ਉੱਜੜਦੇ ਜੰਗਲਾਂ ਦੀ ਵਿੱਥਿਆ ਕੌਣ ਸੁਣੇਗਾ?

Deforested Forest Sachkahoon

ਉੱਜੜਦੇ ਜੰਗਲਾਂ ਦੀ ਵਿੱਥਿਆ ਕੌਣ ਸੁਣੇਗਾ?

ਮੱਧ ਪ੍ਰਦੇਸ਼ ਤੇ ਛਤਰਪੁਰ ਜਿਲ੍ਹੇ ਦੇ ਬਕਸਵਾਹਾ ਦੇ ਸੰਘਣੇ ਜੰਗਲਾਂ ਦੇ ਗਰਭ ’ਚ ਹੀਰਾ ਦੱਬਿਆ ਹੋਣ ਦੇ ਸਬੂਤ ਮਿਲਣ ਤੋਂ ਬਾਅਦ 382 ਹੈਕਟੇਅਰ ’ਚ ਫੈਲੇ ਇਸ ਜੰਗਲ ਦੇ ਉੁਜੜਨ ਦਾ ਖ਼ਤਰਾ ਮੰਡਰਾਉਣ ਲੱਗਾ ਹੈ ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੋਇਆ ਹੈ, ਜਦੋਂ ਜੰਗਲਾਂ ਦੀ ਮਹੱਤਤਾ ’ਤੇ ਲੋੜੀਂਦਾ ਮੰਥਨ ਕੀਤੇ ਬਿਨਾਂ ਹੀ ਐਨੇ ਵੱਡੇ ਪੈਮਾਨੇ ’ਤੇ ਹਰਿਆਲੀ ਦੀ ਬਲੀ ਦਿੱਤੀ ਜਾਣੀ ਹੈ ਰੇਲ ਮਾਰਗਾਂ, ਸੜਕਾਂ, ਇਮਾਰਤਾਂ ਅਤੇ ਉਦਯੋਗਾਂ ਵਰਗੇ ਬੁਨਿਆਦੀ ਢਾਂਚਿਆਂ ਦੇ ਨਿਰਮਾਣ ਅਤੇ ਕਈ ਧਾਤੂ, ਗੈਰ-ਧਾਤੂ ਖਣਿੱਜਾਂ ਦੇ ਖਦਾਨ ਲਈ ਅਸਕਰ ਜੰਗਲਾਂ ਨੂੰ ਉਜਾੜਿਆ ਜਾਂਦਾ ਰਿਹਾ ਹੈ।

ਕਿੰਨੀ ਵਿਡੰਬਨਾ ਦੀ ਗੱਲ ਹੈ ਕਿ ਜਲਵਾਯੂ ਬਦਲਾਅ ਦੇ ਮੋਰਚੇ ’ਤੇ ਦੁਨੀਆ ਦੀ ਅਗਵਾਈ ਕਰਨ ਵਾਲੇ ਇਸ ਦੇਸ਼ ’ਚ ਬੜੀ ਬੇਰਹਿਮੀ ਨਾਲ ਰੁੱਖਾਂ ਦਾ ਸਫ਼ਾਇਆ ਕਰਕੇ ਜੀਵ-ਜੰਤੂਆਂ ਨੂੰ ਵੀ ਬੇਘਰ ਕਰ ਦਿੱਤਾ ਜਾਂਦਾ ਹੈ ਸੁੰਦਰ ਲਾਲ ਬਹੁਗੁਣਾ ਨੂੰ ਆਦਰਸ਼ ਮੰਨਣ ਵਾਲੇ ਦੇਸ਼ ’ਚ ਜੰਗਲਾਂ ਦੀ ਇਹ ਤਬਾਹੀ ਕਈ ਸਵਾਲ ਖੜ੍ਹੇ ਕਰਦੀ ਹੈ ਇੱਕ-ਇੱਕ ਰੁੱਖ ਬਚਾਉਣ ਦੀ ਪ੍ਰੇਰਨਾ ਦੇਣ ਵਾਲੇ ਸੁੰਦਰ ਲਾਲ ਬਹੁਗੁਣਾ ਨੂੰ ਕੀ ਸਾਡਾ ਸਮਾਜ ਇਸ ਰੂਪ ’ਚ ਸ਼ਰਧਾਂਜਲੀ ਦੇਵੇਗਾ? ਬਕਸਵਾਹਾ ਦੇ ਜੰਗਲ ’ਚ 46 ਪ੍ਰਜਾਤੀਆਂ ਨਿਵਾਸ ਕਰਦੀਆਂ ਹਨ ਪਰ ਇਸ ਦੇ ਨਸ਼ਟ ਹੋਣ ਨਾਲ ਇਕੋਲਾਜੀ ਤੰਤਰ ਦੇ ਅਸੰਤੁਲਨ ਅਤੇ ਜੈਵ-ਵਿਭਿੰਨਤਾ ਦਾ ਘਾਣ ਹੋਣ ਦਾ ਡਰ ਸਤਾਉਣ ਲੱਗਾ ਹੈ ਜੰਗਲ ਧਰਤੀ ਦੇ ਫੇਫੜਿਆਂ ਵਾਂਗ ਕੰਮ ਕਰਦੇ ਹਨ ਜੰਗਲ ਉਜਾੜਨ ਦੀ ਮਨੁੱਖੀ ਭੁੱਲ ਧਰਤੀ ਦੇ ਫੇਫੜਿਆਂ ਨੂੰ ਖਰਾਬ ਕਰ ਦੇਵੇਗੀ ਜੰਗਲ ਆਕਸੀਜਨ ਦੇ ਮੁੱਖ ਸਰੋਤ ਹੁੰਦੇ ਹਨ।

ਕੋਰੋਨਾ ਕਾਲ ਨੇ ਸਾਨੂੰ ਇਹ ਅਹਿਸਾਸ ਭਲੀਭਾਂਤ ਦਿਵਾਇਆ ਹੈ ਕਿ ਆਕਸੀਜਨ ਦੀ ਅਹਿਮੀਅਤ ਕਿੰਨੀ ਹੈ ਇੱਕ ਅੰਦਾਜ਼ੇ ਮੁਤਾਬਿਕ ਇੱਕ ਵੱਡਾ ਰੁੱਖ ਇੱਕ ਸਾਲ ’ਚ ਔਸਤਨ ਸੌ ਕਿਲੋਗ੍ਰਾਮ ਆਕਸੀਜਨ ਪ੍ਰਦਾਨ ਕਰਦਾ ਹੈ ਇਸ ਹਿਸਾਬ ਨਾਲ ਦੇਖੀਏ ਤਾਂ ਬਕਸਵਾਹਾ ਦੇ ਜੰਗਲ ਸਾਲ ਭਰ ’ਚ ਔਸਤਨ ਦੋ ਕਰੋੜ, ਸੋਲ੍ਹਾਂ ਲੱਖ ਕਿਲੋਗ੍ਰਾਮ ਤੋਂ ਵੀ ਜ਼ਿਆਦਾ ਆਕਸੀਜਨ ਪ੍ਰਦਾਨ ਕਰਦੇ ਹਨ ਰੁੱਖਾਂ ਦੀ ਮਹੱਤਤਾ ਇਸ ਰੂਪ ’ਚ ਵੀ ਸਮਝੀ ਜਾ ਸਕਦੀ ਹੈ ਕਿ ਇੱਕ ਵਿਅਕਤੀ ਇੱਕ ਸਾਲ ’ਚ ਓਨੀ ਆਕਸੀਜਨ ਗ੍ਰਹਿਣ ਕਰਦਾ ਹੈ, ਜਿੰਨੀ ਸੱਤ ਤੋਂ ਅੱਠ ਰੁੱਖ ਇੱਕ ਸਾਲ ’ਚ ਪੈਦਾ ਕਰਦੇ ਹਨ।

