ਆਖਰ ਕਦੋਂ ਰੁਕਣਗੇ ਭਾਰਤ ‘ਚ ਵਧ ਰਹੇ ਸੜਕ ਹਾਦਸੇ?
ਸੰਸਾਰ ਭਰ ਵਿੱਚ ਵਹੀਕਲ ਦਿਨੋਂ ਦਿਨ ਵਧਦੇ ਜਾ ਰਹੇ ਹਨ ਜੋ ਕਿ ਹਰ ਇੱਕ ਇਨਸਾਨ ਦੀ ਜਰੂਰਤ ਬਣ ਚੁੱਕੇ ਹਨ। ਵਹੀਕਲ ਵਧਣ ਕਾਰਨ ਟ੍ਰੈਫਿਕ ਵੀ ਦਿਨੋਂ ਦਿਨ ਵਧਦਾ ਜਾ ਰਿਹਾ ਹੈ ਸਿੱਟੇ ਵਜੋਂ ਸੜਕ ਹਾਦਸਿਆਂ ਦੇ ਗ੍ਰਾਫ ਵਿੱਚ ਵੀ ਅਥਾਹ ਵਾਧਾ ਹੋਇਆ ਹੈ। ਪੂਰੀ ਦੁਨੀਆਂ ‘ਚ ਲਗਭਗ 12.5 ਲੱਖ ਦੇ ਕਰੀਬ ਲੋਕ ਹਰ ਸਾਲ ਸੜਕ ਹਾਦਸਿਆਂ ‘ਚ ਆਪਣੀਆਂ ਜਾਨਾਂ ਗੁਆ ਲੈਂਦੇ ਹਨ। ਜੇਕਰ ਗੱਲ ਭਾਰਤ ਦੀ ਕਰੀਏ ਤਾਂ ਦੁਨੀਆਂ ਦੇ ਸਭ ਤੋਂ ਵੱਧ ਸੜਕ ਹਾਦਸੇ ਭਾਰਤ ਵਿੱਚ ਹੁੰਦੇ ਹਨ।
ਭਾਰਤ ਵਿੱਚ ਹਰ ਸਾਲ ਲਗਭਗ 5 ਲੱਖ ਦੇ ਕਰੀਬ ਸੜਕ ਹਾਦਸੇ ਹੁੰਦੇ ਹਨ ਜਿਨ੍ਹਾਂ ‘ਚ 2 ਲੱਖ ਲੋਕ ਹਰ ਸਾਲ ਸੜਕਾਂ ‘ਤੇ ਮਰਦੇ, 4.5 ਲੱਖ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਲੰਮਾ ਸਮਾਂ ਅਪਾਹਜਾਂ ਵਰਗੀ ਜਿੰਦਗੀ ਬਤੀਤ ਕਰਦੇ ਤੇ ਕਰੀਬ 3 ਲੱਖ ਵਹੀਕਲ ਚਾਲਕਾਂ ਨੂੰ ਜੇਲ੍ਹ ਤੇ 10 ਲੱਖ ਚਾਲਕਾਂ ਨੂੰ ਜੁਰਮਾਨਾ ਹੁੰਦਾ ਹੈ। ਸਾਡੇ ਦੇਸ਼ ਵਿੱਚ ਲਗਭਗ ਹਰ 3.5 ਤੋਂ 4 ਮਿੰਟ ਦੀ ਦਰ ਨਾਲ ਇੱਕ ਵਿਅਕਤੀ ਸੜਕ ਉੱਪਰ ਆਪਣੀ ਜਾਨ ਗੁਆ ਲੈਂਦਾ ਹੈ। ਅੰਤਰਰਾਸ਼ਟਰੀ ਪੱਧਰ ‘ਤੇ ਸਾਡੇ ਮੁਲਕ ਵਿੱਚ ਸਭ ਤੋਂ ਵੱਧ ਸੜਕ ਹਾਦਸਿਆਂ ਵਿੱਚ ਜਾਨਾਂ ਗਈਆਂ ਹਨ ਕਿਉਂਕਿ ਸਾਡੇ ਮੁਲਕ ਵਿੱਚ ਸੜਕ ਸੁਰੱਖਿਆ ਨਿਯਮਾਂ ਨੂੰ ਤੋੜਨ ਸਮੇਂ ਅਸੀਂ ਭੁੱਲ ਜਾਂਦੇ ਹਾਂ ਕਿ ਇਸ ਅਣਗਹਿਲੀ ਨਾਲ ਸਾਡੀ ਜਾਨ ਵੀ ਜਾ ਸਕਦੀ ਹੈ।
