ਸਮਾਜਿਕ ਕੁਰੀਤੀਆਂ ਪ੍ਰਤੀ ਚੁੱਪ ਕਿਉਂ?

Hand Cdi

ਸਮਾਜ ਦੇ ਸਰਵਪੱਖੀ ਵਿਕਾਸ ਅਤੇ ਨਿਰੰਤਰ ਤਰੱਕੀ ਲਈ ਸਮਾਜ ਵਿੱਚ ਨੈਤਿਕਤਾ ਦਾ ਪੱਧਰ ਕਾਇਮ ਰੱਖਣ ਦੇ ਨਾਲ-ਨਾਲ ਸਮਾਜ ਵਿੱਚ ਲੋਕ ਏਕਤਾ ਅਤੇ ਸੱਭਿਆਚਾਰ ਨੂੰ ਦੂਸ਼ਿਤ ਕਰਨ ਵਾਲੀਆਂ ਕੁਰੀਤੀਆਂ ਅਤੇ ਸਮੱਸਿਆਵਾਂ ਦੇ ਠੋਸ ਹੱਲ ਲੱਭਣਾ ਬਹੁਤ ਜ਼ਰੂਰੀ ਹੈ ਕਿਉਂਕਿ ਸਮੱਸਿਆਵਾਂ ਦੇ ਵਾਧੇ ਨਾਲ ਸਮਾਜ ਵਿੱਚ ਅਰਾਜਕਤਾ ਵਿੱਚ ਵਾਧਾ ਹੁੰਦਾ ਹੈ ਜਿਸ ਨਾਲ ਹੌਲੀ-ਹੌਲੀ ਸਮਾਜ ਦਾ ਪਤਨ ਸ਼ੁਰੂ ਹੋਣ ਨਾਲ ਸਮਾਜ ਦੀ ਹੋਂਦ ਖਤਰੇ ਵਿੱਚ ਪੈ ਜਾਂਦੀ ਹੈ। ਸਮੇਂ-ਸਮੇਂ ’ਤੇ ਸਾਡੇ ਸਮਾਜ ਨੂੰ ਸਮਾਜਿਕ ਕੁਰੀਤੀਆਂ ਅਤੇ ਕਈ ਪ੍ਰਕਾਰ ਦੀਆਂ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਸਮੱਸਿਆਵਾਂ ਸਮੇਂ ਸਿਰ ਸਹੀ ਅਤੇ ਲੋੜੀਂਦਾ ਹੱਲ ਨਾ ਅਖਤਿਆਰ ਕਰਨ ਕਰਕੇ ਹੋਰ ਗੰਭੀਰ ਰੂਪ ਧਾਰਨ ਕਰਦੀਆਂ ਹੋਈਆਂ ਆਪਣੀਆਂ ਜੜ੍ਹਾਂ ਹੋਰ ਮਜ਼ਬੂਤ ਕਰ ਲੈਂਦੀਆਂ ਹਨ। ਇਹਨਾਂ ਮਜ਼ਬੂਤ ਹੋ ਰਹੀਆਂ ਜੜ੍ਹਾਂ ਨੂੰ ਪਾਣੀ ਦੇਣ ਦਾ ਕੰਮ ਸਮਾਜ ਵਿੱਚ ਨਫਰਤ ਅਤੇ ਫਿਰਕਾਪ੍ਰਸਤੀ ਦੀ ਅੱਗ ਨੂੰ ਹੋਰ ਝੋਕਾ ਦੇਣ ਵਾਲੇ ਦਹਿਸ਼ਤਗਰਦ ਲੋਕ ਕਰਦੇ ਹਨ ਤਾਂ ਜੋ ਸਮਾਜ ਦੇ ਲੋਕਾਂ ਦੀ ਚੇਤਨਾ ਅਤੇ ਸੋਚ ਕਦੇ ਵੀ ਇਹਨਾਂ ਦੇ ਖਾਤਮੇ ਦੀ ਦਿਸ਼ਾ ਵੱਲ ਨਾ ਵਧ ਸਕੇ ਜਿਸ ਦੇ ਨਤੀਜੇ ਵਜੋਂ ਸਮਾਜਿਕ ਕੁਰੀਤੀਆਂ ਪ੍ਰਤੀ ਇੱਕਜੁਟ ਹੋ ਕੇ ਉਹਨਾਂ ਦਾ ਡਟ ਕੇ ਸਾਹਮਣਾ ਕਰਦੇ ਹੋਏ ਖਤਮ ਕਰਨ ਦੇ ਰਸਤੇ ਤੇ ਲੋਕ ਸੰਘਰਸ ਅੱਗੇ ਨਾ ਵਧ ਸਕੇ।

