ਕੀ ਤੀਸਰਾ ਵਿਸ਼ਵ ਯੁੱਧ ਹੁਣ ਪਾਣੀ ਕਾਰਨ ਹੋਵੇਗਾ?
ਤਿੰਨਾਂ ਪਰਤਾਂ ’ਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ-ਕੁਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਪੀਣ ਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ।
ਅਗਲੇ 15 ਸਾਲਾਂ ’ਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ
ਪੰਜਾਬ ਦਾ ਜ਼ਮੀਨੀ ਪਾਣੀ ਧਰਤੀ ਹੇਠਲੀਆਂ ਤਿੰਨ ਪਰਤਾਂ ਵਿੱਚ ਹੈ। ਪਹਿਲੀ ਪਰਤ 10 ਤੋਂ 20 ਫੁੱਟ ਤੱਕ ਹੈ। ਇਸ ਵਿਚਲਾ ਪਾਣੀ ਕਈ ਦਹਾਕੇ ਪਹਿਲਾਂ ਖਤਮ ਹੋ ਚੁੱਕਾ ਹੈ। ਦੂਜੀ ਪਰਤ ਲਗਭਗ 100 ਤੋਂ 200 ਫੁੱਟ ਉੱਤੇ ਹੈ, ਇਹ ਵੀ 10 ਸਾਲ ਪਹਿਲਾਂ ਸੁੱਕ ਗਈ ਸੀ। ਹੁਣ ਪੰਜਾਬ ਤੀਜੀ ਪਰਤ, ਜੋ ਕਿ 350 ਫੁੱਟ ਤੋਂ ਵੱਧ ਡੂੰਘੀ ਹੈ, ਨੂੰ ਵਰਤ ਰਿਹਾ ਹੈ ਜੋ ਕਿ ਅਗਲੇ ਦਹਾਕੇ ਤੱਕ ਖਾਲੀ ਹੋ ਜਾਵੇਗੀ। ਇਸ ਪਰਤ ਵਿਚਲੇ ਪਾਣੀ ਦੇ ਖਤਮ ਹੋਣ ਨਾਲ ਪੰਜਾਬ ਦੇ ਪਾਣੀ ਦੀਆਂ ਆਖਰੀ ਘੁੱਟਾਂ ਵੀ ਖਤਮ ਹੋ ਜਾਣਗੀਆਂ। ਕਰੋੜਾਂ ਤੋਂ ਲੱਖਾਂ ਦੀ ਹੋਈ ਜ਼ਮੀਨ ਦੋ ਦਹਾਕਿਆਂ ਵਿੱਚ ਹਜਾਰਾਂ ਦੀ ਵੀ ਨਹੀਂ ਹੋਵੇਗੀ।
ਸਾਇੰਸ ਦੱਸਦੀ ਹੈ ਕਿ ਤਿੰਨਾਂ ਪਰਤਾਂ ਵਿੱਚੋਂ ਕੇਵਲ ਉੱਪਰਲੀ ਪਰਤ ਹੀ ਮੀਂਹ ਅਤੇ ਦਰਿਆਈ ਪਾਣੀ ਨਾਲ ਕੁਝ-ਕੁਝ ਭਰ ਸਕਦੀ ਹੈ। ਜੇ ਪਾਣੀ ਭਰ ਵੀ ਜਾਵੇ ਇਹ ਪਾਣੀ ਕਈ ਸਦੀਆਂ ਤੱਕ ਪੀਣਯੋਗ ਨਹੀਂ ਹੋਵੇਗਾ ਦੂਜੀ ਅਤੇ ਤੀਜੀ ਪਰਤ ਵਿੱਚ ਪਾਣੀ ਲੱਖਾਂ ਸਾਲਾਂ ਵਿੱਚ ਪਹੁੰਚਦਾ ਹੈ। ਇਸ ਵਿਚਲਾ ਤੁਪਕਾ-ਤੁਪਕਾ ਪਾਣੀ ਬੇਹੱਦ ਕੀਮਤੀ ਅਤੇ ਕੁਦਰਤ ਦਾ ਪੰਜਾਬ ਨੂੰ ਤੋਹਫਾ ਹੈ। ਪਰ ਮਨੁੱਖ ਵਿਕਾਸ ਦੇ ਨਾਂਅ ’ਤੇ ਸ਼ੁਰੂ ਤੋਂ ਹੀ ਕੁਦਰਤ ਨਾਲ ਖਿਲਵਾੜ ਕਰਦਾ ਆ ਰਿਹਾ ਹੈ। ਜਿਸ ਦੇ ਨਤੀਜੇ ਵਜੋਂ ਕਿਤੇ ਹੜ੍ਹ ਕਿਤੇ ਸੋਕਾ ਕਿਤੇ ਭੂਚਾਲ ਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਰੁੱਖਾਂ ਦੀ ਅੰਨ੍ਹੇਵਾਹ ਕਟਾਈ ਅਤੇ ਧਰਤੀ ਹੇਠਲਾ ਪਾਣੀ ਦਿਨੋਂ-ਦਿਨ ਨੀਵਾਂ ਹੋ ਰਿਹਾ ਹੈ। ਜਿਸ ਤੋਂ ਲੱਗਦਾ ਹੈ ਕਿ ‘ਤੀਸਰਾ ਵਿਸ਼ਵ ਯੁੱਧ ਹੁਣ ਪਾਣੀ ਨੂੰ ਲੈ ਕੇ ਹੋਵੇਗਾ’ ਵਿਗਿਆਨੀਆਂ ਅਤੇ ਚਿੰਤਕਾਂ ਦੀ ਇਹ ਭਵਿੱਖਵਾਣੀ ਸੱਚ ਹੁੰਦੀ ਨਜ਼ਰ ਆਉਂਦੀ ਹੈ।
ਧਰਤੀ ਉੱਪਰ ਪਾਣੀ ਦਾ ਸੰਕਟ ਅਤੇ ਘਾਟ ਵਧਦੀ ਜਾ ਰਹੀ ਹੈ ਅਤੇ ਜੋ ਪਾਣੀ ਦਰਿਆਵਾਂ, ਨਦੀਆਂ, ਨਾਲਿਆਂ ਵਿਚ ਵਹਿੰਦਾ ਹੈ ਉਹ ਦਿਨੋ-ਦਿਨ ਪ੍ਰਦੂੁਸ਼ਿਤ ਹੁੰਦਾ ਜਾ ਰਿਹਾ ਹੈ। ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਦੇ ਡਿੱਗਦੇ ਪੱਧਰ, ਆਲਮੀ ਤਪਸ਼ ਕਾਰਨ ਧਰਤੀ ’ਤੇ ਵਧ ਰਹੀ ਗਰਮੀ ਅਤੇ ਹਵਾ-ਪਾਣੀ ਦੇ ਪ੍ਰਦੂਸ਼ਿਤ ਹੋਣ ਵੱਲ ਧਿਆਨ ਨਾ ਦਿੱਤਾ ਤਾਂ ਪਸ਼ੂ-ਪੰਛੀ ਹੀ ਨਹੀਂ ਮਨੁੱਖੀ ਜੀਵਨ ਵੀ ਖਤਰੇ ’ਚ ਪੈ ਜਾਵੇਗਾ। ਇੱਕ ਪਾਸੇ ਪੰਜਾਬ ਵਿਚ ਪਾਣੀ ਦਾ ਪੱਧਰ ਦਿਨੋ-ਦਿਨ ਘਟਦਾ ਜਾ ਰਿਹਾ ਹੈ। ਪਾਣੀ ਦੀ ਬਰਬਾਦੀ ਲਈ ਪਿੰਡਾਂ ਅਤੇ ਸ਼ਹਿਰਾਂ ਦੇ ਉਹ ਲੋਕ ਜ਼ਿਆਦਾ ਜ਼ਿੰਮੇਵਾਰ ਹਨ ਜੋ ਘਰੇਲੂ ਵਰਤੋਂ ਸਮੇਂ ਪਾਣੀ ਦੀ ਬਹੁਤ ਜ਼ਿਆਦਾ ਮਾਤਰਾ ਵਿਚ ਬਰਬਾਦੀ ਕਰਦੇ ਹਨ। ਇਸ ਬਰਬਾਦੀ ਕਾਰਨ ਹੀ ਇੱਕ ਦਿਨ ਸਾਨੂੰ ਪਾਣੀ ਦੀ ਬੂੰਦ-ਬੂੰਦ ਲਈ ਤਰਸਣਾ ਪੈ ਜਾਵੇਗਾ।
ਭਾਵੇਂ ਧਰਤੀ ਉੱਪਰ 70 ਫੀਸਦੀ ਤੋਂ ਵੱਧ ਸਮੁੰਦਰੀ ਪਾਣੀ ਹੈ ਪਰ ਜ਼ਮੀਨ ਉੱਪਰ ਇਸ ਦੀ ਮਾਤਰਾ 27 ਫੀਸਦੀ ਹੀ ਹੈ ਤੇ ਉਸ ਵਿਚ ਵੀ ਬਹੁਤਾ ਪਾਣੀ ਫੈਕਟਰੀਆਂ ਵੱਲੋਂ ਜ਼ਹਿਰੀਲੇ ਰਸਾਇਣਾਂ ਨੂੰ ਪਾਣੀ ਵਿਚ ਘੋਲ ਕੇ ਜ਼ਹਿਰੀਲਾ ਬਣਾਉਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਹੋ ਕਾਰਨ ਹੈ ਕਿ ਅੱਜ ਪੰਛੀਆਂ ਦੀਆਂ ਬਹੁਤੀਆਂ ਪ੍ਰਜਾਤੀਆਂ ਖ਼ਤਮ ਹੋ ਗਈਆਂ ਹਨ ਤੇ ਕੁਝ ਖ਼ਤਮ ਹੋਣ ਦੀ ਕਗਾਰ ’ਤੇ ਹਨ ਅਤੇ ਸਾਨੂੰ ਵੀ ਕੈਂਸਰ, ਦਮਾ ਆਦਿ ਬਿਮਾਰੀਆਂ ਘੇਰਨ ਲੱਗੀਆਂ ਹੋਈਆਂ ਹਨ।
