ਡੇਂਗੂ ਬੁਖ਼ਾਰ ਕਾਰਨ ਸਹਿਮ ਦਾ ਮਾਹੌਲ ਕਿਉ?
ਕੋਰੋਨਾ ਮਹਾਂਮਾਰੀ ਨੇ ਹਾਲੇ ਖਹਿੜਾ ਛੱਡਿਆ ਵੀ ਨਹੀਂ ਸੀ, ਕਿ ਅੱਜ-ਕੱਲ੍ਹ ਡੇਂਗੂ ਬੁਖਾਰ ਨੇ ਦਹਿਸ਼ਤ ਪਾਈ ਹੋਈ ਹੈ ਕੋਰੋਨਾ ਤੋਂ ਬਾਅਦ ਡੇਂਗੂ ਦਾ ਆਉਣਾ ਲੋਕਾਂ ਲਈ ਹੋਰ ਵੀ ਵੱਡਾ ਖਤਰਾ ਬਣ ਗਿਆ, ਕਿਉਂ ਜੋ ਅੱਜ-ਕੱਲ੍ਹ ਕਿਸੇ ਨੂੰ ਬੁਖਾਰ ਚੜ੍ਹਦਾ ਹੈ ਤਾਂ ਉਹ ਇਹ ਸੋਚ ਕੇ ਕਿ ਇਹ ਕੋਰੋਨਾ ਨਾ ਹੋਵੇ, ਘਰੋਂ ਬਾਹਰ ਨਹੀਂ ਨਿੱਕਲਦਾ, ਟੈਸਟ ਨਹੀਂ ਕਰਾਉਂਦਾ ਡਰ ਦੇ ਮਾਰੇ ਬਹੁਤ ਸਾਰੇ ਲੋਕ ਨਾ ਹਸਪਤਾਲ ਜਾਂਦੇ ਨੇ, ਨਾ ਟੈਸਟ ਕਰਵਾਉਂਦੇ ਨੇ ਸੋਸ਼ਲ ਮੀਡੀਆ ’ਤੇ ਕੋਰੋਨਾ ਦੌਰ ਵਾਂਗ ਇੱਕ ਵਾਰੀ ਫੇਰ ਹਰ ਕੋਈ ਹੁਣ ਡੇਂਗੂ ਦਾ ਇਲਾਜ ਦੱਸ ਰਿਹਾ ਹੈ, ਭਰਮ ਫੈਲ ਰਹੇ ਨੇ ਇਸ ਦਾ ਸਹੀ ਨਾਂਅ ਡੇਂਗੀ ਹੈ ਪਰ ਆਮ ਭਾਸ਼ਾ ਵਿਚ ਡੇਂਗੂ ਹੀ ਬੋਲਿਆ ਜਾਂਦਾ ਹੈ ਡੇਂਗੂ ਹਰ ਸਾਲ ਆਉਂਦਾ ਹੈ, ਕੋਰੋਨਾ ਹੁਣ ਬੈਕਫੁਟ ’ਤੇ ਚਲਾ ਗਿਆ, ਨਦਾਰਦ ਨੀ ਹੋਇਆ, ਬੱਸ ਇੱਕ ਨਵਾਂ ਰੁਝਾਨ ਬਣ ਗਿਆ, ਰੁਟੀਨ ਟੈਸਟਾਂ ਵਿਚ ਹੁਣ ਆਰ. ਟੀ. ਪੀ. ਸੀ. ਆਰ ਟੈਸਟ ਵੀ ਸ਼ਾਮਲ ਹੋ ਗਿਆ ਹੈ ਪਰ ਅੱਜ ਦੇ ਸਮੇਂ ਜਦ ਬੁਖਾਰ ਚੜ੍ਹਦਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਡੇਂਗੂ ਦੀ ਸੰਭਾਵਨਾ ਆਪਣੇ ਦਿਮਾਗ ’ਚ ਲਿਆਉਂਦੇ ਹਾਂ।
ਕੀ ਕਰਨਾ ਚਾਹੀਦੈ? ਜ਼ਰੂਰੀ ਹੈ ਇਹ ਸਮਝਣਾ ਕਿ ਜੇ ਤੇਜ ਬੁਖਾਰ, ਠੰਢ ਲੱਗਣਾ ਅਤੇ ਸਰੀਰ ਦਰਦ ਹੋ ਜਾਵੇ ਤਾਂ ਕੀ ਕਰਨਾ ਚਾਹੀਦੈ:-