ਲੋਕ ਸੰਘਰਸ਼ ਹੀ ਸਮਾਜਿਕ ਕੁਰੀਤੀਆਂ ਨੂੰ ਖਤਮ ਕਰਨ ਲਈ ਜ਼ਿੰਮੇਵਾਰ ਹੈ ਕਿਉਂਕਿ ਲੋਕਤੰਤਰ ਵਿੱਚ ਲੋਕਾਂ ਨੂੰ ਅੱਜ ਵੀ ਤਵੱਜੋ ਦਿੱਤੀ ਜਾਂਦੀ ਹੈ ਫਿਰ ਚਾਹੇ ਉਹ ਕੇਵਲ ਵੋਟਾਂ ਬਟੋਰਨ ਲਈ ਹੀ ਕਿਉਂ ਨਾ ਹੋਵੇ। ਇਤਿਹਾਸ ਦੇ ਗੁਜ਼ਰੇ ਅਤੇ ਬੀਤੇ ਪਲ ਸਾਡੇ ਸਾਹਮਣੇ ਇਹ ਬਾਖੂਬੀ ਚਿੱਤਰ ਪੇਸ਼ ਕਰਦੇ ਹਨ ਕਿ ਲੋਕ ਸੰਘਰਸ਼ ਕਾਇਮ ਕਰਕੇ ਹੀ ਏਕਤਾ ਅਤੇ ਇੱਕਜੁਟਤਾ ਨਾਲ ਜਦੋਂ ਵੀ ਕਿਸੇ ਸਮਾਜ ਵਿਰੁੱਧ ਫੈਸਲੇ ਅਤੇ ਆਪਣੀ ਅਜਾਦੀ ਨੂੰ ਕਾਇਮ ਰੱਖਦਾ ਹੋਇਆ ਆਪਣੀ ਅਵਾਜ ਨੂੰ ਬੁਲੰਦ ਕਰਨ ਲਈ ਚੱਲਿਆ ਹੈ ਤਾਂ ਸਮੇਂ-ਸਮੇਂ ’ਤੇ ਰਸਤੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਚੀਰਦਾ ਹੋਇਆ ਜਿੱਤ ਦੇ ਨਿਸ਼ਾਨ ਵੱਲ ਵਧਦਾ ਹੋਇਆ ਫਤਹਿ ਹਾਸਲ ਕਰਕੇ ਸਮਾਜਿਕ ਬੰਧਨ ਅਤੇ ਇੱਕਜੁਟਤਾ ਨੂੰ ਹੋਰ ਮਜਬੂਤ ਕਰਕੇ ਅਲੱਗ-ਅਲੱਗ ਫਿਰਕੇ ਅਤੇ ਵੱਖ-ਵੱਖ ਪਹਿਰਾਵੇ, ਭਾਸ਼ਾ, ਖਾਣ-ਪਾਣ ਅਤੇ ਖਿੱਤੇ ਨਾਲ ਸਬੰਧਤ ਹੋਣ ਦੇ ਬਾਵਜੂਦ ਵੀ ਰਾਸ਼ਟਰ ਦੀ ਮਜਬੂਤੀ ਵਿੱਚ ਆਪਣਾ ਯੋਗਦਾਨ ਪਾਇਆ ਹੈ।

ਭਰੂਣ ਹੱਤਿਆ, ਸਤੀ ਪ੍ਰਥਾ, ਦਾਸ ਪ੍ਰਥਾ, ਬਾਲ ਵਿਆਹ, ਬਾਲ ਮਜ਼ਦੂਰੀ, ਬੱਚਿਆਂ ਅਤੇ ਔਰਤਾਂ ਦਾ ਸ਼ੋਸ਼ਣ, ਭਿ੍ਰਸ਼ਟਾਚਾਰ ਵਿੱਚ ਵਾਧਾ, ਬੇਰੁਜ਼ਗਾਰੀ, ਰੇਤ ਮਾਫੀਆ, ਕਿਸਾਨ ਖੁਦਕੁਸ਼ੀਆਂ, ਨਸ਼ਿਆਂ ਦੀ ਦਲਦਲ, ਨੌਜਵਾਨਾਂ ਦਾ ਵਿਦੇਸ਼ਾਂ ਵੱਲ ਵਧਦਾ ਰੁਝਾਨ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਣਾ, ਰਸਾਇਣਕ ਖੇਤੀ ਅਤੇ ਬਦਲਦੀ ਜੀਵਨਸ਼ੈਲੀ ਅਜਿਹੀਆਂ ਸਮੱਸਿਆਵਾਂ ਬਣ ਚੁੱਕੀਆਂ ਹਨ ਜਿਨ੍ਹਾਂ ਨੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਧਰਤੀ ਨੂੰ ਉਪਜ ਅਤੇ ਸੱਭਿਆਚਾਰ ਪੱਖੋਂ ਖੋਖਲਾ ਕਰ ਦੇਣਾ ਹੈ।