ਅਧਿਐਨ ਦੱਸਦੇ ਹੈ ਕਿ ਇੱਕ ਸਾਲ ’ਚ ਇੱਕ ਏਕੜ ਦੇ ਦਰਮਿਆਨ ਲੱਗੇ ਰੱਖ ਓਨੀ ਕਾਰਬਨ ਡਾਈਅਕਸਾਈਡ ਸੋਖ ਲੈਂਦੇ ਹਨ, ਜਿੰਨੀ ਇੱਕ ਕਾਰ ਔਸਤਨ 2600 ਮੀਲ ਦੀ ਦੂਰੀ ਤੈਅ ਕਰਕੇ ਪੈਦਾ ਕਰਦੀ ਹੈ ਜੰਗਲ ਵਾਤਾਵਰਨ ਤੋਂ ਪ੍ਰਦੂਸ਼ਕ ਗੈਸਾਂ ਜਿਵੇਂ ਨਾਈਟ੍ਰੋਜਨ ਆਕਸਾਈਡ, ਅਮੋਨੀਆ, ਸਲਫ਼ਰ ਡਾਈਅਕਸਾਈਡ ਅਤੇ ਓਜ਼ੋਨ ਨੂੰ ਆਪਣੇ ਅੰਦਰ ਸਮਾ ਕੇ ਵਾਤਾਵਰਨ ’ਚ ਆਕਸੀਜ਼ਨ ਛੱਡਦੇ ਹਨ ਦੋ ਮੁੱਢਲੇ ਕੰਮਾਂ ਤੋਂ ਇਲਾਵਾ ਜੰਗੀ ਮੀਂਹ ਪਵਾਉਣ, ਤਾਪਮਾਨ ਨੂੰ ਕੰਟਰੋਲ ਰੱਖਣ, ਭੋਇੰ-ਖੋਰ ਨੂੰ ਰੋਕਣ, ਜੈਵ-ਵਿਭਿੰਨਤਾ ਦਾ ਪਾਲਣ-ਪੋਸ਼ਣ ਕਰਨ ’ਚ ਵੀ ਸਹਾਇਕ ਹਨ ਜੰਗਲਾਂ ਤੋਂ ਮੁਹੱਈਆ ਹੋਣ ਵਾਲੇ ਦਰਜ਼ਨਾਂ ਉਤਪਾਦਾਂ ਦਾ ਇਸਤੇਮਾਲ ਅਸੀਂ ਸਭ ਨੇ ਕਿਸੇ ਨਾ ਕਿਸੇ ਰੂਪ ’ਚ ਕੀਤਾ ਹੈ ਜੰਗਲ ਨਾਲ ਨਾ ਜਾਣੇ ਕਿੰਨੇ ਹੀ ਲੋਕਾਂ ਦੀ ਰੋਜ਼ੀ-ਰੋਟੀ ਜੁੜੀ ਹੁੰਦੀ ਹੈ।

ਵਿਸ਼ਵ ਭਰ ਦੇ ਜੰਗਲਾਂ ’ਤੇ ਵਰਲਡ ਵਾਈਲਡਲਾਈਫ਼ ਫੰਡ ਵੱਲੋਂ ਤਿਆਰ ਕੀਤੀ ਗਈ ਇੱਕ ਰਿਪੋਰਟ ਅਨੁਸਾਰ ਸਿੱਧੇ ਤੌਰ ’ਤੇ ਜੰਗਲ ਅਧਾਰਿਤ ਉਦਯੋਗਾਂ ਨਾਲ 13 ਲੱਖ ਲੋਕਾਂ ਨੂੰ ਰੁਜ਼ਗਾਰ ਮਿਲਦਾ ਹੈ, ਜਦੋਂਕਿ ਗੈਰ-ਰਸਮੀ ਤੌਰ ’ਤੇ ਦੁਨੀਆ ਭਰ ’ਚ 41 ਲੱਖ ਲੋਕਾਂ ਨੂੰ ਇਹ ਰੋਜ਼ੀ-ਰੋਟੀ ਪ੍ਰਦਾਨ ਕਰਦਾ ਹੈ ਦਰਅਸਲ ਕੁਦਰਤ ਦੇ ਨਜ਼ਦੀਕ ਰਹਿਣ ਵਾਲੇ ਕਈ ਭਾਈਚਾਰਿਆਂ ਲਈ ਜੰਗਲ ਜੀਵਨ ਦੀ ਤਰ੍ਹਾਂ ਹੈ ਸਵਾਲ ਇਹ ਹੈ ਕਿ ਐਨੇ ਸਿੱਧੇ ਫਾਇਦਿਆਂ ਨੂੰ ਜਾਣਨ ਤੋਂ ਬਾਅਦ ਵੀ ਜੰਗਲ ਸਾਡੀ ਪਹਿਲ ਕਿਉਂ ਨਹੀਂ ਹਨ? ਆਖ਼ਰ ਉੱਜੜਦੇ ਜੰਗਲਾਂ ਦੀ ਵਿੱਥਿਆ ਕੌਣ ਸੁਣੇਗਾ?

ਜੰਗਲ ਧਰਤੀ ਦਾ ਮਹੱਤਵਪੂਰਨ ਹਿੱਸਾ ਹਨ ਇੱਕ ਸਮੇਂ ਧਰਤੀ ਦਾ ਜ਼ਿਆਦਾਤਰ ਹਿੱਸਾ ਜੰਗਲਾਂ ਨਾਲ ਢੱਕਿਆ ਹੋਇਆ ਸੀ, ਪਰ ਅੱਜ ਇਸ ਦਾ ਅਕਾਰ ਦਿਨ-ਬ-ਦਿਨ ਸੁੰਗੜਦਾ ਜਾ ਰਿਹਾ ਹੈ ਮਾਨਸੂਨ-ਚੱਕਰ ਨੂੰ ਬਣਾਈ ਰੱਖਣਾ, ਭੋਇੰ-ਖੋਰ ਨੂੰ ਰੋਕਣ, ਜੈਵ-ਵਿਭਿੰਨਤਾ ਨੂੰ ਸੰਜੋਈ ਰੱਖਣ ਅਤੇ ਰੋਜ਼ਾਨਾ ਵਰਤੋਂ ਦੇ ਅਨੇਕਾਂ ਉਤਪਾਦਾਂ ਦੀ ਅਸਾਨੀ ਪ੍ਰਾਪਤੀ ਲਈ ਜੰਗਲਾਂ ਦਾ ਹੋਣਾ ਬੇਹੱਦ ਜ਼ਰੂਰੀ ਹੈ ਆਲਮ ਇਹ ਹੈ ਕਿ ਉਦਯੋਗਿਕੀਕਰਨ ਅਤੇ ਸ਼ਹਿਰੀਕਰਨ ਦੇ ਨਾਂਅ ’ਤੇ ਵੱਡੇ ਪੈਮਾਨੇ ’ਤੇ ਜੰਗਲਾਂ ਦਾ ਸਫ਼ਾਇਆ ਕੀਤਾ ਜਾ ਰਿਹਾ ਹੈ ਇਹ ਕੁਦਰਤ ਅਤੇ ਮਨੁੱਖ ਦੋਵਾਂ ਲਈ ਗੰਭੀਰ ਚਿੰਤਾ ਦੀ ਗੱਲ ਹੈ।