ਹਾਦਸਿਆਂ ਲਈ ਕੁਝ ਹੱਦ ਤੱਕ ਮਾਪੇ ਵੀ ਜਿੰਮੇਵਾਰ ਹਨ
ਜੋ ਕਿ ਆਪਣੇ 18 ਸਾਲ ਤੋਂ ਛੋਟੀ ਉਮਰ ਦੇ ਤੇ ਅਣਸਿੱਖਿਅਕ ਬੱਚਿਆਂ ਨੂੰ ਵਹੀਕਲ ਖਰੀਦ ਕੇ ਦਿੰਦੇ ਹਨ ਤੇ ਚਲਾਉਣ ਦੀ ਆਗਿਆ ਦਿੰਦੇ ਹਨ ਜੋ ਬੜੀ ਲਾਪਰਵਾਹੀ ਨਾਲ ਵਹੀਕਲ ਚਲਾਉਂਦੇ ਹਨ ਤੇ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ। ਇਸ ਤੋਂ ਇਲਾਵਾ ਸੜਕ ਹਾਦਸਿਆਂ ਦੇ ਹੋਰ ਮੁੱਖ ਕਾਰਨ ਹੇਠ ਲਿਖੇ ਹਨ:-
ਗੱਡੀ ਕਰਕੇ ਹੋਣ ਵਾਲੇ ਹਾਦਸੇ: ਗੱਡੀ ਦੇ ਡਿਜ਼ਾਇਨ ‘ਚ ਕਮੀਆਂ, ਬ੍ਰੇਕ ਫੇਲ੍ਹ ਹੋਣਾ, ਸਟੇਰਿੰਗ ਫੇਲ੍ਹ ਹੋਣਾ, ਟਾਇਰ ਪਾਟ ਜਾਣਾ, ਰੇਸ ਪੈਡਲ ਦਾ ਜਾਮ ਹੋ ਜਾਣਾ, ਗੱਡੀ ਸਲਿੱਪ ਹੋ ਜਾਣਾ, ਵੀਲ ਅਲਾਈਨਮੈਂਟ ਦਾ ਸਹੀ ਨਾ ਹੋਣਾ, ਸੜਕ ਟੁੱਟੀ ਹੋਣਾ, ਅਵਾਰਾ ਜਾਨਵਰ ਦਾ ਸੜਕ ਉਪਰ ਆ ਜਾਣਾ, ਬਿਨਾਂ ਸੂਚਨਾ ਤੇ ਚਿਨ੍ਹਾਂ ਦੇ ਸੜਕਾਂ, ਤੰਗ ਸੜਕਾਂ, ਲਾਲ ਬੱਤੀ ਦੀ ਉਲੰਘਣਾ ਕਰਨਾ ਆਦਿ। ਡਰਾਇਵਰਾਂ ਪ੍ਰਤੀ: ਜਾਣਕਾਰੀ ਜਾਂ ਟ੍ਰੇਨਿੰਗ ਦੀ ਘਾਟ, ਨਸ਼ਾ ਕਰਕੇ ਗੱਡੀ ਚਲਾਉਣਾ, ਓਵਰ ਸਪੀਡ, ਧਿਆਨ ਭੜਕਣਾ, ਗਲਤ ਦਿਸ਼ਾ ਵਿੱਚ ਗੱਡੀ ਚਲਾਉਣਾ, ਮਾਨਸਿਕ ਜਾਂ ਸਰੀਰਕ ਥਕਾਵਟ, ਮੋਬਾਇਲ ਫੋਨ ਦੀ ਵਰਤੋਂ, ਓਵਰਲੋਡ, ਗਲਤ ਥਾਂ ਤੇ ਪਾਰਕ ਕਰਨਾ, ਪ੍ਰੈਸ਼ਰ ਹਾਰਨ ਦੀ ਵਰਤੋਂ ਹਾਈ ਬੀਮ ਆਦਿ।
ਖਰਾਬ ਮੌਸਮ: ਧੁੰਦ, ਮੀਂਹ, ਹਨ੍ਹੇਰੀ, ਪਰਾਲੀ ਦਾ ਧੂੰਆਂ ਆਦਿ ਵੀ ਹਾਦਸੇ ਦੇ ਮੁੱਖ ਕਾਰਨ ਹਨ।