1. ਜੇ ਤੁਹਾਨੂੰ ਬੁਖਾਰ ਚੜ੍ਹਦਾ ਹੈ ਤਾਂ ਸਭ ਤੋਂ ਪਹਿਲਾਂ ਤਾਂ ਘਰ ਦੇ ਅੰਦਰ ਆ ਜਾਓ, ਬਾਕੀਆਂ ਨਾਲੋਂ ਆਪਣੇ-ਆਪ ਨੂੰ ਅਲੱਗ ਕਰ ਲਓ, ਬੈੱਡ ਰੈਸਟ ਕਰੋ, ਪਾਣੀ ਜ਼ਿਆਦਾ ਪੀਓ।
2. ਜੇ ਤੁਆਡੇ ਇਲਾਕੇ ਵਿਚ ਡੇਂਗੂ ਫੈਲਿਆ ਹੈ ਤਾਂ ਪਹਿਲੇ ਦਿਨ ਆਪਣੇ ਖੂਨ ਵਿਚ ਐਨਐਸ-1 ਐਂਟੀਜਨ ਟੈਸਟ ਕਰਵਾਓ- ਇਹ ਪਹਿਲੇ ਦਿਨ ਪਾਜ਼ਿਟਿਵ ਆਉਂਦਾ ਹੈ।
3. ਬਾਕੀ ਦੇ ਟੈਸਟਾਂ ’ਚ ਡੇਂਗੂ ਪਾਜ਼ਿਟਿਵ ਆਉਣ ’ਚ 3 ਤੋਂ 5 ਦਿਨ ਲੱਗ ਸਕਦੇ ਹਨ।
4. ਡੇਂਗੂ ਦਾ ਮੱਛਰ ਦਿਨੇ ਕੱਟਦਾ ਹੈ, ਇਸ ਕਰਕੇ ਅੱਧੀਆਂ ਬਾਹਾਂ ਵਾਲੀਆਂ ਕਮੀਜ਼ਾਂ ਨਾ ਪਾਓ, ਪੂਰੀਆਂ ਬਾਹਾਂ ਵਾਲੀਆਂ ਪਾਓ।
ਜਦ ਤੁਹਾਨੂੰ ਪਤੈ ਕਿ ਡੇਂਗੂ ਫੈਲਿਆ ਹੈ ਤੇ ਤੁਸੀਂ ਕੀਤੇ ਬਾਹਰ ਜਾਣਾ ਹੈ ਤਾਂ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਓ, ਸਰੀਰ ਉੱਪਰ ਤੇਲ ਲਾ ਲਓ ਤਾਂ ਜੋ ਜੇ ਮੱਛਰ ਆਉਂਦਾ ਹੈ ਤਾਂ ਉਸ ਦੇ ਕੱਟਣ ਦੀ ਸੰਭਾਵਨਾ ਘਟ ਜਾਵੇ, ਘਰ ਦੇ ਆਸ-ਪਾਸ ਕਿਤੇ ਵੀ ਪਾਣੀ ਨਾ ਇਕੱਠਾ ਹੋਣ ਦਿਓ, ਨਾ ਕੂਲਰਾਂ ’ਚ, ਨਾ ਡੋਨੀਆਂ ’ਚ, ਨਾ ਖੇਲ ’ਚ, ਪੰਛੀਆਂ ਨੂੰ ਪਾਣੀ ਪਾਉਣਾ ਹੈ ਤਾਂ ਉਸ ਨੂੰ ਰੋਜ਼ ਬਦਲੋ। ਕੋਰੋਨਾ ਦੇ ਆਉਣ ’ਤੇ ਇੱਕ ਵੈਟਸਅਪ ਯੂਨੀਵਰਸਿਟੀ ਚਾਲੂ ਹੋ ਗਈ ਸੀ ਤਰ੍ਹਾਂ-ਤਰ੍ਹਾਂ ਦੇ ਸਵੈ-ਘੋਸ਼ਿਤ ਮਾਹਿਰ ਉਸਦਾ ਇਲਾਜ ਦੱਸ ਰਹੇ ਸੀ ਖੈਰ! ਉਹ ਤਾਂ ਏਡਸ ਤੱਕ ਦਾ ਆਪਣੇ ਵੀਡੀਓਜ਼ ’ਚ ਇਲਾਜ ਕਰ ਦਿੰਦੇ ਹਨ।
ਡੇਂਗੂ ਦੀ ਕੋਈ ਦਵਾਈ ਨਹੀਂ ਹੈ, ਨਾ ਹੀ ਦਵਾਈ ਦੀ ਲੋੜ ਹੈ:
1. ਜੇ ਬੁਖਾਰ ਜ਼ਿਆਦਾ ਹੈ ਤਾਂ ਪੈਰਾਸੀਟਾਮੋਲ ਆਪਣੇ ਵਜ਼ਨ ਦੇ ਮੁਤਾਬਕ ਤੁਸੀਂ ਲੈ ਸਕਦੇ ਹੋ।
2. 50 ਕਿਲੋ ਤੋਂ ਘੱਟ ਵਜ਼ਨ ਹੈ ਤਾਂ 500 ਅਤੇ ਜੇ ਇਸ ਤੋਂ ਵੱਧ ਵਜ਼ਨ ਹੈ ਤਾਂ 650 ਦਿਨ ’ਚ ਤਿੰਨ ਵਾਰ ਲੈ ਸਕਦੇ ਹੋ, ਇਹ ਬੁਖਾਰ ਉਤਾਰਨ ਲਈ ਹੈ, ਆਰਾਮ ਦੇਣ ਲਈ ਹੈ: ਇਲਾਜ ਲਈ ਨਹੀਂ ਹੈ।
3. ਡੇਂਗੂ 5 ਦਿਨ ’ਚ ਜਾਏਗਾ, ਆਪ ਹੀ ਜਾਏਗਾ, ਸਿਰਫ ਪਰਹੇਜ ਰੱਖਣਾ ਹੈ।
4. ਇੱਕ ਦਿਨ ਛੱਡ ਕੇ ਤੁਸੀਂ ਆਪਣੇ ਪਲੇਟਲੈਟ ਕਾਊਂਟ ਚੈੱਕ ਕਰਾਉਂਦੇ ਰਹੋ, ਇਹ ਅਕਸਰ 2 ਲੱਖ ਜਾਂ ਇਸ ਤੋਂ ਉੱਪਰ ਹੁੰਦੇ ਨੇ ਜੇ ਇਹ 30000 ਤੋਂ ਹੇਠਾਂ ਆ ਜਾਣ ਉਦੋਂ ਹੀ ਤੁਸੀਂ ਹਸਪਤਾਲ ਜਾਣਾ ਹੈ, ਜਾਂ ਜੇਕਰ ਚਮੜੀ ਦੇ ਹੇਠਾਂ ਖੂਨ ਦੇ ਧੱਬੇ ਪਾਏ ਜਾਣ, ਜਾਂ ਫਿਰ ਮਸੂੜਿਆਂ ਜਾਂ ਨੱਕ ’ਚੋਂ ਖੂਨ ਨਿੱਕਲ ਆਵੇ ਤਾਂ ਤੁਸੀਂ ਫੌਰੀ ਤੌਰ ’ਤੇ ਹਸਪਤਾਲ ਜਾਣਾ ਕਿਉਕਿ ਇਹ ਹੇਮਰੇਜਿਕ ਡੇਂਗੂ ਹੋ ਸਕਦਾ ਹੈ, ਸਾਧਾਰਨ ਡੇਂਗੂ ਕੁਝ ਨਹੀਂ ਕਹਿੰਦਾ।
ਨਾ ਬੱਕਰੀ ਦੇ ਦੁੱਧ ਦੀ ਲੋੜ ਹੈ, ਨਾ ਪਪੀਤੇ ਦੇ ਪੱਤਿਆਂ ਦੀ:
1. ਤੁਸੀਂ ਹਲਕੀ ਖੁਰਾਕ ਖਾਓ, ਪਾਣੀ ਜਿਆਦਾ ਪੀਣਾ, ਗਲੂਕੋਜ਼ ਭਾਵੇਂ ਦਿਨ ’ਚ ਦੱਸ ਵਾਰ ਪੀ ਲਓ, ਜੇ ਸ਼ੂਗਰ ਨਹੀਂ ਹੈ ਤਾਂ, ਹੋਰ ਬੈੱਡ ਰੈਸਟ ਕਰੋ।
2. ਪੰਜਵੇਂ ਦਿਨ ਤੁਸੀਂ ਠੀਕ ਹੋ ਜਾਣੈ, ਫੇਰ ਜਿੱਥੇ ਮਰਜ਼ੀ ਜਾਓ, ਪਲੇਟਲੈਟਸ ਦਾ ਖਿਆਲ ਰੱਖੋ, ਹਰ ਤੀਜੇ ਦਿਨ ਟੈਸਟ ਕਰਵਾਉਣਾ ਹੈ।
3. ਲੈਬੋਰੇਟਰੀ ਤੇ ਟੈਕਨਾਲੋਜੀ ਦੀ ਭੂਮਿਕਾ ਬਹੁਤ ਅਹਿਮ ਹੈ, ਉਹਦੇ ਸਾਨੂੰ ਫਾਇਦੇ ਲੈਣੇ ਚਾਹੀਦੇ ਹਨ।
