦ ਹੀ ਆਪਣੇ ਹੁੰਦੇ ਸੋਸ਼ਣ ਵਿਰੁੱਧ ਆਵਾਜ਼ ਉਠਾ ਕੇ ਪਹਿਲ ਕਰਨੀ ਚਾਹੀਦੀ ਹੈ। ਖ਼ਾਸ ਤੌਰ ਤੇ ਔਰਤ ਨੂੰ ਔਰਤ ਦੀ ਸਹਾਇਕ ਬਣਨਾ ਚਾਹੀਦਾ ਹੈ।
    ਖੋਜਾਰਥੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ
    ਮੋ. 98888–70822
    ਜਸਵੰਤ ਕੌਰ ਮਣੀ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.