ਸਮਾਜਿਕ ਮਸਲਿਆਂ ਪ੍ਰਤੀ ਆਵਾਜ ਨੂੰ ਬੁਲੰਦ ਕਰਨਾ ਤੇ ਉਸ ਆਵਾਜ ਨੂੰ ਹਾਕਮਾਂ ਦੁਆਰਾ ਦਬਾਏ ਜਾਣ ਦਾ ਯਤਨ ਕਰਨਾ ਕੋਈ ਨਵੀਂ ਗੱਲ ਨਹੀਂ। ਪੁਰਾਤਨ ਸਮੇਂ ਤੋਂ ਹੀ ਆਵਾਜ ਨੂੰ ਦਬਾਉਣ ਦਾ ਸਿਲਸਿਲਾ ਚੱਲ ਰਿਹਾ ਹੈ ਜੋ ਅੰਗਰੇਜੀ ਸਾਮਰਾਜ ਵਿੱਚੋਂ ਗੁਜ਼ਰਦਾ ਹੋਇਆ ਅੱਜ ਤੱਕ ਜਾਰੀ ਹੈ। ਅਜਾਦੀ ਦੇ ਸੰਘਰਸ ਵਿੱਚ ਅਜਾਦੀ ਦੀ ਲਹਿਰ ਨੂੰ ਕਾਮਯਾਬ ਕਰਨ ਤੇ ਅਜਾਦੀ ਦੀ ਹਵਾ ਵਿੱਚ ਸਾਹ ਲੈਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਦਬਾਉਣ ਲਈ ਸਾਈਮਨ ਕਮਿਸ਼ਨ ਅਤੇ ਸਿਵਲ ਨਾ ਫੁਰਮਾਨੀ ਵਰਗੇ ਕਾਨੂੰਨਾਂ ਨੂੰ ਘੜਿਆ ਗਿਆ। ਦੇਸ਼ ਭਗਤਾਂ ਨੂੰ ਫੜਨ ਅਤੇ ਸਜਾ ਦੇਣ ਦਾ ਰਾਹ ਅਪਣਾਇਆ ਗਿਆ ਪਰ ਦੇਸ਼ ਭਗਤਾਂ ਦੀ ਦਿ੍ਰੜ ਇੱਛਾ ਅਤੇ ਬੁਲੰਦ ਹੌਂਸਲਿਆਂ ਅੱਗੇ ਅੰਗਰੇਜੀ ਸਾਮਰਾਜ ਦੀ ਇੱਕ ਨਾ ਚੱਲੀ ਤੇ ਆਖਰ ਅੰਗਰੇਜੀ ਸਰਕਾਰ ਨੂੰ ਦੇਸ਼ ਭਗਤਾਂ ਦੇ ਅੱਗੇ ਗੋਡੇ ਟੇਕ ਕੇ ਭਾਰਤ ਨੂੰ ਗੁਲਾਮੀ ਦੀਆਂ ਜੰਜੀਰਾਂ ਤੋਂ ਮੁਕਤ ਕਰਨ ਦਾ ਰਾਹ ਅਪਣਾਉਣਾ ਹੀ ਪਿਆ।

