ਕਿਨੂੰ ਦੀ ਮੰਗ ਵਧਣ ਨਾਲ ਕਿੰਨੂ ਦੇ ਭਾਅ ‘ਚ ਹੋਵੇਗਾ ਵਾਧਾ | Farmers of Punjab
ਅਬੋਹਰ (ਰਜਨੀਸ਼ ਰਵੀ)। ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਮਿਡ ਡੇ ਮੀਲ ਵਿੱਚ ਹਰ ਹਫਤੇ ਕੇਲੇ ਦੀ ਥਾਂ ਤੇ ਹੁਣ ਸਥਾਨਕ ਪੱਧਰ ਤੇ ਹੋਣ ਵਾਲਾ ਫਲ ਦੇਣ ਸਬੰਧੀ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜਿਸ ਨਾਲ ਕਿਨੂੰ ਸਕੂਲਾਂ ਵਿੱਚ ਮਿਡ ਡੇਅ ਮੀਲ ਵਿੱਚ ਦਿੱਤਾ ਜਾ ਸਕੇਗਾ। ਅਜਿਹਾ ਹੋਣ ਨਾਲ ਬਾਜ਼ਾਰ ਵਿੱਚ ਕਿੰਨੂ ਦੀ ਮੰਗ ਵਧੇਗੀ ਅਤੇ ਇਸ ਦਾ ਸਿੱਧਾ ਅਸਰ ਭਾਅ ਵਿੱਚ ਸੁਧਾਰ ਦੇ ਰੂਪ ਵਿੱਚ ਵੇਖਣ ਨੂੰ ਮਿਲੇਗਾ । (Farmers of Punjab)
ਜਿਕਰ ਯੋਗ ਹੈ ਕਿ ਪੰਜਾਬ ਵਿੱਚ ਸਭ ਤੋਂ ਵੱਧ ਕਿਨੂੰ ਅਬੋਹਰ ਇਲਾਕੇ ਵਿੱਚ ਪੈਦਾ ਹੁੰਦਾ ਹੈ। ਸਰਕਾਰ ਵੱਲੋਂ ਮਿਡ ਡੇ ਮੀਲ ਵਿੱਚ ਕਿੰਨੂ ਦੇਣ ਦੇ ਫੈਸਲੇ ਦਾ ਕਿਸਾਨਾਂ ਵੱਲੋਂ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਉਪਰਾਲੇ ਨਾਲ ਕਿੰਨੂ ਦੀ ਮੰਗ ਵਧੇਗੀ ਅਤੇ ਉਨਾਂ ਨੂੰ ਉਚਿਤ ਭਾਅ ਮਿਲਣ ਲੱਗੇਗਾ। ਭਾਰਤੀ ਕਿਸਾਨ ਯੂਨੀਅਨ ਸ਼ੇਰ ਏ ਪੰਜਾਬ ਦੇ ਕੌਮੀ ਬੁਲਾਰੇ ਅਜੇ ਵਧਵਾ ਨੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਇਹ ਇੱਕ ਚੰਗਾ ਫੈਸਲਾ ਹੈ ਅਤੇ ਇਸ ਦਾ ਕਿੰਨੂੰ ਉਤਪਾਦਕਾਂ ਨੂੰ ਲਾਭ ਹੋਵੇਗਾ। (Farmers of Punjab)
ਭਾਰਤੀ ਕਿਸਾਨ ਯੂਨੀਅਨ ਖੋਸਾ ਦੇ ਸੂਬਾ ਜਨਰਲ ਸਕੱਤਰ ਗੁਣਵੰਤ ਸਿੰਘ ਨੇ ਵੀ ਮਿਡ ਡੇਅ ਮੀਲ ਵਿੱਚ ਕਿਨੂੰ ਦਿੱਤੇ ਜਾਣ ਦਾ ਸਵਾਗਤ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਤਰਾਂ ਦੇ ਉਪਰਾਲਿਆਂ ਨਾਲ ਕਿਸਾਨਾਂ ਨੂੰ ਲਾਭ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਨਿਰਮਲ ਸਿੰਘ ਬਹਾਵ ਵਾਲਾ ਨੇ ਵੀ ਮਿਡ ਡੇ ਮੀਲ ਵਿੱਚ ਕਿਨੂੰ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਉਹਨਾਂ ਨੇ ਆਖਿਆ ਹੈ ਕਿ ਜਦ ਇਸ ਤਰ੍ਹਾਂ ਦੇ ਯਤਨ ਹੋਣਗੇ ਤਾਂ ਕਿਨੂੰ ਦੀ ਫਸਲ ਨੂੰ ਹੋਰ ਪ੍ਰਫੁੱਲਤ ਕੀਤਾ ਜਾ ਸਕਦਾ ਹੈ ਅਤੇ ਕਿਸਾਨਾਂ ਨੂੰ ਸਹੀ ਭਾਅ ਮਿਲਣ ਦਾ ਰਾਹ ਖੁੱਲ ਸਕਦਾ ਹੈ।
Farmers of Punjab
ਇਸੇ ਤਰ੍ਹਾਂ ਉੱਘੇ ਬਾਗਬਾਨ ਰਾਜਿੰਦਰ ਸਿੰਘ ਸੇਖੋ ਧਰਾਂਗ ਵਾਲਾ ਨੇ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਿਨੂੰ ਨੂੰ ਮਿਡ ਡੇ ਮੀਲ ਵਿੱਚ ਦਿੱਤੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਆਖਿਆ ਹੈ ਕਿ ਇਸ ਨਾਲ ਕਿੰਨੂੰ ਬਾਗਬਾਨਾਂ ਨੂੰ ਵੱਡਾ ਲਾਭ ਹੋਵੇਗਾ। ਦੂਜੇ ਪਾਸੇ ਪੰਜਾਬ ਸਰਕਾਰ ਦੇ ਅਦੇਸ਼ਾਂ ਅਨੁਸਾਰ ਸਿੱਖਿਆ ਵਿਭਾਗ ਵੱਲੋਂ ਸਾਰੇ ਸਕੂਲਾਂ ਨੂੰ ਇਸ ਸਬੰਧੀ ਲਿਖਤੀ ਤੌਰ ‘ਤੇ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਮਿਡ ਡੇ ਮੀਲ ਵਿੱਚ ਸਥਾਨਕ ਪੱਧਰ ‘ਤੇ ਹੋਣ ਵਾਲਾ ਫਲ ਦਿੱਤਾ ਜਾਵੇ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਲਾ ਦੇਣ ਦਾ ਹੁਕਮ ਜਾਰੀ ਹੋਇਆ ਸੀ ਪਰ ਹੁਣ ਕਿਸਾਨਾਂ ਦੀ ਮੰਗ ਅਨੁਸਾਰ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਸਥਾਨਕ ਪੱਧਰ ਤੇ ਹੋਣ ਵਾਲਾ ਫਲ ਜਿਵੇਂ ਕਿ ਅਬੋਹਰ ਇਲਾਕੇ ਵਿੱਚ ਕਿੰਨੂ ਹੁੰਦਾ ਹੈ ਤਾਂ ਉਸਦੀ ਸਪਲਾਈ ਸਕੂਲਾਂ ਨੂੰ ਦੇਣ ਦੇ ਹੁਕਮ ਦਿੱਤੇ ਹਨ। ਇਹ ਹੁਕਮ ਸਾਰੇ ਪੰਜਾਬ ਵਿੱਚ ਲਾਗੂ ਹੋ ਗਏ ਹਨ ਅਤੇ ਇਸ ਨਾਲ ਆਉਣ ਵਾਲੇ ਦਿਨਾਂ ਵਿੱਚ ਕਿੰਨੂ ਦੀ ਮੰਗ ਵਿੱਚ ਵੱਡਾ ਵਾਧਾ ਹੋਵੇਗਾ। ਇਸ ਤੋਂ ਇਲਾਵਾ ਹੁਣ ਮੌਸਮ ਵਿੱਚ ਸਰਦੀ ਘਟਣ ਲੱਗੀ ਹੈ ਜਿਸ ਨਾਲ ਵੀ ਕਿੰਨੂ ਦੀ ਮੰਗ ਤੇਜ਼ੀ ਨਾਲ ਵਧੇਗੀ।
Also Read : Lok Sabha Elections 2024 : ਇਸ ਦਿਨ ਹੋਵੇਗਾ ਲੋਕ ਸਭਾ ਚੋਣਾਂ ਦਾ ਐਲਾਨ? ਜਾਣੋ…