ਰਵਨੀਤ ਬਿੱਟੂ ਦੇ ਬਿਆਨਾ ਨਾਲ ਨਹੀਂ ਰੱਖਦੇ ਇਤਫਾਕ ਰਾਜਾ ਵੜਿੰਗ
ਚੰਡੀਗੜ, (ਅਸ਼ਵਨੀ ਚਾਵਲਾ)। ਵਿਧਾਨ ਸਭਾ ਚੋਣਾਂ 2022 ਵਿੱਚ ਜੇਕਰ ਕਾਂਗਰਸ ਪਾਰਟੀ ਨੇ ਜਿੱਤਣਾ ਐ ਤਾਂ ਪਾਰਟੀ ਨੂੰ ਸਾਰਿਆਂ ਨਾਲੋਂ ਜਿਆਦਾ ਜਰੂਰਤ ਨਵਜੋਤ ਸਿੱਧੂ ਹੈ, ਇਸ ਲਈ ਨਵਜੋਤ ਸਿੱਧੂ ਨੂੰ ਜਲਦ ਹੀ ਪੰਜਾਬ ਵਿੱਚ ਕੋਈ ਵੱਡੀ ਜਿੰਮੇਵਾਰੀ ਮਿਲਣੀ ਚਾਹੀਦੀ ਹੈ ਤਾਂ ਕਿ ਉਹ ਫੰ੍ਰਟ ‘ਤੇ ਆ ਕੇ ਕਾਂਗਰਸ ਪਾਰਟੀ ਲਈ ਬੈਟਿੰਗ ਕਰ ਸਕਣ। ਹੁਣ ਤੱਕ ਨਵਜੋਤ ਸਿੱਧੂ ਬੈਕ ਬੈਂਚ ‘ਤੇ ਬੈਠੇ ਨਜ਼ਰ ਆ ਰਹੇ ਹਨ, ਜਿਹੜਾ ਸਹੀ ਨਹੀਂ ਹੈ। ਇਹ ਬਿਆਨ ਦੇ ਕੇ ਗਿਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਤੇ ਮੁੱਖ ਮੰਤਰੀ ਦੇ ਸਲਾਹਕਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦੀ ਸਿਫ਼ਾਰਸ਼ ਕਰ ਦਿੱਤੀ ਹੈ।
ਨਵਜੋਤ ਸਿੱਧੂ ਨੂੰ ਲੈ ਕੇ ਪੰਜਾਬ ਵਿੱਚ ਚਲ ਰਹੇ ਗਰਮ ਮਾਹੌਲ ਵਿੱਚ ਆਪਣੀ ਅਹੂਤੀ ਪਾਉਂਦੇ ਹੋਏ ਰਾਜਾ ਵੜਿੰਗ ਨੇ ਨਵਜੋਤ ਸਿੱਧੂ ਦਾ ਪੱਖ ਲਿਆ ਹੈ। ਉਨਾਂ ਨੇ ਕਿਹਾ ਕਿ ਨਵਜੋਤ ਸਿੱਧੂ ਇੱਕ ਸਟਾਰ ਲੀਡਰ ਹਨ ਅਤੇ ਉਨਾਂ ਨੂੰ ਲੋਕ ਖੜੇ ਹੋ ਕੇ ਦੇਖਦੇ ਹਨ ਤੇ ਉਨਾਂ ਦੀ ਕਲਾ ਨੂੰ ਲੋਕ ਪਸੰਦ ਕਰਦੇ ਹਨ। ਇਸ ਲਈ ਆਮ ਲੋਕਾਂ ਦੀ ਪਸੰਦ ਨਾਲ ਹੀ ਸਿਆਸਤ ਨੂੰ ਚਲਾਇਆ ਜਾ ਸਕਦਾ ਹੈ। ਰਾਜਾ ਵੜਿੰਗ ਨੇ ਕਿਹਾ ਕਿ ਇਹੋ ਜਿਹੇ ਲੀਡਰ ਨੂੰ ਸੰਭਾਲ ਕੇ ਰਖਦੇ ਹੋਏ ਕੋਈ ਵੱਡੀ ਜਿੰਮੇਵਾਰੀ ਦਿੱਤੀ ਜਾਣੀ ਚਾਹੀਦੀ ਹੈ ਤਾਂ ਕਿ ਇਸ ਦਾ ਫਾਇਦਾ ਵਿਧਾਨ ਸਭਾ ਚੋਣਾਂ 2022 ਵਿੱਚ ਮਿਲ ਸਕੇ।
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਜੋੜੀ ਜੇਕਰ ਮਿਲ ਕੇ ਕੰਮ ਕਰ ਲਵੇ ਤਾਂ 2022 ਵਿੱਚ ਕਾਂਗਰਸ ਪਾਰਟੀ 100 ਸੀਟਾਂ ਨੂੰ ਵੀ ਪਾਰ ਕਰ ਜਾਏਗੀ। ਉਨਾਂ ਕਿਹਾ ਕਿ ਸਮੇਂ ਅਨੁਸਾਰ ਹਰ ਚੀਜ਼ ਵਿੱਚ ਬਦਲਾਓ ਆਉਂਦਾ ਹੈ ਅਤੇ ਸਮੇਂ ਅਨੁਸਾਰ ਹੀ ਸਿਆਸੀ ਲੀਡਰਾਂ ਨੂੰ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ। ਅੱਜ ਪੰਜਾਬ ਵਿੱਚ ਕਾਂਗਰਸ ਨੂੰ ਸਿੱਧੂ ਦੀ ਜਰੂਰਤ ਹੈ ਅਤੇ ਇਸ ਜਰੂਰਤ ਨੂੰ ਹਾਈ ਕਮਾਨ ਵੀ ਮਹਿਸੂਸ ਕਰਕੇ ਲਗਾਤਾਰ ਉਨਾਂ ਨੂੰ ਵੱਡੀ ਜਿੰਮੇਵਾਰੀ ਦੇਣ ਦੀ ਗੱਲ ਆਖ ਰਹੀ ਹੈ।
ਇਸ ਮਾਮਲੇ ਵਿੱਚ ਉਹ ਵੀ ਚਾਹੁੰਦੇ ਹਨ ਕਿ ਨਵਜੋਤ ਸਿੱਧੂ ਨੂੰ ਵੱਡੀ ਜਿੰਮੇਵਾਰੀ ਮਿਲੇ ਤਾਂ ਕਿ ਉਹ ਅੱਗੇ ਆ ਕੇ ਪੰਜਾਬ ਕਾਂਗਰਸ ਲਈ ਪ੍ਰਚਾਰ ਕਰ ਸਕਣ। ਰਾਜਾ ਵੜਿੰਗ ਨੇ ਅੱਗੇ ਕਿਹਾ ਕਿ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਦਿੱਤੀ ਗਏ ਬਿਆਨ ਨਾਲ ਉਹ ਇਤਫ਼ਾਕ ਨਹੀਂ ਰਖਦੇ ਹਨ ਅਤੇ ਨਵਜੋਤ ਸਿੱਧੂ ਨੂੰ ਕਿਥੇ ਵੀ ਜਾਣ ਦੀ ਜਰੂਰਤ ਨਹੀਂ ਹੈ, ਉਹ ਕਾਂਗਰਸ ਵਿੱਚ ਹੀ ਰਹਿੰਦੇ ਹੋਏ ਹੀ ਪੰਜਾਬ ਦੇ ਲੋਕਾਂ ਦੀ ਸੇਵਾ ਕਰ ਸਕਦੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.