ਅੰਕੜੇ ਦੱਸਦੇ ਹਨ ਕਿ 1990 ਤੋਂ ਬਾਅਦ ਸੰਸਾਰ ’ਚ ਜੰਗਲਾਂ ਦੀ ਗਿਣਤੀ ਅੱਧੀ ਘਟ ਚੁੱਕੀ ਹੈ ਵਰਲਡ ਵਾਈਲਡਲਾਈਡ ਫੰਡ ਅਨੁਸਾਰ, ਪਿਛਲੇ 50 ਸਾਲਾਂ ’ਚ ਦੁਨੀਆ ਦੇ ਅੱਧੇ ਤੋਂ ਜ਼ਿਆਦਾ ਜੰਗਲ ਗਾਇਬ ਹੋ ਚੁੱਕੇ ਹਨ ਅਜਿਹਾ ਅੰਦਾਜ਼ਾ ਲਾਇਆ ਗਿਆ ਹੈ ਕਿ ਜੰਗਲਾਂ ਦੇ ਖ਼ਾਤਮੇ ਕਾਰਨ ਧਰਤੀ ’ਤੇ ਹਰ ਰੋਜ਼ 137 ਪੌਦੇ, ਜੰਤੂ ਅਤੇ ਕੀੜਿਆਂ ਦੀਆਂ ਪ੍ਰਜਾਤੀਆਂ ਖ਼ਤਮ ਹੋ ਰਹੀਆਂ ਹਨ ਇਹ ਅੰਕੜਾ 8000 ਪ੍ਰਜਾਤੀਆਂ ਹਰ ਸਾਲ ਦੇ ਬਰਾਬਰ ਹੈ ਯਾਦ ਕਰੋ, ਜੈਵ-ਵਿਭਿੰਨਤਾ ਦੇ ਧਨੀ ਇਸ ਦੇਸ਼ ’ਚ ਇੱਕ ਸਮੇਂ ਅਣਗਿਣਤ ਮਾਸੂਮ ਜੀਵ-ਜੰਤੂ ਸਨ, ਜੋ ਪ੍ਰਕਿਰਤੀ ’ਚ ਇੱਕ ਤਰ੍ਹਾਂ ਦਾ ਸੰਤੁਲਨ ਬਣਾਈ ਰੱਖਦੇ ਸਨ ਮਾੜੀ ਕਿਸਮਤ ਨੂੰ ਅਜਿਹੇ ਕਈ ਜੀਵ ਅੱਜ ਅਲੋਪ ਹੋ ਗਏ ਜਾਂ ਹੋਣ ਕੰਢੇ ਹਨ ਕਈ ਰੁੱਖ-ਪੌਦੇ ਸਿਰਫ਼ ਕਹਾਣੀਆਂ-ਕਿੱਸਿਆਂ ਦਾ ਹਿੱਸਾ ਬਣ ਕੇ ਰਹਿ ਗਏ ਹਨ।

ਅੱਜ ਸਾਡੀ ਧਰਤੀ ਕਈ ਸਮੱਸਿਆਵਾਂ ਨਾਲ ਜੂਝ ਰਹੀ ਹੈ ਇਹ ਸਥਿਤੀ ਬੇਕਾਬੂ ਅਤੇ ਅੰਨ੍ਹੇਵਾਹ ਵਿਕਾਸ ਦੇ ਚੱਲਦਿਆਂ ਪੈਦਾ ਹੋਈਆਂ ਹਨ ਧਰਤੀ ਦੀ ਰੱਖਿਆ ਲਈ ਵਿਕਾਸ ਦੇ ਸੰਤੁਲਿਤ ਰੂਪ ਨੂੰ ਅਪਣਾਉਣ ਦੀ ਜ਼ਰੂਰਤ ਹੈ ਧਰਤੀ ’ਤੇ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਇਹ ਜ਼ਰੂਰੀ ਹੈ ਕਿ ਧਰਤੀ ਨੂੰ ਤੰਦਰੁਸਤ ਰੱਖਿਆ ਜਾਵੇ ਧਰਤੀ ਦੀ ਸਿਹਤ ਦਾ ਰਾਜ਼ ਹੈ ਪੌਦੇ ਲਾਉਣਾ ਕਈ ਪ੍ਰਕਾਰ ਦੇ ਰੁੱਖ ਸਾਡੀ ਧਰਤੀ ਦਾ ਸ਼ਿੰਗਾਰ ਕਰਦੇ ਹਨ।

