ਸੁਪਰੀਮ ਕੋਰਟ ’ਚੋਂ ਰਾਹਤ ਮਗਰੋਂ ਡਿੰਪੀ ਢਿੱਲੋਂ ਦੇ ਪੰਜਾਬ ਸਰਕਾਰ ’ਤੇ ਤਿੱਖੇ ਹਮਲੇ
(ਸੁਖਜੀਤ ਮਾਨ) ਬਠਿੰਡਾ। ਟੈਕਸ ਨਾ ਭਰਨ ਦੀ ਗੱਲ ਕਹਿ ਕੇ ਬੰਦ ਕੀਤੀਆਂ ਗਈਆਂ ਗਿੱਦੜਬਾਹਾ ਦੇ ਅਕਾਲੀ ਆਗੂ ਹਰਦੀਪ ਸਿੰਘ ਉਰਫ ਡਿੰਪੀ ਢਿੱਲੋਂ ਦੀਆਂ ਕੁੱਝ ਬੱਸਾਂ ਭਾਵੇਂ ਅਦਾਲਤੀ ਹੁਕਮਾਂ ਮਗਰੋਂ ਛੱਡ ਦਿੱਤੀਆਂ ਪਰ ਮਸਲਾ ਹੋਰ ਵੀ ਪੇਚੀਦਾ ਬਣ ਗਿਆ ਹੈ। ਢਿੱਲੋਂ ਨੇ ਅੱਜ ਇਸ ਮਾਮਲੇ ’ਚ ਬਠਿੰਡਾ ਵਿਖੇ ਪ੍ਰੈੱਸ ਕਾਨਫਰੰਸ ਕਰਕੇ ਟ੍ਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ’ਤੇ ਬੱਸਾਂ ਛੱਡਣ ਦੇ ਬਦਲੇ ਪੈਸੇ ਮੰਗਣ ਸਮੇਤ ਹੋਰ ਕਾਫੀ ਗੰਭੀਰ ਦੋਸ਼ ਲਾਏ ਹਨ। ਇਨਾਂ ਦੋਸ਼ਾਂ ਸਬੰਧੀ ਉਨ੍ਹਾਂ ਪੰਜਾਬ ਸਰਕਾਰ ਤੋਂ ਇਲਾਵਾ ਵਿਜੀਲੈਂਸ ਵਿਭਾਗ ਅਤੇ ਹਾਈਕੋਰਟ ਤੱਕ ਪੱਤਰ ਭੇਜਕੇ ਜਾਣੂੰ ਕਰਵਾਉਣ ਦੀ ਗੱਲ ਆਖੀ ਹੈ।
ਪ੍ਰੈੱਸ ਕਾਨਫਰੰਸ ਦੌਰਾਨ ਡਿੰਪੀ ਢਿੱਲੋਂ ਨੇ ਆਖਿਆ ਕਿ ਉਨ੍ਹਾਂ ਦੀ ਪਿਛਲੇ ਕਈ ਦਹਾਕਿਆਂ ਤੋਂ ਚਲਦੀ ਆ ਰਹੀ ਨਿਊ ਦੀਪ ਟ੍ਰਾਂਸਪੋਰਟ ਨੂੰ ਟੈਕਸਾਂ ਦੀ ਗੱਲ ਕਹਿ ਕੇ ਸਿਆਸੀ ਨੀਅਤ ਨਾਲ ਨੁੱਕਰੇ ਲਾਉਣ ਲਈ ਹਰ ਹੀਲਾ ਵਰਤਿਆ ਗਿਆ ਪਰ ਉਹ ਮਾਣਯੋਗ ਅਦਾਲਤਾਂ ’ਚੋਂ ਪਾਕ-ਸਾਫ ਹੋ ਕੇ ਸਾਹਮਣੇ ਆਏ ਹਨ ਕਿਉਂਕਿ ਉਨਾਂ ਨੇ ਕਦੇ ਕਿਸੇ ਚੀਜ ਦੀ ਕੋਈ ਚੋਰੀ ਕੀਤੀ ਹੀ ਨਹੀਂ। ਉਨਾਂ ਆਖਿਆ ਕਿ ਜਦੋਂ ਬੱਸਾਂ ਬੰਦ ਕੀਤੀਆਂ ਗਈਆਂ ਸੀ ਤਾਂ ਕਿਹਾ ਗਿਆ ਸੀ ਕਿ ਟੈਕਸ ਨਹੀਂ ਭਰਿਆ ਪਰ ਜਦੋਂ ਟੈਕਸ ਦੀ ਪੂਰਤੀ ਵੀ ਹੋ ਗਈ ਤਾਂ ਹਾਈ ਕੋਰਟ ਨੇ ਬੱਸਾਂ ਛੱਡਣ ਦੇ ਹੁਕਮ ਕਰ ਦਿੱਤੇ ਪਰ ਇਸਦੇ ਬਾਵਜ਼ੂਦ ਕੁੱਝ ਬੱਸਾਂ ਨਹੀਂ ਛੱਡੀਆਂ ਗਈਆਂ । ਉਨ੍ਹਾਂ ਦੱਸਿਆ ਕਿ 75 ਬੱਸਾਂ ਨੂੰ ਬੰਦ ਕੀਤਾ ਗਿਆ ਸੀ ਜਿਸ ਸਬੰਧੀ 6 ਦਸੰਬਰ ਨੂੰ ਹਾਈ ਕੋਰਟ ’ਚੋਂ ਬੱਸਾਂ ਛੱਡਣ ਦੇ ਹੁਕਮ ਹੋਏ ਸੀ ਪਰ 12 ਦਿਨ ਬਾਅਦ ਤੱਕ ਵੀ ਉਨਾਂ ਦੀਆਂ 10 ਬੱਸਾਂ ਛੱਡੀਆਂ ਨਹੀਂ ਗਈਆਂ। 6 ਬੱਸਾਂ ਅੰਮਿ੍ਰਤਸਰ ਅਤੇ 4 ਬੱਸਾਂ ਫਿਰੋਜ਼ਪੁਰ ਆਰਟੀਏ ਨੇ ਨਹੀਂ ਛੱਡੀਆਂ । ਉਨਾਂ ਅੰਮਿ੍ਰਤਸਰ ਦੇ ਆਰਟੀਏ ’ਤੇ ਬੱਸਾਂ ਛੱਡਣ ਦੇ ਮਾਮਲੇ ’ਚ ਪੈਸੇ ਮੰਗਣ ਦਾ ਦਾਅਵਾ ਵੀ ਕੀਤਾ।
ਡਿੰਪੀ ਢਿੱਲੋਂ ਨੇ ਪੱਤਰਕਾਰਾਂ ਦੇ ਸਾਹਮਣੇ ਤਸਵੀਰਾਂ ਜ਼ਾਰੀ ਕਰਦਿਆਂ ਖੁਲਾਸਾ ਕੀਤਾ ਕਿ ਤਸਵੀਰ ’ਚ ਹਲਕਾ ਗਿੱਦੜਬਾਹਾ ’ਚ ਇੱਕ ਬਜ਼ੁਰਗ ਮਹਿਲਾ ਨੂੰ ਜੋ ਡਿਨਰ ਸੈੱਟ ਦੇ ਰਿਹਾ ਹੈ ਉਹ ਗੁਰਦਾਸਪੁਰ ਦਾ ਆਰਟੀਏ ਹੈ, ਤੇ ਉਸਦੇ ਨਾਲ ਮੌਜੂਦ ਵਿਅਕਤੀ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਜ਼ਦੀਕੀ ਰਿਸ਼ਤੇਦਾਰ ਹੈ ਉਨਾਂ ਕਿਹਾ ਕਿ ਇਹੋ ਕਾਰਨ ਹੈ ਕਿ ਸਰਕਾਰੀ ਅਧਿਕਾਰੀ ਲੋਕਾਂ ਤੋਂ ਪੈਸੇ ਲੈ ਕੇ ਅੱਗੇ ਵੰਗਾਰਾ ਭਰ ਰਹੇ ਹਨ ਇਸੇ ਤਹਿਤ ਹੀ ਉਨ੍ਹਾਂ ਤੋਂ ਵੀ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਉਨਾਂ ਇਸ ਮਾਮਲੇ ਦੀ ਜਾਂਚ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੋਂ ਇਲਾਵਾ ਮਾਣਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਅਤੇ ਵਿਜੀਲੈਂਸ ਬਿਊਰੋ ਨੂੰ ਵੀ ਪੱਤਰ ਲਿਖਕੇ ਜਾਣੂੰ ਕਰਵਾ ਦਿੱਤੇ ਜਾਣ ਦਾ ਜ਼ਿਕਰ ਕੀਤਾ। ਡਿੰਪੀ ਢਿੱਲੋਂ ਵੱਲੋਂ ਆਰਟੀਏ ਅੰਮਿ੍ਰਤਸਰ ਅਤੇ ਗੁਰਦਾਸਪੁਰ ’ਤੇ ਲਾਏ ਦੋਸ਼ਾਂ ਸਬੰਧੀ ਉਨਾਂ ਦਾ ਪੱਖ ਜਾਨਣ ਲਈ ਫੋਨ ਕੀਤਾ ਪਰ ਦੋਵਾਂ ਹੀ ਅਧਿਕਾਰੀਆਂ ਨੇ ਫੋਨ ਨਹੀਂ ਚੁੱਕਿਆ।
ਹੁਣ ਅਫ਼ਸਰ ਫਸਣਗੇ : ਢਿੱਲੋਂ
ਡਿੰਪੀ ਢਿੱਲੋਂ ਨੇ ਕਿਹਾ ਕਿ ਬੱਸਾਂ ਦੀ ਫੜ-ਫੜਾਈ ਦੇ ਮਾਮਲੇ ’ਚ ਉਨਾਂ ਨੂੰ ਟ੍ਰਾਂਸਪੋਰਟ ਮਾਫੀਆ ਕਹਿ ਕੇ ਰੱਜਕੇ ਬਦਨਾਮ ਕੀਤਾ ਗਿਆ ਪਰ ਮਾਣਯੋਗ ਅਦਾਲਤਾਂ ’ਚੋਂ ਉਨਾਂ ਨੂੰ ਇਨਸਾਫ ਮਿਲਿਆ ਹੈ ਕਿਉਂਕਿ ਉਹ ਹਰ ਸਾਲ 3 ਕਰੋੜ 60 ਲੱਖ ਰੁਪਏ ਟੈਕਸ ਭਰਦੇ ਹਨ। ਢਿੱਲੋਂ ਨੇ ਕਿਹਾ ਕਿ ਵੱਡੇ ਪੱਧਰ ’ਤੇ ਬਦਨਾਮੀ ਕਰਨ ਕਰਕੇ ਉਹ ਹੁਣ ਟ੍ਰਾਂਸਪੋਰਟ ਮੰਤਰੀ ਸਮੇਤ ਪੰਜਾਬ ਸਰਕਾਰ ਖਿਲਾਫ਼ ਅਦਾਲਤ ’ਚ ਕਲੇਮ ਕੇਸ ਕਰਨਗੇ। ਉਨਾਂ ਦਾਅਵਾ ਕੀਤਾ ਕਿ ਮੰਤਰੀ ਤਾਂ ਇੱਕ ਗੱਲ ਕਹਿ ਕੇ ਪਾਸੇ ਹੋ ਜਾਵੇਗਾ ਕਿ ਉਹ ਤਾਂ ਮੰਤਰੀ ਹੈ ਕੰਮ ਤਾਂ ਅਫਸਰ ਕਰਦੇ ਨੇ ਇਸ ਲਈ ਹੁਣ ਅਫਸਰ ਫਸਣਗੇ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