ਅਜ਼ਾਦੀ ਤੋਂ ਬਾਅਦ ਗੋਰਿਆਂ ਦਾ ਰਾਜ ਤਾਂ ਖਤਮ ਹੋ ਗਿਆ ਪਰ ਸਮੇਂ-ਸਮੇਂ ’ਤੇ ਰਾਜ ਕਰਨ ਵਾਲਿਆਂ ਹਾਕਮਾਂ ਦੁਆਰਾ ਬਣਾਈਆਂ ਗਈਆਂ ਨੀਤੀਆਂ ਅਤੇ ਲੋਕ ਸੇਵਾ ਦੇ ਕੀਤੇ ਜਾਂਦੇ ਦਾਅਵਿਆਂ ਦੀ ਪੋਲ ਖੋਲ੍ਹਣ ਅਤੇ ਆਪਣੇ ਹੱਕਾਂ ਦੀ ਰਾਖੀ ਲਈ ਲੋਕ ਸੰਘਰਸ਼ ਕਾਇਮ ਰਿਹਾ। ਹਰੀ ਕ੍ਰਾਂਤੀ ਵਿੱਚ ਯੋਗਦਾਨ ਪਾਉਣ ਵਾਲਾ ਕਿਸਾਨ, ਜਿਸ ਨੇ ਭਾਰਤ ਦੀ ਆਰਥਿਕਤਾ ਨੂੰ ਮਜਬੂਤ ਕੀਤਾ, ਅੱਜ ਖੁਦ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਮਰੱਥ ਹੋਣ ਕਰਕੇ ਖੁਦਕੁਸ਼ੀ ਦਾ ਰਾਹ ਚੁਣ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਰਿਹਾ ਹੈ। ਖੇਤੀ ਨੂੰ ਵਪਾਰ ਨਾਲ ਜੋੜਨ ਲਈ ਹਾਕਮਾਂ ਦੁਆਰਾ ਘੜੇ ਜਾਂਦੇ ਕਾਨੂੰਨ ਅਤੇ ਬਣਾਈਆਂ ਜਾਂਦੀਆਂ ਨੀਤੀਆਂ ਕਿਸਾਨਾਂ ਨੂੰ ਖੁਸ਼ਹਾਲ ਕਰਨ ਦੀ ਬਜਾਏ ਹੋਰ ਗਰੀਬੀ ਵਿੱਚ ਧੱਕ ਰਹੀਆਂ ਹਨ।

ਸੜਕਾਂ ’ਤੇ ਰੁਲ਼ ਰਹੇ ਅਤੇ ਆਪਣੇ ਹੱਕਾਂ ਦੀ ਮੰਗ ਰੱਖਣ ਵਾਲੇ ਕਰਮਚਾਰੀ ਪੁਲਿਸ ਦੀਆਂ ਲਾਠੀਆਂ ਦਾ ਸ਼ਿਕਾਰ ਹੋ ਰਹੇ ਹਨ। ਉਨ੍ਹਾਂ ਦੀ ਵਿੱਦਿਆ ਅਤੇ ਕਾਬਲੀਅਤ ਸੜਕਾਂ ’ਤੇ ਰੁਲ ਰਹੀ ਹੈ। ਵਿਦਿਆਰਥੀਆਂ ਦੇ ਭਵਿੱਖ ਨੂੰ ਰੌਸ਼ਨ ਕਰਨ ਤੇ ਉਨ੍ਹਾਂ ਨੂੰ ਕਾਮਯਾਬ ਕਰਨ ਵਾਲੇ ਅਧਿਆਪਕ ਬੇਰੁਜ਼ਗਾਰੀ ਅਤੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਕੇ ਸੜਕਾਂ ’ਤੇ ਰੁਲਦੇ ਹੋਏ ਪੁਲਿਸ ਦੀਆਂ ਡਾਂਗਾਂ ਦਾ ਸ਼ਿਕਾਰ ਹੋ ਰਹੇ ਹਨ। ਆਪਣੇ ਹੱਕਾਂ ਪ੍ਰਤੀ ਆਵਾਜ ਬੁਲੰਦ ਕਰਨਾ ਸਾਡਾ ਫਰਜ ਹੈ ਜਦਕਿ ਹਾਕਮ ਧਿਰਾਂ ਲਈ ਲਈ ਉਹਨਾਂ ਦੁਆਰਾ ਕੀਤੇ ਗਏ ਵਾਅਦੇ ਅਤੇ ਖਾਧੀਆਂ ਝੂਠੀਆਂ ਸਹੁੰਆਂ ਨੂੰ ਲੋਕ ਮੰਚ ’ਤੇ ਲਿਆ ਕੇ ਖੜ੍ਹਾ ਕਰ ਦਿੰਦੀ ਹੈ।