ਪੌਦੇ ਲਾਉਣਾ ਕਈ ਰੋਗਾਂ ਦੀ ਦਵਾਈ ਵੀ ਹੈ ਪੌਦੇ ਲਾਉਣ ਨੂੰ ਹੱਲਾਸ਼ੇਰੀ ਦੇਣ ਦੇ ਮਾਮਲੇ ’ਚ ਅਸੀਂ ਫ਼ਿਲਪਾਈਨ ਤੋਂ ਸਿੱਖ ਸਕਦੇ ਹਾਂ, ਜਿੱਥੇ ‘ਗ੍ਰੈਜੂਏਸ਼ਨ ਲੀਗੇਸੀ ਫ਼ਾਰ ਦ ਇਨਵਾਇਰਮੈਂਟ ਐਕਟ’ ਤਹਿਤ ਹਰ ਵਿਦਿਆਰਥੀ ਨੂੰ ਆਪਣੀ ਬੀਏ ਦੀ ਡਿਗਰੀ ਲੈਣ ਲਈ ਘੱਟੋ-ਘੱਟੋ 10 ਪੌਦੇ ਲਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਪੀਪੁਲਸ ਰਿਪਬਲਿਕ ਆਫ਼ ਚਾਇਨਾ ’ਚ, ਜਿੱਥੇ ਵੱਡੇ ਪੈਮਾਨੇ ’ਤੇ ਜੰਗਲਾਂ ਦਾ ਵਿਨਾਸ਼ ਹੋ ਗਿਆ ਹੈ, ਉੱਥੇ ਹਰ ਸਾਲ 12 ਮਾਰਚ ਨੂੰ ‘ਨੈਸ਼ਨਲ ਪਲਾਂਟਿੰਗ ਹਾੱਲੀਡੇ’ ਦੇ ਰੂਪ ਵਿਚ ਮਨਾ ਕੇ ਜ਼ਿਆਦਾ ਤੋਂ ਜ਼ਿਆਦਾ ਪੌਦੇ ਲਾਉਣ ਦੇ ਯਤਨ ਕੀਤੇ ਜਾਂਦੇ ਹਨ ਫ਼ਿਲਹਾਲ ਸਾਡਾ ਘੱਟੋ-ਘੱਟ ਇੱਕ ਪੌਦਾ ਲਾਉਣ ਦਾ ਸੰਕਲਪ ਵੀ ਕਈ ਮਾਇਨਿਆਂ ’ਚ ਖਾਸ ਹੋ ਸਕਦਾ ਹੈ ਘਰ ਦੇ ਵੱਡੇ ਬਜ਼ੁਰਗਾਂ ਸਮੇਤ ਛੋਟੇ ਬੱਚਿਆਂ ਨੂੰ ਵੀ ਪੌਦੇ ਲਾਉਣ ਲਈ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ ਹਰੇਕ ਵਿਅਕਤੀ ਲਈ ਪੌਦੇ ਲਾਉਣਾ ਇੱਕ ਸੰਸਕਾਰ ਵਾਂਗ ਹੋਣਾ ਚਾਹੀਦਾ ਹੈ ਜਨਮ ਦਿਨ, ਸਫ਼ਲਤਾ ਪ੍ਰਾਪਤੀ ਅਤੇ ਹੋਰ ਖਾਸ ਮੌਕਿਆਂ ’ਤੇ ਪੌਦੇ ਲਾ ਕੇ ਸੁਖੀ ਜੀਵਨ ਵੱਲ ਸਾਰਥਿਕ ਕਦਮ ਵਧਾਇਆ ਜਾ ਸਕਦਾ ਹੈ।

ਸੁਧੀਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।