ਸੀਟ ਬੈਲਟ ਜਾਂ ਹੈਲਮੈਟ ਦੀ ਵਰਤੋਂ ਨਾ ਕਰਨਾ: ਆਮ ਤੌਰ ‘ਤੇ ਚਾਰ ਪਈਏ ਵਾਹਨ ਵਿੱਚ ਸੀਟ ਬੈਲਟ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਿਸ ਕਾਰਨ ਚਾਲਕ ਦੇ ਜਖਮੀ ਹੋਣ ਜਾਂ ਮੌਤ ਦੀ ਸੰਭਾਵਨਾ ਵਧ ਜਾਂਦੀ ਹੈ ਇਸ ਕਰਕੇ ਸਾਨੂੰ ਸੀਟ ਬੈਲਟ ਦੀ ਵਰਤੋਂ ਕਰਨੀ ਚਾਹੀਦੀ ਹੈ। ਦੋਪਹੀਏ ਵਾਹਨ ਚਲਾਉਂਦੇ ਸਮੇਂ ਹੈਲਮੈਟ ਦੀ ਵਰਤੋਂ ਕਰਨੀ ਚਾਹੀਦੀ ਹੈ। ਭਾਰਤ ਵਿੱਚ ਹਰ ਸਾਲ ਸੜਕ ਦੁਰਘਟਨਾ ਵਿੱਚ ਹੋਈਆਂ ਕੁੱਲ ਮੌਤਾਂ ਦਾ ਲਗਭਗ 26% ਹਿੱਸਾ ਦੋਪਹੀਆ ਵਾਹਨ ਚਾਲਕਾਂ ਦਾ ਹੁੰਦਾ ਹੈ ।
ਭਾਰਤੀ ਸੜਕਾਂ ਉੱਪਰ ਮਨੁੱਖ ਦੀ ਕੀ ਦੁਰਦਸ਼ਾ ਹੈ ਇਸ ਦਾ ਅੰਦਾਜਾ ਰੋਜ਼ਮਰਾ ਦੀਆਂ ਅਖਬਾਰਾਂ ਵਿੱਚ ਛਪੀਆਂ ਖਬਰਾਂ ਤੋਂ ਲਾਇਆ ਜਾ ਸਕਦਾ ਹੈ। ਪਿਛਲੇ ਸਾਲ ਧੁੰਦ ਕਾਰਨ ਭੁੱਚੋ (ਬਠਿੰਡਾ) ਪੁਲ ‘ਤੇ ਹੋਏ ਦਰਦਨਾਕ ਹਾਦਸੇ ‘ਚ ਕਈ ਕੀਮਤੀ ਜਾਨਾਂ ਚਲੀਆਂ ਗਈਆਂ ਅਤੇ ਦੋ ਕੁ ਸਾਲ ਪਹਿਲਾਂ ਫਾਜਿਲਕਾ ਨੇੜੇ ਹੋਏ ਸੜਕ ਹਾਦਸੇ ਵਿੱਚ ਮਰੇ ਅਧਿਆਪਕਾਂ ਨੇ ਪੂਰੇ ਪੰਜਾਬ ਨੂੰ ਹੀ ਨਹੀਂ ਸਗੋਂ ਦੁਨੀਆਂ ਨੂੰ ਸੋਗ ‘ਚ ਡੁਬੋ ਦਿੱਤਾ ਸੀ।
ਹਰੇਕ ਗੱਡੀ ਵਿੱਚ ਫਸਟ ਏਡ ਕਿੱਟ ਵੀ ਜਰੂਰ ਹੋਣੀ ਚਾਹੀਦੀ ਹੈ ਤਾਂ ਜੋ ਅਚਾਨਕ ਰਸਤੇ ਵਿੱਚ ਕੋਈ ਚੋਟ ਲੱਗਣ ‘ਤੇ ਰੋਗੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਸਕੇ।
ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਸਖਤ ਕਦਮ ਚੁੱਕਣੇ ਚਾਹੀਦੇ ਹਨ ਤੇ ਵਧੀਆ ਸੜਕਾਂ ਬਣਾਉਣੀਆਂ ਚਾਹੀਦੀਆਂ ਹਨ ਤਾਂ ਜੋ ਕੀਮਤੀ ਜਾਨਾਂ ਬਚਾਈਆਂ ਜਾ ਸਕਣ। ਡਰਾਇਵਰਾਂ ਨੂੰ ਟਰੈਫਿਕ ਚਿੰਨ੍ਹਾਂ ਦੀ ਚੰਗੀ ਤਰ੍ਹਾਂ ਜਾਣਕਰੀ ਹੋਣੀ ਚਾਹੀਦੀ ਹੈ। ਇਸ ਸਮੇਂ ਪੰਜਾਬ ਵਿੱਚ ਮਾਹੂਆਣਾ (ਸ੍ਰੀ ਮੁਕਤਸਰ ਸਾਹਿਬ) ਵਿਖੇ ਪੂਰੇ ਪੰਜਾਬ ਦਾ ਸਰਕਾਰੀ ਡਰਾਇਵਿੰਗ ਸਕੂਲ (ਸਟੇਟ ਇੰਸਟੀਚਿਊਟ ਆਫ ਆਟੋਮੇਟਿਵ ਐਂਡ ਡਰਾਇੰਵਿੰਗ ਸਕਿੱਲਜ) ਚੱਲ ਰਿਹਾ ਹੈ ਜਿੱਥੇ ਐਲ. ਟੀ. ਵੀ ਅਤੇ ਐਚ. ਟੀ. ਵੀ ਡਰਾਇਵਿੰਗ ਲਾਇੰਸੈਂਸ ਬਣਾਉਣ ਲਈ ਦੋ ਦਿਨਾਂ ਦੀ ਟ੍ਰੇਨਿੰਗ ਲਾਈ ਜਾਂਦੀ ਹੈ
ਜੋ ਕਿ ਪੰਜਾਬ ਦੇ ਹਰੇਕ ਐਲ.ਟੀ.ਵੀ ਅਤੇ ਐਚ.ਟੀ.ਵੀ ਡਰਾਈਵਿੰਗ ਲਾਇੰਸੈਂਸ ਲਈ ਜਰੂਰੀ ਹੈ। ਜੋ ਕਿ ਇੱਕ ਚੰਗਾ ਉਪਰਾਲਾ ਹੈ ਪਰ ਲੋੜ ਨੂੰ ਮੁੱਖ ਰੱਖਦੇ ਹੋਏ ਡਰਾਇਵਿੰਗ ਨਿਯਮਾਂ ਲਈ ਹਰ ਜ਼ਿਲੇ ਵਿੱਚ ਵੱਧ ਤੋਂ ਵੱਧ ਟ੍ਰੇਨਿੰਗ ਸਕੂਲ, ਕਾਲਜ, ਸੰਸਥਾਵਾਂ ਆਦਿ ਖੋਲ੍ਹਣੇ ਚਾਹੀਦੇ ਹਨ ਨਿਯਮਿਤ ਤੌਰ ‘ਤੇ ਸਕੂਲਾਂ, ਕਾਲਜਾਂ, ਟੈਕਸੀ ਸਟੈਂਡਾਂ, ਪਿੰਡ ਦੀਆਂ ਸੱਥਾਂ ਆਦਿ ਵਿੱਚ ਟਰੈਫਿਕ ਨਿਯਮਾਂ ਸਬੰਧੀ ਸੈਮੀਨਾਰ ਵੱਧ ਤੋਂ ਵੱਧ ਲਗਾਉਣੇ ਚਾਹੀਦੇ ਹਨ ਤਾਂ ਜੋ ਲੋਕ ਸੜਕੀ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਹੋ ਸਕਣ ਤੇ ਸੜਕ ਹਾਦਸੇ ਘਟਾਏ ਜਾ ਸਕਣ।
ਸਰਕਾਰੀ ਹਾਈ ਸਕੂਲ, ਢੈਪਈ (ਫਰੀਦਕੋਟ)
ਮੋ. 98550-31081
ਪ੍ਰਮੋਦ ਧੀਰ ਜੈਤੋ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।