4. ਇੱਥੇ ਹਰ ਕੋਈ ਰਾਏ ਚੰਦ ਹੈ, ਹਰ ਕੋਈ ਆਪਣੀ ਰਾਏ ਦਿੰਦਾ ਹੈ, ਇਨ੍ਹਾਂ ’ਤੇ ਵਿਸ਼ਵਾਸ ਕਰਨ ਨਾਲੋਂ ਆਪਣੇ ਫੈਮਿਲੀ ਡਾਕਟਰ ’ਤੇ ਭਰੋਸਾ ਰੱਖੋ।
5. ਕਿਸੇ ਇੱਕ ਕੁਆਲੀਫਾਈਡ ਡਾਕਟਰ ਨੂੰ ਆਪਣਾ ਫੈਮਿਲੀ ਡਾਕਟਰ ਬਣਾਓ, ਇਲਾਜ ਲੈਣਾ ਜਰੂਰੀ ਨਹੀਂ ਹੁੰਦਾ, ਫੈਮਿਲੀ ਡਾਕਟਰ ਦਾ ਕੰਮ ਹੈ ਤੁਹਾਨੂੰ ਸਹੀ ਸਲਾਹ ਦੇਣਾ, ਤੁਹਾਨੂੰ ਐਜੂਕੇਟ ਕਰਨਾ।
6. ਪਹਿਲਾਂ ਇਹ ਦੱਸਣਾ ਹੈ ਕੀ ਤੁਸੀਂ ਠੀਕ ਕਿਵੇਂ ਰਹੋਗੇ, ਬਿਮਾਰੀ ਆਵੇ ਹੀ ਕਿਉਂ, ਡਾਕਟਰ ਦੀ ਲੋੜ ਹੀ ਨਾ ਪਵੇ ਜੇਕਰ ਤੁਸੀਂ ਆਪਣੇ ਫੈਮਿਲੀ ਡਾਕਟਰ ਦੀ ਸਮੇਂ-ਸਮੇਂ ’ਤੇ ਸਲਾਹ ਮੰਨਦੇ ਰਹੋ।
ਤੁਸੀਂ ਡਾਕਟਰ ਨੂੰ ਆਪਣਾ ਦੋਸਤ ਸਮਝੋ, ਕਿਸੇ ਬਿਮਾਰੀ ਦੀ ਸੂਰਤ ਵਿਚ ਡਾਕਟਰ ਦੀ ਸਲਾਹ ਲਵੋ ਅਤੇ ਮੰਨੋ, ਲੋਕਾਂ ਦੀਆਂ ਸਲਾਹਾਂ ’ਚ ਨਾ ਪਵੋ ਲੋਕੀ ਕਿਸੇ ਦੀ ਸਲਾਹ ਨਾਲ ਦਵਾਈ ਸ਼ੁਰੂ ਕਰ ਲੈਂਦੇ ਨੇ, ਕਿਸੇ ਹੋਰ ਦੀ ਸਲਾਹ ਨਾਲ ਬੰਦ ਕਰ ਲੈਂਦੇ ਨੇ- ਸਭ ਵਟਸਐਪ ਯੂਨੀਵਰਸਿਟੀ ਦਾ ਕਮਾਲ ਹੈ ਇੰਜ ਨਾ ਕਰੋ, ਐਲੋਪੈਥਿਕ ਦਵਾਈ ਤਾਂ ਬਿਲਕੁਲ ਵੀ ਨਹੀਂ ਲੈਣੀ, ਡਾਕਟਰ ਦੀ ਸਲਾਹ ਤੋਂ ਬਗੈਰ ਡਾਕਟਰ ਦਵਾਈ ਦਾ ਫਾਇਦਾ-ਨੁਕਸਾਨ ਦਾ ਤੋਲ-ਮੋਲ ਕਰਕੇ ਦਵਾਈ ਦੇਵੇਗਾ ਤਾਂ ਜੋ ਸਰੀਰ ’ਤੇ ਦਵਾਈ ਦਾ ਵਧੀਆ ਪ੍ਰਭਾਵ ਆਵੇ ਨੁਕਸਾਨ ਨਾ ਕਰੇ
ਡਾ. ਅਮਨਦੀਪ ਅਗਰਵਾਲ, ਪ੍ਰੋ. ਆਰ. ਡੀ. ਅਗਰਵਾਲ
ਮੈਮੋਰੀਅਲ ਹਸਪਤਾਲ, ਸੰਗਰੂਰ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