ਦਿਨੋਂ-ਦਿਨ ਵਧ ਰਹੀ ਆਲਮੀ ਤਪਸ਼ ਅਤੇ ਵਿਕਾਸ ਦੇ ਨਾਂਅ ’ਤੇ ਹੋ ਰਹੀ ਰੁੱਖਾਂ ਦੀ ਕਟਾਈ ਵਾਤਾਵਰਨ ਵਿੱਚ ਵਿਗਾੜ ਅਤੇ ਦਿਨੋ-ਦਿਨ ਕੁਦਰਤੀ ਆਫਤਾਂ ਵਿੱਚ ਹੋ ਰਹੇ ਵਾਧੇ ਦੇ ਸੰਕੇਤ ਹਨ। ਵਾਤਾਵਰਨ ਪ੍ਰੇਮੀ ਸੁੰਦਰ ਲਾਲ ਬਹੁਗੁਣਾ ਦੁਆਰਾ ਵਾਤਾਵਰਨ ਨੂੰ ਬਚਾਉਣ ਲਈ ਚਲਾਏ ਗਏ ਚਿਪਕੋ ਅੰਦੋਲਨ ਦੀ ਅੱਜ ਦੁਬਾਰਾ ਲੋੜ ਮਹਿਸੂਸ ਹੋ ਰਹੀ ਹੈ। ਉਦਯੋਗਾਂ ਤੇ ਫੈਕਟਰੀਆਂ ਦੁਆਰਾ ਛੱਡਿਆ ਜਾਂਦਾ ਗੰਦਾ ਪਾਣੀ ਸਾਫ ਪਾਣੀ ਦੇ ਸੋਮਿਆਂ ਵਿੱਚ ਪਹੁੰਚ ਕੇ ਉਹਨਾਂ ਨੂੰ ਖਰਾਬ ਕਰਕੇ ਪੰਜਾਬ ਦੇ ਲੋਕਾਂ ਵਿੱਚ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਵਿੱਚ ਦਿਨੋ-ਦਿਨ ਵਾਧਾ ਕਰ ਰਿਹਾ ਹੈ। ਫਸਲਾਂ ਦੇ ਵਧੇਰੇ ਉਤਪਾਦਨ ਅਤੇ ਨਦੀਨਨਾਸ਼ਕਾਂ ਦੇ ਕੰਟਰੋਲ ਲਈ ਕੀਤੀਆਂ ਜਾਂਦੀਆਂ ਰੇਹਾਂ-ਸਪਰੇਹਾਂ ਧਰਤੀ ਦੀ ਉਪਜਾਊ ਸ਼ਕਤੀ ਘਟਾ ਕੇ ਧਰਤੀ ਨੂੰ ਬੰਜਰ ਬਣਾ ਰਹੀਆਂ ਹਨ ।ਵਾਤਾਵਰਨ ਨੂੰ ਬਚਾਉਣ ਲਈ ਸਾਡੀਆਂ ਸਰਕਾਰਾਂ ਤੇ ਸਾਡੇ ਲੋਕ ਕਦੇ ਗੰਭੀਰ ਨਹੀਂ ਹੋਏ ਪਰ ਜੇਕਰ ਇਸ ਮਸਲੇ ਪ੍ਰਤੀ ਧਿਆਨ ਨਾ ਦਿੱਤਾ ਗਿਆ ਤਾਂ ਆਉਣ ਵਾਲੇ ਸਮੇਂ ਵਿੱਚ ਇਸ ਦੇ ਗੰਭੀਰ ਨਤੀਜੇ ਜਰੂਰ ਭੁਗਤਣੇ ਪੈਣਗੇ।

ਸਮੱਸਿਆਵਾਂ ਚਾਹੇ ਕਿਸੇ ਵੀ ਤਰ੍ਹਾਂ ਦੀਆਂ ਕਿਉਂ ਨਾ ਹੋਣ, ਜੋ ਵੀ ਮਸਲੇ ਹੋਣ ਪਰ ਲੋਕ ਮੰਚ ਦੀ ਇੱਕਜੁਟਤਾ ਤੋਂ ਬਿਨਾਂ ਉਸ ਦੀ ਸਹੀ ਦਿਸ਼ਾ ਵਿੱਚ ਅਗਵਾਈ ਕਰਕੇ ਸਫਲ ਕਰਨਾ ਅਸੰਭਵ ਹੈ ਇਸ ਲਈ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਪ੍ਰਤੀ ਸਾਨੂੰ ਆਪਣੀ ਆਵਾਜ ਬੁਲੰਦ ਕਰਦੇ ਹੋਏ ਇਸ ਦੀ ਆਵਾਜ ਹਾਕਮਾਂ ਧਿਰਾਂ ਤੱਕ ਪਹੁੰਚਾਉਣੀ ਚਾਹੀਦੀ ਹੈ ਤਾਂ ਜੋ ਇਹਨਾਂ ਕੁਰੀਤੀਆਂ ਦਾ ਸਮੇਂ ਸਿਰ ਹੱਲ ਲੱਭ ਕੇ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਇਆ ਜਾ ਸਕੇ।

ਰਜਵਿੰਦਰ ਪਾਲ ਸ਼ਰਮਾ
ਕਾਲਝਰਾਣੀ, ਬਠਿੰਡਾ
ਮੋ. 70873-67969

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