ਜੇਕਰ ਅਸੀਂ ਸਮਾਂ ਰਹਿੰਦਿਆਂ ਪਾਣੀ ਵਰਗੀ ਅਨਮੋਲ ਦਾਤ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ ਪੀੜ੍ਹੀ ਪਾਣੀ ਨੂੰ ਤਰਸੇਗੀ। ਸਰਕਾਰਾਂ ਵੱਲੋਂ ਕਿਸਾਨਾਂ ਨੂੰ ਵੱਧ ਪਾਣੀ ਦੀ ਖਪਤ ਵਾਲੀਆਂ ਫਸਲਾਂ ਦੇ ਰਵਾਇਤੀ ਚੱਕਰ ਵਿਚੋਂ ਨਿੱਕਲਣ ਲਈ ਪ੍ਰੇਰਿਤ ਕੀਤਾ ਜਾਵੇ। ਬਦਲ ਵਿੱਚ ਦੂਸਰੀਆਂ ਫ਼ਸਲਾਂ ਦੇ ਸਹੀ ਭਾਅ ਦਿੱਤੇ ਜਾਣ। ਅੱਜ ਪੰਜਾਬ ਦੇ 13 ਲੱਖ ਟਿਊਬਵੈਲ ਪੰਜਾਬ ਨੂੰ ਲਗਾਤਾਰ ਖਾਤਮੇ ਵੱਲ ਲਿਜਾ ਰਹੇ ਹਨ। ਇੱਕ ਅੰਦਾਜੇ ਅਨੁਸਾਰ, ਅਗਲੇ 15 ਸਾਲਾਂ ਵਿੱਚ ਬਹੁਤੇ ਮੱਛੀ ਮੋਟਰਾਂ ਵਾਲੇ ਬੋਰ ਸੁੱਕ ਜਾਣਗੇ ਅਤੇ ਪੰਜਾਬ ਦੇ 2.5 ਕਰੋੜ ਲੋਕਾਂ ਕੋਲ ਇਹ ਇਲਾਕਾ ਛੱਡਣ ਤੋਂ ਬਿਨਾਂ ਕੋਈ ਚਾਰਾ ਨਹੀਂ ਬਚੇਗਾ। ਦਰਿਆਈ ਪਾਣੀ ਵਿੱਚ ਸੌ ਤੋਂ ਵੱਧ ਤਰ੍ਹਾਂ ਦੇ ਵੱਖ-ਵੱਖ ਖਣਿਜ ਪਦਾਰਥ ਅਤੇ ਰਹਿੰਦ-ਖੂੰਹਦ ਹੁੰਦਾ ਹੈ।
ਜੋ ਕਿ ਕੁਦਰਤੀ ਤੌਰ ਉੱਤੇ ਵਧੀਆ ਫਸਲਾਂ ਵਾਸਤੇ ਧਰਤੀ ਨੂੰ ਉਪਜਾਊ ਬਣਾ ਕੇ ਰੱਖਦਾ ਹੈ ਪਰ ਹੁਣ ਦਰਿਆਈ ਪਾਣੀ ਦੀ ਅਣਹੋਂਦ ਵਿੱਚ ਪੰਜਾਬ ਨੂੰ ਇਹ ਘਾਟ ਖਾਦਾਂ ਤੇ ਦਵਾਈਆਂ ਨਾਲ ਪੂਰੀ ਕਰਨੀ ਪੈਂਦੀ ਹੈ ਪੰਜਾਬ ਇੱਕ ਪਾਸੇ ਤਾਜੇ ਪਾਣੀ ਦਾ ਅਣਮੁੱਲਾ ਜਖੀਰਾ ਖਤਮ ਕਰ ਚੁੱਕਾ ਹੈ, ਤੇ ਦੂਜੇ ਪਾਸੇ ਦਵਾਈਆਂ ਨਾਲ ਜਮੀਨ ਦੀ ਉੱਪਰਲੀ ਤਹਿ ਦੂਸ਼ਿਤ ਕਰ ਰਿਹਾ ਹੈ। ਪੰਜਾਬ ਕੇਵਲ ਰੇਗਿਸਤਾਨ ਹੀ ਨਹੀਂ ਬਣੇਗਾ ਬਲਕਿ ਜ਼ਹਿਰੀਲਾ ਰੇਗਿਸਤਾਨ ਬਣੇਗਾ ਅਤੇ ਅੱਜ ਦੀ ਪੀੜ੍ਹੀ ਸਾਹਮਣੇ ਬਣੇਗਾ। ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਸ਼ੁੱਧ ਪਾਣੀ ਦੀ ਘਾਟ ਲੜਾਈ-ਝਗੜੇ ਅਤੇ ਜੰਗਾਂ-ਯੁੱਧਾਂ ਤੱਕ ਫੈਲ ਜਾਵੇਗੀ।
ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਲਈ ਆਪਣਾ ਫਰਜ਼ ਪਛਾਣ ਕੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਸਾਡਾ ਸਭਨਾਂ ਦਾ ਸਾਂਝਾ ਫਰਜ ਹੈ। ਭਾਰਤ ਸਰਕਾਰ ਨੂੰ ਦੁਨੀਆਂ ਭਰ ਦੇ ਸਾਇੰਸਦਾਨ ਕਈ ਦਹਾਕਿਆਂ ਤੋਂ ਚੇਤਾਵਨੀਆਂ ਦੇ ਰਹੇ ਸਨ ਕਿ ਪੰਜਾਬ ਵਿੱਚ ਖੇਤੀ ਅਤੇ ਉਦਯੋਗ ਦਰਿਆਈ ਪਾਣੀਆਂ ਨਾਲ ਕਰੋ, ਕਿਉਂਕਿ ਧਰਤੀ ਹੇਠਲਾ ਪਾਣੀ ਇਸ ਖੇਤਰ ਵਿੱਚ ਮਨੁੱਖੀ ਜੀਵਨ ਲਈ ਅਤਿ ਜ਼ਰੂਰੀ ਹੈ।
ਪਰ ਦਰਿਆਈ ਪਾਣੀਆਂ ਦੇ ਲਗਾਤਾਰ ਪੰਜਾਬੋਂ ਬਾਹਰ ਜਾਣ ਕਾਰਨ ਪੰਜਾਬ ਦੇ ਲੋਕ ਜ਼ਮੀਨ ਹੇਠਲਾ ਪਾਣੀ ਵਰਤਣ ਲਈ ਮਜਬੂਰ ਹੋ ਗਏ। ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਨੂੰ ਝੋਨਾ ਲਾਉਣ ਵਰਗੇ ਦੋਸ਼ ਲਾ ਕੇ ਅਸਲੀ ਦੋਸ਼ੀਆਂ ਨੂੰ ਬਰੀ ਨਹੀਂ ਕੀਤਾ ਜਾ ਸਕਦਾ। ਪੰਜਾਬ ਦੇ ਪਾਣੀ ਬਾਹਰ ਭੇਜਣ ਵਾਲਿਆਂ ਨੂੰ ਅੱਧੀ ਸਦੀ ਪਹਿਲਾਂ ਪਤਾ ਸੀ ਕਿ ਪੰਜਾਬ ਕਿੱਧਰ ਜਾ ਰਿਹਾ ਹੈ, ਪਰ ਕਿਸਾਨਾਂ ਨੂੰ ਨਹੀਂ ਚਿੰਤਾ, ਕਿ ਪੰਜਾਬ ਰੇਗਿਸਤਾਨ ਬਣੇਗਾ, ਇਹ ਹੈ ਕਿ ਕਿੰਨੀ ਛੇਤੀ ਬਣੇਗਾ। ਜੇਕਰ ਅਸੀਂ ਇਸ ਫਰਜ ਦੀ ਪਛਾਣ ਨਾ ਕੀਤੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਕਿੰਨਾ ਖ਼ਤਰੇ ਵਿਚ ਪੈ ਜਾਵੇਗਾ ਇਸ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ।
ਧਰਤੀ ਹੇਠੋਂ ਮੁੱਕ ਗਿਆ ਜੇ ਅੰਮਿ੍ਰਤ ਵਰਗਾ ਪਾਣੀ,
ਇਸ ਧਰਤੀ ’ਤੇ ਜ਼ਿੰਦਗੀ ਵਾਲੀ ਹੋ ਜਾਊ ਖਤਮ ਕਹਾਣੀ।
ਮੋ. 96807-95479
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।